ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 409

ਆਸਾ ਮਹਲਾ ੫ ॥ ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥੧॥ ਰਹਾਉ ॥ ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥ ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥੧॥ ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥ ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥੨॥੫॥੧੫੬॥ {ਪੰਨਾ 409}

ਪਦ ਅਰਥ: ਹਰਖ = ਖ਼ੁਸ਼ੀ। ਸੋਗ = ਗ਼ਮ। ਬੈਰਾਗ = ਉਪਰਾਮਤਾ। ਅਨੰਦੀ = ਆਨੰਦ-ਸਰੂਪ ਪਰਮਾਤਮਾ ਨੇ। ਖੇਲੁ = ਜਗਤ-ਤਮਾਸ਼ਾ। ਰੀ = ਹੇ ਸਖੀ।1। ਰਹਾਉ।

ਖਿਨ ਹੂੰ = ਇਕ ਖਿਨ ਵਿਚ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਿਰਭੈ = ਨਿਰਭੈਤਾ। ਉਠਿ ਧਾਇਓ = ਉਠ ਦੌੜਦਾ ਹੈ। ਰਸ = ਸੁਆਦਲੇ ਪਦਾਰਥ। ਤਜਿ ਜਾਇਓ = ਛੱਡ ਜਾਂਦਾ ਹੈ।1।

ਤਾਪ = ਧੂਣੀਆਂ ਆਦਿਕ ਤਪਾਣੀਆਂ। ਸਾਧੂ = ਗੁਰੂ। ਰੰਗੁ = ਪ੍ਰੇਮ।2।

ਅਰਥ: ਹੇ ਸਹੇਲੀ! (ਹੇ ਸਤਸੰਗੀ!) ਆਨੰਦ-ਰੂਪ ਪਰਮਾਤਮਾ ਨੇ ਮੈਨੂੰ ਇਹ ਜਗਤ-ਤਮਾਸ਼ਾ ਵਿਖਾ ਦਿੱਤਾ ਹੈ (ਇਸ ਜਗਤ-ਤਮਾਸ਼ੇ ਦੀ ਅਸਲੀਅਤ ਵਿਖਾ ਦਿਤੀ ਹੈ) । (ਇਸ ਵਿਚ ਕਿਤੇ) ਖ਼ੁਸ਼ੀ ਹੈ (ਕਿਤੇ) ਗ਼ਮੀ ਹੈ (ਕਿਤੇ) ਵੈਰਾਗ ਹੈ।1। ਰਹਾਉ।

(ਹੇ ਸਤਸੰਗੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਇਕ ਪਲ ਵਿਚ ਅਨੇਕਾਂ ਡਰ (ਆ ਘੇਰਦੇ ਹਨ, ਕਿਤੇ) ਨਿਡਰਤਾ ਹੈ (ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵਲ) ਉਠ ਭੱਜਦਾ ਹੈ, ਕਿਤੇ ਇਕ ਪਲ ਵਿਚ ਸੁਆਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇਕ ਪਲ ਵਿਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ।1।

(ਹੇ ਸਖੀ! ਇਸ ਜਗਤ-ਤਮਾਸ਼ੇ ਵਿਚ ਕਿਤੇ) ਜੋਗ-ਸਾਧਨ ਕੀਤੇ ਜਾ ਰਹੇ ਹਨ ਕਿਤੇ ਧੂਣੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ-ਪੂਜਾ ਹੋ ਰਹੀਆਂ ਹਨ, ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ। ਹੇ ਨਾਨਕ! (ਆਖ– ਹੇ ਸਖੀ!) ਕਿਤੇ ਸਾਧ ਸੰਗਤਿ ਵਿਚ ਰੱਖ ਕੇ ਇਕ ਪਲ ਵਿਚ ਪਰਮਾਤਮਾ ਦੀ ਮੇਹਰ ਹੋ ਰਹੀ ਹੈ, ਤੇ ਪਰਮਾਤਮਾ ਦਾ ਪ੍ਰੇਮ-ਰੰਗ ਬਖ਼ਸ਼ਿਆ ਜਾ ਰਿਹਾ ਹੈ।2।4। 156।

ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ     ੴ ਸਤਿਗੁਰ ਪ੍ਰਸਾਦਿ ॥ ਗੋਬਿੰਦ ਗੋਬਿੰਦ ਕਰਿ ਹਾਂ ॥ ਹਰਿ ਹਰਿ ਮਨਿ ਪਿਆਰਿ ਹਾਂ ॥ ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥ ਅਨ ਸਿਉ ਤੋਰਿ ਫੇਰਿ ਹਾਂ ॥ ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥ ਪੰਕਜ ਮੋਹ ਸਰਿ ਹਾਂ ॥ ਪਗੁ ਨਹੀ ਚਲੈ ਹਰਿ ਹਾਂ ॥ ਗਹਡਿਓ ਮੂੜ ਨਰਿ ਹਾਂ ॥ ਅਨਿਨ ਉਪਾਵ ਕਰਿ ਹਾਂ ॥ ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥ ਥਿਰ ਥਿਰ ਚਿਤ ਥਿਰ ਹਾਂ ॥ ਬਨੁ ਗ੍ਰਿਹੁ ਸਮਸਰਿ ਹਾਂ ॥ ਅੰਤਰਿ ਏਕ ਪਿਰ ਹਾਂ ॥ ਬਾਹਰਿ ਅਨੇਕ ਧਰਿ ਹਾਂ ॥ ਰਾਜਨ ਜੋਗੁ ਕਰਿ ਹਾਂ ॥ ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥ {ਪੰਨਾ 409}

ਨੋਟ: ਇਹ ਸ਼ਬਦ ਆਸਾ ਅਤੇ ਆਸਾਵਰੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ।

ਪਦ ਅਰਥ: ਕਰਿ = ਆਖ, ਜਪ। ਮਨਿ = ਮਨ ਵਿਚ। ਪਿਆਰਿ = ਪਿਆਰ ਕਰ। ਗੁਰਿ = ਗੁਰੂ ਨੇ। ਚਿਤਿ = ਚਿੱਤ ਵਿਚ। ਧਰਿ = ਰੱਖ। ਅਨ ਸਿਉ = (ਪਰਮਾਤਮਾ ਤੋਂ ਬਿਨਾ) ਹੋਰ ਨਾਲ। ਤੋਰੀ = (ਪ੍ਰੇਮ) ਤੋੜ ਦੇ। ਫੇਰਿ = (ਹੋਰ ਵਲੋਂ ਮਨ ਤੂੰ) ਮੋੜ ਲੈ। ਐਸੇ = ਇਸ ਤਰ੍ਹਾਂ। ਲਾਲਨੁ = ਪਿਆਰਾ ਪ੍ਰਭੂ। ਰੀ ਸਖੀ = ਹੇ ਸਹੇਲੀ!।1। ਰਹਾਉ।

ਪੰਕਜ = ਚਿੱਕੜ {ਪੰਕ = ਚਿੱਕੜ}। ਸਰਿ = ਸਰ ਵਿਚ, ਸੰਸਾਰ-ਸਰੋਵਰ ਵਿਚ। ਪਗੁ = ਪੈਰ। ਗਹਡਿਓ = ਗੱਡਿਆ ਹੋਇਆ ਹੈ, ਫਸਾਇਆ ਹੋਇਆ ਹੈ। ਮੂੜ ਨਰਿ = ਮੂਰਖ ਮਨੁੱਖ ਨੇ। ਅਨਿਨ = {AnNX} ਕੇਵਲ ਇਕ। ਤਉ = ਤਦੋਂ। ਨਿਕਸੈ = ਨਿਕਲ ਆਉਂਦਾ ਹੈ।1।

ਥਿਰ = ਅਡੋਲ, ਟਿਕਵਾਂ। ਬਨੁ = ਜੰਗਲ। ਗ੍ਰਿਹੁ = ਘਰ। ਸਮਸਰਿ = ਬਰਾਬਰ। ਅੰਤਰਿ = ਹਿਰਦੇ ਵਿਚ। ਬਾਹਰਿ = ਜਗਤ ਵਿਚ। ਅਨੇਕ ਧਰਿ = ਅਨੇਕਾਂ ਕਿਰਤ-ਕਾਰ ਕਰ। ਰਾਜਨ ਜੋਗੁ = ਰਾਜ-ਜੋਗ। ਲੋਗ ਅਲੋਗੀ = ਸੰਸਾਰ ਤੋਂ ਨਿਰਾਲਾ।2।

ਅਰਥ: (ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤਰ੍ਹਾਂ ਆਪਣੇ) ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ। ਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ। ਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤਿ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ। ਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ।1। ਰਹਾਉ।

ਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ) ਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ। ਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ। ਹੇ ਸਖੀ! ਕੇਵਲ ਇਕ ਪਰਮਾਤਮਾ ਦੇ ਸਿਮਰਨ ਦਾ ਹੀ ਆਹਰ ਕਰ, ਤੇ ਪਰਮਾਤਮਾ ਦੀ ਸਰਨ ਪਉ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ।1।

ਹੇ ਸਹੇਲੀ! ਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ (ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ। ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ, ਤੇ, ਜਗਤ ਵਿਬ ਬੇ-ਸ਼ੱਕ ਕਈ ਤਰ੍ਹਾਂ ਦੀ ਕਿਰਤ-ਕਾਰ ਕਰ (ਇਸ ਤਰ੍ਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ।

(ਪਰ,) ਹੇ ਨਾਨਕ! ਆਖ– ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ = ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ।2।1। 157।

ਨੋਟ: ਘਰੁ 17 ਦੇ ਸ਼ਬਦਾਂ ਦਾ ਆਰੰਭ।

ਆਸਾਵਰੀ ਮਹਲਾ ੫ ॥ ਮਨਸਾ ਏਕ ਮਾਨਿ ਹਾਂ ॥ ਗੁਰ ਸਿਉ ਨੇਤ ਧਿਆਨਿ ਹਾਂ ॥ ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ ਸੇਵਾ ਗੁਰ ਚਰਾਨਿ ਹਾਂ ॥ ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥ ਟੂਟੇ ਅਨ ਭਰਾਨਿ ਹਾਂ ॥ ਰਵਿਓ ਸਰਬ ਥਾਨਿ ਹਾਂ ॥ ਲਹਿਓ ਜਮ ਭਇਆਨਿ ਹਾਂ ॥ ਪਾਇਓ ਪੇਡ ਥਾਨਿ ਹਾਂ ॥ ਤਉ ਚੂਕੀ ਸਗਲ ਕਾਨਿ ॥੧॥ ਲਹਨੋ ਜਿਸੁ ਮਥਾਨਿ ਹਾਂ ॥ ਭੈ ਪਾਵਕ ਪਾਰਿ ਪਰਾਨਿ ਹਾਂ ॥ ਨਿਜ ਘਰਿ ਤਿਸਹਿ ਥਾਨਿ ਹਾਂ ॥ ਹਰਿ ਰਸ ਰਸਹਿ ਮਾਨਿ ਹਾਂ ॥ ਲਾਥੀ ਤਿਸ ਭੁਖਾਨਿ ਹਾਂ ॥ ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥ {ਪੰਨਾ 409}

ਪਦ ਅਰਥ: ਮਨਸਾ = {mnI = w} ਇੱਛਾ। ਮਾਨਿ = ਮੰਨ, ਪੱਕੀ ਕਰ। ਸਿਉ = ਨਾਲ। ਨੇਤ = ਨਿਤ, ਸਦਾ। ਧਿਆਨਿ = ਧਿਆਨ ਵਿਚ। ਗਿਆਨਿ = ਡੂੰਘੀ ਸਾਂਝ ਵਿਚ। ਚਰਾਨਿ = ਚਰਨਿ, ਚਰਨ ਵਿਚ। ਤਉ = ਤਦੋਂ ਹੀ। ਕ੍ਰਿਪਾਨਿ = ਕ੍ਰਿਪਾ ਦੀ ਰਾਹੀਂ।1। ਰਹਾਉ।

ਭਰਾਨਿ = ਭਰਾਂਤੀ, ਭਟਕਣਾ। ਅਨ = {ANX} ਹੋਰ। ਥਾਨਿ = ਥਾਂ ਵਿਚ। ਸਰਬ ਥਾਨਿ = ਹਰੇਕ ਥਾਂ ਵਿਚ। ਭਇਆਨਿ = ਭਿਆਨਕ, ਡਰਾਉਣਾ। ਲਹਿਓ = ਲਹਿ ਜਾਂਦਾ ਹੈ। ਪੇਡ ਥਾਨਿ = ਸੰਸਾਰ-ਰੁੱਖ ਦੇ ਮੁੱਢ-ਹਰੀ ਦੀ ਹਜ਼ੂਰੀ ਵਿਚ। ਕਾਨਿ = ਮੁਥਾਜਿ।1।

ਲਹਨੋ = ਲਹਣਾ, ਭਾਗ। ਮਥਾਨਿ = ਮੱਥੇ ਉਤੇ। ਪਾਵਕ = ਅੱਗ। ਪਾਰਿ ਪਰਾਨਿ = ਪਾਰ ਪੈ ਜਾਂਦਾ ਹੈ। ਨਿਜ ਘਰਿ = ਆਪਣੇ (ਅਸਲ) ਘਰ ਵਿਚ। ਤਿਸਹਿ = ਉਸ ਨੂੰ। ਰਸਹਿ = ਰਸ ਨੂੰ। ਮਾਨਿ = ਮਾਣਦਾ ਹੈ। ਤਿਸ = ਤ੍ਰਿਸ਼ਨਾ, ਤ੍ਰੇਹ {ਨੋਟ: ਲਫ਼ਜ਼ 'ਤਿਸੁ' ਪੜਨਾਂਵ ਹੈ, ਲਫ਼ਜ਼ 'ਤਿਸ' ਨਾਂਵ ਹੈ}। ਸਹਜਿ = ਆਤਮਕ ਅਡੋਲਤਾ ਵਿਚ।2।

ਅਰਥ: (ਹੇ ਮੇਰੇ ਮਨ!) ਇਕ (ਪਰਮਾਤਮਾ ਦੇ ਮਿਲਾਪ) ਦੀ ਤਾਂਘ (ਆਪਣੇ ਅੰਦਰ) ਕਾਇਮ ਕਰ। ਗੁਰੂ-ਚਰਨਾਂ ਵਿਚ ਜੁੜ ਕੇ ਸਦਾ (ਪਰਮਾਤਮਾ ਦੇ) ਧਿਆਨ ਵਿਚ ਟਿਕਿਆ ਰਹੁ। ਗੁਰੂ ਦੇ ਉਪਦੇਸ਼ ਦੀ ਜਾਣ-ਪਛਾਣ ਵਿਚ ਮਜ਼ਬੂਤ-ਚਿੱਤ ਹੋ। ਗੁਰੂ-ਚਰਨਾਂ ਵਿਚ (ਰਹਿ ਕੇ) ਸੇਵਾ-ਭਗਤੀ ਕਰ। ਹੇ ਮੇਰੇ ਮਨ! ਤਦੋਂ ਹੀ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਨੂੰ) ਮਿਲ ਸਕੀਦਾ ਹੈ।1। ਰਹਾਉ।

ਹੇ ਮੇਰੇ ਮਨ! ਜਦੋਂ ਹੋਰ ਭਟਕਣਾਂ ਮੁੱਕ ਜਾਂਦੀਆਂ ਹਨ, ਜਦੋਂ ਹਰੇਕ ਥਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ, ਤਦੋਂ ਡਰਾਉਣੇ ਜਮ ਦਾ ਸਹਮ ਲਹਿ ਜਾਂਦਾ ਹੈ, ਸੰਸਾਰ-ਰੁੱਖ ਦੇ ਮੁੱਢ-ਹਰੀ ਦੇ ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ, ਤਦੋਂ ਹਰੇਕ ਕਿਸਮ ਦੀ ਮੁਥਾਜੀ ਮੁੱਕ ਜਾਂਦੀ ਹੈ।1।

ਹੇ ਨਾਨਕ! (ਆਖ–) ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦੇ ਹਨ ਉਹ (ਵਿਕਾਰਾਂ ਦੀ) ਅੱਗ ਦੇ ਖ਼ਤਰੇ ਤੋਂ ਪਾਰ ਲੰਘ ਜਾਂਦਾ ਹੈ, ਉਸ ਨੂੰ ਆਪਣੇ ਅਸਲ ਘਰ (ਪ੍ਰਭੂ-ਚਰਨਾਂ ਵਿਚ) ਥਾਂ ਮਿਲ ਜਾਂਦਾ ਹੈ, ਉਹ ਰਸਾਂ ਵਿਚ ਸ੍ਰੇਸ਼ਟ ਰਸ ਹਰਿ ਨਾਮ ਰਸ ਨੂੰ ਸਦਾ ਮਾਣਦਾ ਹੈ, ਉਸ ਦੀ (ਮਾਇਆ ਵਾਲੀ) ਤ੍ਰੇਹ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।2। 2। 158।

ਆਸਾਵਰੀ ਮਹਲਾ ੫ ॥ ਹਰਿ ਹਰਿ ਹਰਿ ਗੁਨੀ ਹਾਂ ॥ ਜਪੀਐ ਸਹਜ ਧੁਨੀ ਹਾਂ ॥ ਸਾਧੂ ਰਸਨ ਭਨੀ ਹਾਂ ॥ ਛੂਟਨ ਬਿਧਿ ਸੁਨੀ ਹਾਂ ॥ ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥ ਖੋਜਹਿ ਜਨ ਮੁਨੀ ਹਾਂ ॥ ਸ੍ਰਬ ਕਾ ਪ੍ਰਭ ਧਨੀ ਹਾਂ ॥ ਦੁਲਭ ਕਲਿ ਦੁਨੀ ਹਾਂ ॥ ਦੂਖ ਬਿਨਾਸਨੀ ਹਾਂ ॥ ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥ ਮਨ ਸੋ ਸੇਵੀਐ ਹਾਂ ॥ ਅਲਖ ਅਭੇਵੀਐ ਹਾਂ ॥ ਤਾਂ ਸਿਉ ਪ੍ਰੀਤਿ ਕਰਿ ਹਾਂ ॥ ਬਿਨਸਿ ਨ ਜਾਇ ਮਰਿ ਹਾਂ ॥ ਗੁਰ ਤੇ ਜਾਨਿਆ ਹਾਂ ॥ ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥ {ਪੰਨਾ 409-410}

ਪਦ ਅਰਥ: ਗੁਨੀ = ਸਾਰੇ ਗੁਣਾਂ ਦਾ ਮਾਲਕ। ਸਹਜ ਧੁਨੀ = ਆਤਮਕ ਅਡੋਲਤਾ ਦੀ ਰੌ ਵਿਚ। ਸਾਧੂ = ਗੁਰੂ (ਦੀ ਸਰਨ ਪੈ ਕੇ) । ਰਸਨ = ਜੀਭ (ਨਾਲ) । ਭਨੀ = ਭਣਿ, ਉਚਾਰ। ਬਿਧਿ = ਢੰਗ। ਸੁਨੀ = ਸੁਣਿ, ਸੁਣ। ਵਡ ਪੁਨੀ = ਭਾਗਾਂ ਨਾਲ।1। ਰਹਾਉ।

ਖੋਜਹਿ = ਖੋਜਦੇ ਹਨ। ਜਨ ਮੁਨੀ = ਮੁਨੀ ਜਨ। ਸ੍ਰਬ = ਸਰਬ। ਧਨੀ = ਮਾਲਕ। ਕਲਿ ਦੁਨੀ = ਕਲਿਜੁਗੀ ਦੁਨੀਆ ਵਿਚ। ਦੂਖ ਬਿਨਾਸਨੀ = ਦੁੱਖਾਂ ਦਾ ਨਾਸ ਕਰਨ ਵਾਲਾ। ਪੂਰਨ ਆਸਨੀ = ਆਸਾਂ ਪੂਰੀਆਂ ਕਰਨ ਵਾਲਾ।1।

ਮਨ = ਹੇ ਮਨ! ਸੋ = ਉਸ ਪ੍ਰਭੂ ਨੂੰ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਭੇਵੀਐ = ਅਭੇਵ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਸਿਉ = ਨਾਲ। ਨ ਜਾਇ = ਜੰਮਦਾ ਨਹੀਂ। ਤੇ = ਤੋਂ ਪਾਸੋਂ। ਮਾਨਿਆ = ਪਤੀਜ ਜਾਂਦਾ ਹੈ।2।

ਅਰਥ: ਹੇ ਮੇਰੇ ਮਨ! ਆਤਮਕ ਅਡੋਲਤਾ ਦੀ ਲਹਿਰ ਵਿਚ ਲੀਨ ਹੋ ਕੇ ਉਸ ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਉਚਾਰ। ਹੇ ਮੇਰੇ ਮਨ! ਸੁਣ, ਇਹੀ ਹੈ ਵਿਕਾਰਾਂ ਤੋਂ ਬਚਣ ਦਾ ਤਰੀਕਾ, ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ।1। ਰਹਾਉ।

ਹੇ ਮੇਰੇ ਮਨ! ਸਾਰੇ ਰਿਸ਼ੀ ਮੁਨੀ ਉਸ ਪਰਮਾਤਮਾ ਨੂੰ ਖੋਜਦੇ ਆ ਰਹੇ ਹਨ, ਜੇਹੜਾ ਸਾਰੇ ਜੀਵਾਂ ਦਾ ਮਾਲਕ ਹੈ, ਜੇਹੜਾ ਇਸ ਮਾਇਆ-ਵੇੜ੍ਹੀ ਦੁਨੀਆ ਵਿਚ ਲੱਭਣਾ ਔਖਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ ਜੇਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।1।

ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ, ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ। ਹੇ ਮੇਰੇ ਮਨ! ਉਸ ਪਰਮਾਤਮਾ ਨਾਲ ਪਿਆਰ ਪਾ, ਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।

ਹੇ ਨਾਨਕ! (ਆਖ–) ਹੇ ਮੇਰੇ ਮਨ! ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ।2।3। 159।

TOP OF PAGE

Sri Guru Granth Darpan, by Professor Sahib Singh