ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 413

ਆਸਾ ਮਹਲਾ ੧ ॥ ਏਕੁ ਮਰੈ ਪੰਚੇ ਮਿਲਿ ਰੋਵਹਿ ॥ ਹਉਮੈ ਜਾਇ ਸਬਦਿ ਮਲੁ ਧੋਵਹਿ ॥ ਸਮਝਿ ਸੂਝਿ ਸਹਜ ਘਰਿ ਹੋਵਹਿ ॥ ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥ ਕਉਣੁ ਮਰੈ ਕਉਣੁ ਰੋਵੈ ਓਹੀ ॥ ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥ ਮੂਏ ਕਉ ਰੋਵੈ ਦੁਖੁ ਕੋਇ ॥ ਸੋ ਰੋਵੈ ਜਿਸੁ ਬੇਦਨ ਹੋਇ ॥ ਜਿਸੁ ਬੀਤੀ ਜਾਣੈ ਪ੍ਰਭ ਸੋਇ ॥ ਆਪੇ ਕਰਤਾ ਕਰੇ ਸੁ ਹੋਇ ॥੨॥ ਜੀਵਤ ਮਰਣਾ ਤਾਰੇ ਤਰਣਾ ॥ ਜੈ ਜਗਦੀਸ ਪਰਮ ਗਤਿ ਸਰਣਾ ॥ ਹਉ ਬਲਿਹਾਰੀ ਸਤਿਗੁਰ ਚਰਣਾ ॥ ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥ ਨਿਰਭਉ ਆਪਿ ਨਿਰੰਤਰਿ ਜੋਤਿ ॥ ਬਿਨੁ ਨਾਵੈ ਸੂਤਕੁ ਜਗਿ ਛੋਤਿ ॥ ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥ ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥ ਮੂਏ ਕਉ ਸਚੁ ਰੋਵਹਿ ਮੀਤ ॥ ਤ੍ਰੈ ਗੁਣ ਰੋਵਹਿ ਨੀਤਾ ਨੀਤ ॥ ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥ ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥ ਭੀਤਰਿ ਏਕੁ ਅਨੇਕ ਅਸੰਖ ॥ ਕਰਮ ਧਰਮ ਬਹੁ ਸੰਖ ਅਸੰਖ ॥ ਬਿਨੁ ਭੈ ਭਗਤੀ ਜਨਮੁ ਬਿਰੰਥ ॥ ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥ ਆਪਿ ਮਰੈ ਮਾਰੇ ਭੀ ਆਪਿ ॥ ਆਪਿ ਉਪਾਏ ਥਾਪਿ ਉਥਾਪਿ ॥ ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥ ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥ ਸੂਤਕੁ ਅਗਨਿ ਭਖੈ ਜਗੁ ਖਾਇ ॥ ਸੂਤਕੁ ਜਲਿ ਥਲਿ ਸਭ ਹੀ ਥਾਇ ॥ ਨਾਨਕ ਸੂਤਕਿ ਜਨਮਿ ਮਰੀਜੈ ॥ ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥ {ਪੰਨਾ 413}

ਪਦ ਅਰਥ: ਪੰਚੇ = ਸਾਕ ਸੰਬੰਧੀ (ਮਾਂ ਪਿਉ, ਭਰਾ, ਇਸਤ੍ਰੀ, ਪੁਤ੍ਰ) । ਸਹਜ ਘਰਿ = ਸਹਜ ਅਵਸਥਾ ਦੇ ਘਰ ਵਿਚ।1।

ਓਹੁ = 'ਉਹ, ਉਹ' ਆਖ ਕੇ। ਕਰਣ = ਜਗਤ। ਕਾਰਣ = ਮੂਲ, ਕਰਨਹਾਰ। ਸਭਸੈ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਤੋਹੀ = ਤੂੰ ਹੀ ਹੈਂ।1। ਰਹਾਉ।

