ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 407

ਆਸਾ ਮਹਲਾ ੫ ॥ ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥ ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥ {ਪੰਨਾ 407}

ਪਦ ਅਰਥ: ਗੁਰਹਿ = ਗੁਰੂ ਨੇ। ਲੋਇਨਾ = (ਇਹਨਾਂ) ਅੱਖਾਂ ਨਾਲ।1। ਰਹਾਉ।

ਈਤਹਿ = ਇਸ ਲੋਕ ਵਿਚ। ਊਤਹਿ = ਉਸ ਲੋਕ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਮੋਹਿਨਾ = ਹੇ ਮੋਹਨ-ਪ੍ਰਭੂ!।1।

ਕਾਰਨ ਕਰਨਾ = ਜਗਤ ਦਾ ਮੂਲ ਰਚਨ ਵਾਲਾ। ਧਰਨਾ = ਸ੍ਰਿਸ਼ਟੀ। ਸੋਹਿਨਾ = ਹੇ ਸੋਹਣੇ ਪ੍ਰਭੂ!।2।

ਪਰਸਨ = ਛੁਹਣੇ। ਸੁਖਿ = ਸੁਖ ਵਿਚ। ਸੋਇਨਾ = ਲੀਨਤਾ।3।

ਅਰਥ: (ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ।1। ਰਹਾਉ।

(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ।1।

(ਹੁਣ) ਹੇ ਸੋਹਣੇ ਪ੍ਰਭੂ! (ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਇਕ ਤੂੰ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈਂ, ਇਕ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਹੈਂ।2।

ਹੇ ਨਾਨਕ! (ਆਖ– ਹੇ ਮੋਹਨ ਪ੍ਰਭੂ!) ਮੈਂ ਤੇਰੇ ਸੰਤਾਂ ਦੇ ਚਰਨ ਛੁੰਹਦਾ ਹਾਂ ਉਹਨਾਂ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ (ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਹੁੰਦਾ ਹੈ, ਤੇ) ਸਦਾ ਲਈ ਆਤਮਕ ਆਨੰਦ ਵਿਚ ਲੀਨਤਾ ਪ੍ਰਾਪਤ ਹੁੰਦੀ ਹੈ।3।4। 144।

ਆਸਾ ਮਹਲਾ ੫ ॥ ਹਰਿ ਹਰਿ ਨਾਮੁ ਅਮੋਲਾ ॥ ਓਹੁ ਸਹਜਿ ਸੁਹੇਲਾ ॥੧॥ ਰਹਾਉ ॥ ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥ ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਾ ॥੨॥ ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਾ ॥੩॥੫॥੧੪੫॥ {ਪੰਨਾ 407}

ਪਦ ਅਰਥ: ਅਮੋਲਾ = ਜੇਹੜਾ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ। ਓਹੁ = ਉਹ (ਮਨੁੱਖ) । ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੌਖਾ।1। ਰਹਾਉ।

ਸੰਗਿ = ਨਾਲ। ਸਹਾਈ = ਸਾਥੀ। ਓਹੁ = ਉਹ (ਪਰਮਾਤਮਾ) । ਅਗਾਹ = ਜੋ ਪਕੜਿਆ ਨਾਹ ਜਾ ਸਕੇ।1।

ਮੋਰੋ = ਮੇਰਾ। ਓਲ੍ਹ੍ਹਾ = ਸਹਾਰਾ।2।

ਅਲਖੁ = ਜਿਸ ਦਾ ਸਹੀ ਸਰੂਪ ਸਮਝ ਵਿਚ ਨਾਹ ਆ ਸਕੇ। ਗੁਰ ਤੇ = ਗੁਰੂ ਪਾਸੋਂ। ਚੋਲ੍ਹ੍ਹਾ = ਚੋਹਲ, ਅਜਬ ਕੌਤਕ।3।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਿਤੀਤ ਕਰਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਹੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ, ਉਹ ਕਦੇ ਛੱਡ ਨਹੀਂ ਜਾਂਦਾ, ਪਰ ਉਹ (ਕਿਸੇ ਚਤੁਰਾਈ ਸਿਆਣਪ ਨਾਲ) ਵੱਸ ਵਿਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।1।

ਹੇ ਭਾਈ! ਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰਾ ਪਿਉ ਹੈ ਤੇ ਮੇਰੀ ਮਾਂ ਹੈ, ਉਹ ਪਰਮਾਤਮਾ ਹੀ ਆਪਣੇ ਭਗਤਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ।2।

