ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 420

ਆਸਾ ਮਹਲਾ ੧ ॥ ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥ ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥ ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥ ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥ ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥ ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥ ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥ ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥ ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥ ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥ ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥ ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥ ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥ ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥ ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥ ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥ ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥ ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥ {ਪੰਨਾ 420}

ਪਦ ਅਰਥ: ਢੂਢੀ = ਮੈਂ ਢੂੰਢਾਂ। ਜਾਇ = ਜਾ ਕੇ। ਘਰਿ = ਘਰ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਘਰਿ = ਹਿਰਦੇ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਤਾਵਲਾ = ਛੇਤੀ।1।

ਦੇਖਾ = ਮੈਂ ਵੇਖਦਾ ਹਾਂ। ਸੋਇ = ਉਹ (ਪਰਮਾਤਮਾ) ਹੀ। ਕਮਾਇ = ਕਮਾ ਕੇ।1। ਰਹਾਉ।

ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਤਾ = ਤਦੋਂ। ਅੰਕਿ = ਅੰਕ ਵਿਚ, ਗੋਦ ਵਿਚ।2।

ਸੋਈ = ਉਹ ਪ੍ਰਭੂ। ਦੇ = ਦੇਂਦਾ ਹੈ। ਦੇ = ਦੇ ਕੇ। ਤੋਟਿ = ਘਾਟਾ।3।

ਅਬੇ ਤਬੇ ਕੀ = ਧਿਰ ਧਿਰ ਦੀ। ਚਾਕਰੀ = ਖ਼ੁਸ਼ਾਮਦ। ਭਰਨਾਲਿ = ਸਮੁੰਦਰ ਵਿਚ।4।

ਨਾਲੇ = ਨਾਲ ਹੀ। ਵਸਤੁ = ਨਾਮ-ਪਦਾਰਥ। ਘਰੁ = ਹਿਰਦਾ। ਭਾਲੇ = ਭਾਲਿ, ਭਾਲ ਕੇ।5।

ਤਿਨਿ ਕਰਤੈ = ਉਸ ਕਰਤਾਰ ਨੇ। ਆਪੁ = ਆਪਾ-ਭਾਵ। ਮਰਣੁ = ਜਨਮ ਮਰਨ ਦਾ ਗੇੜ।6।

ਸਤਿਗੁਰ ਦੇ = ਗੁਰੂ ਨੂੰ ਦੇ ਕੇ। ਕਿਨਿ = ਕਿਸ ਨੇ?।1।

ਪਾਰਖੁ = ਪਰਖ ਕਰਨ ਵਾਲਾ, ਜੌਹਰੀ। ਧਣੀ = ਮਾਲਕ-ਪ੍ਰਭੂ। ਤਿਨਿ = ਉਸ (ਪ੍ਰਭੂ) ਨੇ।8।

ਅਰਥ: ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਧਰ ਉਹ (ਪਰਮਾਤਮਾ) ਹੀ ਦਿੱਸਦਾ ਹੈ। (ਇਹ ਕਦੇ) ਨਹੀਂ ਸਮਝਣਾ ਚਾਹੀਦਾ (ਕਿ ਉਸ ਪ੍ਰਭੂ ਤੋਂ ਬਿਨਾ) ਕੋਈ ਹੋਰ (ਭੀ ਉਸ ਵਰਗਾ ਜਗਤ ਵਿਚ ਮੌਜੂਦ) ਹੈ। ਗੁਰੂ ਦੀ ਦੱਸੀ ਕਾਰ ਕਮਾ ਕੇ (ਹਰ ਥਾਂ ਪਰਮਾਤਮਾ ਦਾ) ਟਿਕਾਣਾ (ਨਿਵਾਸ) ਪਛਾਣ ਲਈਦਾ ਹੈ।1। ਰਹਾਉ।