ਕੋਇ = ਜੇਹੜਾ ਕੋਈ। ਬੇਦਨ = ਦੁੱਖ, ਪੀੜ। ਜਿਸੁ ਬੀਤੀ = ਜਿਸ ਮਰਨ ਵਾਲੇ ਦੇ ਸਿਰ ਬੀਤਦੀ ਹੈ।2।

ਤਾਰੇ ਤਰਣਾ = (ਸੰਸਾਰ-ਸਮੁੰਦਰ ਤੋਂ) ਤਰਨ ਲਈ ਬੇੜੀ (= ਤਾਰਿ) ਹੈ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਬੋਹਿਥੁ = ਜਹਾਜ਼। ਭੈ = ਭਉ ਸਾਗਰ ਤੋਂ। ਤਰਣਾ = ਤਰੀਦਾ ਹੈ।3।

ਜਗਿ = ਜਗਤ ਵਿਚ। ਛੋਤਿ = ਭਿੱਟ। ਕਿਆ ਕਹਿ = ਕੀਹ ਆਖ ਕੇ? ਰੋਤਿ = (ਕੋਈ) ਰੋਂਦਾ ਹੈ। ਸਰੋਤਿ = ਸੁਣਨਾ।4।

ਮੂਏ ਕਉ = (ਆਪਾ-ਭਾਵ ਤੋਂ) ਮਰੇ ਹੋਏ ਨੂੰ। ਪਰਹਰਿ = ਤਿਆਗ ਕੇ। ਸੁਚੀਤ = ਸੁਚੇਤ। ਸਉਪਉ = ਸਮਰਪਣ (ਕੀਤਾ ਹੈ) । ਕ੍ਰਿਸ਼ਨ = ਪਰਮਾਤਮਾ।5।

ਬਹੁ ਸੰਖ ਅਸੰਖ = ਬੇਅੰਤ। ਬਿਰੰਥ = ਵਿਅਰਥ। ਪਰਮਾਰੰਥ = ਜੀਵਨ ਦਾ ਪਰਮ ਮਨੋਰਥ।6।

ਉਥਾਪਿ = ਉਥਾਪੇ, ਨਾਸ ਕਰਦਾ ਹੈ।

ਜੋਤੀ = ਹੇ ਜੋਤਿ-ਰੂਪ ਪ੍ਰਭੂ! ਭ੍ਰਾਤਿ = ਭਟਕਣਾ।7।

ਸੂਤਕਿ = ਸੂਤਕ (ਦੇ ਭਰਮ) ਦੇ ਕਾਰਨ। ਪੀਜੈ = ਪੀਣਾ ਚਾਹੀਦਾ ਹੈ।8।

ਅਰਥ: ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ। ਨਾਹ ਕੋਈ ਮਰਦਾ ਹੈ, ਤੇ ਨਾਹ ਕੋਈ (ਮਰੇ ਨੂੰ) 'ਉਹ, ਉਹ' ਆਖ ਕੇ ਰੋਂਦਾ ਹੈ, (ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ।1। ਰਹਾਉ।

ਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ, ਇਹ ਖੁੰਝ ਕੇ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਓਪਰਾ ਹੈ ਹੀ ਨਹੀਂ, ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ। ਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।1।

ਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਔਖ ਫਰੋਲਦਾ ਹੈ, ਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ। ਪਰ ਜਿਸ ਜੀਵ ਉਤੇ (ਮੌਤ ਦੀ ਘਟਨਾ) ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ।2।

(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ। ਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ। (ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ। ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ।3।

ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ, ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ। ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ? ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ।4।

ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਮਾਇਆ ਦੇ ਤਿੰਨ ਗੁਣ ਨਿੱਤ ਰੋਂਦੇ ਹਨ (ਕਿ ਸਾਡਾ ਸਾਥ ਛੱਡ ਗਿਆ ਹੈ) , ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ, ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ।5।

ਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ, (ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ। ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ। ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ।6।

(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ। ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।

ਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ।

ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ।7।

(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ, ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ। ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਅੱਗ ਵਿਚ ਭੀ (ਫਿਰ) ਸੂਤਕ ਹੈ ਜੋ ਭੜਕਦੀ ਹੈ ਤੇ ਜਗਤ (ਦੇ ਜੀਵਾਂ) ਨੂੰ ਭਸਮ ਕਰ ਜਾਂਦੀ ਹੈ, ਸੂਤਕ ਪਾਣੀ ਵਿਚ ਹੈ, ਸੂਤਕ ਧਰਤੀ ਵਿਚ ਹੈ, ਸੂਤਕ ਹਰ ਥਾਂ ਹੀ ਹੈ (ਕਿਉਂਕਿ ਹਰ ਥਾਂ ਜੀਵ ਜੰਮਦੇ ਹਨ ਤੇ ਮਰਦੇ ਹਨ) ।

ਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ। (ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ।8।4।

ਰਾਗੁ ਆਸਾ ਮਹਲਾ ੧ ॥ ਆਪੁ ਵੀਚਾਰੈ ਸੁ ਪਰਖੇ ਹੀਰਾ ॥ ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥ ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥ ਐਸਾ ਸਾਹੁ ਸਰਾਫੀ ਕਰੈ ॥ ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥ ਪੂੰਜੀ ਨਾਮੁ ਨਿਰੰਜਨ ਸਾਰੁ ॥ ਨਿਰਮਲੁ ਸਾਚਿ ਰਤਾ ਪੈਕਾਰੁ ॥ ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥ ਆਸਾ ਮਨਸਾ ਸਬਦਿ ਜਲਾਏ ॥ ਰਾਮ ਨਰਾਇਣੁ ਕਹੈ ਕਹਾਏ ॥ ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥ ਕੰਚਨ ਕਾਇਆ ਜੋਤਿ ਅਨੂਪੁ ॥ ਤ੍ਰਿਭਵਣ ਦੇਵਾ ਸਗਲ ਸਰੂਪੁ ॥ ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥ ਪੰਚ ਤੀਨਿ ਨਵ ਚਾਰਿ ਸਮਾਵੈ ॥ ਧਰਣਿ ਗਗਨੁ ਕਲ ਧਾਰਿ ਰਹਾਵੈ ॥ ਬਾਹਰਿ ਜਾਤਉ ਉਲਟਿ ਪਰਾਵੈ ॥੫॥ ਮੂਰਖੁ ਹੋਇ ਨ ਆਖੀ ਸੂਝੈ ॥ ਜਿਹਵਾ ਰਸੁ ਨਹੀ ਕਹਿਆ ਬੂਝੈ ॥ ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥ ਊਤਮ ਸੰਗਤਿ ਊਤਮੁ ਹੋਵੈ ॥ ਗੁਣ ਕਉ ਧਾਵੈ ਅਵਗਣ ਧੋਵੈ ॥ ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥ ਹੀਰਾ ਨਾਮੁ ਜਵੇਹਰ ਲਾਲੁ ॥ ਮਨੁ ਮੋਤੀ ਹੈ ਤਿਸ ਕਾ ਮਾਲੁ ॥ ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥ {ਪੰਨਾ 413-414}

ਪਦ ਅਰਥ: ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਹੀਰਾ = ਪਰਮਾਤਮਾ ਦਾ ਸ੍ਰੇਸ਼ਟ ਨਾਮ। ਪਰਖੇ = ਕਦਰ ਪਛਾਣਦਾ ਹੈ। ਤਾਰੇ = ਪਾਰ ਲੰਘਾਂਦਾ ਹੈ। ਗੁਰੁ ਮਾਨੈ = ਗੁਰੂ ਨੂੰ ਮੰਨਦਾ ਹੈ, ਗੁਰੂ ਉਤੇ ਸਰਧਾ ਲਿਆਉਂਦਾ ਹੈ। ਮਨ ਤੇ = ਮਨ ਤੋਂ, ਦਿਲੋਂ, ਸੱਚੇ ਦਿਲੋਂ। ਮਨੁ ਧੀਰਾ = ਮਨ ਧੀਰਜ ਫੜਦਾ ਹੈ, ਮਨ ਡੋਲਦਾ ਨਹੀਂ।1।

ਸਾਚੀ = ਸਦਾ-ਥਿਰ ਰਹਿਣ ਵਾਲੀ, ਅਟੱਲ, ਅਭੁੱਲ, ਉਕਾਈ ਨਾਹ ਖਾਣ ਵਾਲੀ। ਏਕ ਲਿਵ = ਇਕ ਪ੍ਰਭੂ ਵਿਚ ਸੁਰਤਿ ਜੋੜ ਕੇ।1। ਰਹਾਉ।

