ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 410

ਆਸਾਵਰੀ ਮਹਲਾ ੫ ॥ ਏਕਾ ਓਟ ਗਹੁ ਹਾਂ ॥ ਗੁਰ ਕਾ ਸਬਦੁ ਕਹੁ ਹਾਂ ॥ ਆਗਿਆ ਸਤਿ ਸਹੁ ਹਾਂ ॥ ਮਨਹਿ ਨਿਧਾਨੁ ਲਹੁ ਹਾਂ ॥ ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ ਜੀਵਤ ਜੋ ਮਰੈ ਹਾਂ ॥ ਦੁਤਰੁ ਸੋ ਤਰੈ ਹਾਂ ॥ ਸਭ ਕੀ ਰੇਨੁ ਹੋਇ ਹਾਂ ॥ ਨਿਰਭਉ ਕਹਉ ਸੋਇ ਹਾਂ ॥ ਮਿਟੇ ਅੰਦੇਸਿਆ ਹਾਂ ॥ ਸੰਤ ਉਪਦੇਸਿਆ ਮੇਰੇ ਮਨਾ ॥੧॥ ਜਿਸੁ ਜਨ ਨਾਮ ਸੁਖੁ ਹਾਂ ॥ ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ ਜੋ ਹਰਿ ਹਰਿ ਜਸੁ ਸੁਨੇ ਹਾਂ ॥ ਸਭੁ ਕੋ ਤਿਸੁ ਮੰਨੇ ਹਾਂ ॥ ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥ {ਪੰਨਾ 410}

ਪਦ ਅਰਥ: ਏਕਾ ਓਟ = ਇਕ ਪਰਮਾਤਮਾ ਦਾ ਆਸਰਾ। ਗਹੁ = ਫੜ। ਕਹੁ = ਉਚਾਰ। ਆਗਿਆ = ਰਜ਼ਾ, ਹੁਕਮ। ਸਹੁ = ਸਹਾਰ, ਮੰਨ। ਸਤਿ = ਠੀਕ, ਸੱਚੀ (ਜਾਣ ਕੇ) । ਮਨਹਿ = ਮਨ ਵਿਚ। ਨਿਧਾਨੁ = (ਸਾਰੇ ਪਦਾਰਥਾਂ ਦਾ) ਖ਼ਜ਼ਾਨਾ। ਲਹੁ = ਲੈ। ਸੁਖਹਿ = ਆਤਮਕ ਆਨੰਦ ਵਿਚ।1। ਰਹਾਉ।

ਜੋ = ਜੇਹੜਾ ਮਨੁੱਖ। ਮਰੈ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਜਾਂਦਾ ਹੈ। ਦੁਤਰੁ = {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ। ਰੇਨੁ = ਚਰਨ-ਧੂੜ। ਹੋਇ = ਹੋ ਜਾਂਦਾ ਹੈ। ਕਹਉ = ਮੈਂ ਆਖਦਾ ਹਾਂ, ਕਹਉਂ। ਸੋਇ = ਉਸ ਪਰਮਾਤਮਾ ਨੂੰ ਹੀ।1।

ਜਿਸੁ ਜਨ = ਜਿਸ ਮਨੁੱਖ ਨੂੰ। ਤਿਸੁ ਨਿਕਟਿ = ਉਸ ਦੇ ਨੇੜੇ। ਸਭੁ ਕੋ = ਹਰੇਕ ਜੀਵ। ਮੰਨੇ = ਆਦਰ ਦੇਂਦਾ ਹੈ। ਸੁ = ਉਹ ਮਨੁੱਖ। ਸਫਲ = ਕਾਮਯਾਬ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ।2।

ਅਰਥ: ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ, ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ। ਹੇ ਮੇਰੇ ਮਨ! ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ। (ਹੇ ਭਾਈ!) ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ। ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ।1। ਰਹਾਉ।

ਹੇ ਮੇਰੇ ਮਨ! ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ, ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ, ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ। (ਹੇ ਮੇਰੇ ਮਨ! ਜੇ ਗੁਰੂ ਦੀ ਕਿਰਪਾ ਹੋਵੇ ਤਾਂ) ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮੇਰੇ ਮਨ! ਜਿਸ ਮਨੁੱਖ ਨੂੰ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਉਸ ਦੇ ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ।1।

