ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 422

ਆਸਾ ਮਹਲਾ ੧ ॥ ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥ ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥ ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥ ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥ ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥ ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥ ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥ ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥ ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥ ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥ ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥ ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥ ਸਚੇ ਸਚਾ ਨੇਹੁ ਸਚੈ ਲਾਇਆ ॥ ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥ ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥ ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥ ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥ ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥ {ਪੰਨਾ 422}

ਪਦ ਅਰਥ: ਰਾਤਉ = ਰੱਤਾ ਹੋਇਆ, ਰੰਗਿਆ ਹੋਇਆ। ਨਾਇ = ਨਾਮ ਵਿਚ। ਕਿਆ ਜਾਇ = ਕੁਝ ਨਹੀਂ ਵਿਗੜਦਾ। ਤੁਧੁ = ਤੈਨੂੰ।1।

ਜਉ ਲਗੁ = ਜਦ ਤਕ। ਜੀਉ = ਜਿੰਦ। ਪਰਾਣ = ਸੁਆਸ। ਲਾਹਾ = ਲਾਭ। ਗਾਇ = ਗਾ ਕੇ।1। ਰਹਾਉ।

ਸਚੀ = ਸਦਾ-ਥਿਰ, ਉਕਾਈ-ਰਹਿਤ। ਦੇਹਿ = ਤੂੰ ਦੇਹ। ਦਇਆਲ = ਹੇ ਦਇਆਲ! ਹਉ = ਮੈਂ। ਜੀਵਾ = ਮੈਂ ਜੀਊਂਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਅਧਾਰੁ = ਆਸਰਾ।2।

ਦਰਿ = ਦਰ ਤੇ। ਦਰਵਾਨੁ = ਦਰ ਮੱਲ ਕੇ ਬੈਠਣ ਵਾਲਾ। ਹੈਰਾਨੁ = ਅਚਰਜ।3।

ਦਰਗਹ = ਦਰਗਾਹ ਵਿਚ। ਹਦੂਰਿ = ਹਜ਼ੂਰੀ ਵਿਚ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਵੇਲਾ = ਜੀਵਨ-ਸਮਾ।4।

ਕਰਿ = ਕਰੇ, ਕਰਦਾ ਹੈ, ਬਣਾਂਦਾ ਹੈ। ਤੋਸਾ = (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ। ਮਨਹੁ = ਮਨ ਤੋਂ। ਸਚੁ = ਸਦਾ-ਥਿਰ ਪ੍ਰਭੂ-ਨਾਮ। ਦੇਇ = ਦੇਂਦਾ ਹੈ।5।

ਸਚੇ ਨੇਹੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਪਿਆਰ। ਸਚੈ = ਸਦਾ-ਥਿਰ ਪ੍ਰਭੂ ਨੇ ਆਪ।6।

ਸਚੇ = ਹੇ ਸਦਾ-ਥਿਰ ਪ੍ਰਭੂ! ਸੇਵੀ = ਮੈਂ ਸੇਂਵਦਾ ਹਾਂ, ਸਿਮਰਦਾ ਹਾਂ।7।

ਹਉ = ਮੈਂ। ਕਾਂਢੀਆ = ਅਖਵਾਂਦਾ ਹਾਂ। ਕਰੇਹੁ = ਕਰੋ। ਵਾਂਢੀਆ = ਮੈਨੂੰ ਵਿਛੁੜੇ ਨੂੰ।8।

ਅਰਥ: ਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਜਿਹੜਾ ਸਿਮਰਦਾ ਹੈ ਉਸ ਨੂੰ) ਪ੍ਰਭੂ ਦੇ ਗੁਣ ਗਾ ਕੇ (ਸਿਫ਼ਤਿ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ।1। ਰਹਾਉ।

ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਏ, ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੇ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ) ।

(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਤੇਰੀ ਸਿਫ਼ਤਿ-ਸਾਲਾਹ ਕਰਨ ਵਾਲਾ ਤੇਰੇ ਪੈਦਾ ਕੀਤੇ ਬੰਦਿਆਂ ਦਾ ਦੋਖੀ ਹੋ ਹੀ ਨਹੀਂ ਸਕਦਾ) ।1।

ਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ। ਜਿਉਂ ਜਿਉਂ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ।2।

ਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ। ਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ।3।

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ ਹੀ) ਪਰਵਾਨ ਹੁੰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ।4।

ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ, ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਕੇ ਸਤ ਸੰਤੋਖ ਪ੍ਰੇਮ ਅਤੇ ਹਰਿ-ਨਾਮ ਨੂੰ (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ ਬਣਾਂਦੇ ਹਨ (ਆਪਣੇ ਆਤਮਕ ਜੀਵਨ ਦਾ ਆਧਾਰ ਬਣਾਂਦੇ ਹਨ) ।5।

(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ। ਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤਿ ਦੇਣੀ ਹੈ) , ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ।6।

ਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ। (ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ =) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤਿ ਦੇਹ, ਇਹ ਦਾਤਿ ਸਦਾ ਕਾਇਮ ਰਹਿਣ ਵਾਲੀ ਹੈ।7।

ਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ = ਹੇ ਪ੍ਰਭੂ!) ਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ। ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ।8। 21।

ਆਸਾ ਮਹਲਾ ੧ ॥ ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥ ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥ ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥ ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥੧॥ ਰਹਾਉ ॥ ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥ ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥ ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥ ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥ ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥ ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥ ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥ ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥ ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥ ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥ ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥ ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥ ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥ ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥ {ਪੰਨਾ 422}

ਪਦ ਅਰਥ: ਆਵਣ ਜਾਣਾ = ਆਉਣਾ ਜਾਣਾ, ਜੰਮਣ ਮਰਨਾ, ਜਨਮ ਮਰਨ ਦਾ ਚੱਕਰ। ਕਿਉ ਰਿਹੈ– ਨਹੀਂ ਮੁਕ ਸਕਦਾ। ਮੇਲਾ = ਪ੍ਰਭੂ ਨਾਲ ਮਿਲਾਪ। ਕਿਉ ਹੋਈ = ਨਹੀਂ ਹੋ ਸਕਦਾ। ਘਣੋ = ਬਹੁਤ। ਸਹਸਾ = ਸਹਮ। ਦੋਈ = ਦ੍ਵੈਤ ਵਿਚ, (ਪਰਮਾਤਮਾ ਨੂੰ ਛੱਡ ਕੇ) ਦੂਜੇ (ਦੇ ਮੋਹ) ਵਿਚ, ਮਾਇਆ ਦੇ ਮੋਹ ਵਿਚ।1।

ਕਿਆ ਜੀਵਨਾ = ਅਸਲ ਜੀਵਨ ਨਹੀਂ। ਫਿਟੁ ਧ੍ਰਿਗੁ = ਫਿਟਕਾਰ-ਜੋਗ। ਚਤੁਰਾਈ = ਸਿਆਣਪ। ਸਾਧੁ = ਜਿਸ ਨੇ ਆਪਣੇ ਇੰਦ੍ਰਿਆਂ ਨੂੰ ਸਾਧ ਲਿਆ ਹੈ। ਨ ਭਾਈ = ਚੰਗੀ ਨਾਹ ਲੱਗੀ।1। ਰਹਾਉ।

ਤਉ = ਤਦੋਂ। ਰਹੈ– ਮੁੱਕਦਾ ਹੈ। ਰਾਸਿ = ਸਰਮਾਇਆ, ਪੂੰਜੀ। ਦੇਇ = ਦੇਂਦਾ ਹੈ। ਕੂਰਾ = ਝੂਠਾ।2।

ਕਉ = ਨੂੰ। ਮਿਲਿ ਰਹੈ– ਮਿਲਿਆ ਰਹੇ। ਧਨੁ ਧਨੁ = 'ਧਨ ਧਨ' ਆਖ ਕੇ, ਸ਼ੁਕਰ ਸ਼ੁਕਰ ਕਰ ਕੇ। ਅਪਰੰਪਰਾ = ਜੋ ਪਰੇ ਤੋਂ ਪਰੇ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।3।

ਨਟੂਐ = ਨਟ ਨੇ, ਮਦਾਰੀ ਨੇ। ਬਾਜੀ = ਖੇਡ। ਦੇਖੀਐ = ਦੇਖੀਦਾ ਹੈ। ਉਝਰਤ = ਉਜੜਦਿਆਂ। ਬਾਰਾ = ਚਿਰ, ਦੇਰ।4।

ਹਉਮੈ ਚਉਪੜਿ = ਹਉਮੈ ਦਾ ਚਉਪੜ। ਝੂਠੇ ਅਹੰਕਾਰਾ = ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ। ਜਿਣੈ = ਜਿੱਤਦਾ ਹੈ।5।

ਅੰਧੁਲੈ ਹਥਿ = ਅੰਨ੍ਹੇ ਮਨੁੱਖ ਦੇ ਹੱਥ ਵਿਚ। ਟੋਹਣੀ = ਡੰਗੋਰੀ, ਸੋਟੀ। ਟੇਕ = ਸਹਾਰਾ। ਨਿਸਿ = ਰਾਤ। ਦਉਤ = {ªoq} ਚਾਨਣ। ਸਵਾਰੈ = ਸਵੇਰੇ। ਦਉਤ ਸਵਾਰੈ = ਸਵੇਰ ਦੇ ਚਾਨਣ ਵੇਲੇ, ਦਿਨੇ।6।

ਨਾਮ ਆਧਾਰਾ = ਨਾਮ ਦਾ ਆਸਰਾ। ਅੰਤਿ = ਅੰਤ ਤਕ (ਨਿਭਣ ਵਾਲਾ) । ਸਖਾਈ = ਮਿੱਤਰ, ਸਾਥੀ। ਜਨ = ਦਾਸ ਨੂੰ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਦੁਆਰਾ = ਰਸਤਾ, ਦਰਵਾਜ਼ਾ।7।

ਜਪਿ = ਜਪ ਕੇ। ਮੁਰਾਰੇ ਨਾਮੁ = ਪਰਮਾਤਮਾ ਦਾ ਨਾਮ।8।

ਅਰਥ: ਜਿਸ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ, ਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ। (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ ਉਹ) ਸਿਆਣਪ ਫਿਟਕਾਰਜੋਗ ਹੈ।1। ਰਹਾਉ।

(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ।1।

ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ। ਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ।2।

ਗੁਰੂ ਦੀ ਸਰਨ ਪੈ ਕੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤੇ ਇਸ ਤਰ੍ਹਾਂ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ, ਪਰਮਾਤਮਾ ਨੂੰ ਲੱਭ ਲੈਂਦਾ ਹੈ।3।

(ਜਿਵੇਂ ਕਿਸੇ) ਮਦਾਰੀ ਨੇ (ਕੋਈ) ਤਮਾਸ਼ਾ ਰਚਾਇਆ ਹੁੰਦਾ ਹੈ (ਤੇ ਲੋਕ ਉਸ ਤਮਾਸ਼ੇ ਨੂੰ ਵੇਖ ਵੇਖ ਕੇ ਖ਼ੁਸ਼ ਹੁੰਦੇ ਹਨ, ਘੜੀਆਂ ਪਲਾਂ ਪਿਛੋਂ ਉਹ ਤਮਾਸ਼ਾ ਖ਼ਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ) ਸੰਸਾਰ (ਇਕ) ਖੇਡ (ਹੀ) ਹੈ। ਘੜੀ ਪਲ ਇਹ ਖੇਡ ਵੇਖੀਦੀ ਹੈ। ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ।4।

(ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ = ਇਸ) ਹਉਮੈ ਦੀ ਚਉਪੜ ਦੀ (ਜਗਤ) ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ, (ਇਸ ਖੇਡ ਵਿਚ ਲੱਗ ਕੇ) ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ। ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ।5।

ਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ, ਇਸ ਤਰ੍ਹਾਂ) ਅਸਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ (ਹੀ ਹੈ ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ) । ਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ (ਜੋ) ਰਾਤ ਦਿਨੇ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ।6।

ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ, ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾਂ। (ਤੇਰੀ ਮੇਹਰ ਨਾਲ ਹੀ) ਹੇ ਹਰੀ! (ਸਾਨੂੰ ਜੀਵਾਂ ਨੂੰ) ਤੇਰੇ ਨਾਮ ਦਾ ਆਸਰਾ ਮਿਲ ਸਕਦਾ ਹੈ। ਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ।7।

ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ। ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।8। 22।

ਆਸਾ ਮਹਲਾ ੩ ਅਸਟਪਦੀਆ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥ ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥ ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥ ਤੇਤੀਸ ਕਰੋੜੀ ਦਾਸ ਤੁਮੑਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥ ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥ ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥ ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥ ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥ ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥ ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥ ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥ ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥ ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥ {ਪੰਨਾ 422-423}

ਪਦ ਅਰਥ: ਸਰੁ = ਸਰੋਵਰ। ਸੁਰਸਰੀ = ਗੰਗਾ। ਸਮਾਣੀ = ਲੀਨਤਾ। ਸਾਖਾ ