ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 411

ਆਸਾਵਰੀ ਮਹਲਾ ੫ ਇਕਤੁਕਾ ॥ ਓਇ ਪਰਦੇਸੀਆ ਹਾਂ ॥ ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ ਜਾ ਸਿਉ ਰਚਿ ਰਹੇ ਹਾਂ ॥ ਸਭ ਕਉ ਤਜਿ ਗਏ ਹਾਂ ॥ ਸੁਪਨਾ ਜਿਉ ਭਏ ਹਾਂ ॥ ਹਰਿ ਨਾਮੁ ਜਿਨੑਿ ਲਏ ॥੧॥ ਹਰਿ ਤਜਿ ਅਨ ਲਗੇ ਹਾਂ ॥ ਜਨਮਹਿ ਮਰਿ ਭਗੇ ਹਾਂ ॥ ਹਰਿ ਹਰਿ ਜਨਿ ਲਹੇ ਹਾਂ ॥ ਜੀਵਤ ਸੇ ਰਹੇ ਹਾਂ ॥ ਜਿਸਹਿ ਕ੍ਰਿਪਾਲੁ ਹੋਇ ਹਾਂ ॥ ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥ {ਪੰਨਾ 411}

ਪਦ ਅਰਥ: ਓਇ ਪਰਦੇਸੀਆ = ਹੇ ਪਰਦੇਸੀ! ਹੇ ਜਗਤ ਵਿਚ ਚਾਰ ਦਿਨ ਲਈ ਆਏ ਜੀਵ! ਸੁਨਤ = ਸੁਣਦਾ ਹੈਂ?।1। ਰਹਾਉ।

ਜਾ ਸਿਉ = ਜਿਸ (ਮਾਇਆ) ਨਾਲ। ਰਚਿ ਰਹੇ = ਮਸਤ ਰਹੇ। ਸਭ ਕਉ = ਉਸ ਸਾਰੀ ਨੂੰ। ਸੁਪਨਾ ਜਿਉ = ਸੁਪਨੇ ਵਰਗੇ। ਜਿਨੑਿ ਲਏ = (ਤੂੰ) ਕਿਉਂ ਨਹੀਂ ਲੈਂਦਾ?।1।

ਤਜਿ = ਤਿਆਗ ਕੇ। ਅਨ = ਹੋਰ (ਪਦਾਰਥਾਂ) ਵਲ। ਜਨਮਹਿ = ਜਨਮ ਵਿਚ। ਮਰਿ = ਮਰ ਕੇ। ਭਗੇ = ਦੌੜਦੇ ਰਹੇ। ਜਨਿ = ਜਨ ਨੇ, ਜਿਸ ਜਿਸ ਜਨ ਨੇ। ਸੇ = ਉਹ ਬੰਦੇ। ਜਿਸਹਿ = ਜਿਸ ਉੱਤੇ।2।

ਅਰਥ: ਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ! ਇਹ ਸੁਨੇਹਾ ਧਿਆਨ ਨਾਲ ਸੁਣ।1। ਰਹਾਉ।

(ਹੇ ਭਾਈ! ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ, ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ, (ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ) । (ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ?।1।

(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ। ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ ਉਹ ਆਤਮਕ ਜੀਵਨ ਦੇ ਮਾਲਕ ਬਣ ਗਏ।

(ਪਰ,) ਹੇ ਨਾਨਕ! (ਜੀਵ ਦੇ ਇਹ ਆਪਣੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਉਸ ਦਾ ਭਗਤ ਬਣਦਾ ਹੈ।2।7। 163। 232।

ਨੋਟ: ਇਕ ਤੁਕਾ = ਹਰੇਕ ਬੰਦ ਇਕ ਇਕ ਤੁਕ ਵਾਲਾ।

ਨੋਟ: ਅੰਕ 7 ਦਾ ਭਾਵ ਇਹ ਹੈ ਕਿ ਘਰੁ 17 ਦੇ ਇਹ 7 ਸ਼ਬਦ ਹਨ।

ਆਸਾ ਰਾਗ ਵਿਚ ਮਹਲਾ 5 ਦੇ ਕੁੱਲ 163 ਸ਼ਬਦ ਹਨ।

ਮਹਲਾ 1 = 39
ਮਹਲਾ 3 = 13
ਮਹਲਾ 4 = 15
ਮਹਲਾ 5 = 163
. . . . . . = = =
. . . . . . 230