ਹੇ ਮੇਰੇ ਮਨ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ, ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ। ਹੇ ਮਨ! ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਦਾ ਸੁਣਦਾ ਰਹਿੰਦਾ ਹੈ (ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।

ਹੇ ਨਾਨਕ! (ਆਖ–) ਹੇ ਮੇਰੇ ਮਨ! ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ।2।4। 160।

ਆਸਾਵਰੀ ਮਹਲਾ ੫ ॥ ਮਿਲਿ ਹਰਿ ਜਸੁ ਗਾਈਐ ਹਾਂ ॥ ਪਰਮ ਪਦੁ ਪਾਈਐ ਹਾਂ ॥ ਉਆ ਰਸ ਜੋ ਬਿਧੇ ਹਾਂ ॥ ਤਾ ਕਉ ਸਗਲ ਸਿਧੇ ਹਾਂ ॥ ਅਨਦਿਨੁ ਜਾਗਿਆ ਹਾਂ ॥ ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥ ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ ਅਸਥਿਰੁ ਸੇ ਭਏ ਹਾਂ ॥ ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥ ਸਾਜਨੁ ਮੀਤੁ ਤੂੰ ਹਾਂ ॥ ਨਾਮੁ ਦ੍ਰਿੜਾਇ ਮੂੰ ਹਾਂ ॥ ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥ ਨਿਮਖ ਨ ਵੀਸਰੈ ਹਾਂ ॥ ਤਿਸੁ ਬਿਨੁ ਕਿਉ ਸਰੈ ਹਾਂ ॥ ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥ {ਪੰਨਾ 410}

ਪਦ ਅਰਥ: ਮਿਲਿ = ਮਿਲ ਕੇ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਈਐ = ਗਾਣਾ ਚਾਹੀਦਾ ਹੈ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈਐ = ਹਾਸਲ ਕਰ ਲਈਦਾ ਹੈ। ਉਆ ਰਸ = ਉਸ ਸੁਆਦ ਵਿਚ। ਬਿਧੇ = ਵਿੱਝ ਗਿਆ। ਤਾ ਕਉ = ਉਸ (ਮਨੁੱਖ) ਨੂੰ। ਸਿਧੇ = ਸਿੱਧੀਆਂ। ਅਨਦਿਨੁ = ਹਰ ਰੋਜ਼। ਜਾਗਿਆ = (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ। ਬਡ ਭਾਗਿਆ = ਵੱਡੇ ਭਾਗਾਂ ਵਾਲਾ।1। ਰਹਾਉ।

ਪਗ = ਪੈਰ, ਚਰਨ। ਧੋਈਐ = ਆਓ ਧੋਈਏ। ਦੁਰਮਤਿ = ਖੋਟੀ ਮਤਿ। ਖੋਈਐ = ਦੂਰ ਕਰ ਲਈਦੀ ਹੈ। ਦਾਸਹ ਰੇਨੁ = (ਪ੍ਰਭੂ ਦੇ) ਦਾਸਾਂ ਦੀ ਚਰਨ-ਧੂੜ। ਬਿਆਪੈ ਨ = ਜੋਰ ਨਹੀਂ ਪਾ ਸਕਦਾ। ਪਰੁ = ਪਉ। ਸਰਨਿ ਪਰੁ = ਆਸਰਾ ਲੈ। ਜਨਮਿ = ਜਨਮ ਲੈ ਕੇ। ਨ ਮਰੁ = ਨਹੀਂ ਮਰੇਂਗਾ। ਸੇ = ਉਹ ਬੰਦੇ। ਅਸਥਿਰੁ = ਅਡੋਲ ਆਤਮਕ ਜੀਵਨ ਵਾਲੇ।1।

