ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 417

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩     ੴ ਸਤਿਗੁਰ ਪ੍ਰਸਾਦਿ ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਸੇ ਸਿਰ ਕਾਤੀ ਮੁੰਨੀਅਨੑਿ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨੑਿ ਹਦੂਰਿ ॥੧॥ ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥ ਇਕੁ ਲਖੁ ਲਹਨੑਿ ਬਹਿਠੀਆ ਲਖੁ ਲਹਨੑਿ ਖੜੀਆ ॥ ਗਰੀ ਛੁਹਾਰੇ ਖਾਂਦੀਆ ਮਾਣਨੑਿ ਸੇਜੜੀਆ ॥ ਤਿਨੑ ਗਲਿ ਸਿਲਕਾ ਪਾਈਆ ਤੁਟਨੑਿ ਮੋਤਸਰੀਆ ॥੩॥ ਧਨੁ ਜੋਬਨੁ ਦੁਇ ਵੈਰੀ ਹੋਏ ਜਿਨੑੀ ਰਖੇ ਰੰਗੁ ਲਾਇ ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ ਇਕਨੑਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥ {ਪੰਨਾ 417}

ਪਦ ਅਰਥ: ਸਿਰਿ = ਸਿਰ ਉਤੇ। ਸੋਹਨਿ = (ਹੁਣ ਤਕ) ਸੋਭਦੀਆਂ ਆ ਰਹੀਆਂ ਹਨ। ਮਾਂਗੀ = ਮਾਂਗ ਵਿਚ, ਕੇਸਾਂ ਦੇ ਵਿਚਕਾਰਲੇ ਚੀਰ ਵਿਚ। ਪਾਇ = ਪਾ ਕੇ। ਕਾਤੀ = ਕੈਂਚੀ (ਨਾਲ) । ਮੁੰਨੀਅਨਿ = ਮੁੰਨੇ ਜਾ ਰਹੇ ਹਨ। ਗਲ ਵਿਚਿ = ਮੂੰਹ ਵਿਚ। ਧੂੜਿ = ਮਿੱਟੀ। ਹਦੂਰਿ = (ਮਹਿਲਾਂ ਦੇ) ਨੇੜੇ ਭੀ।1।

ਆਦੇਸੁ = ਨਮਸਕਾਰ। ਬਾਬਾ = ਹੇ ਪ੍ਰਭੂ! ਵੇਸ = (ਕਈ ਤਰ੍ਹਾਂ ਦੇ) ਭਾਣੇ।1। ਰਹਾਉ।

ਸੀਆ ਵੀਆਹੀਆ = ਵਿਆਹੀਆਂ ਗਈਆਂ ਸਨ। ਸੋਹਨਿ = ਸੋਭਦੇ ਹਨ (ਸਨ) । ਹੀਡੋਲੀ = ਪਾਲਕੀ। ਦੰਦਖੰਡ = ਹਾਥੀ-ਦੰਦ (ਦੇ ਚੂੜੇ) । ਕੀਤੇ ਰਾਸਿ = ਸਜਾਏ ਹੋਏ। ਝਲੇ = ਪੱਖੇ (ਸ਼ੀਸ਼ਿਆਂ-ਜੜੇ) । ਝਿਮਕਨਿ = ਲਿਸ਼ਕਦੇ ਹਨ (ਸਨ) ।2।

ਲਹਨੑਿ = ਲੈਂਦੀਆਂ ਹਨ (ਸਨ) । ਮਾਣਨਿ = ਮਾਣਦੀਆਂ ਹਨ (ਸਨ) । ਗਲਿ = ਗਲ ਵਿਚ। ਸਿਲਕਾ = ਫਾਹੀ, ਰੱਸੀ। ਮੋਤਸਰੀਆ = ਮੋਤੀਆਂ ਦੀਆਂ ਮਾਲਾਂ।3।

ਜੋਬਨੁ = ਜਵਾਨੀ। ਦੂਤ = ਜ਼ਾਲਮ ਸਿਪਾਹੀ। ਪਤਿ = ਇੱਜ਼ਤ। ਤਿਸੁ = ਉਸ ਪ੍ਰਭੂ ਨੂੰ।4।

ਅਗੋ ਦੇ = ਪਹਿਲਾਂ ਹੀ। ਕਾਇਤੁ = ਕਿਉਂ? ਸਾਹਾਂ = ਸ਼ਾਹਾਂ ਨੇ, ਹਾਕਮਾਂ ਨੇ। ਰੰਗਿ = ਰੰਗ ਵਿਚ। ਚਾਇ = ਚਾਉ ਵਿਚ। ਬਾਬਰਵਾਣੀ = ਬਾਬਰ ਦੀ (ਦੁਹਾਈ) । ਕੁਇਰੁ = ਰਾਜਕੁਮਾਰ, ਪਠਾਣ-ਸ਼ਾਹਜ਼ਾਦਾ।5।

