ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 418

ੴ ਸਤਿਗੁਰ ਪ੍ਰਸਾਦਿ ॥ ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥ ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥ ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥ ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥ ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸ ਨੋ ਤੁਮੑ ਕਉ ਕਉਣੁ ਰੋਈ ॥੩॥ ਧੰਧਾ ਪਿਟਿਹੁ ਭਾਈਹੋ ਤੁਮੑ ਕੂੜੁ ਕਮਾਵਹੁ ॥ ਓਹੁ ਨ ਸੁਣਈ ਕਤ ਹੀ ਤੁਮੑ ਲੋਕ ਸੁਣਾਵਹੁ ॥੪॥ ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥ ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥ ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥ ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥ ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥ ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥ ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥ ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥ ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥ ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥ {ਪੰਨਾ 418}

ਨੋਟ: 'ਘਰੁ' 8 ਦੀਆਂ ਇਹ ਅਸਟਪਦੀਆਂ ਆਸਾ ਤੇ ਕਾਫੀ ਦੋ ਮਿਲਵੇਂ ਰਾਗਾਂ ਵਿਚ ਗਾਵੀਆਂ ਜਾਣੀਆਂ ਹਨ।

ਪਦ ਅਰਥ: ਗੋਇਲਿ = ਗੋਇਲ ਵਿਚ, ਪਰਾਏ ਇਲਾਕੇ ਦੀ ਚਰਾਂਦ ਵਿਚ {ਨੋਟ: ਔੜ ਲੱਗਣ ਤੇ ਕਈ ਵਾਰੀ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਨੇੜੇ ਦੇ ਦਰਿਆ ਕੰਢੇ ਲੈ ਜਾਂਦੇ ਹਨ। ਉਸ ਥੋੜ੍ਹ-ਦਿਨੀ ਚਰਾਂਦ ਨੂੰ ਗੋਇਲ ਕਹੀਦਾ ਹੈ}। ਗੋਇਲ = ਗਵਾਲਾ। ਬਾਂਧਹਿ = ਬੰਨਦੇ ਹਨ, ਪੱਕੇ ਬਣਾਂਦੇ ਹਨ।1।

ਸੂਤਿਹੋ = ਮਾਇਆ ਦੇ ਮੋਹ ਵਿਚ ਰੱਬ ਵਲੋਂ ਗ਼ਾਫ਼ਿਲ ਹੋਏ ਹੇ ਪ੍ਰਾਣੀਹੋ! ਵਣਜਾਰਾ = ਜੀਵ।1। ਰਹਾਉ।

ਨੀਤ ਨੀਤ = ਨਿੱਤ ਟਿਕੇ ਰਹਿਣ ਵਾਲੇ। ਬਾਂਧੀਅਹਿ = ਬੰਨ੍ਹੇ ਜਾਣ, ਬਣਾਏ ਜਾਣ। ਪਿੰਡੁ = ਸਰੀਰ। ਪਵੈ = ਢਹਿ ਪੈਂਦਾ ਹੈ। ਜੀਉ = ਜੀਵਾਤਮਾ।2।

ਓਹੀ ਓਹੀ = ਹਾਇ! ਹਾਇ! ਸੋਈ = ਉਹ ਪਰਮਾਤਮਾ ਹੀ। ਹੈ– ਹੁਣ ਮੌਜੂਦ ਹੈ। ਹੋਸੀ = ਸਦਾ ਰਹੇਗਾ।3।

ਪਿਟਿਹੁ = ਪਿੱਟਦੇ ਹੋ। ਕਤ ਹੀ = ਕਿਸੇ ਹਾਲਤ ਵਿਚ ਭੀ।4।

ਜਿਸ ਤੇ = ਜਿਸ (ਪ੍ਰਭੂ ਦੇ ਹੁਕਮ) ਨਾਲ। ਨੀਦ = ਰੱਬ ਦੀ ਯਾਦ ਵਲੋਂ ਗ਼ਫ਼ਲਤ।5।

ਚਲਦਾ = ਮਰਨ ਵੇਲੇ। ਸੰਪੈ = ਧਨ। ਸੰਚਹੁ = ਇਕੱਠਾ ਕਰੋ। ਬੀਚਾਰੇ = ਵਿਚਾਰ ਕੇ।6।

ਮਖਸੂਦੁ = ਲਾਭ। ਤਤੁ = ਅਸਲੀਅਤ। ਪਰਾਵਹੁ = ਪ੍ਰਾਪਤ ਕਰੋ।7।

ਸਤੁ = ਉੱਚਾ ਆਚਰਨ। ਕਿਰਸ = ਕਿਰਸਾਣੀ, ਵਾਹੀ।8।

ਕਰਮੁ = ਬਖ਼ਸ਼ਸ਼।9।

ਤੋਟਾ = ਘਾਟਾ। ਲਾਹਾ = ਲਾਭ। ਵਾਟ = ਰਸਤਾ। ਤਿਸੁ = ਉਸ (ਪ੍ਰਭੂ) ਨੂੰ।10।

ਅਰਥ: (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ। (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ। ਪਰਮਾਤਮਾ ਨੂੰ ਯਾਦ (ਰੱਖੋ) ।1। ਰਹਾਉ।

ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ। ਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ।1।

ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ, ਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ।2।

(ਹੇ ਭਾਈ! ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ 'ਹਾਇ! ਹਾਇ'! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ। ਜੇ ਤੁਸੀ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ।3।

ਹੇ ਭਾਈ! ਤੁਸੀ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ। ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ।4।

(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ। (ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ।5।

ਹੇ ਭਾਈ! ਵੇਖ ਕੇ ਵਿਚਾਰ ਕੇ ਸਮਝੋ। ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ ਤਾਂ ਤੁਸੀ ਭੀ ਧਨ ਬੇਸ਼ੱਕ ਜੋੜੀ ਚੱਲੋ।6।

(ਹੇ ਭਾਈ! ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ। ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ। ਇਸ ਤਰ੍ਹਾਂ ਅਸਲ (ਖੱਟੀ) ਖੱਟੋ।7।

(ਹੇ ਭਾਈ!) ਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ। ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ। ਜੇ ਤੁਸੀ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ।8।

(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ। ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ।9।

ਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ। ਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ) , ਇਹੀ ਉਸ ਦੀ ਬਜ਼ੁਰਗੀ ਹੈ।10।13।

ਆਸਾ ਮਹਲਾ ੧ ॥ ਚਾਰੇ ਕੁੰਡਾ ਢੂਢੀਆ ਕੋ ਨੀਮੑੀ ਮੈਡਾ ॥ ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥ ਦਰੁ ਬੀਭਾ ਮੈ ਨੀਮੑਿ ਕੋ ਕੈ ਕਰੀ ਸਲਾਮੁ ॥ ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥ ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥ ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ ਗੁਰ ਕਾ ਸਬਦੁ ਨ ਚੀਨੑਹੀ ਤਤੁ ਸਾਰੁ ਨਿਰੰਤਰ ॥੩॥ ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥ ਅੰਤਰਿ ਵਸਤੁ ਨ ਜਾਣਨੑੀ ਘਟਿ ਬ੍ਰਹਮੁ ਲੁਕਾਣਾ ॥੪॥ ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥ ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥ ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥ ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥ ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥ ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥ {ਪੰਨਾ 418-419}

ਪਦ ਅਰਥ: ਕੁੰਡਾ = ਕੂਟਾਂ, ਪਾਸੇ। ਚਾਰੇ ਕੁੰਡਾ = ਸਾਰੀ ਸ੍ਰਿਸ਼ਟੀ। ਕੋ = ਕੋਈ ਜੀਵ। ਨੀਮੑੀ = ਨਹੀਂ। ਮੈਡਾ = ਮੇਰਾ (ਸੱਚਾ ਸਹਾਇਕ) । ਮੈ = ਮੇਰਾ। ਹਉ = ਮੈਂ। ਤੈਡਾ = ਤੇਰਾ।1।

