ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 419

ਆਸਾ ਮਹਲਾ ੧ ॥ ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥ ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥ ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥ ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥ ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥ ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥ ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥ ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥ ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥ ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥ ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥ ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥ ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥ ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥ ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥ ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥ ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥ ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥ {ਪੰਨਾ 419}

ਪਦ ਅਰਥ: ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਹਿ = ਮਨਿ ਹੀ, ਮਨ ਵਿਚ ਹੀ। ਸਮਾਇਲੇ = ਲੀਨ ਕਰ ਦੇ। ਭਉਜਲੁ = ਸੰਸਾਰ-ਸਮੁੰਦਰ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ) । ਠਾਕੁਰ = ਹੇ ਠਾਕੁਰ!।1।

ਦਾਤੌ = ਦਾਤਾ। ਜਾਚਿਕ = ਮੰਗਤੇ। ਹਰਿ = ਹੇ ਹਰੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ।

ਛੋਡੀਐ = ਛੱਡ ਦੇਣਾ ਚਾਹੀਦਾ ਹੈ। ਤਉ = ਤਦੋਂ। ਸਬਦਿ = ਸ਼ਬਦ ਦੀ ਰਾਹੀਂ। ਸਮਾਈਐ = ਲੀਨ ਹੋ ਸਕੀਦਾ ਹੈ। ਪਰਮਾਰਥੁ = ਪਰਮ ਅਰਥ, ਸਭ ਤੋਂ ਉੱਚਾ ਧਨ।2।

ਰਾਜਾ = ਬਲੀ। ਲੁਭਤਉ = ਲੋਭ ਵਿਚ ਫਸਿਆ ਹੋਇਆ। ਲੋਭਾਈ = ਲੋਭ ਕਰ ਰਿਹਾ ਹੈ। ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ।3।

ਕਲਰਿ = ਕੱਲਰ ਵਿਚ। ਲਾਹਾ = ਲਾਭ। ਸਚਿ = ਸਦਾ-ਥਿਰ ਪ੍ਰਭੂ ਵਿਚ। ਕੂੜਿ = ਕੂੜ ਵਿਚ। ਗਡਾਵੈ = ਰਲ ਜਾਂਦਾ ਹੈ।4।

ਅੰਧਿਹੋ = ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵੋ! ਲਾਲਚਿ = ਲਾਲਚ ਵਿਚ (ਫਸਿਆ) । ਮਨਿ = ਮਨ ਵਿਚ। ਬਿਖੁ = ਜ਼ਹਰ।5।

ਕੁਵਾਟੜੀ = ਭੈੜੀ ਵਾਟ, ਮਾੜਾ ਰਸਤਾ। ਮੂਸਹੁਗੇ = ਲੁੱਟੇ ਜਾਵੋਗੇ। ਅਹਿ = ਦਿਨ। ਨਿਸਿ = ਰਾਤ।6।

ਸੈਲੁ = ਚਟਾਨ। ਧ੍ਰਿਗੁ = ਫਿਟਕਾਰ-ਜੋਗ। ਫੀਕਾ = ਬੇ-ਰਸਾ। ਅਭ ਅੰਤਰਿ = ਅੰਦਰੋਂ।7।

ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ। ਮਥਿ = ਰਿੜਕ ਕੇ।8।

ਅਰਥ: (ਹੇ ਭਾਈ! ਆਪਣੇ ਮਨ ਵਿਚੋਂ ਉਠਦਾ) ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ (ਮਨ ਦੇ ਪਿੱਛੇ ਲੱਗਿਆਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ) । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਨ ਦੀ ਪ੍ਰੇਰਨਾ ਤੋਂ ਬਚਾ) ।1।

ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ। ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ।1। ਰਹਾਉ।

(ਹੇ ਭਾਈ! ਮਾਇਆ ਦਾ) ਭੈੜਾ ਲਾਲਚ ਛੱਡ ਦੇਣਾ ਚਾਹੀਦਾ ਹੈ (ਮਨੁੱਖ ਜਦੋਂ ਲਾਲਚ ਛੱਡ ਦੇਂਦਾ ਹੈ) ਤਦੋਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ (ਜੇਹੜਾ ਲੀਨ ਹੁੰਦਾ ਹੈ) ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲੈਂਦਾ ਹੈ।2।

ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ।3।

ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ। ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ। ਝੂਠ ਝੂਠ ਵਿਚ ਹੀ ਰਲਦਾ ਹੈ।4।

ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ। ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ। ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ।5।

ਹੇ ਭਾਈ! ਦੁਬਿਧਾ ਛੱਡ ਦੇਵਹੁ। ਇਹ ਗ਼ਲਤ ਰਸਤਾ ਹੈ (ਇਸ ਰਸਤੇ ਪੈ ਕੇ) ਲੁੱਟੇ ਜਾਵੋਗੇ। (ਮਾਇਆ-ਮੋਹ ਦੇ ਰਸਤੇ ਦੇ ਥਾਂ) ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।6।

ਮਨ ਦੇ ਮੁਰੀਦ ਮਨੁੱਖ (ਦਾ ਹਿਰਦਾ) ਪੱਥਰ ਹੈ ਚਟਾਨ ਹੈ (ਪੱਥਰ ਵਾਂਗ ਚਟਾਨ ਵਾਂਗ ਕੁਰਖ਼ਤ ਹੈ) , ਉਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਫਿਟਕਾਰ-ਜੋਗ ਹੈ। ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ (ਮਨਮੁਖ ਦਾ ਹਿਰਦਾ ਸਤਸੰਗ ਵਿਚ ਆ ਕੇ ਭੀ ਨਹੀਂ ਦ੍ਰਵਦਾ) ।7।

ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ, ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ।8।15।

ਆਸਾ ਮਹਲਾ ੧ ॥ ਚਲੇ ਚਲਣਹਾਰ ਵਾਟ ਵਟਾਇਆ ॥ ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥ ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥ ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥ ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥ ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥ ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥ ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥ ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥ ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥ ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥ ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥ ਲਾਹਾ ਸਚੁ ਨਿਆਉ ਮਨਿ ਵਸਾਈਐ ॥ ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥ ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥ ਠਗਿ ਮੁਠੀ ਕੂੜਿਆਰ ਬੰਨੑਿ ਚਲਾਈਐ ॥੭॥ ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥ ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥ ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥ ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥ {ਪੰਨਾ 419-420}

ਪਦ ਅਰਥ: ਚਲਣਹਾਰ = ਜਿਨ੍ਹਾਂ ਜ਼ਰੂਰ ਇਥੋਂ ਚਲੇ ਜਾਣਾ ਹੈ। ਵਾਟ = (ਜੀਵਨ ਦਾ ਸਹੀ) ਰਸਤਾ। ਵਟਾਇਆ = ਵਟਾਇ, ਵਟਾ ਕੇ, ਛੱਡ ਕੇ। ਧੰਧੁ = ਧੰਧਾ, ਉਹ ਕੰਮ ਜੋ ਜੰਜਾਲ ਪਾਈ ਜਾਂਦਾ ਹੈ। ਪਿਟੇ = ਔਖਾ ਹੋ ਹੋ ਕੇ ਕਰਦਾ ਹੈ।1।

ਕਿਆ ਭਵੀਐ = ਭਟਕਣ ਦੀ ਲੋੜ ਨਹੀਂ ਰਹਿ ਜਾਂਦੀ। ਕਿਆ ਢੂਢੀਐ = (ਸੁਖ) ਭਾਲਣ ਦੀ ਲੋੜ ਨਹੀਂ ਰਹਿੰਦੀ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵਿਸਰਜਿਆ = ਦੂਰ ਕੀਤਾ। ਘਰਿ = ਘਰ ਵਿਚ।1। ਰਹਾਉ।

ਸਚਿ = ਸਦਾ-ਥਿਰ ਪ੍ਰਭੂ ਦੇ ਸਿਮਰਨ ਵਿਚ (ਜੁੜ ਕੇ) । ਸਚਿਆਰੁ = ਸੱਚ ਦਾ ਵਪਾਰੀ। ਕੂੜ = ਕੂੜ ਵਿਚ ਲੱਗ ਕੇ। ਬਹੁੜਿ = ਮੁੜ, ਫਿਰ।2।