ਹੇ ਨਾਨਕ! (ਆਖ– ਹੇ ਭਾਈ!) ਉਸ ਪਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਨੇ ਮੈਨੂੰ ਉਸ ਦੀ ਸਮਝ ਬਖ਼ਸ਼ ਦਿੱਤੀ ਹੈ, ਗੁਰੂ ਪਾਸੋਂ ਮੈਂ ਉਸ ਦਾ ਮਿਲਾਪ ਹਾਸਲ ਕੀਤਾ ਹੈ। ਇਹ ਉਸ ਪਰਮਾਤਮਾ ਦਾ ਇਕ ਅਜਬ ਤਮਾਸ਼ਾ ਹੈ (ਕਿ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ) ।3।4। 145।

ਆਸਾ ਮਹਲਾ ੫ ॥ ਆਪੁਨੀ ਭਗਤਿ ਨਿਬਾਹਿ ॥ ਠਾਕੁਰ ਆਇਓ ਆਹਿ ॥੧॥ ਰਹਾਉ ॥ ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥ ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥ ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥ {ਪੰਨਾ 407}

ਪਦ ਅਰਥ: ਨਿਬਾਹਿ = ਸਦਾ ਵਾਸਤੇ ਦੇਈ ਰੱਖ। ਠਾਕੁਰ = ਹੇ ਠਾਕੁਰ! ਆਹਿ = ਤਾਂਘ ਕਰ ਕੇ।1। ਰਹਾਉ।

ਪਦਾਰਥੁ = ਕੀਮਤੀ ਚੀਜ਼। ਸਕਾਰਥੁ = ਸਫਲ, ਕਾਮਯਾਬ। ਬਸਾਹਿ = ਵਸਾਈ ਰੱਖ।1।

ਮੁਕਤਾ = ਮੁਕਤੀ। ਜੁਗਤਾ = ਜੁਗਤੀ। ਸੰਗਾਹਿ = ਸੰਗਤਿ ਵਿਚ।2।

ਧਿਆਵਉ = ਮੈਂ ਸਿਮਰਦਾ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਗਾਹਿ = ਗਾਹ ਕੇ, ਚੁੱਭੀ ਲਾ ਕੇ।3।

ਅਰਥ: ਹੇ ਮੇਰੇ ਮਾਲਕ! ਮੈਂ ਤਾਂਘ ਕਰ ਕੇ (ਤੇਰੀ ਸਰਨ) ਆਇਆ ਹਾਂ, ਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ।1। ਰਹਾਉ।

ਹੇ ਮੇਰੇ ਮਾਲਕ! ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ, ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ, ਤਾਕਿ ਮੇਰਾ ਜੀਵਨ ਸਫਲ ਹੋ ਜਾਏ।1।

ਹੇ ਮੇਰੇ ਮਾਲਕ! ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖੀ ਰੱਖ, ਇਹੀ ਮੇਰੇ ਵਾਸਤੇ ਮੁਕਤੀ ਹੈ, ਤੇ ਇਹੀ ਮੇਰੇ ਵਾਸਤੇ ਜੀਵਨ-ਚੱਜ ਹੈ।2।

ਹੇ ਨਾਨਕ! (ਆਖ–) ਹੇ ਹਰੀ! (ਮੇਹਰ ਕਰ) ਤੇਰੇ ਗੁਣਾਂ ਵਿਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਾਂ।3।6। 146।

ਆਸਾ ਮਹਲਾ ੫ ॥ ਠਾਕੁਰ ਚਰਣ ਸੁਹਾਵੇ ॥ ਹਰਿ ਸੰਤਨ ਪਾਵੇ ॥੧॥ ਰਹਾਉ ॥ ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥ ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥ {ਪੰਨਾ 407}

ਪਦ ਅਰਥ: ਸੁਹਾਵੇ = ਸੁਖ ਦੇਣ ਵਾਲੇ, ਸੋਹਣੇ। ਪਾਵੇ = ਪ੍ਰਾਪਤ ਕੀਤੇ।1। ਰਹਾਉ।

ਆਪੁ = ਆਪਾ-ਭਾਵ। ਰਸਿ = ਰਸ ਨਾਲ, ਆਨੰਦ ਨਾਲ। ਗਾਵੇ = ਗਾਏ ਹਨ।1।

ਏਕਹਿ = ਇਕ (ਪਰਮਾਤਮਾ) ਦੀ ਹੀ। ਪਿਆਸਾ = ਤਾਂਘ। ਆਨ = ਕੁਝ ਹੋਰ।2।

ਨਾਨਕ = ਹੇ ਨਾਨਕ!।3।

ਅਰਥ: (ਹੇ ਭਾਈ!) ਮਾਲਕ-ਪ੍ਰਭੂ ਦੇ ਚਰਨ ਸੋਹਣੇ ਹਨ, ਪਰ ਪ੍ਰਭੂ ਦੇ ਸੰਤਾਂ ਨੂੰ (ਇਹਨਾਂ ਦਾ ਮਿਲਾਪ) ਪ੍ਰਾਪਤ ਹੁੰਦਾ ਹੈ।1। ਰਹਾਉ।

