ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 414

ਆਸਾ ਮਹਲਾ ੧ ॥ ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥ ਗੁਰਮੁਖਿ ਮਹਲੀ ਮਹਲੁ ਪਛਾਨੁ ॥ ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥ ਐਸੇ ਪ੍ਰੇਮ ਭਗਤਿ ਵੀਚਾਰੀ ॥ ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥ ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥ ਤੀਨ ਭਵਨ ਨਿਹਕੇਵਲ ਗਿਆਨੁ ॥ ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥ ਸਾਚਾ ਹਰਖੁ ਨਾਹੀ ਤਿਸੁ ਸੋਗੁ ॥ ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥ ਪੰਚ ਸਮਾਈ ਸੁਖੀ ਸਭੁ ਲੋਗੁ ॥੩॥ ਸਗਲੀ ਜੋਤਿ ਤੇਰਾ ਸਭੁ ਕੋਈ ॥ ਆਪੇ ਜੋੜਿ ਵਿਛੋੜੇ ਸੋਈ ॥ ਆਪੇ ਕਰਤਾ ਕਰੇ ਸੁ ਹੋਈ ॥੪॥ ਢਾਹਿ ਉਸਾਰੇ ਹੁਕਮਿ ਸਮਾਵੈ ॥ ਹੁਕਮੋ ਵਰਤੈ ਜੋ ਤਿਸੁ ਭਾਵੈ ॥ ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥ ਬਾਲਕ ਬਿਰਧਿ ਨ ਸੁਰਤਿ ਪਰਾਨਿ ॥ ਭਰਿ ਜੋਬਨਿ ਬੂਡੈ ਅਭਿਮਾਨਿ ॥ ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥ ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥ ਭਰਮਿ ਭੁਲਾਨਾ ਫਿਰਿ ਪਛੁਤਾਨਾ ॥ ਗਲਿ ਫਾਹੀ ਬਉਰਾ ਬਉਰਾਨਾ ॥੭॥ ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥ ਸਤਿਗੁਰਿ ਰਾਖੇ ਸੇ ਵਡਭਾਗੇ ॥ ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥ {ਪੰਨਾ 414}

ਪਦ ਅਰਥ: ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸਰਨ ਪੈ ਕੇ। ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ। ਧਿਆਨੁ = ਪਰਮਾਤਮਾ ਵਿਚ ਸੁਰਤਿ ਦਾ ਟਿਕਾਉ। ਮਾਨੁ = (ਹੇ ਭਾਈ!) ਤੂੰ ਮਾਣ। ਮਹਲੀ = ਮਹਲ ਦਾ ਮਾਲਕ, ਪਰਮਾਤਮਾ। ਮਹਲੁ = ਘਰ, ਟਿਕਾਣਾ। ਨੀਸਾਨੁ = (ਜੀਵਨ-ਸਫ਼ਰ ਲਈ) ਰਾਹਦਾਰੀ।1।

ਐਸੇ = ਇਸ ਤਰ੍ਹਾਂ। ਵੀਚਾਰੀ = ਵਿਚਾਰਵਾਨ। ਮੁਰਾਰੀ = ਪਰਮਾਤਮਾ।1। ਰਹਾਉ।

ਅਹਿ = ਦਿਨ। ਨਿਸਿ = ਰਾਤ। ਥਾਨਿ = (ਆਪਣੇ ਹਿਰਦੇ-) ਥਾਂ ਵਿਚ। ਸੁਥਾਨੁ = ਪਰਮਾਤਮਾ ਦਾ) ਸ੍ਰੇਸ਼ਟ ਟਿਕਾਣਾ। ਨਿਹਕੇਵਲ = ਵਾਸ਼ਨਾ-ਰਹਿਤ ਪ੍ਰਭੂ ਦਾ। ਤੇ = ਤੋਂ। ਪਛਾਨੁ = (ਹੇ ਭਾਈ!) ਤੂੰ ਪਛਾਣ।2।

ਹਰਖੁ = ਖ਼ੁਸ਼ੀ। ਸੋਗੁ = ਚਿੰਤਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਭੋਗੁ = ਆਤਮਕ ਖ਼ੁਰਾਕ। ਪੰਚ = ਕਾਮਾਦਿਕ ਪੰਜੇ ਵਿਕਾਰ।3।

