ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 406

ਆਸਾ ਮਹਲਾ ੫ ॥ ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥ ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥੧॥ ਕਲਿਜੁਗੁ ਉਧਾਰਿਆ ਗੁਰਦੇਵ ॥ ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥ ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥ ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥੨॥ ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥੩॥ ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥ ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥ {ਪੰਨਾ 406}

ਪਦ ਅਰਥ: ਅਲਖ = ਹੇ ਅਪਹੁੰਚ ਪ੍ਰਭੂ! ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮਸਤਕਿ = ਮੱਥੇ ਉਤੇ। ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਸਤਿਗੁਰਿ = ਸਤਿਗੁਰ ਨੇ।1।

ਕਲਿਜੁਗੁ = (ਭਾਵ,) ਕਲਜੁਗੀ ਜੀਵਾਂ ਨੂੰ, ਵਿਕਾਰੀ ਜੀਵਾਂ ਨੂੰ। ਗੁਰਦੇਵ = ਹੇ ਗੁਰਦੇਵ! ਮਲ ਮੂਤ = ਗੰਦੇ। ਜਿ = ਜੇਹੜੇ। ਮੁਘਦ = ਮੂਰਖ। ਸਭਿ = ਸਾਰੇ।1। ਰਹਾਉ।

ਬਿਸਮਾਦੁ = ਹੈਰਾਨ। ਧਰਤਾ = ਸਹਾਰਾ ਦੇਣ ਵਾਲਾ।2।

ਭਣੀਐ = ਆਖਿਆ ਜਾਂਦਾ ਹੈ। ਅਹਿ ਕਰੁ = ਇਸ ਹੱਥ। ਕਿਸੈ ਥਾਇ = ਕਿਸੇ ਦੂਜੇ ਥਾਂ।3।

ਕਰਹਿ = ਤੂੰ ਕਰਦਾ ਹੈਂ। ਜਾਚਹਿ = ਮੰਗਦੇ ਹਨ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਹਰਿ = ਹੇ ਹਰੀ!।4।

ਅਰਥ: ਹੇ ਸਤਿਗੁਰੂ! ਤੂੰ (ਤਾਂ) ਕਲਿਜੁਗ ਨੂੰ ਭੀ ਬਚਾ ਲਿਆ ਹੈ (ਜਿਸ ਨੂੰ ਹੋਰ ਜੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ, ਭਾਵ (ਜੇਹੜੇ ਭੀ) ਪਹਿਲਾਂ) ਗੰਦੇ ਤੇ ਮੂਰਖ (ਸਨ ਉਹ) ਸਾਰੇ ਤੇਰੀ ਸੇਵਾ ਵਿਚ ਆ ਲੱਗੇ ਹਨ (ਤੇਰੀ ਦੱਸੀ ਪ੍ਰਭੂ ਦੀ ਸੇਵਾ-ਭਗਤੀ ਕਰਨ ਲੱਗ ਪਏ ਹਨ) ।1। ਰਹਾਉ।

ਹੇ ਅਪਹੁੰਚ ਪ੍ਰਭੂ! ਤੂੰ ਮਨੁੱਖਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੇਰਾ ਦਰਸਨ ਓਹੀ ਮਨੁੱਖ ਕਰਦਾ ਹੈ, ਜਿਸ ਦੇ ਮੱਥੇ ਉਤੇ ਕਿਸਮਤ ਜਾਗ ਪੈਂਦੀ ਹੈ। (ਹੇ ਭਾਈ! ਜਿਸ ਮਨੁੱਖ ਉਤੇ) ਕਿਰਪਾ ਦੇ ਘਰ ਪਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦੀ ਨਾਮ (-ਸਿਮਰਨ ਦੀ ਦਾਤਿ) ਬਖ਼ਸ਼ ਦਿੱਤੀ।1।