(ਹੇ ਭਾਈ! ਪਰਮਾਤਮਾ ਦੇ ਸੰਤ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਂਦੇ ਰਹਿੰਦੇ ਹਨ।1।

(ਹੇ ਭਾਈ! ਪਰਮਾਤਮਾ ਦੇ ਸੰਤਾਂ ਨੂੰ) ਇਕ ਪਰਮਾਤਮਾ ਦੀ (ਸਹਾਇਤਾ ਦੀ) ਹੀ ਆਸਾ ਟਿਕੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਲੱਗੀ ਰਹਿੰਦੀ ਹੈ (ਇਸ ਤੋਂ ਬਿਨਾ) ਕੋਈ ਹੋਰ (ਦੁਨੀਆ ਵਾਲੀ ਆਸ) ਚੰਗੀ ਨਹੀਂ ਲੱਗਦੀ।2।

ਹੇ ਨਾਨਕ! (ਆਖ– ਹੇ ਪ੍ਰਭੂ! ਤੇਰੇ ਸੰਤਾਂ ਦੇ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਹੋਣਾ = ਇਹ) ਤੇਰੀ ਹੀ ਮੇਹਰ ਹੈ (ਨਹੀਂ ਤਾਂ) ਵਿਚਾਰੇ ਜੀਵਾਂ ਦਾ ਕੀਹ ਜ਼ੋਰ ਹੈ। ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।3।7। 147।

ਆਸਾ ਮਹਲਾ ੫ ॥ ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥ ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥ ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥ ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥੮॥੧੪੮॥ {ਪੰਨਾ 407}

ਪਦ ਅਰਥ: ਮਨ ਮਾਹੀ = ਮਨ ਮਾਹਿ, ਮਨ ਵਿਚ।1। ਰਹਾਉ।

ਰਿਦੈ = ਹਿਰਦੇ ਵਿਚ। ਕੋ = ਕੋਈ (ਹੋਰ) ।1।

ਆਈਐ = ਆਉਣਾ ਚਾਹੀਦਾ ਹੈ। ਸਗਲੇ = ਸਾਰੇ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ।2।

ਕੋ = ਦਾ। ਬਿਧਾਤਾ = ਸਿਰਜਨਹਾਰ। ਘਟਿ ਘਟਿ = ਹਰੇਕ ਘਟ ਵਿਚ। ਆਹੀ = ਹੈ।3।

ਅਰਥ: (ਹੇ ਭਾਈ! ਆਪਣੇ) ਮਨ ਵਿਚ ਇਕ ਪਰਮਾਤਮਾ ਨੂੰ ਸਿਮਰਦਾ ਰਹੁ।1। ਰਹਾਉ।

(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ। ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਈ) ਨਹੀਂ ਹੈ।1।

(ਹੇ ਭਾਈ!) ਆਓ ਪਰਮਾਤਮਾ ਦੀ ਸਰਨ ਪਏ ਰਹੀਏ (ਤੇ ਪਰਮਾਤਮਾ ਪਾਸੋਂ) ਸਾਰੇ ਫਲ ਹਾਸਲ ਕਰੀਏ। (ਪਰਮਾਤਮਾ ਦੀ ਸਰਨ ਪਿਆਂ) ਸਾਰੇ ਦੁੱਖ ਦੂਰ ਹੋ ਜਾਂਦੇ ਹਨ।2।

ਹੇ ਨਾਨਕ! (ਆਖ–) ਸਿਰਜਨਹਾਰ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਹਰੇਕ ਸਰੀਰ ਵਿਚ ਮੌਜੂਦ ਹੈ।3।8। 148।

ਆਸਾ ਮਹਲਾ ੫ ॥ ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥ ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥ ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥ ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥ {ਪੰਨਾ 407}