ਸਾਰੁ = ਸ੍ਰੇਸ਼ਟ, ਉੱਤਮ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਪੈਕਾਰੁ = ਪੰਕਾਰ, ਨਿਆਰੀਆ ਜੋ ਪੁਰਾਣੇ ਸਮੇ ਟਕਸਾਲ ਵਿਚੋਂ ਸੁਆਹ ਵਿਚੋਂ ਸੋਨਾ ਚਾਂਦੀ ਨਿਖਾਰਦਾ ਸੀ। ਸਹਜ ਘਰਿ = ਅਡੋਲ ਅਵਸਥਾ ਦੇ ਘਰ ਵਿਚ।2।

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਕਹਾਏ = ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ। ਵਾਟ = ਰਸਤਾ।3।

ਅਨੂਪੁ = ਬੇ-ਮਿਸਾਲ, ਜਿਸ ਵਰਗਾ ਹੋਰ ਕੋਈ ਨਹੀਂ, ਉਪਮਾ-ਰਹਿਤ। ਮੈ ਪਲੈ = ਮੇਰੇ ਪਾਸ ਹੈ।4।

ਪੰਚ = ਪੰਜ ਤੱਤ। ਤੀਨਿ = ਤਿੰਨ ਗੁਣ (ਮਾਇਆ ਦੇ) । ਨਵ = ਨੌ ਖੰਡ (ਧਰਤੀ ਦੇ) । ਚਾਰਿ = ਚਾਰੇ ਕੂਟਾਂ। ਧਰਣਿ = ਧਰਤੀ। ਕਲ = ਸੱਤਾ। ਪਰਾਵੈ = ਪਰਤਾਂਦਾ ਹੈ।5।

ਆਖੀ = ਅੱਖਾਂ ਨਾਲ। ਸੂਝੈ = ਸੁੱਝਦਾ, ਦਿੱਸਦਾ। ਬਿਖੁ = ਮਾਇਆ-ਜ਼ਹਰ। ਮਾਤਾ = ਮਸਤਿਆ ਹੋਇਆ। ਲੂਝੈ = ਝਗੜਦਾ ਹੈ।6।

ਊਤਮ, ਊਤਮੁ = {ਨੋਟ: ਪਹਿਲਾ ਲਫ਼ਜ਼ ਇਸਤ੍ਰੀ ਲਿੰਗ ਹੈ ਤੇ ਲਫ਼ਜ਼ 'ਸੰਗਤਿ' ਦਾ ਵਿਸ਼ੇਸ਼ਣ ਹੈ, ਦੂਜਾ ਲਫ਼ਜ਼ ਪੁਲਿੰਗ ਹੈ}। ਧਾਵੈ = ਦੌੜਦਾ ਹੈ, ਜਤਨ ਕਰਦਾ ਹੈ। ਸਹਜੁ = ਅਡੋਲਤਾ।7।

ਮਾਲੁ = ਰਾਸਿ-ਪੂੰਜੀ। ਤਿਸ ਕਾ = ਉਸ ਮਨੁੱਖ ਦਾ।8।

ਅਰਥ: ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ) ਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਰਹਾਉ।

ਜਿਸ ਮਨੁੱਖ ਨੂੰ ਪੂਰਾ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਜੇਹੜਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ, ਉਹ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ।1।

(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ, ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ।2।

ਜੇਹੜਾ ਮਨੁੱਖ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ, ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ।3।

ਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ, ਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ।4।

ਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ, ਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ; ਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ।5।

(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ, ਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ। ਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ।6।

ਗੁਰੂ ਦੀ ਸ੍ਰੇਸ਼ਟ ਸੰਗਤਿ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ, ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਔਗੁਣ ਧੋ ਦੇਂਦਾ ਹੈ। (ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ।7।

ਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ, ਮੋਤੀ (ਵਰਗਾ ਸੁੱਚਾ) ਮਨ ਪਰਮਾਤਮਾ ਦਾ ਨਾਮ ਹੀਰਾ ਜਵਾਹਰ ਤੇ ਲਾਲ ਉਸ ਮਨੁੱਖ ਦੀ ਰਾਸਿ-ਪੂੰਜੀ ਬਣ ਜਾਂਦਾ ਹੈ।8।5।

TOP OF PAGE

Sri Guru Granth Darpan, by Professor Sahib Singh