ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 416

ਆਸਾ ਮਹਲਾ ੧ ॥ ਤਨੁ ਬਿਨਸੈ ਧਨੁ ਕਾ ਕੋ ਕਹੀਐ ॥ ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥ ਰਾਮ ਨਾਮ ਧਨੁ ਸੰਗਿ ਸਖਾਈ ॥ ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥ ਰਾਮ ਨਾਮ ਬਿਨੁ ਕਵਨੁ ਹਮਾਰਾ ॥ ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥ ਕਨਿਕ ਕਾਮਨੀ ਹੇਤੁ ਗਵਾਰਾ ॥ ਦੁਬਿਧਾ ਲਾਗੇ ਨਾਮੁ ਵਿਸਾਰਾ ॥ ਜਿਸੁ ਤੂੰ ਬਖਸਹਿ ਨਾਮੁ ਜਪਾਇ ॥ ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥ ਹਰਿ ਗੁਰੁ ਦਾਤਾ ਰਾਮ ਗੁਪਾਲਾ ॥ ਜਿਉ ਭਾਵੈ ਤਿਉ ਰਾਖੁ ਦਇਆਲਾ ॥ ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥ ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥ ਅਵਰੁ ਨ ਅਉਖਧੁ ਤੰਤ ਨ ਮੰਤਾ ॥ ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥ ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥ ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥ ਰੋਗੁ ਭਰਮੁ ਭੇਦੁ ਮਨਿ ਦੂਜਾ ॥ ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥ ਆਦਿ ਪੁਰਖ ਗੁਰ ਦਰਸ ਨ ਦੇਖਹਿ ॥ ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥ ਦੇਖਿ ਅਚਰਜੁ ਰਹੇ ਬਿਸਮਾਦਿ ॥ ਘਟਿ ਘਟਿ ਸੁਰ ਨਰ ਸਹਜ ਸਮਾਧਿ ॥ ਭਰਿਪੁਰਿ ਧਾਰਿ ਰਹੇ ਮਨ ਮਾਹੀ ॥ ਤੁਮ ਸਮਸਰਿ ਅਵਰੁ ਕੋ ਨਾਹੀ ॥੬॥ ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥ ਸੰਤ ਭਗਤ ਕੀ ਸੰਗਤਿ ਰਾਮੁ ॥ ਬੰਧਨ ਤੋਰੇ ਸਹਜਿ ਧਿਆਨੁ ॥ ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥ ਨਾ ਜਮਦੂਤ ਦੂਖੁ ਤਿਸੁ ਲਾਗੈ ॥ ਜੋ ਜਨੁ ਰਾਮ ਨਾਮਿ ਲਿਵ ਜਾਗੈ ॥ ਭਗਤਿ ਵਛਲੁ ਭਗਤਾ ਹਰਿ ਸੰਗਿ ॥ ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥ {ਪੰਨਾ 416}

ਪਦ ਅਰਥ: ਕਾ ਕੋ = ਕਿਸ ਦਾ? ਕਤ = ਕਿਥੋਂ? ਸੰਗਿ = (ਜੀਵ ਦੇ) ਨਾਲ। ਸਖਾਈ = ਸਾਥੀ, ਮਿੱਤਰ। ਅਹਿ = ਦਿਨ। ਨਿਸਿ = ਰਾਤ।1।

ਹਮਾਰਾ = ਸਾਡਾ, ਜੀਵਾਂ ਦਾ। ਸਮ = ਬਰਾਬਰ, ਇਕੋ ਜਿਹੇ। ਕਰਿ = ਕਰ ਕੇ, ਸਮਝ ਕੇ। ਨ ਛੋਡਉ = ਮੈਂ ਨਹੀਂ ਛੱਡਦਾ। ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ।1। ਰਹਾਉ।

ਕਨਿਕ = ਸੋਨਾ। ਕਾਮਨੀ = ਇਸਤ੍ਰੀ। ਹੇਤੁ = ਹਿਤ, ਮੋਹ। ਦੁਬਿਧਾ = ਭਟਕਣਾ, ਦੁਚਿੱਤਾ-ਪਨ। ਜਪਾਇ = ਜਪਾ ਕੇ। ਗਾਇ = ਗਾਂਦਾ ਹੈ।2।

ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲਗੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ।3।

