ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 421

ਆਸਾ ਮਹਲਾ ੧ ॥ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥ ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥ ਮੈ ਓਲੑਗੀਆ ਓਲੑਗੀ ਹਮ ਛੋਰੂ ਥਾਰੇ ॥ ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥ ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥ ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥ ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥ ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥ ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥ ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥ ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥ ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥ ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥ ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥ ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥ ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥ ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥ ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥ {ਪੰਨਾ 421}

ਪਦ ਅਰਥ: ਰੂੜੋ = ਸੁੰਦਰ। ਮਾਹਰੋ = ਪ੍ਰਬੀਨ। ਰੂੜੀ = ਸੁੰਦਰ। ਭਾਗਿ = ਕਿਸਮਤ ਨਾਲ। ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ।1।

ਓਲੑਗੀਆ ਓਲੑਗੀ = ਲਾਗੀਆਂ ਦਾ ਲਾਗੀ, ਕੰਮੀਆਂ ਦਾ ਕੰਮੀ, ਦਾਸਾਂ ਦਾ ਦਾਸ। ਛੋਰੂ = ਛੋਕਰੇ, ਛੋਟੇ ਸੇਵਕ। ਥਾਰੇ = ਤੇਰੇ। ਰਹਾ = ਮੈਂ ਰਹਾਂ। ਮੁਖਿ = ਮੂੰਹ ਵਿਚ।1। ਰਹਾਉ।

ਘਣੀ = ਬਹੁਤ। ਮਨਿ = ਮਨ ਵਿਚ। ਭਾਣੈ = ਤੇਰੀ ਰਜ਼ਾ ਵਿਚ ਹੀ। ਭਾਈਐ = ਚੰਗੀ ਲੱਗਦੀ ਹੈ। ਹਾਥਿ = ਹੱਥ ਵਿਚ। ਪਤਿ = ਇੱਜ਼ਤ।2।

ਸਾਚਉ = ਸਦਾ-ਥਿਰ ਰਹਿਣ ਵਾਲਾ। ਅੰਤਰਿ = (ਹਰੇਕ ਦੇ) ਅੰਦਰ। ਸੋਈ = ਉਹ ਪ੍ਰਭੂ। ਰਵਿ ਰਹੇ = ਵਿਆਪਕ। ਕਿਨਿ = ਕਿਸ ਪਾਸੋਂ?।3।

ਹਰੇ = (ਜਿੰਦ) ਲੈ ਲੈਂਦਾ ਹੈ। ਵਡਿਆਈ = ਤਾਕਤ, ਸਮਰੱਥਾ। ਨਿਹਾਲੀਐ = ਵੇਖ ਸਕੀਦਾ ਹੈ। ਇਉ = ਇਸ ਤਰ੍ਹਾਂ। ਕੀਮਤਿ = ਕਦਰ।4।

ਲਾਹਾ = ਲਾਭ। ਪੂਰਬਿ = ਧੁਰ ਤੋਂ, ਪਹਿਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।5।

ਤੋਟਾ = ਘਾਟਾ, (ਆਤਮਕ ਗੁਣਾਂ ਵਿਚ) ਕਮੀ। ਭਰਮਹਿ = ਭਟਕਦੇ ਹਨ। ਨ ਚੇਤਈ = ਨਹੀਂ ਚੇਤਦਾ।6।

ਜਗਿ = ਜਗਤ ਵਿਚ। ਸਾਚੇ = ਸਦਾ-ਥਿਰ ਪ੍ਰਭੂ ਵਿਚ। ਗੁਰ = ਗੁਰੂ ਨੂੰ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਜੋਤੀ = ਪਰਮਾਤਮਾ ਦੀ ਜੋਤਿ ਵਿਚ।7।

ਅਹਿ = ਦਿਨ {Ahr`}। ਨਿਸਿ = ਰਾਤ {nI_`}। ਨਿਰਾਲਮੋ = ਨਿਰਲੇਪ, {inrw-lm} ਮਾਇਆ ਨੂੰ ਜੀਵਨ ਦਾ ਆਸਰਾ ਬਣਾਣ ਤੋਂ ਬਿਨਾ। ਨਾਮਿ = ਨਾਮ ਵਿਚ।8।

ਅਰਥ: (ਹੇ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ। (ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ। ਮੇਰੇ ਮੂੰਹ ਵਿਚ ਆਪਣਾ ਨਾਮ ਦੇਹ।1। ਰਹਾਉ।

ਹੇ ਠਾਕੁਰ! ਤੂੰ ਸੁੰਦਰ ਹੈਂ, ਤੂੰ ਸਿਆਣਾ ਹੈਂ। ਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ) । ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ।1।

ਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੁੰਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ।2।

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ। ਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ। ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ।3।

ਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ। ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ।4।

ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ। ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ।5।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੁੰਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ?।6।

ਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ। ਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।7।

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ। ਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ।8। 19।

ਆਸਾ ਮਹਲਾ ੧ ॥ ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥ ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥ ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥ ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥ ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥ ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥ ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥ ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥ ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥ ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥ ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥ ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥ ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥ ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥ ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥ {ਪੰਨਾ 421}

ਪਦ ਅਰਥ: ਆਖਣੁ = ਵਖਿਆਨ, ਵਰਨਣ। ਤਾ ਕੇ = ਉਸ ਪਰਮਾਤਮਾ ਦੇ। ਨ ਜਾਣਾ = ਮੈਂ ਨਹੀਂ ਜਾਣਦਾ। ਧਰੁ = ਆਸਰਾ। ਤਾਣੁ = ਤਾਕਤ, ਸਹਾਰਾ। ਸਤਾਣਾ = {ਸ-ਤਾਣਾ} ਤਾਣ ਵਾਲਾ, ਤਾਕਤ ਵਾਲਾ, ਤਕੜਾ।1।

ਸਚ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) । ਸੁਹੇਲਾ = ਸੁਖੀ। ਆਪੁ = ਆਪਾ-ਭਾਵ।1। ਰਹਾਉ।

ਗਰਬੁ = ਅਹੰਕਾਰ। ਵਿਚਾਰੁ = ਸੂਝ। ਦੇ = ਦੇਂਦਾ ਹੈ। ਅਧਾਰੁ = ਆਸਰਾ।2।

ਅਹਿ = ਦਿਨ। ਨਿਸਿ = ਰਾਤ। ਸਾਈ = ਉਹੀ। ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਦਾ ਮਾਲਕ ਪ੍ਰਭੂ।3।

ਖਜਾਨੇ = ਖ਼ਜ਼ਾਨੇ ਵਿਚ। ਠਵਰ = ਠੌਰ, ਥਾਂ। ਨ ਪਾਇਨੀ = ਨ ਪਾਇਨਿ, ਨਹੀਂ ਪਾਂਦੇ। ਜੂਠਾਨੈ = ਜੂਠ ਵਿਚ।4।

ਸਮਾਲੀਐ = ਚੇਤੇ ਰੱਖੀਏ। ਲੈ = ਲੈ ਕੇ।5।

ਆਤਮੁ = ਆਪਣਾ ਆਪ, ਆਪਣਾ ਆਤਮਕ ਜੀਵਨ। ਚੀਨਿਆ = ਪਛਾਣਿਆ। ਸੋਈ = ਉਹੀ ਬੰਦੇ।6।

ਸਚਿ = ਸਦਾ-ਥਿਰ ਪ੍ਰਭੂ ਵਿਚ। ਅਘਾਈ = ਰੱਜੇ। ਭੇਦੁ = ਵਿੱਥ। ਰਸਨ = ਜੀਭ।7।

ਹੁਕਮਿ = ਪ੍ਰਭੂ ਦੇ ਹੁਕਮ ਵਿਚ। ਨਾਨਕੈ = ਨਾਨਕ ਨੂੰ। ਅਉਗਣਿਆਰੇ = ਗੁਣ-ਹੀਣ, ਔਗੁਣੀ।8।

ਅਰਥ: (ਪ੍ਰਭੂ ਦੀ ਹਜ਼ੂਰੀ ਵਿਚ) ਨਾਨਕ ਦੀ ਇਹ ਅਰਦਾਸ ਹੈ– ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ) । ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ।1। ਰਹਾਉ।

(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ।

(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ।1।

'ਮੈਂ ਵੱਡਾ, ਮੈਂ ਵੱਡਾ' = ਜਦੋਂ ਇਹ ਅਹੰਕਾਰ (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ। ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ।2।

ਸਦਾ-ਥਿਰ ਪ੍ਰਭੂ ਉਹੀ ਸੇਵਾ (ਕਬੂਲ ਕਰਦਾ ਹੈ, ਜਿਸ ਦੀ ਬਰਕਤਿ ਨਾਲ ਜੀਵ) ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ। ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ।3।

ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ ਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ।4।

(ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ। ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ। ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ।5।

ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ। (ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ। {ਨੋਟ: ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ। ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ}।6।

ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ। ਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ।7।

(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ (ਤੇ ਨਾਮ ਦੀ ਦਾਤਿ ਮੰਗ, ਇਸੇ ਵਿਚ ਤੇਰੀ ਭਲਾਈ ਹੈ) ।

(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ।8। 20।

TOP OF PAGE

Sri Guru Granth Darpan, by Professor Sahib Singh