ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 408 ਆਸਾ ਮਹਲਾ ੫ ॥ ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥ ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥ ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥ {ਪੰਨਾ 408} ਪਦ ਅਰਥ: ਰਾਮ = ਹੇ ਰਾਮ। ਧੀਰਜੁ = ਸ਼ਾਂਤੀ। ਕੋ = ਹੋਰ ਕੋਈ ਭੀ।1। ਰਹਾਉ। ਪ੍ਰਭ = ਹੇ ਪ੍ਰਭੂ!।1। ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਸਾਧਨ। ਕਰਿ = ਕਰ ਕੇ। ਸਾਧ = ਗੁਰੂ। ਸੰਗਿ = ਨਾਲ।2। ਅਰਥ: ਹੇ ਮੇਰੇ ਪਿਆਰੇ ਰਾਮ! (ਮੈਨੂੰ) ਮਿਲ। ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਭੀ (ਉੱਦਮ) ਮੇਰੇ ਮਨ ਵਿਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ।1। ਰਹਾਉ। ਹੇ ਪਿਆਰੇ ਰਾਮ! ਅਨੇਕਾਂ ਲੋਕਾਂ ਨੇ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਲਿਖੇ ਅਨੁਸਾਰ (ਮਿਥੇ ਹੋਏ ਧਾਰਮਿਕ) ਕੰਮ ਕੀਤੇ, ਪਰ, ਹੇ ਪ੍ਰਭੂ! (ਇਹਨਾਂ ਕਰਮਾਂ ਨਾਲ ਤੇਰਾ ਦਰਸਨ ਨਸੀਬ ਨਾਹ ਹੋਇਆ, ਤੇ) ਤੇਰੇ ਦਰਸਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।1। ਹੇ ਪ੍ਰਭੂ! (ਸ਼ਾਸਤ੍ਰਾਂ ਦੇ ਕਹੇ ਅਨੁਸਾਰ) ਅਨੇਕਾਂ ਲੋਕ ਵਰਤ ਰੱਖਦੇ ਰਹੇ, ਕਈ ਨੇਮ ਨਿਬਾਹੁੰਦੇ ਰਹੇ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਰਹੇ, ਪਰ ਇਹ ਸਭ ਕੁਝ ਕਰ ਕੇ ਥੱਕ ਗਏ (ਤੇਰਾ ਦਰਸਨ ਪ੍ਰਾਪਤ ਨਾਹ ਹੋਇਆ) । ਹੇ ਨਾਨਕ! ਗੁਰੂ ਦੀ ਸਰਨ ਪਿਆਂ (ਮਨੁੱਖ ਦਾ ਮਨ) ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦਾ ਹੈ (ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ) ।2। 2। 151। ਆਸਾ ਮਹਲਾ ੫ ਘਰੁ ੧੫ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥ ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥੧॥ ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥ ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥੧॥ ਰਹਾਉ ॥ ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥ ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥੨॥ ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥ ਜੇਂਹ ਕਾਰਜਿ ਰਹੈ ਓਲ੍ਹ੍ਹਾ ਸੋਇ ਕਾਮੁ ਨ ਕਰਿਆ ॥੩॥ ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥ ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥ {ਪੰਨਾ 408} ਨੋਟ: ਪੜਤਾਲ = ਜਿਥੇ ਤਾਲ ਮੁੜ ਮੁੜ ਪਰਤਦਾ (= ਪੜ) ਰਹੇ, ਬਦਲਦਾ ਰਹੇ। ਪਦ ਅਰਥ: ਮਾਦਿ = ਮਦਿ, ਨਸ਼ੇ ਵਿਚ। ਸੂਝ ਬੂਝ = (ਸਹੀ ਜੀਵਨ ਦੀ) ਅਕਲ। ਪਕਰਿ = ਫੜ ਕੇ। ਜਮਿ = ਜਮ ਨੇ। ਘਰਿ ਜਾਵੈ = ਆਪਣੇ ਘਰ ਵਿਚ ਜਾਂਦਾ ਹੈ, ਹੋਸ਼ ਵਿਚ ਆਉਂਦਾ ਹੈ (ਕਿ ਸਾਰੀ ਉਮਰ ਗ਼ਲਤੀ ਕਰਦਾ ਰਿਹਾ) ।1। ਬਿਖਿਆ = ਮਾਇਆ। ਬਿਖੈ = ਵਿਸ਼ੇ। ਹਿਰਿ = ਚੁਰਾ ਕੇ। ਵਿਤ = ਧਨ। ਦੁਖਾਹੀ = ਦੁਖਾਹਿ, ਦੁਖਾਂਦੇ ਹਨ। ਖਿਨ ਭੰਗੁਨ = ਖਿਨ-ਭੰਡਾਰ, ਖਿਨ ਵਿਚ ਨਾਸ ਹੋ ਜਾਣ ਵਾਲਾ। ਕੈ ਮਾਨਿ = ਦੇ ਮਾਣ ਵਿਚ। ਅਸੁਰ = ਦੈਂਤ, ਨਿਰਦਈ ਬੰਦੇ।1। ਰਹਾਉ। ਪੁਕਾਰਹਿ = ਉੱਚੀ ਕੂਕ ਕੇ ਆਖਦੇ ਹਨ। ਡੋਰਾ = ਬੋਲਾ। ਨਿਪਟਿ = ਉੱਕਾ ਹੀ, ਬਿਲਕੁਲ। ਹਾਰਿ = ਹਾਰ ਕੇ। ਮੂਕਾ = ਅੰਤ ਸਮੇ ਤੇ ਆ ਪਹੁੰਚਦਾ ਹੈ। ਮਨਿ = ਮਨ ਵਿਚ। ਭੋਰਾ = ਮੂਰਖ।2। ਡਾਨੁ = ਡੰਨ। ਗੈਰ ਵਜਹਿ = ਅਕਾਰਨ, ਕਾਰਨ ਤੋਂ ਬਿਨਾ ਹੀ। ਦੀਵਾਨ ਲੇਖੈ = ਪਰਮਾਤਮਾ ਦੇ ਲੇਖੇ ਵਿਚ। ਜੇਂਹ ਕਾਰਜਿ = ਜਿਸ ਕੰਮ (ਦੇ ਕਰਨ) ਨਾਲ। ਓਲ੍ਹ੍ਹਾ = ਇੱਜ਼ਤ।3। ਮੋਹਿ = ਮੈਨੂੰ। ਗੁਰਿ = ਗੁਰੂ ਨੇ। ਤਉ = ਤਦੋਂ। ਏਕ = ਇਕ (ਪਰਮਾਤਮਾ) ਦੀ। ਕੀਰਤਿ = ਸਿਫ਼ਤਿ-ਸਾਲਾਹ। ਤਜਿ = ਛੱਡ ਕੇ।4। ਅਰਥ: (ਹੇ ਭਾਈ!) ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿਚ ਲੱਗੇ ਹੋਏ (ਪਰਾਇਆ) ਧਨ ਚੁਰਾ ਕੇ (ਦੂਜਿਆਂ ਦੇ) ਦਿਲ ਦੁਖਾਂਦੇ ਹਨ, ਪਲ ਵਿਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਣ ਵਿਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ (ਕਿ ਇਹ ਗ਼ਲਤ ਜੀਵਨ-ਰਾਹ ਹੈ) ।1। ਰਹਾਉ। (ਹੇ ਭਾਈ!) ਵਿਕਾਰਾਂ ਵਿਚ ਮਾਇਆ ਦੇ ਨਸ਼ੇ ਵਿਚ ਮਨੁੱਖ ਸੁੱਤਾ ਰਹਿੰਦਾ ਹੈ, ਇਸ ਨੂੰ (ਸਹੀ ਜੀਵਨ-ਰਾਹ ਦੀ) ਅਕਲ ਨਹੀਂ ਆਉਂਦੀ। (ਜਦੋਂ ਅੰਤ ਵੇਲੇ) ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ (ਜਦੋਂ ਮੌਤ ਸਿਰ ਤੇ ਆ ਪਹੁੰਚੀ) ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ (ਕਿ ਸਾਰੀ ਉਮਰ ਕੁਰਾਹੇ ਪਿਆ ਰਿਹਾ) ।1। (ਹੇ ਭਾਈ!) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ ਉਪਦੇਸ਼ ਕਰਦੇ ਹਨ) ਸੰਤ ਜਨ (ਭੀ) ਪੁਕਾਰ ਕੇ ਆਖਦੇ ਹਨ ਪਰ (ਮਾਇਆ ਦੇ ਨਸ਼ੇ ਦੇ ਕਾਰਨ) ਬੋਲਾ ਹੋ ਚੁਕਾ ਮਨੁੱਖ (ਉਹਨਾਂ ਦੇ ਉਪਦੇਸ਼ ਨੂੰ) ਸੁਣਦਾ ਨਹੀਂ। ਜਦੋਂ ਉੱਕਾ ਹੀ ਜੀਵਨ-ਬਾਜ਼ੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿਚ ਪਛੁਤਾਂਦਾ ਹੈ।