ਨੋਟ: ਇਸ ਸੰਗ੍ਰਹ (230) ਵਿਚ ਮਹਲਾ 1 ਦਾ 'ਸੋਦਰੁ' ਵਾਲਾ ਸ਼ਬਦ ਅਤੇ ਮਹਲਾ 4 ਦਾ 'ਸੋ ਪੁਰਖੁ' ਵਾਲਾ ਸ਼ਬਦ ਸ਼ਾਮਲ ਨਹੀਂ। ਇਹਨਾਂ ਦੋਹਾਂ ਨੂੰ ਰਲਾਇਆਂ ਕੁੱਲ ਜੋੜ 232 ਬਣਦਾ ਹੈ ਜੋ ਸਾਰੇ ਸ਼ਬਦਾਂ ਦੇ ਖ਼ਤਮ ਹੋਣ ਤੇ ਉੱਪਰ ਦਿੱਤਾ ਗਿਆ ਹੈ।

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੯ ॥ ਬਿਰਥਾ ਕਹਉ ਕਉਨ ਸਿਉ ਮਨ ਕੀ ॥ ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥ ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥ ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥ ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥ {ਪੰਨਾ 411}

ਪਦ ਅਰਥ: ਬਿਰਥਾ = ਪੀੜਾ, ਦੁੱਖ, ਭੈੜੀ ਹਾਲਤ {ÒXQw}। ਕਹਉ = ਕਹਉਂ, ਮੈਂ ਦੱਸਾਂ। ਕਉਨ ਸਿਉ = ਕਿਸ ਨੂੰ? ਲੋਭਿ = ਲੋਭ ਵਿਚ। ਗ੍ਰਸਿਓ = ਫਸਿਆ ਹੋਇਆ। ਦਿਸ = ਪਾਸੇ। ਆਸਾ = ਤਾਂਘ, ਤ੍ਰਿਸ਼ਨਾ।1। ਰਹਾਉ।

ਹੇਤਿ = ਵਾਸਤੇ। ਸੇਵ = ਸੇਵਾ, ਖ਼ੁਸ਼ਾਮਦ। ਜਨ ਜਨ ਕੀ = ਹਰੇਕ ਜਨ ਦੀ, ਧਿਰ ਧਿਰ ਦੀ। ਦੁਆਰਹਿ ਦੁਆਰਿ = ਹਰੇਕ ਦਰਵਾਜ਼ੇ ਉਤੇ। ਸੁਆਨ = ਕੁੱਤਾ। ਸੁਧਿ = ਸੂਝ।1।

ਅਕਾਰਥ = ਵਿਅਰਥ। ਖੋਵਤ = ਗਵਾਂਦਾ ਹੈ। ਲਾਜ = ਸ਼ਰਮ। ਹਸਨ ਕੀ = ਹਾਸੇ-ਮਖੌਲ ਦੀ। ਨਾਨਕ = ਹੇ ਨਾਨਕ! ਜਸੁ = ਸਿਫ਼ਤਿ-ਸਾਲਾਹ। ਕੁਮਤਿ = ਖੋਟੀ ਮਤਿ। ਤਨ ਕੀ = ਸਰੀਰ ਦੀ।2।

ਅਰਥ: (ਹੇ ਭਾਈ!) ਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ) , ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ।1। ਰਹਾਉ।

(ਹੇ ਭਾਈ!) ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ। ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ।1।

(ਹੇ ਭਾਈ! ਲੋਭ ਵਿਚ ਫਸਿਆ ਹੋਇਆ ਇਹ ਜੀਵ) ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ।