(ਜਦੋਂ ਗੁਰੂ ਦੀ ਕਾਰ ਕਮਾ ਕੇ ਹਰ ਥਾਂ ਪ੍ਰਭੂ ਦਾ ਨਿਵਾਸ ਪਛਾਣ ਸਕੀਦਾ ਹੈ ਤਾਂ) ਮੈਂ ਜਾ ਕੇ ਜੰਗਲ ਨੂੰ ਕਿਉਂ (ਪਰਮਾਤਮਾ ਨੂੰ ਮਿਲਣ ਵਾਸਤੇ) ਢੂੰਢਾਂ? ਜਿਸ ਮਨੁੱਖ ਨੂੰ ਪਰਮਾਤਮਾ ਹਰ ਥਾਂ ਦਿੱਸ ਪਏ ਉਸ ਨੂੰ ਘਰ ਵਿਚ ਹੀ ਹਰੀਆਵਲਾ ਜੰਗਲ (ਦਿੱਸਦਾ ਹੈ, ਭਾਵ, ਉਸ ਨੂੰ ਘਰ ਵਿਚ ਜੰਗਲ ਵਿਚ ਤੇ ਹਰ ਥਾਂ ਪ੍ਰਭੂ ਨਜ਼ਰੀਂ ਆਉਂਦਾ ਹੈ) । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕਦਾ ਹੈ, ਪਰਮਾਤਮਾ ਤੁਰਤ ਉਸ ਦੇ ਹਿਰਦੇ-ਘਰ ਆ ਵੱਸਦਾ ਹੈ।1।

ਜਦੋਂ ਸਦਾ-ਥਿਰ ਪ੍ਰਭੂ ਆਪ (ਕਿਸੇ ਜੀਵ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ਤਦੋਂ ਉਹ ਉਸ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਜੀਵ ਸਦਾ ਉਸ ਦੀ ਰਜ਼ਾ ਵਿਚ ਤੁਰਦਾ ਹੈ, ਤੇ ਉਸ ਦੀ ਗੋਦ ਵਿਚ ਲੀਨ ਹੋ ਜਾਂਦਾ ਹੈ।2।

ਸਦਾ-ਥਿਰ ਮਾਲਕ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਮਨੁੱਖ ਨੂੰ ਆਪਣੇ ਮਨ ਵਿਚ ਵੱਸਿਆ ਹੋਇਆ ਉਹੀ ਪ੍ਰਭੂ (ਹਰ ਥਾਂ ਦਿੱਸਦਾ ਹੈ) । (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪ੍ਰਭੂ ਆਪ ਹੀ ਵਡਿਆਈਆਂ ਦੇਂਦਾ ਹੈ (ਤੇ ਉਸ ਦੇ ਖ਼ਜ਼ਾਨੇ ਵਿਚ ਇਤਨੀਆਂ ਵਡਿਆਈਆਂ ਹਨ ਕਿ) ਦੇਂਦਿਆਂ ਉਹ ਘਟਦੀਆਂ ਨਹੀਂ।3।

(ਗੁਰੂ ਦੀ ਦੱਸੀ ਕਾਰ ਕਮਾਣੀ ਛੱਡ ਕੇ) ਧਿਰ ਧਿਰ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਹੋ ਸਕਦੀ। (ਧਿਰ ਧਿਰ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿਚ ਸਵਾਰ ਹੋਣਾ, ਤੇ ਜੋ ਮਨੁੱਖ ਇਸ) ਪੱਥਰ ਦੀ ਬੇੜੀ ਵਿਚ ਸਵਾਰ ਹੁੰਦਾ ਹੈ, ਉਹ (ਸੰਸਾਰ-) ਸਮੁੰਦਰ ਵਿਚ ਡੁੱਬ ਜਾਂਦਾ ਹੈ।4।

(ਪਰਮਾਤਮਾ ਦੇ ਨਾਮ ਦਾ ਸੌਦਾ ਕਰਨ ਵਾਸਤੇ) ਜੇ ਆਪਣਾ ਮਨ (ਗੁਰੂ ਅੱਗੇ) ਵੇਚ ਦੇਈਏ, ਤੇ ਆਪਣਾ ਸਿਰ ਭੀ ਦੇਈਏ (ਭਾਵ, ਆਪਣੇ ਮਨ ਦੇ ਪਿਛੇ ਤੁਰਨ ਦੇ ਥਾਂ ਗੁਰੂ ਦੀ ਮਤਿ ਤੇ ਤੁਰੀਏ ਅਤੇ ਆਪਣੀ ਅਕਲ ਦਾ ਮਾਣ ਭੀ ਛੱਡ ਦੇਈਏ) ਤਾਂ ਗੁਰੂ ਦੀ ਰਾਹੀਂ ਆਪਣਾ ਹਿਰਦਾ-ਘਰ ਭਾਲ ਕੇ (ਆਪਣੇ ਅੰਦਰ ਹੀ) ਨਾਮ-ਪਦਾਰਥ ਪਛਾਣ ਲਈਦਾ ਹੈ।5।

