ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 412 ਆਸਾ ਮਹਲਾ ੧ ॥ ਸਭਿ ਜਪ ਸਭਿ ਤਪ ਸਭ ਚਤੁਰਾਈ ॥ ਊਝੜਿ ਭਰਮੈ ਰਾਹਿ ਨ ਪਾਈ ॥ ਬਿਨੁ ਬੂਝੇ ਕੋ ਥਾਇ ਨ ਪਾਈ ॥ ਨਾਮ ਬਿਹੂਣੈ ਮਾਥੇ ਛਾਈ ॥੧॥ ਸਾਚ ਧਣੀ ਜਗੁ ਆਇ ਬਿਨਾਸਾ ॥ ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥ ਜਗੁ ਮੋਹਿ ਬਾਧਾ ਬਹੁਤੀ ਆਸਾ ॥ ਗੁਰਮਤੀ ਇਕਿ ਭਏ ਉਦਾਸਾ ॥ ਅੰਤਰਿ ਨਾਮੁ ਕਮਲੁ ਪਰਗਾਸਾ ॥ ਤਿਨ੍ਹ੍ਹ ਕਉ ਨਾਹੀ ਜਮ ਕੀ ਤ੍ਰਾਸਾ ॥੨॥ ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥ ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥ ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥ ਸਤਿਗੁਰੁ ਸੇਵੇ ਕਰਣੀ ਸਾਰੀ ॥੩॥ ਬਾਹਰਹੁ ਹਉਮੈ ਕਹੈ ਕਹਾਏ ॥ ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥ ਮਾਇਆ ਮੋਹੁ ਗੁਰ ਸਬਦਿ ਜਲਾਏ ॥ ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥ ਧਾਵਤੁ ਰਾਖੈ ਠਾਕਿ ਰਹਾਏ ॥ ਸਿਖ ਸੰਗਤਿ ਕਰਮਿ ਮਿਲਾਏ ॥ ਗੁਰ ਬਿਨੁ ਭੂਲੋ ਆਵੈ ਜਾਏ ॥ ਨਦਰਿ ਕਰੇ ਸੰਜੋਗਿ ਮਿਲਾਏ ॥੫॥ ਰੂੜੋ ਕਹਉ ਨ ਕਹਿਆ ਜਾਈ ॥ ਅਕਥ ਕਥਉ ਨਹ ਕੀਮਤਿ ਪਾਈ ॥ ਸਭ ਦੁਖ ਤੇਰੇ ਸੂਖ ਰਜਾਈ ॥ ਸਭਿ ਦੁਖ ਮੇਟੇ ਸਾਚੈ ਨਾਈ ॥੬॥ ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥ ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥ ਅੰਤਰਿ ਸਾਚੁ ਸਭੇ ਸੁਖ ਨਾਲਾ ॥ ਨਦਰਿ ਕਰੇ ਰਾਖੈ ਰਖਵਾਲਾ ॥੭॥ ਤ੍ਰਿਭਵਣ ਸੂਝੈ ਆਪੁ ਗਵਾਵੈ ॥ ਬਾਣੀ ਬੂਝੈ ਸਚਿ ਸਮਾਵੈ ॥ ਸਬਦੁ ਵੀਚਾਰੇ ਏਕ ਲਿਵ ਤਾਰਾ ॥ ਨਾਨਕ ਧੰਨੁ ਸਵਾਰਣਹਾਰਾ ॥੮॥੨॥ {ਪੰਨਾ 412} ਪਦ ਅਰਥ: ਸਭਿ = ਸਾਰੇ। ਸਭ = ਹਰੇਕ ਕਿਸਮ ਦੀ। ਉਝੜਿ = ਕੁਰਾਹੇ, ਗ਼ਲਤ ਰਸਤੇ ਉਤੇ। ਭਰਮੈ = ਭਟਕਦਾ ਹੈ। ਰਾਹਿ = (ਠੀਕ) ਰਸਤੇ ਉਤੇ। ਥਾਇ = ਥਾਂ ਵਿਚ, ਥਾਂ ਸਿਰ। ਥਾਇ ਨ ਪਾਈ = ਥਾਂ-ਸਿਰ ਨਹੀਂ ਪੈਂਦੀ, ਪਰਵਾਨ ਨਹੀਂ ਹੁੰਦੀ। ਨਾਮ ਬਿਹੂਣੇ = ਨਾਮ ਤੋਂ ਸੱਖਣੇ ਬੰਦੇ ਨੂੰ {ਨੋਟ: ਲਫ਼ਜ਼ "ਬਿਹੂਣੇ" ਅਤੇ "ਬਿਹੂਣੈ" ਦੇ ਅਰਥਾਂ ਵਿਚ ਫ਼ਰਕ ਹੈ}। ਛਾਈ = ਸੁਆਹ। ਮਾਥੇ = ਮੱਥੇ ਉਤੇ, ਸਿਰ ਉਤੇ।