ਸਗਲੀ = ਸਾਰੀ ਸ੍ਰਿਸ਼ਟੀ ਵਿਚ। ਸਭੁ ਕੋਈ = ਹਰੇਕ ਜੀਵ। ਜੋੜਿ = ਜੋੜ ਕੇ, ਸੰਜੋਗ ਬਣਾ ਕੇ।4।

ਹੁਕਮਿ = ਪ੍ਰਭੂ ਦੇ ਹੁਕਮ ਅਨੁਸਾਰ। ਹੁਕਮੋ = ਹੁਕਮ ਹੀ। ਤਿਸੁ = ਉਸ ਪ੍ਰਭੂ ਨੂੰ।5।

ਪਰਾਨਿ = ਪ੍ਰਾਣੀ (ਨੂੰ) । ਭਰਿ ਜੋਬਨਿ = ਭਰੀ ਜਵਾਨੀ ਵੇਲੇ। ਅਭਿਮਾਨਿ = ਅਹੰਕਾਰ ਵਿਚ। ਨਿਦਾਨਿ = ਆਖ਼ਰ ਨੂੰ, ਅੰਤ ਨੂੰ।6।

ਅਨੁ = ਅੰਨ। ਸਹਜਿ = ਸਹਜ ਅਵਸਥਾ ਵਿਚ ਟਿਕ ਕੇ। ਗਲਿ = ਗਲ ਵਿਚ। ਬਉਰਾ = ਝੱਲਾ।7।

ਡਰਿ = ਡਰ ਕੇ। ਸਤਿਗੁਰਿ = ਸਤਿਗੁਰ ਨੇ। ਸੇ = ਉਹ ਬੰਦੇ।8।

ਅਰਥ: (ਹੇ ਭਾਈ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਅਤੇ ਪਰਮਾਤਮਾ ਵਿਚ ਜੁੜੀ ਸੁਰਤਿ (ਦਾ ਆਨੰਦ) ਮਾਣ, ਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ। ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ।1।

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ।1। ਰਹਾਉ।

(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ, ਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ। (ਹੇ ਭਾਈ! ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ।2।

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ; ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ। (ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ।3।

(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ– ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ, ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ) ਹੈ। (ਗੁਰਮੁਖਿ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ। ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ।4।

(ਗੁਰਮੁਖਿ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ। ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ।5।

(ਜਿਸ ਪ੍ਰਾਣੀ ਦੀ ਸੁਰਤਿ ਨਾਹ ਬਾਲ ਉਮਰੇ ਨਾਹ ਬਿਰਧ ਅਵਸਥਾ ਵੇਲੇ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ, (ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ? 6।

ਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ ਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ। ਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ।7।

ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ। ਉਹ ਬੜੇ ਭਾਗਾਂ ਵਾਲੇ ਹਨ, ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ।8।6।

ਆਸਾ ਮਹਲਾ ੧ ॥ ਗਾਵਹਿ ਗੀਤੇ ਚੀਤਿ ਅਨੀਤੇ ॥ ਰਾਗ ਸੁਣਾਇ ਕਹਾਵਹਿ ਬੀਤੇ ॥ ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥ ਕਹਾ ਚਲਹੁ ਮਨ ਰਹਹੁ ਘਰੇ ॥ ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥ ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥ ਲਬੁ ਲੋਭੁ ਅਹੰਕਾਰੁ ਸੁ ਪੀਰਾ ॥ ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥ ਅੰਤਰਿ ਨਾਵਣੁ ਸਾਚੁ ਪਛਾਣੈ ॥ ਅੰਤਰ ਕੀ ਗਤਿ ਗੁਰਮੁਖਿ ਜਾਣੈ ॥ ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥ ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥ ਜਹਾਂ ਨਾਮੁ ਮਿਲੈ ਤਹ ਜਾਉ ॥ ਗੁਰ ਪਰਸਾਦੀ ਕਰਮ ਕਮਾਉ ॥ ਨਾਮੇ ਰਾਤਾ ਹਰਿ ਗੁਣ ਗਾਉ ॥੫॥ ਗੁਰ ਸੇਵਾ ਤੇ ਆਪੁ ਪਛਾਤਾ ॥ ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥ ਅਨਦਿਨੁ ਬਾਣੀ ਨਾਮੇ ਰਾਤਾ ॥੬॥ ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥ ਹਉਮੈ ਮਾਰੇ ਸਬਦੇ ਜਾਗੈ ॥ ਐਥੈ ਓਥੈ ਸਦਾ ਸੁਖੁ ਆਗੈ ॥੭॥ ਮਨੁ ਚੰਚਲੁ ਬਿਧਿ ਨਾਹੀ ਜਾਣੈ ॥ ਮਨਮੁਖਿ ਮੈਲਾ ਸਬਦੁ ਨ ਪਛਾਣੈ ॥ ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥ ਹਰਿ ਜੀਉ ਆਗੈ ਕਰੀ ਅਰਦਾਸਿ ॥ ਸਾਧੂ ਜਨ ਸੰਗਤਿ ਹੋਇ ਨਿਵਾਸੁ ॥ ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥ ਕਰਿ ਬੀਚਾਰੁ ਆਚਾਰੁ ਪਰਾਤਾ ॥ ਸਤਿਗੁਰ ਬਚਨੀ ਏਕੋ ਜਾਤਾ ॥ ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥ {ਪੰਨਾ 414-415}

ਪਦ ਅਰਥ: ਗਾਵਹਿ = ਗਾਉਂਦੇ ਹਨ। ਚੀਤਿ = ਚਿੱਤ ਵਿਚ। ਅਨੀਤੇ = ਕੁਕਰਮ। ਰਾਗ = ਰਾਗ ਦ੍ਵੈਖ ਦੀਆਂ ਗੱਲਾਂ। ਸੁਣਾਇ = ਸੁਣਾ ਕੇ। ਕਹਾਵਹਿ = ਲੋਕਾਂ ਤੋਂ ਅਖਵਾਂਦੇ ਹਨ। ਬੀਤੇ = ਰਾਗ ਦ੍ਵੈਖ ਤੋਂ ਪਰੇ। ਮਨਿ = ਮਨ ਵਿਚ।1।

ਮਨ = ਹੇ ਮਨ! ਘਰੇ = ਘਰ ਵਿਚ ਹੀ, ਅੰਦਰ ਹੀ। ਤ੍ਰਿਪਤਾਸੇ = (ਮਾਇਆ ਵਲੋਂ) ਰੱਜੇ ਹੋਏ। ਪਾਵਹੁ = (ਹੇ ਮਨ!) ਤੂੰ ਲੱਭ ਲਏਂਗਾ। ਸਹਜਿ = ਅਡੋਲ ਅਵਸਥਾ ਵਿਚ ਟਿਕ ਕੇ।1। ਰਹਾਉ।

ਮਨਿ = ਮਨ ਵਿਚ। ਸਰੀਰਾ = ਸਰੀਰ ਵਿਚ। ਪੀਰਾ = ਪੀੜ। ਧੀਰਾ = ਹੌਸਲੇ ਵਾਲਾ।2।

ਨਾਵਣੁ = ਇਸ਼ਨਾਨ। ਗਤਿ = ਆਤਮਕ ਅਵਸਥਾ। ਮਹਲੁ = ਪਰਮਾਤਮਾ ਦਾ ਟਿਕਾਣਾ।3।

ਆਕਾਰੁ = ਬਾਹਰ ਦਿੱਸਦਾ ਜਗਤ। ਸਮਾਵੈ = ਲੀਨ ਕਰੇ। ਅਕਲ ਕਲਾ = ਜਿਸਦੀ ਕਲਾ ਗਿਣਤੀ ਤੋਂ ਪਰੇ ਹੈ। ਸਾਚਿ = ਸਦਾ-ਥਿਰ ਪ੍ਰਭੂ ਵਿਚ ਜੁੜ ਕੇ।4।

ਜਾਉ = ਮੈਂ ਜਾਵਾਂ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਕਮਾਉ = ਮੈਂ ਕਮਾਵਾਂ। ਗਾਉ = ਮੈਂ ਗਾਵਾਂ।5।

ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ, ਆਪਣੇ ਆਤਮਕ ਜੀਵਨ ਨੂੰ। ਅਨਦਿਨੁ = ਹਰ ਰੋਜ਼। ਨਾਮੇ = ਨਾਮ ਵਿਚ ਹੀ।6।