ਅਵਰੁ = ਕੋਈ ਹੋਰ। ਅਉਖਧੁ = ਦਾਰੂ। ਕਿਲਵਿਖ = ਪਾਪ। ਹੰਤਾ = ਨਾਸ ਕਰਨ ਵਾਲਾ।4।

ਭਰਮਿ = ਭਟਕ ਕੇ। ਜਪਹਿ = ਜਪਦੇ ਹਨ। ਗੁਰ ਦਰਸ = ਗੁਰੂ ਦੇ ਦੀਦਾਰ। ਕਿ ਲੇਖਹਿ = ਕਿਸ ਲੇਖ ਵਿਚ? ਕਿਸੇ ਲੇਖੇ ਨਹੀਂ।5।

ਦੇਖਿ = ਵੇਖ ਕੇ। ਬਿਸਮਾਦਿ = ਹੈਰਾਨ। ਘਟਿ ਘਟਿ = ਹਰੇਕ ਘਟ ਵਿਚ। ਮਨ ਮਾਹੀ = ਹਰੇਕ ਹਿਰਦੇ ਵਿਚ। ਸਮਸਰਿ = ਬਰਾਬਰ।6।

ਜਾ ਕੀ = ਜਿਸ ਪਰਮਾਤਮਾ ਦੀ। ਹੇਤੁ = ਹਿਤ, ਪ੍ਰੇਮ। ਸਹਜਿ = ਅਡੋਲ ਅਵਸਥਾ ਵਿਚ।7।

ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਹਰਿ ਰੰਗਿ = ਹਰੀ ਦੇ ਪਿਆਰ ਵਿਚ।8।

ਅਰਥ: ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ? (ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ।1। ਰਹਾਉ।

ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ) ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ। ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ। ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ।1।

ਉਹ ਮੂਰਖ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ ਤੇ ਭਟਕਣਾ ਵਿਚ ਪਏ ਹੋਏ ਹਨ (ਪਰ ਜੀਵ ਕੇ ਕੀਹ ਵੱਸ? ਹੇ ਪ੍ਰਭੂ!) ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ (ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ। 'ਕਨਿਕ ਕਾਮਨੀ ਹੇਤੁ' ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ।2।

ਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ। ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ ('ਕਨਿਕ ਕਾਮਨੀ ਹੇਤ' ਤੋਂ) ਬਚਾ ਲੈ।

ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ, ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ।3।

(ਹੇ ਭਾਈ! 'ਕਨਿਕ ਕਾਮਨੀ ਹੇਤ' ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ। ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।

ਪਰ, ਹੇ ਪ੍ਰਭੂ! ਅਸੀਂ ਜੀਵ ਕੀਹ ਕਰ ਸਕਦੇ ਹਾਂ? ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਤੂੰ ਆਪ ਹੀ ਸਾਨੂੰ ਕੁਰਾਹੇ ਪਾਂਦਾ ਹੈਂ, ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ।4।

ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ (ਕਨਿਕ ਕਾਮਨੀ ਆਦਿਕ ਦੇ ਮੋਹ ਵਿਚ ਸਦਾ ਸੁਰਤਿ ਜੋੜੀ ਰੱਖਦੇ ਹਨ, ਉਹਨਾਂ ਦੇ ਮਨ ਵਿਚ ਵਿਕਾਰਾਂ ਦਾ) ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ। ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ।5।

(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ। ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ। ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ। ਤੇਰੇ ਵਰਗਾ (ਰਾਖਾ) ਹੋਰ ਕੋਈ ਨਹੀਂ ਹੈ।6।

(ਹੇ ਭਾਈ!) ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ। ਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ। ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ 'ਕਨਿਕ ਕਾਮਨੀ' ਵਾਲੇ) ਬੰਧਨ ਤੋੜ ਲੈਂਦੇ ਹਨ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।7।

ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਕੇ, 'ਕਨਿਕ ਕਾਮਨੀ ਹੇਤ' ਵਲੋਂ ਸੁਚੇਤ ਹੋ ਜਾਂਦਾ ਹੈ ਉਸ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ) ।

ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ। ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।8।9।