ਰੋਇ ਨਾ ਜਾਣਹੂ = ਤੁਸੀ ਰੋਣਾ ਨਹੀਂ ਜਾਣਦੇ, ਤੁਸੀ ਵੈਰਾਗ ਵਿਚ ਆਉਣਾ ਨਹੀਂ ਜਾਣਦੇ। ਰੋਵਹੁ = ਵੈਰਾਗ ਵਿਚ ਆਓ। ਸਲਾਹਿ = ਸਿਫ਼ਤਿ-ਸਾਲਾਹ ਕਰ ਕੇ।3।

ਵਜਹੁ = ਤਨਖ਼ਾਹ, ਰੋਜ਼ੀਨਾ। ਜਾਣੀਐ = (ਇਹ ਗੱਲ) ਸਮਝਣੀ ਚਾਹੀਦੀ ਹੈ। ਪਲੈ ਪਾਇ = ਮਿਲਦਾ ਹੈ।4।

ਪੈਧਾ ਜਾਇ = ਸਰੋਪਾ ਲੈ ਕੇ ਜਾਂਦਾ ਹੈ। ਸਿਰਿ = ਸਿਰ ਉਤੇ। ਬੰਦ = ਕੈਦ ਵਿਚ।5।

ਮਨਿ = ਮਨ ਵਿਚ। ਵਞਾਈਐ = ਦੂਰ ਕਰੀਏ। ਗਰਬੁ = ਅਹੰਕਾਰ।6।

ਵਾਦਿ = ਝਗੜੇ ਵਿਚ। ਮੁਠੀ = ਲੁੱਟੀ ਜਾਂਦੀ ਹੈ। ਬੰਨੑਿ = ਬੰਨ੍ਹ ਕੇ।7।

ਗੁਨਹਾਂ = ਪਾਪ, ਗੁਨਾਹ। ਸਬਦੁ = ਹੁਕਮ, ਸਿਫ਼ਤਿ-ਸਾਲਾਹ।8।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਹਾਲੀਐ = ਵੇਖ।9।

ਅਰਥ: (ਜਿਸ ਨੂੰ ਪਰਮਾਤਮਾ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਆਪ) ਵਿਖਾ ਦਿੱਤਾ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ। ਉਸ ਨੇ ਆਪਣੇ ਅੰਦਰੋਂ ਮਾਇਆ ਦੀ ਮਮਤਾ ਦੂਰ ਕਰ ਦਿੱਤੀ, ਮਾਇਆ ਦਾ ਮੋਹ ਤਿਆਗ ਦਿੱਤਾ। ਉਹ ਉਸ ਘਰ ਵਿਚ ਆ ਟਿਕਿਆ ਜੇਹੜਾ ਸਦਾ ਲਈ ਉਸ ਦਾ ਆਪਣਾ ਬਣ ਗਿਆ (ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ) ।1। ਰਹਾਉ।

(ਪਰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ ਉਹ) ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ। (ਮਾਇਆ-ਮੋਹਿਆ) ਜਗਤ ਉਹੀ ਕੰਮ ਔਖਾ ਹੋ ਹੋ ਕੇ ਕਰਦਾ ਹੈ ਜੋ ਗਲ ਵਿਚ ਮਾਇਆ ਦੇ ਜੰਜਾਲ ਪਾਈ ਜਾਂਦਾ ਹੈ, (ਮਾਇਆ-ਮੋਹੇ) ਜਗਤ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ।1।

ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ। ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ।2।

ਹੇ ਭਾਈ! ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ। ਅਸਲ ਵਿਚ ਤੁਹਾਨੂੰ ਵੈਰਾਗ ਵਿਚ ਆਉਣ ਦੀ ਜਾਚ ਨਹੀਂ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ, (ਇਹ ਗੱਲ) ਸਮਝੋ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ (ਇਸ ਤਰ੍ਹਾਂ ਦੁਨੀਆ ਵਲੋਂ) ਵੈਰਾਗ ਕਰਨ ਦੀ ਜਾਚ ਸਿੱਖੋ। ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ। ਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਜੀਵਨ ਲਾਭ ਮਿਲਦਾ ਹੈ। ਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ। ਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ। 3,4,5।

ਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ। (ਪਰ ਕਿਸੇ ਆਪਣੀ ਚਤੁਰਾਈ ਦਾ ਉੱਦਮ ਦਾ) ਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ।6।

ਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ। ਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ।7।

ਹੇ ਭਾਈ! ਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ। ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ।8।

ਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ।9। 16।

TOP OF PAGE

Sri Guru Granth Darpan, by Professor Sahib Singh