ਬੀਭਾ = ਦੂਜਾ, (ਤੈਥੋਂ ਬਿਨਾ) ਕੋਈ ਹੋਰ। ਨੀਮੑਿ = ਨਹੀਂ। ਕੋ = ਕੋਈ। ਕੋ ਬੀਭਾ = ਕੋਈ ਦੂਜਾ। ਕੈ = ਕਿਸ ਨੂੰ? ਕਰੀ = ਮੈਂ ਕਰਾਂ। ਹਿਕੋ = ਇਕੋ, ਸਿਰਫ਼ ਇੱਕ। ਧਣੀ = ਮਾਲਕ। ਸਾਚਾ = ਸਦਾ-ਥਿਰ।1। ਰਹਾਉ।

ਸੇਵਨਿ = ਸੇਵਾ ਕਰਦੇ ਹਨ। ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਗੁਰ ਬੁਧਿ = ਗੁਰੂ ਦੀ ਦਿੱਤੀ ਅਕਲ ਨਾਲ।2।

ਭੋਗੀ = ਭੋਗਾਂ ਵਿਚ ਪਰਵਿਰਤ ਰਹਿਣ ਵਾਲੇ। ਕਾਪੜੀ = ਲੀਰਾਂ ਦੇ ਬਸਤ੍ਰ ਪਹਿਨਣ ਵਾਲੇ ਫ਼ਕੀਰ। ਕਿਆ = ਕਾਹਦੇ ਲਈ, ਵਿਅਰਥ। ਦਿਸੰਤਰ = ਹੋਰ ਹੋਰ ਦੇਸ਼ਾਂ ਵਿਚ। ਨ ਚੀਨਹੀ = ਨ ਚੀਨਹਿ, ਨਹੀਂ ਖੋਜਦੇ। ਨਿਰੰਤਰ = {ਨਿਰ-ਅੰਤਰ} ਵਿੱਥ ਤੋਂ ਬਿਨਾ, ਇਕ-ਰਸ।3।

ਪਾਧੇ = ਪੜ੍ਹਾਣ ਵਾਲੇ। ਜੋਇਸੀ = ਜੋਤਿਸ਼ੀ। ਘਟਿ = ਘਟ ਵਿਚ, ਹਿਰਦੇ ਵਿਚ। ਬ੍ਰਹਮੁ = ਪਰਮਾਤਮਾ।4।

ਇਕਿ = ਕਈ {ਨੋਟ: ਲਫ਼ਜ਼ 'ਇਕ' ਤੋਂ ਬਹੁ-ਵਚਨ}। ਤੀਰਥ = ਤੀਰਥਾਂ ਉਤੇ। ਆਪੁ = ਆਪਣੇ ਆਪ ਨੂੰ। ਤਾਮਸੀ = ਕ੍ਰਧੀ। ਤਮਸ = ਹਨੇਰਾ, ਤਮੋਗੁਣ। ਉਦਾਸਾ = ਤਿਆਗੀ।5।

ਬਿੰਦੁ = ਵੀਰਜ। ਰਾਖਦੇ = ਸਾਂਭਦੇ, ਰੋਕਦੇ। ਸੇ = ਉਹ ਬੰਦੇ। ਛੂਟਹੀ = ਛੂਟਹਿ, ਖ਼ਲਾਸੀ ਪਾਂਦੇ। ਭ੍ਰਮਿ = ਭਟਕਣਾ ਵਿਚ ਪੈ ਕੇ।6।