1। ਸਾਚੁ = ਸਦਾ ਕਾਇਮ ਰਹਿਣ ਵਾਲਾ। ਧਣੀ = (ਜਗਤ ਦਾ) ਮਾਲਕ। ਆਇ ਬਿਨਾਸਾ = ਜੰਮਦਾ ਮਰਦਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ। ਮੋਹਿ = ਮੋਹ ਵਿਚ। ਇਕਿ = ਕਈ ਜੀਵ {ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ}। ਪਰਗਾਸਾ = ਖਿੜਿਆ ਹੋਇਆ। ਤ੍ਰਾਸਾ = ਡਰ। ਜਮ ਕੀ ਤ੍ਰਾਸਾ = ਮੌਤ ਦਾ ਡਰ, ਜਨਮ ਮਰਨ ਦੇ ਗੇੜ ਦਾ ਡਰ।2। ਤ੍ਰਿਅ ਜਿਤੁ = ਇਸਤ੍ਰੀ ਦਾ ਜਿੱਤਿਆ, ਕਾਮਾਤੁਰ। ਕਾਮਣਿ = ਇਸਤ੍ਰੀ। ਹਿਤ ਕਾਰੀ = ਹਿਤ ਕਰਨ ਵਾਲਾ, ਮੋਹ ਕਰਨ ਵਾਲਾ। ਕਲਤ੍ਰ = ਇਸਤ੍ਰੀ, ਵਹੁਟੀ। ਸਾਰੀ = ਸ੍ਰੇਸ਼ਟ। ਕਰਣੀ = ਨਿੱਤ ਦੀ ਕਾਰ, ਆਚਰਨ।3। ਕਹਾਏ = ਅਖਵਾਂਦਾ ਹੈ। ਮੁਕਤੁ = ਹਉਮੈ ਤੋਂ ਆਜ਼ਾਦ। ਲੇਪੁ = ਪੋਚਾ, ਪ੍ਰਭਾਵ। ਸਬਦਿ = ਸ਼ਬਦ ਦੀ ਰਾਹੀਂ। ਸਦ = ਸਦਾ।4। ਧਾਵਤੁ = (ਮਾਇਆ ਦੇ ਪਿਛੇ) ਦੌੜਦੇ ਨੂੰ। ਠਾਕਿ = ਰੋਕ ਕੇ। ਸਿਖ = (ਜਿਸ) ਸਿੱਖ ਨੂੰ। ਕਰਮਿ = ਮੇਹਰ ਨਾਲ। ਸੰਜੋਗਿ = ਸੰਜੋਗ ਵਿਚ, ਸੰਗਤਿ ਵਿਚ।5। ਰੂੜੋ = ਸੁੰਦਰ। ਕਹਉ = ਮੈਂ ਆਖਦਾ ਹਾਂ। ਕਥਉ = ਮੈਂ ਕਥਦਾ ਹਾਂ। ਸਾਚੈ = ਸਾਚੇ ਦੀ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ। ਨਾਈ = ਵਡਿਆਈ।6। ਕਰ = ਹੱਥ। ਪਗ = ਪੈਰ। ਨਿਹਾਲਾ = ਦੀਦਾਰ ਕਰਦਾ।7। ਆਪੁ = ਆਪਾ-ਭਾਵ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ।8। ਅਰਥ: ਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ।1। ਰਹਾਉ। ਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ, ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ। ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ।1। ਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ। ਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ। ਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ।2। (ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ; ਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ। ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ।3। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ, ਉਹ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ, ਮਾਇਆ ਦਾ ਪ੍ਰਭਾਵ ਉਸ ਉਤੇ ਕਦੇ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ।4। (ਗੁਰੂ ਦੇ ਜਿਸ) ਸਿੱਖ ਨੂੰ (ਪਰਮਾਤਮਾ ਆਪਣੀ) ਮੇਹਰ ਨਾਲ, ਸੰਗਤਿ ਵਿਚ ਮਿਲਾਂਦਾ ਹੈ, ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਜਦੋਂ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਸ ਨੂੰ ਭੀ ਸੰਗਤਿ ਵਿਚ ਰਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।5। (ਹੇ ਪ੍ਰਭੂ!) ਤੂੰ ਸੁੰਦਰ ਹੈਂ, ਪਰ ਜੇ ਮੈਂ ਦੱਸਣ ਦਾ ਜਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈਂ ਤਾਂ ਦੱਸਿਆ ਨਹੀਂ ਜਾ ਸਕਦਾ। ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਹੋ ਸਕਦੇ, ਜੇ ਮੈਂ ਬਿਆਨ ਕਰਨ ਦਾ ਜਤਨ ਕਰਾਂ, ਤਾਂ ਭੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। (ਤੈਥੋਂ ਵਿਛੁੜਿਆਂ ਦੁੱਖ ਵਾਪਰਦੇ ਹਨ, ਪਰ) ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਦੁੱਖ ਸੁਖ ਬਣ ਜਾਂਦੇ ਹਨ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ।6। ਜੇ ਮਨੁੱਖ (ਗੁਰੂ ਦੇ) ਸ਼ਬਦ ਨੂੰ ਸਮਝ ਲਏ, ਤਾਂ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ, ਉਸ ਦੇ ਅੰਦਰ ਅਜੇਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ, ਮਾਨੋ, ਬਿਨਾ ਹੱਥੀਂ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀਂ ਨੱਚਿਆਂ ਤਾਲ ਪੂਰੀਦਾ ਹੈ। ਜਿਸ ਮਨੁੱਖ ਨੂੰ ਰੱਖਣਹਾਰ ਪ੍ਰਭੂ ਮੇਹਰ ਦੀ ਨਜ਼ਰ ਕਰ ਕੇ (ਮਾਇਆ ਦੇ ਮੋਹ ਤੋਂ) ਬਚਾਂਦਾ ਹੈ, ਉਸ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਆਪਣੇ ਅੰਤਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ।7। ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ) ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਪਰਮਾਤਮਾ ਤਿੰਨਾਂ ਭਵਨਾਂ ਵਿਚ ਵੱਸਦਾ ਦਿੱਸ ਪੈਂਦਾ ਹੈ। ਗੁਰੂ ਦੀ ਬਾਣੀ ਦੀ ਰਾਹੀਂ ਉਸ ਨੂੰ ਸਹੀ ਗਿਆਨ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਇਕ-ਰਸ ਸੁਰਤਿ ਪ੍ਰਭੂ ਵਿਚ ਜੋੜਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਿਕ ਹੈ ਉਹ ਹੋਰਨਾਂ ਦਾ ਜੀਵਨ ਭੀ ਸੋਹਣਾ ਬਣਾ ਦੇਂਦਾ ਹੈ।