ਆਸਾ ਮਹਲਾ ੧ ਇਕਤੁਕੀ ॥ ਗੁਰੁ ਸੇਵੇ ਸੋ ਠਾਕੁਰ ਜਾਨੈ ॥ ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥ ਰਾਮੁ ਜਪਹੁ ਮੇਰੀ ਸਖੀ ਸਖੈਨੀ ॥ ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥ ਬੰਧਨ ਮਾਤ ਪਿਤਾ ਸੰਸਾਰਿ ॥ ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥ ਬੰਧਨ ਕਰਮ ਧਰਮ ਹਉ ਕੀਆ ॥ ਬੰਧਨ ਪੁਤੁ ਕਲਤੁ ਮਨਿ ਬੀਆ ॥੩॥ ਬੰਧਨ ਕਿਰਖੀ ਕਰਹਿ ਕਿਰਸਾਨ ॥ ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥ ਬੰਧਨ ਸਉਦਾ ਅਣਵੀਚਾਰੀ ॥ ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥ ਬੰਧਨ ਸਾਹ ਸੰਚਹਿ ਧਨੁ ਜਾਇ ॥ ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥ ਬੰਧਨ ਬੇਦੁ ਬਾਦੁ ਅਹੰਕਾਰ ॥ ਬੰਧਨਿ ਬਿਨਸੈ ਮੋਹ ਵਿਕਾਰ ॥੭॥ ਨਾਨਕ ਰਾਮ ਨਾਮ ਸਰਣਾਈ ॥ ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥ {ਪੰਨਾ 416}

ਪਦ ਅਰਥ: ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।1।

ਸਖੀ ਸਖੈਨੀ = ਹੇ ਸਹੇਲੀਹੋ! ਨੈਨੀ = ਅੱਖਾਂ ਨਾਲ।1। ਰਹਾਉ।

ਸੰਸਾਰਿ = ਸੰਸਾਰ ਵਿਚ। ਸੁਤ = ਪੁੱਤਰ। ਅਰੁ = ਅਤੇ। ਨਾਰਿ = ਵਹੁਟੀ।2।

ਕਰਮ ਧਰਮ = ਧਾਰਮਿਕ ਰਸਮਾਂ। ਹਉ = ਹਉਮੈ। ਕਲਤੁ = ਇਸਤ੍ਰੀ, ਵਹੁਟੀ। ਮਨਿ = ਮਨ ਵਿਚ। ਬੀਆ = ਦੂਜਾ, ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।3।

ਕਿਰਤੀ = ਖੇਤੀ, ਵਾਹੀ। ਕਰਹਿ = ਕਰਦੇ ਹਨ। ਡੰਨੁ = ਸਜ਼ਾ। ਦਾਨ = ਮਾਮਲਾ।4।

ਅਣਵੀਚਾਰੀ = (ਪਰਮਾਤਮਾ ਦਾ ਨਾਮ) ਵਿਚਾਰਨ ਤੋਂ ਬਿਨਾ।5।

ਸੰਚਹਿ = ਇਕੱਠਾ ਕਰਦੇ ਹਨ, ਜੋੜਦੇ ਹਨ। ਜਾਇ = ਚਲਾ ਜਾਂਦਾ ਹੈ। ਥਾਇ = ਥਾਂ ਵਿਚ। ਨ ਪਵਈ ਥਾਇ = ਥਾਂ ਸਿਰ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ। ਬੇਦੁ = ਬੇਦਾਂ ਦਾ ਪਾਠ। ਬਾਦੁ = ਝਗੜਾ, ਚਰਚਾ। ਬੰਧਨਿ = ਬੰਧਨ ਵਿਚ। ਬਿਨਸੈ = ਨਾਸ ਹੋ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ।7।

ਸਤਿਗੁਰਿ = ਸਤਿਗਰੂ ਨੇ। ਬੰਧੁ = ਮੋਹ ਦਾ ਬੰਧਨ।8।

ਅਰਥ: ਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ, ਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ।1। ਰਹਾਉ।

ਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤਰ੍ਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ।1।

(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਬੰਧਨਾਂ ਦਾ ਕਾਰਣ ਬਣ ਜਾਂਦੇ ਹਨ।2।

(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) 'ਮੈਂ ਕੀਤਾ ਹੈ, ਮੈਂ ਕੀਤਾ ਹੈ'। ਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ।3।

ਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ। ਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ। (ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ ਹੀ) ਹਉਮੈ ਦੀ ਸਜ਼ਾ ਭੁਗਤਦਾ ਹੈ।4।

(ਵਪਾਰੀ) ਵਪਾਰ ਕਰਦਾ ਹੈ, ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਇਹ ਵਪਾਰ ਬੰਧਨਾਂ ਦਾ ਮੂਲ ਹੈ, (ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ।5।

ਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ। ਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ।6।

(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਦਾ ਮੂਲ ਹੈ। ਬੰਧਨਾਂ ਦਾ ਮੂਲ ਹੈ। ਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ।7।

ਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ, ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ।8।10।

TOP OF PAGE

Sri Guru Granth Darpan, by Professor Sahib Singh