ਪਦ ਅਰਥ: ਸੋ = ਉਹ ਮਨੁੱਖ। ਮੂਆ = ਆਤਮਕ ਮੌਤੇ ਮਰ ਗਿਆ।1। ਰਹਾਉ।

ਸੁਖੀਆ = ਸੁਖੀ। ਪਾਵੈ = ਪ੍ਰਾਪਤ ਕਰ ਲੈਂਦਾ ਹੈ।1।

ਰਾਜੁ = ਰਾਜਾ। ਹਉ ਕਰਮ = ਅਹੰਕਾਰ ਦੇ ਕੰਮ। ਭ੍ਰਮਿ = ਭਰਮ ਵਿਚ, ਵਹਮ ਵਿਚ। ਸੂਆ = ਤੋਤਾ। ਨਲਿਨੀ = ਉਹ ਨਲਕੀ ਜਿਸ ਨਾਲ ਤੋਤੇ ਨੂੰ ਫੜਦੇ ਹਨ। ਇਕ ਖ਼ਾਲੀ ਨਲਕੀ ਕਿਸੇ ਸੀਖ ਆਦਿਕ ਵਿਚ ਪ੍ਰੋ ਕੇ ਦੋਹਾਂ ਸਿਰਿਆਂ ਉਤੇ ਡੰਡਿਆਂ ਦਾ ਸਹਾਰਾ ਦੇ ਕੇ ਇਕ ਚਰਖੜੀ ਜਿਹੀ ਬਣਾ ਲਈਦੀ ਹੈ। ਉਸ ਦੇ ਉਪਰਵਾਰ ਚੋਗਾ ਰੱਖਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹੇਠਲੇ ਪਾਸੇ ਪਾਣੀ-ਭਰਿਆ ਖੁੱਲ੍ਹਾ ਭਾਂਡਾ ਰੱਖਿਆ ਜਾਂਦਾ ਹੈ। ਤੋਤਾ ਚੋਗੇ ਦੇ ਲਾਲਚ ਵਿਚ ਨਲਕੀ ਉਤੇ ਆ ਬੈਠਦਾ ਹੈ, ਉਹ ਉਸ ਤੋਤੇ ਦੇ ਭਾਰ ਨਾਲ ਉਲਟ ਜਾਂਦੀ ਹੈ। ਹੇਠਲੇ ਪਾਸੇ ਪਾਣੀ ਵੇਖ ਕੇ ਤੋਤਾ ਪਾਣੀ ਵਿਚ ਡਿਗਣੋਂ ਬਚਣ ਲਈ ਨਲਕੀ ਨੂੰ ਘੁੱਟ ਕੇ ਫੜੀ ਰੱਖਦਾ ਹੈ ਤੇ ਪਕੜਿਆ ਜਾਂਦਾ ਹੈ।2।

ਭੇਟਿਆ = ਮਿਲ ਪਿਆ। ਨਿਹਚਲੁ = ਅਟੱਲ ਆਤਮਕ ਜੀਵਨ ਵਾਲਾ। ਥੀਆ = ਹੋ ਗਿਆ।3।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੀ ਯਾਦ ਭੁੱਲ ਗਈ ਉਹ ਆਤਮਕ ਮੌਤੇ ਮਰ ਗਿਆ।1। ਰਹਾਉ।

ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਸਾਰੇ (ਮਨ-ਇੱਛਤ) ਫਲ ਹਾਸਲ ਕਰ ਲੈਂਦਾ ਹੈ ਤੇ ਸੌਖਾ ਜੀਵਨ ਗੁਜ਼ਾਰਦਾ ਹੈ।1।

(ਪਰ, ਹੇ ਭਾਈ! ਪਰਮਾਤਮਾ ਦਾ ਨਾਮ ਵਿਸਾਰ ਕੇ ਜੇਹੜਾ ਮਨੁੱਖ ਆਪਣੇ ਆਪ ਨੂੰ) ਰਾਜਾ (ਭੀ) ਅਖਵਾਂਦਾ ਹੈ ਉਹ ਅਹੰਕਾਰ ਪੈਦਾ ਕਰਨ ਵਾਲੇ ਕੰਮ (ਹੀ) ਕਰਦਾ ਹੈ ਉਹ (ਰਾਜ ਦੇ ਮਾਣ ਵਿਚ ਇਉਂ) ਬੱਝਾ ਰਹਿੰਦਾ ਹੈ ਜਿਵੇਂ (ਡੁੱਬਣ ਤੋਂ ਬਚੇ ਰਹਿਣ ਦੇ) ਵਹਿਮ ਵਿਚ ਤੋਤਾ ਨਲਕੀ ਨਾਲ ਚੰਬੜਿਆ ਰਹਿੰਦਾ ਹੈ।2।