ਹੇ ਪ੍ਰਭੂ! ਤੂੰ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ਤੂੰ ਆਪ (ਹੀ) ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ, (ਫਿਰ ਕੋਈ ਜੁਗ ਚੰਗਾ ਕਿਵੇਂ? ਤੇ, ਕੋਈ ਜੁਗ ਮਾੜਾ ਕਿਵੇਂ? ਭਾਵੇਂ ਇਸ ਕਲਿਜੁਗ ਨੂੰ ਚੌਹਾਂ ਜੁਗਾਂ ਵਿਚੋਂ ਭੈੜਾ ਕਿਹਾ ਜਾਂਦਾ ਹੈ, ਫਿਰ ਭੀ) ਧਰਮ ਰਾਜ ਹੈਰਾਨ ਹੋ ਰਿਹਾ ਹੈ (ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵਲੋਂ ਹਟ ਕੇ) ਸਾਰੀ ਲੁਕਾਈ ਤੇਰੀ ਚਰਨੀਂ ਲੱਗ ਰਹੀ ਹੈ। (ਸੋ, ਜੇ ਪੁਰਾਣੇ ਖ਼ਿਆਲਾਂ ਵਲ ਜਾਈਏ ਤਾਂ ਭੀ ਇਹ ਕਲਿਜੁਗ ਮਾੜਾ ਜੁਗ ਨਹੀਂ, ਤੇ ਇਹ ਜੁਗ ਜੀਵਾਂ ਨੂੰ ਮੰਦ-ਕਰਮਾਂ ਵਲ ਨਹੀਂ ਪ੍ਰੇਰਦਾ) ।2।

ਹੇ ਭਾਈ! ਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿਚ ਸ੍ਰੇਸ਼ਟ ਹੈ (ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ।3।

ਹੇ ਭਾਈ! (ਕੋਈ ਭੀ ਜੁਗ ਹੋਵੇ, ਤੂੰ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਆਇਆ ਹੈਂ) ਤੂੰ ਓਹੀ ਕੁਝ ਕਰਦਾ ਹੈਂ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ, ਇਹ ਤੇਰਾ ਮੁਢ ਕਦੀਮਾਂ ਦਾ ਸੁਭਾਉ ਹੈ। ਹੇ ਹਰੀ! (ਤੇਰਾ ਦਾਸ ਨਾਨਕ ਭੀ ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੋਂ) ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸਨ ਦੇਹ।4।5। 140।

ਰਾਗੁ ਆਸਾ ਮਹਲਾ ੫ ਘਰੁ ੧੩     ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਬਚਨ ਤੁਮ੍ਹ੍ਹਾਰੇ ॥ ਨਿਰਗੁਣ ਨਿਸਤਾਰੇ ॥੧॥ ਰਹਾਉ ॥ ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥ ਜਨਮ ਭਵੰਤੇ ਨਰਕਿ ਪੜੰਤੇ ਤਿਨ੍ਹ੍ਹ ਕੇ ਕੁਲ ਉਧਾਰੇ ॥੨॥ ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥ ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥ {ਪੰਨਾ 406}

ਪਦ ਅਰਥ: ਸਤਿਗੁਰ = ਹੇ ਸਤਿਗੁਰੂ! ਨਿਰਗੁਣ = ਗੁਣ-ਹੀਨ ਬੰਦੇ।1। ਰਹਾਉ।

ਬਿਖਾਦੀ = ਝਗੜਾਲੂ। ਅਪਵਾਦੀ = ਮੰਦੇ ਬਚਨ ਬੋਲਣ ਵਾਲੇ। ਤੇ = ਉਹ ਬੰਦੇ। ਸੰਗਾਰੇ = (ਤੇਰੀ) ਸੰਗਤਿ ਵਿਚ।1।

ਨਰਕਿ = ਨਰਕ ਵਿਚ।2।

ਮਾਨੈ = ਆਦਰ ਦੇਂਦਾ। ਦੁਆਰੇ = ਦੁਆਰਿ, ਦਰ ਤੇ।3।

ਦੇਉ = ਮੈਂ ਦਿਆਂ। ਵਾਰੇ = ਕੁਰਬਾਨ।4।

ਅਰਥ: ਹੇ ਸਤਿਗੁਰੂ! ਤੇਰੇ ਬਚਨਾਂ ਨੇ (ਤੇਰੀ ਸਰਨ ਪਏ ਅਨੇਕਾਂ) ਗੁਣ-ਹੀਣ ਬੰਦਿਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।1। ਰਹਾਉ।