8।2। ਆਸਾ ਮਹਲਾ ੧ ॥ ਲੇਖ ਅਸੰਖ ਲਿਖਿ ਲਿਖਿ ਮਾਨੁ ॥ ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥ ਕਥਨੀ ਬਦਨੀ ਪੜਿ ਪੜਿ ਭਾਰੁ ॥ ਲੇਖ ਅਸੰਖ ਅਲੇਖੁ ਅਪਾਰੁ ॥੧॥ ਐਸਾ ਸਾਚਾ ਤੂੰ ਏਕੋ ਜਾਣੁ ॥ ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥ ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥ ਬਾਂਧਾ ਛੂਟੈ ਨਾਮੁ ਸਮ੍ਹ੍ਹਾਲਿ ॥ ਗੁਰੁ ਸੁਖਦਾਤਾ ਅਵਰੁ ਨ ਭਾਲਿ ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥ ਸਬਦਿ ਮਰੈ ਤਾਂ ਏਕ ਲਿਵ ਲਾਏ ॥ ਅਚਰੁ ਚਰੈ ਤਾਂ ਭਰਮੁ ਚੁਕਾਏ ॥ ਜੀਵਨ ਮੁਕਤੁ ਮਨਿ ਨਾਮੁ ਵਸਾਏ ॥ ਗੁਰਮੁਖਿ ਹੋਇ ਤ ਸਚਿ ਸਮਾਏ ॥੩॥ ਜਿਨਿ ਧਰ ਸਾਜੀ ਗਗਨੁ ਅਕਾਸੁ ॥ ਜਿਨਿ ਸਭ ਥਾਪੀ ਥਾਪਿ ਉਥਾਪਿ ॥ ਸਰਬ ਨਿਰੰਤਰਿ ਆਪੇ ਆਪਿ ॥ ਕਿਸੈ ਨ ਪੂਛੇ ਬਖਸੇ ਆਪਿ ॥੪॥ ਤੂ ਪੁਰੁ ਸਾਗਰੁ ਮਾਣਕ ਹੀਰੁ ॥ ਤੂ ਨਿਰਮਲੁ ਸਚੁ ਗੁਣੀ ਗਹੀਰੁ ॥ ਸੁਖੁ ਮਾਨੈ ਭੇਟੈ ਗੁਰ ਪੀਰੁ ॥ ਏਕੋ ਸਾਹਿਬੁ ਏਕੁ ਵਜੀਰੁ ॥੫॥ ਜਗੁ ਬੰਦੀ ਮੁਕਤੇ ਹਉ ਮਾਰੀ ॥ ਜਗਿ ਗਿਆਨੀ ਵਿਰਲਾ ਆਚਾਰੀ ॥ ਜਗਿ ਪੰਡਿਤੁ ਵਿਰਲਾ ਵੀਚਾਰੀ ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥ ਜਗੁ ਦੁਖੀਆ ਸੁਖੀਆ ਜਨੁ ਕੋਇ ॥ ਜਗੁ ਰੋਗੀ ਭੋਗੀ ਗੁਣ ਰੋਇ ॥ ਜਗੁ ਉਪਜੈ ਬਿਨਸੈ ਪਤਿ ਖੋਇ ॥ ਗੁਰਮੁਖਿ ਹੋਵੈ ਬੂਝੈ ਸੋਇ ॥੭॥ ਮਹਘੋ ਮੋਲਿ ਭਾਰਿ ਅਫਾਰੁ ॥ ਅਟਲ ਅਛਲੁ ਗੁਰਮਤੀ ਧਾਰੁ ॥ ਭਾਇ ਮਿਲੈ ਭਾਵੈ ਭਇਕਾਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥ {ਪੰਨਾ 412-413} ਪਦ ਅਰਥ: ਅਸੰਖ = ਅਣਗਿਣਤ। ਲਿਖਿ ਲਿਖਿ = ਲਿਖ ਲਿਖ ਕੇ। ਮਾਨੁ = ਵਿੱਦਿਆ ਦਾ ਅਹੰਕਾਰ। ਮਨਿ ਮਾਨਿਐ = ਜੇ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ। ਸਚੁ ਸੁਰਤਿ = ਜੇ ਸੁਰਤਿ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ) । ਵਖਾਨੁ = ਵਖਿਆਨ, (ਅਸਲ) ਲੇਖ। ਕਥਨੀ ਬਦਨੀ = ਕਹਿਣ ਨਾਲ, ਬੋਲਣ ਨਾਲ। ਭਾਰੁ = (ਹਉਮੈ ਦਾ) ਭਾਰ। ਅਲੇਖੁ = ਉਹ ਪ੍ਰਭੂ ਜਿਸ ਦੇ ਸਰੂਪ ਨੂੰ ਕੋਈ ਲੇਖ ਬਿਆਨ ਨਾਹ ਕਰ ਸਕੇ।