ਗਿਰਹੀ = ਗ੍ਰਿਹਸਤੀ। ਸਾਧਿਕਾ = (ਸੇਵਾ ਦੇ) ਸਾਧਨ ਕਰਨ ਵਾਲੇ। ਦਾਨੁ = ਸੇਵਾ, ਦੂਜਿਆਂ ਨੂੰ ਨਾਮ ਜਪਣ ਲਈ ਪ੍ਰੇਰਨਾ। ਇਸਨਾਨੁ = ਪਵਿਤ੍ਰਤਾ, ਸੁੱਚਾ ਆਚਰਨ।7।

ਤੇ = ਤੋਂ। ਜਾਣੀਐ = ਪਛਾਣੀਦਾ ਹੈ। ਸੋ ਸਿਞਾਣੈ = ਉਹ ਮਨੁੱਖ ਪਛਾਣਦਾ ਹੈ। ਜਾਇ = (ਜੋ ਗੁਰੂ ਪਾਸ) ਜਾਂਦਾ ਹੈ। ਸਾਚੇ = ਸੱਚ ਵਿਚ ਹੀ, ਸਦਾ-ਥਿਰ ਪ੍ਰਭੂ ਵਿਚ ਹੀ। ਮਾਨੈ = ਗਿੱਝ ਜਾਂਦਾ ਹੈ।8।

ਅਰਥ: ਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ, ਮੈਨੂੰ ਕੋਈ ਭੀ ਆਪਣਾ (ਸੱਚਾ ਦਰਦੀ) ਨਹੀਂ ਲੱਭਾ। ਹੇ ਮੇਰੇ ਸਾਹਿਬ! ਜੇ ਤੈਨੂੰ (ਮੇਰੀ ਬੇਨਤੀ) ਪਸੰਦ ਆਵੇ (ਤਾਂ ਮੇਹਰ ਕਰ) ਤੂੰ ਮੇਰਾ (ਰਾਖਾ ਬਣ) , ਮੈਂ ਤੇਰਾ (ਸੇਵਕ) ਬਣਿਆ ਰਹਾਂ।1।

ਮੈਨੂੰ (ਤੇਰੇ ਦਰ ਤੋਂ ਬਿਨਾ) ਕੋਈ ਹੋਰ ਦਰ ਨਹੀਂ ਲੱਭਦਾ। ਹੋਰ ਕਿਸ ਦੇ ਅੱਗੇ ਮੈਂ ਸਲਾਮ ਕਰਾਂ? (ਹੋਰ ਕਿਸ ਪਾਸੋਂ ਮੈਂ ਮੰਗਾਂ?) ਸਿਰਫ਼ ਇਕ ਤੂੰ ਹੀ ਮੇਰਾ ਮਾਲਕ ਹੈਂ (ਮੈਂ ਤੈਥੋਂ ਹੀ ਇਹ ਦਾਨ ਮੰਗਦਾ ਹਾਂ ਕਿ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿਚ (ਟਿਕਿਆ ਰਹੇ) ।1। ਰਹਾਉ।

(ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ। (ਮੇਰੀ ਇਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ।2।

ਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ। ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ।3।

ਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ। ਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ।4।

ਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ। (ਤਪਾਂ ਦੇ ਕਾਰਨ ਉਹ) ਕ੍ਰੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ। ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ।5।

ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ। ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ। (ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।6।

(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ। ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ੍ਰ ਰੱਖਦੇ ਹਨ। ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦ੍ਰਿੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।7।

ਹੇ ਨਾਨਕ! ਪਰਮਾਤਮਾ ਦਾ ਦਰ ਪਰਮਾਤਮਾ ਦਾ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਿਆ ਜਾ ਸਕਦਾ ਹੈ। ਉਹੀ ਮਨੁੱਖ ਪਛਾਣਦਾ ਹੈ ਜੋ ਗੁਰੂ ਦੇ ਪਾਸ ਜਾਂਦਾ ਹੈ। ਉਸ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ।8।14।

TOP OF PAGE

Sri Guru Granth Darpan, by Professor Sahib Singh