ਹੇ ਨਾਨਕ! (ਆਖ– ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ।2।1। 233।

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਉਤਰਿ ਅਵਘਟਿ ਸਰਵਰਿ ਨੑਾਵੈ ॥ ਬਕੈ ਨ ਬੋਲੈ ਹਰਿ ਗੁਣ ਗਾਵੈ ॥ ਜਲੁ ਆਕਾਸੀ ਸੁੰਨਿ ਸਮਾਵੈ ॥ ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥ ਐਸਾ ਗਿਆਨੁ ਸੁਨਹੁ ਅਭ ਮੋਰੇ ॥ ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥ ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥ ਸਤਿਗੁਰ ਸਬਦਿ ਕਰੋਧੁ ਜਲਾਵੈ ॥ ਗਗਨਿ ਨਿਵਾਸਿ ਸਮਾਧਿ ਲਗਾਵੈ ॥ ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥ ਸਚੁ ਮਨ ਕਾਰਣਿ ਤਤੁ ਬਿਲੋਵੈ ॥ ਸੁਭਰ ਸਰਵਰਿ ਮੈਲੁ ਨ ਧੋਵੈ ॥ ਜੈ ਸਿਉ ਰਾਤਾ ਤੈਸੋ ਹੋਵੈ ॥ ਆਪੇ ਕਰਤਾ ਕਰੇ ਸੁ ਹੋਵੈ ॥੩॥ ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥ ਸੇਵਾ ਸੁਰਤਿ ਬਿਭੂਤ ਚੜਾਵੈ ॥ ਦਰਸਨੁ ਆਪਿ ਸਹਜ ਘਰਿ ਆਵੈ ॥ ਨਿਰਮਲ ਬਾਣੀ ਨਾਦੁ ਵਜਾਵੈ ॥੪॥ ਅੰਤਰਿ ਗਿਆਨੁ ਮਹਾ ਰਸੁ ਸਾਰਾ ॥ ਤੀਰਥ ਮਜਨੁ ਗੁਰ ਵੀਚਾਰਾ ॥ ਅੰਤਰਿ ਪੂਜਾ ਥਾਨੁ ਮੁਰਾਰਾ ॥ ਜੋਤੀ ਜੋਤਿ ਮਿਲਾਵਣਹਾਰਾ ॥੫॥ ਰਸਿ ਰਸਿਆ ਮਤਿ ਏਕੈ ਭਾਇ ॥ ਤਖਤ ਨਿਵਾਸੀ ਪੰਚ ਸਮਾਇ ॥ ਕਾਰ ਕਮਾਈ ਖਸਮ ਰਜਾਇ ॥ ਅਵਿਗਤ ਨਾਥੁ ਨ ਲਖਿਆ ਜਾਇ ॥੬॥ ਜਲ ਮਹਿ ਉਪਜੈ ਜਲ ਤੇ ਦੂਰਿ ॥ ਜਲ ਮਹਿ ਜੋਤਿ ਰਹਿਆ ਭਰਪੂਰਿ ॥ ਕਿਸੁ ਨੇੜੈ ਕਿਸੁ ਆਖਾ ਦੂਰਿ ॥ ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥ ਅੰਤਰਿ ਬਾਹਰਿ ਅਵਰੁ ਨ ਕੋਇ ॥ ਜੋ ਤਿਸੁ ਭਾਵੈ ਸੋ ਫੁਨਿ ਹੋਇ ॥ ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥ ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥ {ਪੰਨਾ 411}

ਪਦ ਅਰਥ: ਉਤਰਿ = ਉਤਰ ਕੇ, ਹੇਠਾਂ ਆ ਕੇ। ਅਵਘਟਿ = ਔਖੀ ਘਾਟੀ ਤੋਂ, ਪਹਾੜੀ ਤੋਂ। ਸਰਵਰਿ = ਸਰੋਵਰ ਵਿਚ। ਬਕੈ ਨ ਬੋਲੈ = ਵਿਅਰਥ ਨਾਹ ਬੋਲੇ। ਆਕਾਸੀ = ਅਕਾਸ਼ਾਂ ਵਿਚ। ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੋਵੇ। ਰਸੁ ਸਤੁ = ਸ਼ਾਂਤ ਰਸ। ਝੋਲਿ = ਹਿਲਾ ਕੇ। ਪਾਵੈ = ਪ੍ਰਾਪਤ ਕਰਦਾ ਹੈ।1।

ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ ਦੀ ਗੱਲ। ਅਭ ਮੋਰੇ = ਹੇ ਮੇਰੇ ਮਨ! ਭਰਿ ਪੁਰਿ = ਭਰ ਕੇ ਪੂਰ ਕੇ, ਭਰਪੂਰ। ਧਾਰ ਰਹਿਆ = ਆਸਰਾ ਦੇ ਰਿਹਾ ਹੈ।1। ਰਹਾਉ।

ਕਾਲੁ = ਮੌਤ ਦਾ ਸਹਮ। ਸਬਦਿ = ਸ਼ਬਦ ਦੀ ਰਾਹੀਂ। ਗਗਨਿ = ਗਗਨ ਵਿਚ, ਚਿਦਾਕਾਸ਼ ਵਿਚ, ਚਿੱਤ-ਰੂਪ ਆਕਾਸ਼ ਵਿਚ, ਉੱਚੇ ਵਿਚਾਰ ਮੰਡਲ ਵਿਚ। ਨਿਵਾਸਿ = ਨਿਵਾਸ ਦੀ ਰਾਹੀਂ। ਪਰਸਿ = ਪਰਸ ਕੇ, ਛੁਹ ਕੇ।2।

ਮਨ ਕਾਰਣਿ = ਮਨ (ਨੂੰ ਵੱਸ ਕਰਨ) ਦੀ ਖ਼ਾਤਰ। ਸੁਭਰ = ਨਕਾਨਕ ਭਰਿਆ ਹੋਇਆ। ਜੈ ਸਿਉ = ਜਿਸ (ਪਰਮਾਤਮਾ) ਨਾਲ।3।

ਹਿਵ = ਬਰਫ਼। ਸੀਤਲੁ = ਠੰਢਾ। ਬਿਭੂਤ = ਸੁਆਹ। ਚੜਾਵੈ = ਸਰੀਰ ਉਤੇ ਮਲਦਾ ਹੈ। ਦਰਸਨੁ = (ਛੇ ਭੇਖਾਂ ਵਿਚੋਂ ਕੋਈ) ਭੇਖ। ਸਹਜ ਘਰਿ = ਸਹਜ ਦੇ ਘਰ ਵਿਚ, ਅਡੋਲਤਾ ਦੇ ਘਰ ਵਿਚ। ਨਾਦੁ = ਵਾਜਾ, ਸਿੰਙੀ।4।

ਅੰਤਰਿ = ਆਪਣੇ ਅੰਦਰ। ਸਾਰਾ = ਸਾਰ, ਸ੍ਰੇਸ਼ਟ। ਮਜਨੁ = ਇਸ਼ਨਾਨ। ਥਾਨੁ ਮੁਰਾਰਾ = ਪਰਮਾਤਮਾ ਦਾ ਨਿਵਾਸ-ਅਸਥਾਨ। ਜੋਤੀ = ਪਰਮਾਤਮਾ ਦੀ ਜੋਤਿ ਵਿਚ।5।

ਰਸਿ = ਨਾਮ ਦੇ ਰਸ ਵਿਚ। ਰਸਿਆ = ਭਿੱਜਾ ਹੋਇਆ। ਏਕੇ ਭਾਇ = ਇੱਕੋ ਦੇ ਪ੍ਰੇਮ ਵਿਚ। ਪੰਚ = ਕਾਮਾਦਿਕ ਪੰਜ ਵਿਕਾਰਾਂ ਨੂੰ। ਅਵਿਗਤ = {AÒXkq} ਅਦ੍ਰਿਸ਼ਟ ਪ੍ਰਭੂ।6।

ਉਪਜੈ = ਪਰਗਟ ਹੁੰਦਾ ਹੈ, ਚਮਕਦਾ ਹੈ। ਜੋਤਿ = ਚਾਨਣ। ਨਿਧਿ ਗੁਣ = ਗੁਣ ਨਿਧਿ, ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਦੇਖਿ = ਵੇਖ ਕੇ।7।