ਵਖਤ = ਨਿਮਾਜ਼ ਦੇ ਵਕਤ। ਖੁਆਈਅਹਿ = ਖੁੰਝਾਏ ਜਾ ਰਹੇ ਹਨ। ਨਾਇ = ਨ੍ਹਾ ਕੇ।6।

ਇਕਿ = ਕਈ (ਬਚੇ ਹੋਏ) ਆਦਮੀ। ਏਹੋ ਲਿਖਿਆ = ਇਹੀ ਹੈ ਕਿਸਮਤ ਵਿਚ ਲਿਖਿਆ ਹੋਇਆ। ਰੋਵਹਿ ਦੁਖ = ਦੁਖ ਰੋਂਦੇ ਹਨ, ਰੋਣੇ ਰੋਂਦੇ ਹਨ।7।

ਅਰਥ: ਹੇ ਅਕਾਲ ਪੁਰਖ! (ਬਿਪਤਾ ਵੇਲੇ ਸਾਡੇ ਜੀਵਾਂ ਦੀ ਤੈਨੂੰ ਹੀ) ਨਮਸਕਾਰ ਹੈ (ਹੋਰ ਕੇਹੜਾ ਆਸਰਾ ਹੋ ਸਕਦਾ ਹੈ?) ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ।1। ਰਹਾਉ।

ਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਹਨ, (ਉਹਨਾਂ ਦੇ) ਮੂੰਹ ਵਿਚ ਮਿੱਟੀ ਪੈ ਰਹੀ ਹੈ। ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ।1।

ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ, ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ। (ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ।2।

(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ। ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ। (ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ।3।

(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ। (ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।

(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ।4।

ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ? (ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ। (ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ।5।

(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ, (ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ। (ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ।6।

(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ। (ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ) ।

(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ।7।11।

ਆਸਾ ਮਹਲਾ ੧ ॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨੑੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ ॥ ਜਿਨੑ ਕੀ ਚੀਰੀ ਦਰਗਹ ਪਾਟੀ ਤਿਨੑਾ ਮਰਣਾ ਭਾਈ ॥੫॥ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ ॥੬॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥ {ਪੰਨਾ 417-418}

ਪਦ ਅਰਥ: ਖੇਲ = ਖੇਡ ਤਮਾਸ਼ੇ। ਭੇਰੀ = ਨਗਾਰੇ। ਸਹਨਾਈ = ਤੂਤੀਆਂ। ਤੇਗਬੰਦ = ਗਾਤ੍ਰੇ। ਗਾਡੇਰੜਿ = {ਗਾਡਰ = ਭੇਡ} ਭੇਡ ਦੀ ਪਸ਼ਮ ਤੋਂ ਬਣੇ ਹੋਏ, ਪਸ਼ਮੀਨੇ ਦੇ। ਕਵਾਈ = ਪੁਸ਼ਾਕਾਂ। ਬੰਕੇ = ਬਾਂਕੈ, ਸੋਹਣੇ।1।

ਗੋਸਾਈ = ਧਰਤੀ ਦਾ ਖਸਮ। ਥਾਪਿ = ਰਚ ਕੇ, ਪੈਦਾ ਕਰ ਕੇ। ਉਥਾਪੇ = ਨਾਸ ਕਰ ਦੇਂਦਾ ਹੈ। ਜਰੁ = ਧਨ। ਵੰਡਿ = ਵੰਡ ਕੇ। ਭਾਂਈ = ਹੋਰਨਾਂ ਨੂੰ।1। ਰਹਾਉ।

ਮੰਡਪ = ਸ਼ਾਮੀਆਨੇ। ਸਰਾਈ = ਸਰਾਵਾਂ। ਕਾਮਣਿ = ਇਸਤ੍ਰੀ। ਵੇਖਿ = ਵੇਖ ਕੇ। ਤੰਬੋਲੀ = ਪਾਨ ਵੇਚਣ ਵਾਲੀਆਂ। ਹਰਮਾ = ਪਰਦੇਦਾਰ ਇਸਤ੍ਰੀਆਂ। ਛਾਈ ਮਾਈ = ਛਾਊ ਮਾਊ, ਗੁੰਮ, ਲੋਪ।2।