ਸਾਜਨੁ = ਸੱਜਣ। ਮੂੰ = ਮੈਨੂੰ। ਦ੍ਰਿੜਾਇ = ਪੱਕਾ ਕਰ ਦੇਹ। ਮਨਹਿ = ਮਨ ਵਿਚ। ਸੋਇ = ਉਸ (ਪਰਮਾਤਮਾ) ਨੂੰ। ਅਰਾਧਿ = ਯਾਦ ਕਰਿਆ ਕਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਕਿਉ ਸਰੈ = ਚੰਗਾ ਨਹੀਂ ਲੰਘ ਸਕਦਾ। ਕਉ = ਨੂੰ, ਤੋਂ। ਜਾਉ = ਮੈਂ ਜਾਂਦਾ ਹਾਂ, ਜਾਉਂ। ਨਾਨਕੁ ਜਪੇ = ਨਾਨਕ ਜਪਦਾ ਹੈ।2।

ਅਰਥ: ਹੇ ਭਾਈ! (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ, (ਇਸ ਤਰ੍ਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ। ਜਿਹੜਾ ਮਨੁੱਖ (ਸਿਫ਼ਤਿ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ, ਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਹੇ ਨਾਨਕ! (ਆਖ–) ਹੇ ਮੇਰੇ ਮਨ! (ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਮਨੁੱਖ) ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ, ਉਹ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।1। ਰਹਾਉ।

ਹੇ ਭਾਈ! ਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ, ਇਸ ਤਰ੍ਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ। ਹੇ ਭਾਈ! ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ (ਇਸ ਤਰ੍ਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ। ਹੇ ਭਾਈ! ਭਗਤ-ਜਨਾਂ ਦੀ ਸਰਨੀਂ ਪਿਆ ਰਹੁ। ਜਨਮ ਮਰਨ ਦਾ ਗੇੜ ਨਹੀਂ ਰਹੇਗਾ। ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।1।

(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ, ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ। (ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ, ਸਦਾ ਉਸ (ਪ੍ਰਭੂ) ਨੂੰ ਹੀ ਸਿਮਰਦਾ ਰਹੁ। (ਉਹ ਪਰਮਾਤਮਾ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ (ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ। ਹੇ ਮੇਰੇ ਮਨ! ਮੈਂ (ਨਾਨਕ) ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ) ਨਾਨਕ (ਪਰਮਾਤਮਾ ਦਾ) ਨਾਮ ਜਪਦਾ ਹੈ।2।5। 161।

ਆਸਾਵਰੀ ਮਹਲਾ ੫ ॥ ਕਾਰਨ ਕਰਨ ਤੂੰ ਹਾਂ ॥ ਅਵਰੁ ਨਾ ਸੁਝੈ ਮੂੰ ਹਾਂ ॥ ਕਰਹਿ ਸੁ ਹੋਈਐ ਹਾਂ ॥ ਸਹਜਿ ਸੁਖਿ ਸੋਈਐ ਹਾਂ ॥ ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ ਸਾਧੂ ਸੰਗਮੇ ਹਾਂ ॥ ਪੂਰਨ ਸੰਜਮੇ ਹਾਂ ॥ ਜਬ ਤੇ ਛੁਟੇ ਆਪ ਹਾਂ ॥ ਤਬ ਤੇ ਮਿਟੇ ਤਾਪ ਹਾਂ ॥ ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥ ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥ ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ ਜਿਸ ਕਾ ਨਾਹਿ ਕੋਇ ਹਾਂ ॥ ਤਿਸ ਕਾ ਪ੍ਰਭੂ ਸੋਇ ਹਾਂ ॥ ਅੰਤਰਗਤਿ ਬੁਝੈ ਹਾਂ ॥ ਸਭੁ ਕਿਛੁ ਤਿਸੁ ਸੁਝੈ ਹਾਂ ॥ ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥ {ਪੰਨਾ 410}