ਹੇ ਸਤਿਗੁਰੂ! ਤੇਰੀ ਸੰਗਤਿ ਵਿਚ ਰਹਿ ਕੇ ਉਹ ਬੰਦੇ ਭੀ ਪਵਿਤ੍ਰ ਆਚਰਣ ਵਾਲੇ ਬਣ ਗਏ ਜੇਹੜੇ ਪਹਿਲਾਂ ਬੜੇ ਖਰ੍ਹਵੇ ਸੁਭਾਵ ਵਾਲੇ ਸਨ, ਭੈੜੇ ਆਚਰਨ ਵਾਲੇ ਸਨ ਤੇ ਮੰਦੇ ਬੋਲ ਬੋਲਣ ਵਾਲੇ ਸਨ।1।

ਹੇ ਸਤਿਗੁਰੂ! ਤੂੰ ਉਹਨਾਂ ਬੰਦਿਆਂ ਦੀਆਂ ਕੁਲਾਂ ਦੀਆਂ ਕੁਲਾਂ (ਵਿਕਾਰਾਂ ਵਿਚ ਡਿੱਗਣ ਤੋਂ) ਬਚਾ ਲਈਆਂ, ਜੇਹੜੇ ਅਨੇਕਾਂ ਜੂਨਾਂ ਵਿਚ ਭਟਕਦੇ ਆ ਰਹੇ ਸਨ ਤੇ (ਜਨਮ ਮਰਨ ਦੇ ਗੇੜ ਦੇ) ਨਰਕ ਵਿਚ ਪਏ ਆ ਰਹੇ ਸਨ।2।

ਹੇ ਸਤਿਗੁਰੂ! ਤੇਰੀ ਮੇਹਰ ਨਾਲ ਉਹ ਮਨੁੱਖ ਭੀ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਨ ਜੋਗੇ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ-ਪਛਾਣਦਾ ਨਹੀਂ ਸੀ ਜਿਨ੍ਹਾਂ ਨੂੰ (ਜਗਤ ਵਿਚ) ਕੋਈ ਆਦਰ ਨਹੀਂ ਸੀ ਦੇਂਦਾ।1।

ਹੇ ਨਾਨਕ! (ਆਖ– ਹੇ ਸਤਿਗੁਰੂ!) ਮੈਂ ਤੇਰੇ ਵਰਗਾ ਹੋਰ ਕਿਸ ਨੂੰ ਆਖਾਂ? ਮੈਂ ਤੇਰੀ ਕੀਹ ਸਿਫ਼ਤਿ ਕਰਾਂ? ਮੈਂ ਤੈਥੋਂ ਹਰੇਕ ਖਿਨ ਸਦਕੇ ਜਾਂਦਾ ਹਾਂ।4।1। 141।

ਨੋਟ: ਇਥੋਂ ਘਰੁ 13 ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੁੰਦਾ ਹੈ। ਵੇਖੋ ਅੰਕ ਨੰ: 1।

ਆਸਾ ਮਹਲਾ ੫ ॥ ਬਾਵਰ ਸੋਇ ਰਹੇ ॥੧॥ ਰਹਾਉ ॥ ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥ ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥ ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥ {ਪੰਨਾ 406}

ਪਦ ਅਰਥ: ਬਾਵਰ = ਕਮਲੇ, ਝਲੇ, ਪਾਗਲ।1। ਰਹਾਉ।

ਬਿਖੈ ਰਸ = ਵਿਸ਼ਿਆਂ ਦੇ ਸੁਆਦ। ਮਿਥਿਆ ਗਹਨ ਗਹੇ = ਝੂਠੀਆਂ ਮੱਲਾਂ ਮੱਲਦੇ ਹਨ।2।

ਮਿਥਨ ਮਨੋਰਥ = ਝੂਠੀਆਂ ਮਨੋ-ਕਾਮਨਾਂ। ਉਲਾਸ = ਚਾਉ, ਖ਼ੁਸ਼ੀਆਂ। ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਸਤਿ = ਸਦਾ ਕਾਇਮ ਰਹਿਣ ਵਾਲੇ।2।

ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਮਰਮੁ = ਭੇਤ।3।

ਆਹੇ = ਆਏ ਹਨ।4।

ਅਰਥ: (ਮਾਇਆ ਦੇ ਮੋਹ ਵਿਚ) ਝੱਲੇ ਹੋਏ ਮਨੁੱਖ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।1। ਰਹਾਉ।