ਜਰ ਕਾਰਣਿ = ਧਨ ਦੀ ਖ਼ਾਤਰ। ਘਣੀ = ਬਹੁਤ ਲੋਕਾਈ। ਵਿਗੁਤੀ = ਖ਼ੁਆਰ ਹੋਈ। ਇਨਿ = ਇਸ ਨੇ। ਇਨਿ ਜਰ = ਇਸ ਧਨ ਨੇ। ਖੁਆਈ = ਖ਼ੁਆਰ ਕੀਤੀ। ਖੁਆਏ = ਕੁਰਾਹੇ ਪਾਂਦਾ ਹੈ। ਖੁਸਿ ਲਏ = ਖੋਹ ਲੈਂਦਾ ਹੈ। ਚੰਗਿਆਈ = ਗੁਣ।3।

ਕੋਟੀ ਹੂ = ਕ੍ਰੋੜਾਂ ਹੀ, ਅਨੇਕਾਂ। ਵਰਜਿ = ਰੋਕ ਕੇ। ਮੀਰੁ = ਮੀਰ ਬਾਬਰ। ਧਾਇਆ = ਹੱਲਾ ਕਰ ਕੇ ਆ ਰਿਹਾ ਹੈ। ਬਿਜ = ਪੱਕੇ। ਮੁਛਿ ਮੁਛਿ = ਟੋਟੇ ਕਰ ਕਰ ਕੇ। ਕੁਇਰ = ਕੁਮਾਰ, ਸ਼ਾਹਜ਼ਾਦੇ। ਪਰਚਾ ਲਾਇਆ = ਕਰਾਮਾਤ ਵਿਖਾਈ।4।

ਰਣ = ਜੰਗ। ਵਗਾਈ = ਚਲਾਈ। ਓਨੑੀ = ਮੁਗਲਾਂ ਨੇ। ਤੁਪਕ = ਬੰਦੂਕਾਂ। ਤਾਣਿ = ਤੱਕ ਤੱਕ ਕੇ, ਨਿਸ਼ਾਨਾ ਬੰਨ੍ਹ ਬੰਨ੍ਹ ਕੇ। ਹਸਤਿ = ਹੱਥ ਵਿਚ (ਹੀ) । ਚਿੜਾਈ = ਚਿੜ ਚਿੜ ਕਰ ਗਈਆਂ। ਚੀਰੀ = ਖ਼ਤ, ਚਿੱਠੀ {ਮੌਤ ਦਾ ਖ਼ਤ ਭੇਜਣ ਵੇਲੇ ਖ਼ਤ ਦਾ ਇਕ ਪਾਸਾ ਰਤਾ ਕੁ ਪਾੜ ਦਿਆ ਕਰਦੇ ਹਨ}। ਭਾਈ = ਹੇ ਭਾਈ!।5।

ਅਵਰ = ਹੋਰ। ਭਟਿਆਣੀ ਠਕੁਰਾਣੀ = ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ {ਭੱਟ ਤੇ ਠਾਕੁਰ ਰਾਜਪੂਤ ਬਿਰਾਦਰੀਆਂ ਹਨ}। ਪੇਰਣ = ਬੁਰਕੇ। ਸਿਰ ਖੁਰ = ਸਿਰ ਤੋਂ ਪੈਰਾਂ ਤਕ। ਮਸਾਣੀ = ਮਸਾਣਾਂ ਵਿਚ। ਬੰਕੇ = ਬਾਂਕੇ (ਖਸਮ) । ਰੈਣਿ = ਰਾਤ।6।

ਆਖਿ = ਆਖ ਕੇ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਕਿਸ ਥੈ = ਕਿਸ ਦੇ ਪਾਸ। ਜਾਇ = ਜਾ ਕੇ। ਰੂਆਈ = ਸ਼ਿਕੈਤ ਕੀਤੀ ਜਾਏ, ਰੋਇਆ ਜਾਏ। ਹੁਕਮਿ = ਆਪਣੇ ਹੁਕਮ ਵਿਚ। ਬਿਗਸੈ = ਖ਼ੁਸ਼ ਹੁੰਦਾ ਹੈ।7।

ਅਰਥ: ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ। (ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ।1। ਰਹਾਉ।

(ਅਜੇ ਕੱਲ ਦੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ? ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ? ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ।1।

ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ? ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ? ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ।2।

ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ। ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ। (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ।3।

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ।4।

ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ। ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ। ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ।5।

ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ = ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ। (ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ?।6।

ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।

ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?

ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ।7।12।

TOP OF PAGE

Sri Guru Granth Darpan, by Professor Sahib Singh