ਹੇ ਨਾਨਕ! ਆਖ– ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।3।9। 149।

ਆਸਾ ਮਹਲਾ ੫ ਘਰੁ ੧੪     ੴ ਸਤਿਗੁਰ ਪ੍ਰਸਾਦਿ ॥ ਓਹੁ ਨੇਹੁ ਨਵੇਲਾ ॥ ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥ ਜੋ ਪ੍ਰਭ ਭਾਵੈ ਜਨਮਿ ਨ ਆਵੈ ॥ ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥ ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥ {ਪੰਨਾ 407-408}

ਪਦ ਅਰਥ: ਨੇਹੁ = ਪਿਆਰ। ਨਵੇਲਾ = ਨਵਾਂ, ਸੱਜਰਾ। ਸਿਉ = ਨਾਲ।1। ਰਹਾਉ।

ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਜਨਮਿ = (ਮੁੜ ਮੁੜ) ਜਨਮ ਵਿਚ। ਰਚੈ = ਮਸਤ ਰਹਿੰਦਾ ਹੈ।1।

ਸੰਗਿ = ਨਾਲ। ਮਿਲੀਜੈ = ਮਿਲ ਸਕੀਦਾ ਹੈ। ਦੀਜੈ = ਜੇ ਦਿੱਤਾ ਜਾਏ। ਨਾਨਕ = ਨਾਨਕ ਨੂੰ।2।

ਅਰਥ: ਹੇ ਭਾਈ! ਜੇਹੜਾ ਪਿਆਰ ਪਿਆਰੇ ਪ੍ਰੀਤਮ ਪ੍ਰਭੂ ਨਾਲ ਬਣਿਆ ਰਹਿੰਦਾ ਹੈ ਉਹ ਪਿਆਰ ਸਦਾ ਨਵਾਂ ਰਹਿੰਦਾ ਹੈ (ਦੁਨੀਆ ਵਾਲੇ ਪਿਆਰ ਛੇਤੀ ਹੀ ਫਿੱਕੇ ਪੈ ਜਾਂਦੇ ਹਨ) ।1। ਰਹਾਉ।

ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ (ਉਹ ਉਸ ਪਿਆਰ ਦੀ ਬਰਕਤਿ ਨਾਲ ਮੁੜ ਮੁੜ) ਜਨਮ ਵਿਚ ਨਹੀਂ ਆਉਂਦਾ। ਜਿਸ ਮਨੁੱਖ ਨੂੰ ਹਰੀ ਦਾ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਹਰੀ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਹ (ਸਦਾ) ਹਰੀ ਦੀ ਪ੍ਰੀਤਿ ਵਿਚ ਮਸਤ ਰਹਿੰਦਾ ਹੈ।1।

(ਪਰ, ਹੇ ਭਾਈ! ਇਸ ਪਿਆਰ ਦਾ ਮੁੱਲ ਭੀ ਦੇਣਾ ਪੈਂਦਾ ਹੈ) ਪ੍ਰਭੂ (ਦੇ ਚਰਨਾਂ) ਵਿਚ (ਤਦੋਂ ਹੀ) ਮਿਲ ਸਕੀਦਾ ਹੈ ਜੇ (ਆਪਣਾ) ਇਹ ਮਨ ਹਵਾਲੇ ਕਰ ਦੇਈਏ, (ਇਹ ਗੱਲ ਪਰਮਾਤਮਾ ਦੀ ਮੇਹਰ ਨਾਲ ਹੀ ਹੋ ਸਕਦੀ ਹੈ, ਤਾਂ ਤੇ) ਹੇ ਨਾਨਕ! (ਅਰਦਾਸ ਕਰ ਤੇ ਆਖ– ਹੇ ਪ੍ਰਭੂ!) ਆਪਣੀ ਮੇਹਰ ਕਰ (ਤਾ ਕਿ ਤੇਰੇ ਦਾਸ) ਨਾਨਕ ਨੂੰ ਤੇਰਾ ਨਾਮ (ਤੇਰੇ ਨਾਮ ਦਾ ਪਿਆਰ) ਪ੍ਰਾਪਤ ਹੋ ਜਾਏ।2।1। 150।

ਨੋਟ: ਘਰੁ 14 ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।

TOP OF PAGE

Sri Guru Granth Darpan, by Professor Sahib Singh