1। ਐਸਾ = ਅਜੇਹੇ ਗੁਣਾਂ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਤੂੰ = (ਹੇ ਭਾਈ!) ਤੂੰ। ਏਕੋ = ਇਕ ਪਰਮਾਤਮਾ ਨੂੰ ਹੀ।1। ਰਹਾਉ। ਮੋਹਿ = ਮੋਹ ਦੇ ਕਾਰਨ। ਜਮ ਕਾਲਿ = ਕਾਲ ਨੇ, ਜਨਮ ਮਰਨ ਦੇ ਗੇੜ ਨੇ। ਸਮ੍ਹ੍ਹਾਲਿ = ਚੇਤੇ ਕਰ ਕੇ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਨਿਬਹੀ = ਪੱਕਾ ਸਾਥ ਨਿਬਾਹੇਗਾ।2। ਸਬਦਿ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਅਚਰੁ = {ਅ-ਚਰ} ਜਿਸ ਨੂੰ ਖਾਧਾ ਨਾਹ ਜਾ ਸਕੇ। ਚਰੈ = ਖਾ ਲਏ, ਮੁਕਾ ਦੇਵੇ। ਭਰਮੁ = ਭਟਕਣਾ। ਮਨਿ = ਮਨ ਵਿਚ। ਮੁਕਤੁ = ਵਿਕਾਰਾਂ ਤੋਂ ਆਜ਼ਾਦ। ਸਚਿ = ਸੱਚ ਵਿਚ।3। ਜਿਨਿ = ਜਿਸ ਪ੍ਰਭੂ ਨੇ। ਧਰ = ਧਰਤੀ। ਗਗਨੁ = ਆਕਾਸ਼। ਸਭ = ਸਾਰੀ ਸ੍ਰਿਸ਼ਟੀ। ਥਾਪਿ = ਰਚ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ ਵਿਆਪਕ।4। ਪੁਰੁ = ਭਰਿਆ ਹੋਇਆ। ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ। ਏਕੋ = ਇਕ ਆਪ ਹੀ।5। ਬੰਦੀ = ਕੈਦ ਵਿਚ। ਮੁਕਤੇ = (ਉਹ ਹਨ) ਆਜ਼ਾਦ। ਜਗਿ = ਜਗਤ ਵਿਚ। ਆਚਾਰੀ = ਗਿਆਨ ਅਨੁਸਾਰ ਕਰਣੀ ਵਾਲਾ। ਵੀਚਾਰੀ = ਵਿਚਾਰਵਾਨ।6। ਕੋਇ = ਕੋਈ ਵਿਰਲਾ। ਭੋਗੀ = ਭੋਗਾਂ ਵਿਚ ਫਸਿਆ ਹੋਇਆ। ਗੁਣ ਰੋਇ = ਗੁਣਾਂ ਨੂੰ ਰੋਂਦਾ ਹੈ, ਗੁਣਾਂ ਨੂੰ ਤਰਸਦਾ ਹੈ। ਪਤਿ = ਇੱਜ਼ਤ।7। ਮਹਘੋ ਮੋਲਿ = ਮੁੱਲ ਵਿਚ ਮਹਘਾ, ਜੇ ਕੋਈ ਮੁੱਲ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ। ਭਾਰਿ = ਤੋਲਿ ਵਿਚ। ਅਫਾਰੁ = ਬੇਅੰਤ। ਭਾਰਿ ਅਫਾਰੁ = ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਬਰਾਬਰ ਦੀ ਨਹੀਂ ਹੈ। ਧਾਰੁ = (ਹੇ ਭਾਈ! ਹਿਰਦੇ ਵਿਚ) ਸਾਂਭ। ਭਾਵੈ = ਚੰਗਾ ਲੱਗਦਾ ਹੈ। ਭਇਕਾਰੁ = ਭਇ ਕਾਰੁ, ਭਉ ਵਿਚ ਟਿਕੇ ਰਹਿਣ ਵਾਲਾ ਕੰਮ।8। ਅਰਥ: (ਪਰਮਾਤਮਾ ਦੇ ਸਰੂਪ ਬਾਰੇ) ਅਣਗਿਣਤ (ਵਿਚਾਰ-ਭਰੇ) ਲੇਖ ਲਿਖ ਲਿਖ ਕੇ (ਲਿਖਣ ਵਾਲਿਆਂ ਦੇ ਮਨ ਵਿਚ ਆਪਣੀ ਵਿਦਿਆ ਤੇ ਵਿਚਾਰ-ਸ਼ਕਤੀ ਦਾ) ਮਾਣ ਹੀ (ਪੈਦਾ ਹੁੰਦਾ ਹੈ) । ਬੇਸ਼ੱਕ ਅਣਗਿਣਤ ਲੇਖ ਲਿਖੇ ਜਾਣ, ਪਰਮਾਤਮਾ ਦਾ ਸਰੂਪ ਬਿਆਨ ਤੋਂ, ਲੇਖ ਤੋਂ ਪਰੇ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਉਸ ਦੇ ਗੁਣ ਕਹਣ ਨਾਲ ਬੋਲਣ ਨਾਲ ਤੇ ਮੁੜ ਮੁੜ ਪੜ੍ਹ ਕੇ ਭੀ (ਮਨ ਉਤੇ ਹਉਮੈ ਦਾ) ਭਾਰ (ਹੀ ਵਧਦਾ) ਹੈ। (ਪਰ ਹਾਂ) ਜੇ ਮਨੁੱਖ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਗਿੱਝ ਜਾਏ, ਜੇ (ਮਨੁੱਖ ਦੀ) ਸੁਰਤਿ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ) ਤਾਂ ਬੱਸ! ਇਹੀ ਹੈ ਅਸਲ ਲੇਖ (ਜੋ ਉਸ ਨੂੰ ਪਰਵਾਨ ਹੈ) ।1। (ਹੇ ਭਾਈ!) ਇਹੋ ਜਿਹਾ (ਅਲੇਖ) ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ਼ ਇਕ ਪ੍ਰਭੂ ਨੂੰ ਹੀ ਜਾਣ (ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿਚ ਹੈ, ਤੇ ਇਹ) ਜੰਮਣਾ ਮਰਨਾ ਭੀ ਤੂੰ ਉਸ ਪਰਮਾਤਮਾ ਦਾ ਹੁਕਮ ਹੀ ਸਮਝ।1। ਰਹਾਉ। (ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਮ ਵਿਚ ਬੱਝਾ ਪਿਆ ਹੈ, ਪਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਬੱਝਾ ਛੁਟ ਸਕਦਾ ਹੈ। ਇਹ ਨਾਮ ਹੀ (ਹੇ ਭਾਈ!) ਇਸ ਲੋਕ ਤੇ ਪਰਲੋਕ ਵਿਚ ਤੇਰੇ ਨਾਲ ਨਿਭ ਸਕਦਾ ਹੈ, (ਪਰ ਇਹ ਨਾਮ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ) ਗੁਰੂ ਹੀ (ਨਾਮ ਦੀ ਦਾਤਿ ਦੇ ਕੇ) ਆਤਮਕ ਸੁਖ ਦੇਣ ਵਾਲਾ ਹੈ, (ਗੁਰੂ ਤੋਂ ਬਿਨਾ ਇਹ ਦਾਤਿ ਦੇਣ ਵਾਲਾ) ਕੋਈ ਹੋਰ ਨ ਲੱਭਦਾ ਫਿਰ।2। (ਪਰ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ, ਨਾਮ ਵਿਚ ਜੁੜੇ ਕਿਵੇਂ? ਜੀਵ) ਤਦੋਂ ਹੀ ਇਕ ਪਰਮਾਤਮਾ ਵਿਚ ਸੁਰਤਿ ਜੋੜ ਸਕਦਾ ਹੈ, ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਮਰ ਜਾਏ (ਮੋਹ ਦਾ ਪ੍ਰਭਾਵ ਆਪਣੇ ਉਤੇ ਪੈਣ ਨ ਦੇਵੇ) । ਤਦੋਂ ਹੀ ਜੀਵ ਮਾਇਆ ਵਲ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ, ਜੇ (ਗੁਰੂ ਦੇ ਸ਼ਬਦ ਦੀ ਰਾਹੀਂ ਕਾਮਾਦਿਕ ਪੰਜਾਂ ਦੇ) ਨਾਹ ਮੁਕਾਏ ਜਾ ਸਕਣ ਵਾਲੇ ਟੋਲੇ (ਦੇ ਪ੍ਰਭਾਵ ਨੂੰ) ਮੁਕਾ ਦੇਵੇ। ਜੇਹੜਾ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿਚ ਹੀ (ਇਹਨਾਂ ਪੰਜਾਂ ਦੇ ਪ੍ਰਭਾਵ ਤੋਂ) ਆਜ਼ਾਦ ਹੋ ਜਾਂਦਾ ਹੈ; ਪਰ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਉਹੀ ਮਨੁੱਖ ਲੀਨ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਰਹੇ।3। (ਹੇ ਭਾਈ! ਅਜੇਹਾ ਸਦਾ-ਥਿਰ ਸਿਰਫ਼ ਇਕ ਪਰਮਾਤਮਾ ਹੀ ਹੈ) ਜਿਸ ਨੇ ਇਹ ਧਰਤੀ ਤੇ ਅਕਾਸ਼ ਆਦਿਕ ਰਚੇ ਹਨ, ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਜੋ ਰਚ ਕੇ ਨਾਸ ਕਰਨ ਦੇ ਭੀ ਸਮਰੱਥ ਹੈ। ਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇਕ-ਰਸ ਮੌਜੂਦ ਹੈ, ਆਪ ਹੀ (ਸਭ ਜੀਵਾਂ ਉਤੇ) ਬਖ਼ਸ਼ਸ਼ ਕਰਦਾ ਹੈ (ਇਹ ਬਖ਼ਸ਼ਸ਼ ਵਾਸਤੇ) ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ।4। ਹੇ ਪ੍ਰਭੂ! ਤੂੰ ਆਪ ਹੀ ਭਰਿਆ ਹੋਇਆ ਇਹ (ਸੰਸਾਰ-) ਸਮੁੰਦਰ ਹੈਂ ਤੂੰ ਆਪ ਹੀ ਇਸ ਵਿਚ ਮਾਣਕ-ਹੀਰਾ ਹੈਂ, ਤੂੰ ਪਵਿਤ੍ਰ-ਸਰੂਪ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ। ਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।5। (ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੂੰ ਵਿਸਾਰ ਕੇ) ਜਗਤ (ਹਉਮੈ ਦੀ) ਕੈਦ ਵਿਚ ਹੈ, ਇਸ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ। ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ, ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ, (ਪਰ) ਇਹ ਉੱਚਾ ਆਚਰਨ ਤੇ ਉੱਚੀ ਵਿਚਾਰ ਗੁਰੂ ਤੋਂ ਹੀ ਮਿਲਦੇ ਹਨ। ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ।6। (ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੂੰ ਵਿਸਾਰ ਕੇ) ਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ। ਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ। (ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ।7। (ਹੇ ਭਾਈ! ਗ਼ਰੀਬ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ। (ਹੇ ਭਾਈ!) ਗੁਰੂ ਦੀ ਮਤਿ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਗੁਰੂ ਦੀ ਮਤਿ ਇਹ ਹੈ ਕਿ) ਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ, ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।8।3। |
Sri Guru Granth Darpan, by Professor Sahib Singh |