ਹਰ ਕੋਈ ਜਨਮ ਮਰਨ ਦੇ ਗੇੜ ਦਾ ਜ਼ਿਕਰ ਕਰਦਾ ਹੈ (ਤੇ ਇਸ ਤੋਂ ਡਰਦਾ ਭੀ ਹੈ ਇਹ ਜਨਮ ਮਰਨ ਦਾ ਚੱਕਰ) ਕਰਤਾਰ ਨੇ ਆਪ ਹੀ ਬਣਾਇਆ ਹੈ। ਜੇਹੜੇ ਜੀਵ ਆਪਾ-ਭਾਵ ਗਵਾ ਕੇ (ਮਾਇਆ ਦੇ ਮੋਹ ਵਲੋਂ) ਮਰ ਜਾਂਦੇ ਹਨ, ਉਹਨਾਂ ਨੂੰ ਇਹ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।6।

(ਪਰ, ਜੀਵ ਦੇ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਜੀਵ ਨੂੰ ਜੇਹੜੀ ਕਾਰ ਕਰਨ ਦਾ ਹੁਕਮ ਹੁੰਦਾ ਹੈ ਜੀਵ ਉਹੀ ਕਾਰ ਕਰਦਾ ਹੈ, ਪਰ ਜੇ ਜੀਵ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਪ੍ਰਭੂ-ਚਰਨਾਂ ਵਿਚ ਟਿਕ ਜਾਏ (ਤਾਂ ਇਸ ਦਾ ਇਤਨਾ ਉੱਚਾ ਆਤਮਕ ਜੀਵਨ ਬਣ ਜਾਂਦਾ ਹੈ ਕਿ) ਕੋਈ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ।7।

(ਇਹ ਸਾਰੇ ਜੀਵ ਉਸ ਜੌਹਰੀ ਪਰਮਾਤਮਾ ਦੇ ਆਪਣੇ ਹੀ ਬਣਾਏ ਹੋਏ ਰਤਨ ਹਨ) ਉਹ ਮਾਲਕ ਆਪ ਹੀ ਇਹਨਾਂ ਰਤਨਾਂ ਦੀ ਪਰਖ ਕਰਦਾ ਹੈ ਤੇ (ਪਰਖ ਪਰਖ ਕੇ) ਆਪ ਹੀ ਇਹਨਾਂ ਦਾ ਮੁੱਲ ਪਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਮਾਲਕ-ਪ੍ਰਭੂ ਵੱਸ ਪੈਂਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੀ ਇਜ਼ਤ ਬਖ਼ਸ਼ਦਾ ਹੈ।8। 17।

ਆਸਾ ਮਹਲਾ ੧ ॥ ਜਿਨੑੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥ ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥ ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥ ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥ ਜਿਨੑੀ ਏਕੋ ਸੇਵਿਆ ਪੂਰੀ ਮਤਿ ਭਾਈ ॥ ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥ ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥ ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥ ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥ ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥ ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥ ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥ ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥ ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥ ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥ ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥ ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥ {ਪੰਨਾ 420-421}

ਪਦ ਅਰਥ: ਦੂਜੈ ਭਰਮਿ = ਦੂਜੇ ਭੁਲੇਖੇ ਵਿਚ, (ਪਰਮਾਤਮਾ ਦਾ ਪੱਲਾ ਛੱਡ ਕੇ) ਹੋਰ ਭਟਕਣਾ ਵਿਚ। ਭੁਲਾਈ = ਭੁਲਾਇ, ਭੁੱਲ ਕੇ, ਗ਼ਲਤੀ ਖਾ ਕੇ। ਮੂਲੁ = (ਸੰਸਾਰ-ਰੁੱਖ ਦਾ) ਮੁੱਢ। ਡਾਲੀ = (ਸੰਸਾਰ-ਰੁੱਖ ਦੀਆਂ) ਡਾਲਾਂ ਵਿਚ ਮਾਇਆ ਦੇ ਪਸਾਰੇ ਵਿਚ। ਛਾਈ = ਸੁਆਹ।1।