(ਹੇ ਭਾਈ! ਅਜੇਹੇ ਬੰਦੇ) ਪਰਵਾਰ ਦੇ ਮੋਹ ਅਤੇ ਵਿਸ਼ਿਆਂ ਦੇ ਸੁਆਦਾਂ ਵਿਚ ਮਸਤ ਹੋ ਕੇ ਕੂੜੀਆਂ ਮੱਲਾਂ ਮੱਲਦੇ ਰਹਿੰਦੇ ਹਨ।1।

(ਹੇ ਭਾਈ! ਮਾਇਆ ਦੇ ਮੋਹ ਵਿਚ ਪਾਗਲ ਹੋਏ ਮਨ) ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿਚ ਪ੍ਰਤੀਤ ਹੋ ਰਹੇ ਮੌਜ-ਮੇਲਿਆਂ ਵਾਂਗ ਹਨ, (ਅਜੇਹੇ ਬੰਦੇ) ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ, ਮੂੰਹੋਂ ਭੀ ਉਹਨਾਂ ਨੂੰ ਹੀ ਪੱਕੇ ਸਾਥੀ ਆਖਦੇ ਹਨ।2।

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ, ਪਰ ਮਾਇਆ ਦੇ ਮੋਹ ਵਿਚ ਝੱਲੇ ਹੋਏ ਮਨੁੱਖ ਇਸ ਹਰਿ-ਨਾਮ ਦਾ ਭੇਤ ਰਤਾ ਭੀ ਨਹੀਂ ਸਮਝਦੇ।3।

(ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! ਪ੍ਰਭੂ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤਿ ਵਿਚ ਰੱਖਦਾ ਹੈ ਉਹੀ ਉਸ ਪ੍ਰਭੂ ਦੀ ਸਰਨ ਆਏ ਰਹਿੰਦੇ ਹਨ।4।2। 142।

ਆਸਾ ਮਹਲਾ ੫ ਤਿਪਦੇ ॥ ਓਹਾ ਪ੍ਰੇਮ ਪਿਰੀ ॥੧॥ ਰਹਾਉ ॥ ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥ ਰਾਜ ਨ ਭਾਗ ਨ ਹੁਕਮ ਨ ਸਾਦਨ ॥ ਕਿਛੁ ਕਿਛੁ ਨ ਚਾਹੀ ॥੨॥ ਚਰਨਨ ਸਰਨਨ ਸੰਤਨ ਬੰਦਨ ॥ ਸੁਖੋ ਸੁਖੁ ਪਾਹੀ ॥ ਨਾਨਕ ਤਪਤਿ ਹਰੀ ॥ ਮਿਲੇ ਪ੍ਰੇਮ ਪਿਰੀ ॥੩॥੩॥੧੪੩॥ {ਪੰਨਾ 406-407}

ਪਦ ਅਰਥ: ਪ੍ਰੇਮ ਪਿਰੀ = ਪਿਆਰੇ ਦਾ ਪ੍ਰੇਮ।1। ਰਹਾਉ।

ਕਨਿਕ = ਸੋਨਾ। ਮਾਣਿਕ = ਮੋਤੀ। ਗਜ ਮੋਤੀਅਨ = ਵੱਡੇ ਵੱਡੇ ਮੋਤੀ।1।

ਸਾਦ = ਸਵਾਦਲੇ ਖਾਣੇ। ਚਾਹੀ = ਮੈਂ ਚਾਹੁੰਦਾ ਹਾਂ।2।

ਬੰਦਨ = ਨਮਸਕਾਰ। ਸੁਖੋ ਸੁਖੁ = ਸੁਖ ਹੀ ਸੁਖ। ਪਾਹੀ = ਪਾਹੀਂ, ਮੈਂ ਪਾਂਦਾ ਹਾਂ। ਹਰੀ = ਦੂਰ ਕੀਤੀ।3।

ਅਰਥ: (ਹੇ ਭਾਈ! ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ।1। ਰਹਾਉ।

(ਹੇ ਭਾਈ! ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ = ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ,।1।

(ਹੇ ਭਾਈ! ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ = ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ।2।

ਹੇ ਭਾਈ! ਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ = ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ।

ਹੇ ਨਾਨਕ! ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ਤਾਂ ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ।3। 3। 143।

TOP OF PAGE

Sri Guru Granth Darpan, by Professor Sahib Singh