2। (ਹੇ ਭਾਈ! ਮਾਇਆ ਦੇ ਨਸ਼ੇ ਵਿਚ ਮਸਤ ਮਨੁੱਖ ਵਿਕਾਰਾਂ ਵਿਚ ਲੱਗਾ ਹੋਇਆ) ਵਿਅਰਥ ਹੀ ਡੰਨ ਭਰਦਾ ਰਹਿੰਦਾ ਹੈ (ਆਤਮਕ ਸਜ਼ਾ ਭੁਗਤਦਾ ਰਹਿੰਦਾ ਹੈ, ਅਜੇਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ) ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ। ਜਿਸ ਕੰਮ ਦੇ ਕਰਨ ਨਾਲ ਪਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਭੀ ਨਹੀਂ ਕਰਦਾ।3। (ਹੇ ਭਾਈ! ਜਦੋਂ) ਗੁਰੂ ਨੇ ਮੈਨੂੰ ਇਹੋ ਜਿਹਾ (ਮਾਇਆ-ਗ੍ਰਸਿਆ) ਜਗਤ ਵਿਖਾ ਦਿੱਤਾ ਤਦੋਂ ਮੈਂ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਤਦੋਂ ਮਾਣ ਤਿਆਗ ਕੇ (ਹੋਰ) ਆਸਰਾ ਛੱਡ ਕੇ, ਚੁਤਰਾਈਆਂ ਤਜ ਕੇ (ਮੈਂ ਦਾਸ) ਨਾਨਕ ਪਰਮਾਤਮਾ ਦੀ ਸਰਨ ਆ ਪਿਆ।4।1। 152। ਨੋਟ: ਇਥੋਂ ਘਰੁ 15 ਦੇ ਸ਼ਬਦ ਸ਼ੁਰੂ ਹੁੰਦੇ ਹਨ। ਆਸਾ ਮਹਲਾ ੫ ॥ ਬਾਪਾਰਿ ਗੋਵਿੰਦ ਨਾਏ ॥ ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ ॥ ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥ ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥੧॥ ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥ ਸਭ ਤਜੀ ਮਨੈ ਕੀ ਕਾਮ ਕਰਾ ॥ ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥ ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ ॥ ਨਾਨਕ ਦੀਨ ਸਰਣਿ ਆਏ ਗਲਿ ਲਾਏ ॥੨॥੨॥੧੫੩॥ {ਪੰਨਾ 408} ਪਦ ਅਰਥ: ਬਾਪਾਰਿ = ਵਪਾਰ ਵਿਚ, ਵਣਜ ਦੀ ਰਾਹੀਂ। ਨਾਏ = ਪਰਮਾਤਮਾ ਦੇ ਨਾਮ ਦੇ। ਮਨਾਏ = ਪ੍ਰਸੰਨ ਕੀਤੇ। ਪ੍ਰਿਅ ਪਾਏ = ਪਿਆਰੇ (ਦਾ ਦਰਸਨ) ਪਾਇਆ। ਪੰਚ ਨਾਦ ਤੂਰ = ਪੰਜ ਕਿਸਮਾਂ ਦੀਆਂ ਆਵਾਜ਼ਾਂ ਦੇਣ ਵਾਲੇ ਵਾਜੇ {ਤੰਤੀ ਸਾਜ, ਧਾਤ ਦੇ, ਫੂਕ ਨਾਲ ਵਜਾਏ ਜਾਣ ਵਾਲੇ, ਤਬਲਾ ਆਦਿਕ, ਘੜਾ ਆਦਿਕ}।1। ਰਹਾਉ। ਸਹਜਾਏ = ਸਹਜ ਅਵਸਥਾ, ਆਤਮਕ ਅਡੋਲਤਾ। ਰਾਤਿਆ = ਰੰਗੇ ਗਏ। ਸਿਉ = ਨਾਲ। ਸੇਵਿ = ਸੇਵਾ ਕਰ ਕੇ। ਰੰਗੁ ਲਾਲਨ = ਪਿਆਰੇ ਪ੍ਰਭੂ ਦਾ ਪ੍ਰੇਮ।1। ਮਨਿ = ਮਨ ਵਿਚ। ਰਹਸਾਏ = ਰਹਸ, ਖਿੜਾਉ। ਨਹੀ ਆਏ = ਜਨਮ ਮਰਨ ਦੇ ਗੇੜ ਵਿਚ ਨਹੀਂ ਪਏ। ਨਿਧਾਨੁ = ਖ਼ਜ਼ਾਨਾ। ਮਨੈ ਕੀ = ਮਨ ਦੀ। ਕਾਮ ਕਰਾ = ਵਾਸ਼ਨਾ। ਮੋਹਿ = ਮੈਨੂੰ। ਗਲਿ = ਗਲ ਨਾਲ।2। ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿਚ ਲੱਗ ਪੈਂਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ, ਮਾਨੋ, ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ।1। ਰਹਾਉ। ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਪਰਮਾਤਮਾ ਦਾ ਦਰਸਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਜਾਂਦਾ ਹੈ। ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਸ ਨੂੰ ਖਸਮ-ਪ੍ਰਭੂ ਦੀ ਪ੍ਰੀਤਿ ਪ੍ਰਾਪਤ ਹੋ ਜਾਂਦੀ ਹੈ; ਲਾਲ ਪਿਆਰੇ ਦਾ ਪਿਆਰ-ਰੰਗ ਚੜ੍ਹ ਜਾਂਦਾ ਹੈ।1। ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਵਿਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ, ਉਸ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਆਪਣੇ ਮਨ ਵਿਚ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ। ਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾਂ ਤਿਆਗ ਦੇਂਦਾ ਹੈ। ਹੇ ਨਾਨਕ! (ਤੂੰ ਭੀ ਅਰਜ਼ੋਈ ਕਰ, ਤੇ ਆਖ– ਹੇ ਪ੍ਰਭੂ!) ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਗਲ ਨਾਲ ਲਾ। (ਤੇਰਾ ਦਰਸਨ ਕੀਤਿਆਂ ਮੈਨੂੰ) ਬਹੁਤ ਚਿਰ ਹੋ ਚੁਕਾ ਹੈ, ਮੇਰੇ ਮਨ ਵਿਚ ਤੇਰੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ। ਹੇ ਹਰੀ! ਮੈਨੂੰ ਆਪਣਾ ਦਰਸਨ ਦੇਹ, ਤੂੰ ਆਪ ਹੀ ਮੈਨੂੰ ਦੱਸ (ਕਿ ਮੈਂ ਕਿਵੇਂ ਤੇਰਾ ਦਰਸਨ ਕਰਾਂ) ।2। 2। 153। ਆਸਾ ਮਹਲਾ ੫ ॥ ਕੋਊ ਬਿਖਮ ਗਾਰ ਤੋਰੈ ॥ ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥੧॥ ਰਹਾਉ ॥ ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥੧॥ ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥ ਅਨਦਿਨੋ ਪ੍ਰਭ ਧਿਆਵਉ ॥ ਭ੍ਰਮ ਭੀਤਿ ਜੀਤਿ ਮਿਟਾਵਉ ॥ ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥ {ਪੰਨਾ 408} ਪਦ ਅਰਥ: ਕੋਊ = ਕੋਈ ਵਿਰਲਾ। ਬਿਖਮ = ਔਖਾ। ਗਾਰ = ਗੜ੍ਹ, ਕਿਲ੍ਹਾ। ਤੋਰੈ = ਤੋੜਦਾ ਹੈ, ਸਰ ਕਰਦਾ ਹੈ। ਪਿਆਸ = ਮਾਇਆ ਦੀ ਤ੍ਰਿਸ਼ਨਾ। ਧੋਹ = ਠੱਗੀ। ਭਰਮ = ਭਟਕਣਾ। ਤੇ = ਤੋਂ। ਹੋਰੈ = (ਆਪਣੇ ਮਨ ਨੂੰ) ਰੋਕਦਾ ਹੈ।1। ਰਹਾਉ। ਬਿਆਧਿ = ਬੀਮਾਰੀਆਂ, ਰੋਗ। ਛੋਰੈ = ਛੱਡਦਾ ਹੈ।1। ਸੰਗਿ = ਸੰਗਤਿ ਵਿਚ। ਰੰਗਿ = ਪਿਆਰ ਵਿਚ। ਗਾਵਉ = ਮੈਂ ਗਾਂਦਾ ਹਾਂ, ਗਾਵਉਂ। ਅਨਦਿਨੋ = ਹਰ ਰੋਜ਼। ਧਿਆਵਉ = ਮੈਂ ਸਿਮਰਦਾ ਹਾਂ। ਭ੍ਰਮ = ਭਟਕਣਾ। ਭੀਤਿ = ਕੰਧ। ਜੀਤਿ = ਜਿੱਤ ਕੇ। ਨਿਧਿ = ਖ਼ਜ਼ਾਨਾ। ਮੋਰੈ = ਮੇਰੈ ਪਾਸ, ਮੇਰੇ ਹਿਰਦੇ ਵਿਚ।2। ਅਰਥ: (ਹੇ ਭਾਈ! ਜਗਤ ਵਿਚ) ਕੋਈ ਵਿਰਲਾ ਮਨੁੱਖ ਹੈ, ਜੇਹੜਾ ਸਖ਼ਤ ਕਿਲ੍ਹੇ ਨੂੰ ਤੋੜਦਾ ਹੈ (ਜਿਸ ਵਿਚ ਜਿੰਦ ਕੈਦ ਕੀਤੀ ਪਈ ਹੈ, ਕੋਈ ਵਿਰਲਾ ਹੈ, ਜੇਹੜਾ ਆਪਣੇ ਮਨ ਨੂੰ) ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ, ਠੱਗੀ-ਫ਼ਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ।1। ਰਹਾਉ। (ਹੇ ਭਾਈ! ਜਗਤ ਵਿਚ ਕੋਈ ਵਿਰਲਾ ਮਨੁੱਖ ਹੈ ਜੇਹੜਾ) ਕਾਮ ਕ੍ਰੋਧ ਲੋਭ ਅਹੰਕਾਰ ਆਦਿਕ ਬੀਮਾਰੀਆਂ (ਆਪਣੇ ਅੰਦਰੋਂ) ਦੂਰ ਕਰਦਾ ਹੈ।1। ਹੇ ਨਾਨਕ! (ਆਖ– ਹੇ ਭਾਈ! ਇਹਨਾਂ ਰੋਗਾਂ ਤੋਂ ਬਚਣ ਵਾਸਤੇ) ਮੈਂ ਤਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਲੀਨ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਮੈਂ ਤਾਂ ਹਰ ਵੇਲੇ ਪਰਮਾਤਮਾ ਦਾ ਧਿਆਨ ਧਰਦਾ ਹਾਂ, ਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ (ਪਰਮਾਤਮਾ ਨਾਲੋਂ ਬਣੀ ਵਿੱਥ) ਮਿਟਾਂਦਾ ਹਾਂ। (ਹੇ ਭਾਈ!) ਮੇਰੇ ਪਾਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹੀ ਹੈ (ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ) ।2।3। 154। ਆਸਾ ਮਹਲਾ ੫ ॥ ਕਾਮੁ ਕ੍ਰੋਧੁ ਲੋਭੁ ਤਿਆਗੁ ॥ ਮਨਿ ਸਿਮਰਿ ਗੋਬਿੰਦ ਨਾਮ ॥ ਹਰਿ ਭਜਨ ਸਫਲ ਕਾਮ ॥੧॥ ਰਹਾਉ ॥ ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥ ਮਨ ਸੰਤਨਾ ਕੈ ਚਰਨਿ ਲਾਗੁ ॥੧॥ ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥ ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥ {ਪੰਨਾ 408-409} ਪਦ ਅਰਥ: ਤਿਆਗੁ = ਛੱਡ ਦੇ। ਮਨਿ = ਮਨ ਵਿਚ। ਕਾਮ = (ਸਾਰੇ) ਕੰਮ।1। ਰਹਾਉ। ਤਜਿ = ਤਿਆਗ ਦੇ। ਮਿਥਿਆ = ਝੂਠ। ਮਨ = ਹੇ ਮਨ! ਕੈ ਚਰਨਿ = ਦੇ ਚਰਨ ਵਿਚ।1। ਗੋਪਾਲ = ਸ੍ਰਿਸ਼ਟੀ ਦਾ ਪਾਲਕ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿਤ੍ਰ (ਕਰਨ ਵਾਲਾ) । ਜਾਗੁ = (ਵਿਕਾਰਾਂ ਵਲੋਂ) ਸੁਚੇਤ ਰਹੁ। ਭਾਗੁ = ਕਿਸਮਤ।2। ਅਰਥ: (ਹੇ ਭਾਈ! ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਰਹੁ (ਤੇ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ। ਪਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ।1। ਰਹਾਉ। ਹੇ ਮਨ! ਅਹੰਕਾਰ ਮੋਹ ਵਿਕਾਰ ਝੂਠ ਤਿਆਗ ਦੇਹ, ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ, ਤੇ ਸੰਤ ਜਨਾਂ ਦੀ ਸਰਨ ਪਿਆ ਰਹੁ।1। ਹੇ ਭਾਈ! ਉਸ ਹਰੀ-ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੁ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਜੋ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਪਵ੍ਰਿਤ ਕਰਨ ਵਾਲਾ ਹੈ। ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦੀ ਭਗਤੀ ਕਰ, ਤੇਰੀ ਕਿਸਮਤ ਜਾਗ ਪਏਗੀ।2।4। 155। |
Sri Guru Granth Darpan, by Professor Sahib Singh |