ਗੁਰਮੁਖਿ = ਗੁਰੂ ਦੇ ਸਨਮੁਖ। ਪਤਿ = ਇੱਜ਼ਤ। ਖੋਈ = ਗਵਾ ਲਈ।1। ਰਹਾਉ।

ਪੂਰੀ = ਮੁਕੰਮਲ, ਉਕਾਈ ਨਾਹ ਖਾਣ ਵਾਲੀ। ਭਾਈ = ਹੇ ਭਾਈ! ਜਨ = ਪ੍ਰਭੂ ਦੇ ਸੇਵਕ।2।

ਭਾਈ = ਹੇ ਭਾਈ! ਤੇ = ਤੋਂ, ਰਾਹੀਂ। ਸਾਚੇ ਪਰਥਾਈ = ਸਦਾ-ਥਿਰ ਪ੍ਰਭੂ ਦੇ ਆਸਰੇ।3।

ਕੇਤੀ = ਬਥੇਰੀ ਲੋਕਾਈ। ਵਾਟੜੀ = ਸੋਹਣੀ ਵਾਟ। ਸਚੀ = ਸਦਾ-ਥਿਰ।4।

ਉਝੜਿ = ਗ਼ਲਤ ਰਸਤੇ। ਨਰਕ = ਨਰਕਾਂ ਵਿਚ। ਮਰਿ = ਆਤਮਕ ਮੌਤੇ ਮਰ ਕੇ।5।

ਭਰਮਾਈਐ = ਭਟਕਦਾ ਹੈ। ਕੀਮਤਿ = ਕਦਰ।6।

ਸਾਈ = ਉਹੀ। ਕਿਸੁ = ਹੋਰ ਕਿਸ ਨੂੰ? ਵੇਖੈ = ਸੰਭਾਲ ਕਰਦਾ ਹੈ।7।

ਦੇ = ਦੇ ਕੇ। ਛੂਟੀਐ = ('ਦੂਜੇ ਭਾਵ' ਤੋਂ) ਬਚੀਦਾ ਹੈ।8।

ਅਰਥ: (ਗੁਰੂ ਦੀ ਰਾਹੀਂ) ਜੇ ਕੋਈ ਮਨੁੱਖ ਸਮਝ ਲਏ (ਤਾਂ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦੇ ਨਾਮ (ਵਿਚ ਜੁੜਨ) ਤੋਂ ਬਿਨਾ (ਮਾਇਆ ਦੇ ਮੋਹ ਤੋਂ) ਬਚ ਨਹੀਂ ਸਕੀਦਾ। ਗੁਰੂ ਦੇ ਦੱਸੇ ਰਸਤੇ ਉੱਤੇ ਤੁਰੇ ਤਦੋਂ ਹੀ (ਮਾਇਆ ਦੇ ਮੋਹ ਤੋਂ) ਮਨੁੱਖ ਦੀ ਖ਼ਲਾਸੀ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ-ਮੋਹ-ਵਿਚ ਫਸ ਕੇ) ਆਪਣੀ ਇੱਜ਼ਤ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਗਵਾ ਲੈਂਦਾ ਹੈ।1। ਰਹਾਉ।