ਤਾ = ਤਦੋਂ। ਕੋ = ਕੋਈ ਜੀਵ। ਸਬਦੇ = ਸ਼ਬਦ ਦੀ ਰਾਹੀਂ। ਆਗੈ = ਸਾਹਮਣੇ।7।

ਬਿਧਿ = (ਹਉਮੈ ਨੂੰ ਮਾਰਨ ਦੀ) ਵਿਧੀ।8।

ਕਰੀ = ਕਰਦਾ ਹਾਂ। ਕਿਲਵਿਖ = ਪਾਪ। ਪ੍ਰਗਾਸੁ = ਚਾਨਣ।9।

ਕਰਿ = ਕਰ ਕੇ। ਆਚਾਰੁ = ਸ਼ੁਭ ਆਚਰਨ। ਪਰਾਤਾ = ਪਛਾਣਿਆ। ਬਚਨੀ = ਬਚਨਾਂ ਉਤੇ ਤੁਰ ਕੇ। ਨਾਮਿ = ਨਾਮ ਵਿਚ। ਰਾਤਾ = ਰੰਗਿਆ।10।

ਅਰਥ: ਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖ਼ਿਆਲ (ਮੌਜੂਦ) ਹਨ; ਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ।1।

(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ? ਆਪਣੇ ਅੰਦਰ ਹੀ ਟਿਕਿਆ ਰਹੁ। ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ। ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ।1। ਰਹਾਉ।

ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ, ਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ?।2।

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ, ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ। (ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ।3।

ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬ੍ਰਿਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;) ਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।4।

(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤਿ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ, ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ (ਜਿਨ੍ਹਾਂ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋਵੇ) , ਤੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗੁਣ ਗਾਂਦਾ ਰਹਾਂ।5।

ਗੁਰੂ ਦੀ ਦੱਸੀ ਹੋਈ ਸੇਵਾ ਦੀ ਰਾਹੀਂ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਕ ਜੀਵਨ ਪਛਾਣ ਲਿਆ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਆਤਮਕ ਆਨੰਦ ਦੇਣ ਵਾਲਾ ਹਰੀ-ਨਾਮ ਵੱਸ ਪਿਆ (ਸਮਝੋ) । ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਹਰ ਰੋਜ਼ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ।6।

(ਪਰ ਇਹ ਖੇਡ ਜੀਵ ਦੇ ਵੱਸ ਦੀ ਨਹੀਂ) ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿਚ ਲਗਾਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ, ਤਦੋਂ ਹੀ ਗੁਰ-ਸ਼ਬਦ ਦੀ ਰਾਹੀਂ ਉਹ ਹਉਮੈ ਨੂੰ ਮਾਰ ਕੇ (ਇਸ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਫਿਰ ਲੋਕ ਪਰਲੋਕ ਵਿਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ।7।

ਪਰ ਚੰਚਲ ਮਨ (ਹਉਮੈ ਨੂੰ ਮਾਰਨ ਦਾ) ਤਰੀਕਾ ਨਹੀਂ ਜਾਣ ਸਕਦਾ, ਕਿਉਂਕਿ ਮਨਮੁਖਿ ਦਾ ਮਨ (ਵਿਕਾਰਾਂ ਨਾਲ ਸਦਾ) ਮੈਲਾ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾ ਸਕਦਾ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਹੁੰਦਾ ਹੈ।8।

ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸਿ ਕਰਦਾ ਹਾਂ ਕਿ ਗੁਰਮੁਖਾਂ ਦੀ ਸੰਗਤਿ ਵਿਚ ਮੇਰਾ ਨਿਵਾਸ ਬਣਿਆ ਰਹੇ, ਮੇਰੇ ਅੰਦਰ ਪਰਮਾਤਮਾ ਦਾ ਨਾਮ ਚਮਕ ਪਏ, ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ।9।

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਨ ਬਣਾਣਾ ਸਮਝ ਲੈਂਦਾ ਹੈ। ਉਸ ਦਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ।10।7।

TOP OF PAGE

Sri Guru Granth Darpan, by Professor Sahib Singh