ਭਰਥਰਿ = ਹੇ ਭਰਥਰੀ ਜੋਗੀ! {ਨੋਟ: ਕਿਸੇ ਜੋਗੀ ਨੂੰ ਸੰਬੋਧਨ ਕਰਦੇ ਹਨ, ਜਿਸ ਨੇ ਆਪਣਾ ਨਾਮ ਆਪਣੇ ਤੋਂ ਦੂਰ ਪਹਿਲਾਂ ਹੋ ਚੁਕੇ ਭਰਥਰੀ ਦੇ ਨਾਮ ਤੇ ਰੱਖਿਆ ਹੋਇਆ ਹੈ। ਸਭ ਧਰਮਾਂ ਵਿਚ ਅਜੇਹਾ ਰਿਵਾਜ ਆਮ ਮਿਲਦਾ ਹੈ}। ਆਧਾਰੁ = ਆਸਰਾ।8।

ਅਰਥ: ਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ, (ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ।1। ਰਹਾਉ।

(ਹੇ ਭਰਥਰੀ ਜੋਗੀ! ਜੋਗੀ ਕਿਸੇ ਟਿੱਲੇ ਤੋਂ ਪਹਾੜ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ, ਪਰ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ (ਸਤਸੰਗ) ਸਰੋਵਰ ਵਿਚ (ਆਤਮਕ) ਇਸ਼ਨਾਨ ਕਰਦਾ ਹੈ, ਜੇਹੜਾ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਇਉਂ ਉਸ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਕੋਈ ਮਾਇਕ ਫੁਰਨਾ ਨਹੀਂ ਉਠਦਾ ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹੈ, ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ।1।

(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ, ਉਸ ਨੂੰ ਮੌਤ ਦਾ ਸਹਸ ਨਹੀਂ ਸਤਾਂਦਾ (ਆਤਮਕ ਮੌਤ ਦਾ ਖ਼ਤਰਾ ਨਹੀਂ ਰਹਿੰਦਾ) , ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ, ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ) । (ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।2।

(ਹੇ ਜੋਗੀ! ਜੇਹੜਾ ਮਨੁੱਖ) ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ) ਤੇ ਆਪਣੇ ਅਸਲੇ ਪ੍ਰਭੂ ਦੀ ਭਾਲ ਕਰਦਾ ਹੈ, ਜੇਹੜਾ ਮਨੁੱਖ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ, ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ। (ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ।3।

(ਹੇ ਜੋਗੀ! ਤੁਸੀ ਬਰਫ਼ਾਨੀ ਪਹਾੜਾਂ ਦੀਆਂ ਗੁਫਾਂ ਵਿਚ ਰਹਿੰਦੇ ਹੋ, ਪਿੰਡੇ ਤੇ ਬਿਭੂਤ ਮਲਦੇ ਹੋ, ਸਿੰਙੀ ਵਜਾਂਦੇ ਹੋ, ਪਰ) ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਜੇਹੜਾ ਮਨੁੱਖ (ਆਪਣੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾਂਦਾ ਹੈ, ਜੇਹੜਾ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਰੱਖਦਾ ਹੈ, ਜੋ, ਮਾਨੋ, ਇਹ ਸੁਆਹ ਪਿੰਡੇ ਤੇ ਮਲਦਾ ਹੈ, ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਸਦਾ ਆਪਣੇ ਅੰਦਰ ਵਸਾਂਦਾ ਹੈ, ਜੋ, ਮਾਨੋ, ਇਹ ਨਾਦ ਵਜਾਂਦਾ ਹੈ, ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ, ਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ।4।

(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ, ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ, ਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ, ਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ।5।

(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ; ਜਿਸ ਦੀ ਮਤਿ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ, ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ, ਉਹ ਮਨੁੱਖ ਉਸ 'ਨਾਥ' ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ।6।

(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ, ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ (ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) । ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ। ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ।7।

ਹੇ ਭਰਥਰੀ ਜੋਗੀ! ਸੁਣ, ਨਾਨਕ ਤੈਨੂੰ ਵਿਚਾਰ ਦੀ ਗੱਲ ਦੱਸਦਾ ਹੈ ਕਿ ਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ, ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਉਸ (ਸਰਬ-ਵਿਆਪਕ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ।8।1।

TOP OF PAGE

Sri Guru Granth Darpan, by Professor Sahib Singh