ਜਿਨ੍ਹਾਂ ਬੰਦਿਆਂ ਨੇ ਹੋਰ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ) ਖੁੰਝ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਜੇਹੜੇ ਬੰਦੇ (ਸੰਸਾਰ-ਰੁੱਖ ਦੇ) ਮੂਲ (-ਪ੍ਰਭੂ) ਨੂੰ ਛੱਡ ਕੇ (ਸੰਸਾਰ-ਰੁੱਖ ਦੀਆਂ) ਡਾਲੀਆਂ (ਮਾਇਆ ਦੇ ਪਸਾਰੇ) ਵਿਚ ਲੱਗ ਗਏ ਉਹਨਾਂ ਨੂੰ (ਆਤਮਕ ਜੀਵਨ ਵਿਚੋਂ) ਕੁਝ ਭੀ ਨਾਹ ਮਿਲਿਆ।1।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੀ ਅਕਲ (ਮਾਇਆ ਦੇ ਮੋਹ ਵਿਚ) ਉਕਾਈ ਨਹੀਂ ਖਾਂਦੀ। ਪ੍ਰਭੂ ਦੇ ਉਹ ਸੇਵਕ ਉਸ ਪ੍ਰਭੂ ਦੀ ਹੀ ਸਰਨ ਵਿਚ ਟਿਕੇ ਰਹਿੰਦੇ ਹਨ ਜੋ ਸਾਰੇ ਜਗਤ ਦਾ ਮੂਲ ਹੈ ਜੋ ਜੁਗਾਂ ਦੇ ਭੀ ਸ਼ੁਰੂ ਤੋਂ ਹੈ ਅਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।2।

ਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ। ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਆਨੰਦ ਮਿਲਦਾ ਹੈ।3।

ਬਥੇਰੀ ਲੋਕਾਈ ਹੋਰ ਹੋਰ ਰਸਤੇ ਦੱਸਦੀ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। (ਗੁਰੂ ਦੀ ਸਰਨ ਪਿਆਂ) ਪਰਮਾਤਮਾ (ਆਪਣੇ ਮਿਲਾਪ ਦਾ) ਸਹੀ ਰਸਤਾ ਆਪ ਹੀ ਵਿਖਾ ਦੇਂਦਾ ਹੈ, (ਜੀਵ ਦੇ ਹਿਰਦੇ ਵਿਚ) ਸਦਾ-ਥਿਰ ਰਹਿਣ ਵਾਲੀ ਭਗਤੀ ਪੱਕੀ ਕਰ ਦੇਂਦਾ ਹੈ।4।

ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਜੇ (ਸਹੀ ਰਸਤਾ) ਸਮਝਾਣ ਦੀ ਕੋਸ਼ਿਸ਼ ਭੀ ਕਰੀਏ, ਤਾਂ ਭੀ ਉਹ ਕੁਰਾਹੇ ਹੀ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇਸ (ਕੁਰਾਹ ਤੋਂ) ਬਚ ਨਹੀਂ ਸਕਦਾ, (ਕੁਰਾਹੇ ਪਿਆ ਹੋਇਆ) ਉਹ ਆਤਮਕ ਮੌਤ ਸਹੇੜ ਲੈਂਦਾ ਹੈ, (ਮਾਨੋ,) ਨਰਕਾਂ ਵਿਚ ਪਿਆ ਰਹਿੰਦਾ ਹੈ।5।

ਜੇਹੜਾ ਮਨੁੱਖ ਹਰੀ ਦਾ ਨਾਮ ਨਹੀਂ ਸਿਮਰਦਾ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸੇ ਗੇੜ ਵਿਚ ਪਿਆ ਰਹਿੰਦਾ ਹੈ, (ਇਸ ਤੋਂ ਬਚਣ ਦਾ ਇਕੋ ਤਰੀਕਾ ਹੈ ਕਿ ਪਰਮਾਤਮਾ ਦਾ ਨਾਮ ਜਪੇ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈ ਸਕਦੀ।6।

(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ। ਪਰਮਾਤਮਾ ਆਪ ਹੀ (ਸ੍ਰਿਸ਼ਟੀ) ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ। (ਉਸ ਤੋਂ ਬਿਨਾ) ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ।7।

ਹੇ ਨਾਨਕ! ਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ (ਨਹੀਂ ਤਾਂ ਇਹ ਮਾਇਆ ਦਾ ਮੋਹ ਬੜਾ ਪ੍ਰਬਲ ਹੈ) ਆਪਾ-ਭਾਵ ਗਵਾਇਆਂ ਹੀ ਇਸ ਤੋਂ ਖ਼ਲਾਸੀ ਹੁੰਦੀ ਹੈ। ਜੇਹੜਾ ਮਨੁੱਖ ਆਪਣਾ ਸਿਰ (ਗੁਰੂ ਦੇ) ਹਵਾਲੇ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰਦਾ ਹੈ।8। 18।

TOP OF PAGE

Sri Guru Granth Darpan, by Professor Sahib Singh