ਪਦ ਅਰਥ: ਕਾਰਨ = ਵਸੀਲਾ, ਬਣਾਣ ਵਾਲਾ। ਕਰਨ = ਜਗਤ। ਮੂੰ = ਮੈਨੂੰ। ਕਰਹਿ = (ਜੋ ਕੁਝ) ਤੂੰ ਕਰਦਾ ਹੈਂ। ਸਹਜਿ = ਆਤਮਕ ਅਡੋਲਤਾ ਵਿਚ। ਸੁਖਿ = ਆਨੰਦ ਵਿਚ। ਸੋਈਐ = ਲੀਨ ਰਹੀਏ। ਮਨਿ = ਮਨ ਵਿਚ। ਦਰਿ = ਦਰ ਤੇ।1। ਰਹਾਉ।

ਸੰਗਮੇ = ਮੇਲ ਵਿਚ, ਸੰਗਤਿ ਵਿਚ। ਸਾਧੂ = ਗੁਰੂ। ਸੰਜਮੇ = ਸੰਜਮ ਵਿਚ। ਆਪਾ = ਆਪਾ-ਭਾਵ। ਤਾਪ = ਦੁੱਖ-ਕਲੇਸ਼। ਪਤਿ = ਇੱਜ਼ਤ। ਨਵਾਰੀਆ = ਹੇ ਜਗਤ ਦੇ ਮਾਲਕ-ਪ੍ਰਭੂ! ਧਾਰੀਆ = ਧਾਰਿ।1।

ਮਾਨੀਐ = ਪਰਵਾਨ ਕਰੀਏ। ਰੇਨ = ਚਰਨ-ਧੂੜ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।2।

ਅੰਤਰਗਤਿ = ਅੰਦਰ ਦੀ ਲੁਕਵੀਂ ਗੱਲ, ਦਿਲ ਦੀ ਗੱਲ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਾਰਿ ਲੇਹੁ = ਬਚਾ ਲੈ।3।

ਅਰਥ: ਹੇ ਮੇਰੇ ਮਨ! (ਪ੍ਰਭੂ-ਦਰ ਤੇ ਇਉਂ ਅਰਦਾਸ ਕਰ = ਹੇ ਪ੍ਰਭੂ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ (ਤੈਥੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ) । ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ। ਹੇ ਮੇਰੇ ਮਨ! (ਜੇ ਆਪਣੀਆਂ ਚਤੁਰਾਈਆਂ ਛੱਡ ਕੇ) ਪਰਮਾਤਮਾ ਦੇ ਦਰ ਤੇ ਡਿੱਗ ਪਈਏ ਤਾਂ ਮਨ ਵਿਚ ਹੌਸਲਾ ਬੱਝ ਜਾਂਦਾ ਹੈ, ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ।1।

ਹੇ ਮੇਰੇ ਮਨ। ਗੁਰੂ ਦੀ ਸੰਗਤਿ ਵਿਚ ਰਿਹਾਂ ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ ਜਿਸ ਨਾਲ ਗਿਆਨ-ਇੰਦ੍ਰੇ ਵੱਸ ਵਿਚ ਆ ਜਾਂਦੇ ਹਨ। ਹੇ ਮਨ! ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ (ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ। ਸੋ ਹੇ ਮੇਰੇ ਮਨ! (ਗੁਰੂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ-ਦਰ ਤੇ ਅਰਦਾਸ ਕਰ, ਆਖ–) ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ, ਮੇਰੀ (ਸਰਨ ਪਏ ਦੀ) ਇੱਜ਼ਤ ਰੱਖ।1।

ਹੇ ਮੇਰੇ ਮਨ! ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ, ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ। ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ। ਹੇ ਮੇਰੇ ਮਨ! ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ।2।

ਹੇ ਮੇਰੇ ਮਨ! ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ (ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ। ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ, ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ। (ਇਸ ਵਾਸਤੇ) ਹੇ ਮੇਰੇ ਮਨ! ਪਰਮਾਤਮਾ ਦੇ ਦਰ ਤੇ ਇਉਂ ਅਰਜ਼ੋਈ ਕਰ = ਹੇ ਪ੍ਰਭੂ! (ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ, (ਤੇਰੇ ਦਰ ਤੇ ਮੇਰੀ) ਨਾਨਕ ਦੀ ਇਹੀ ਅਰਦਾਸਿ ਹੈ।3।6। 162।

TOP OF PAGE

Sri Guru Granth Darpan, by Professor Sahib Singh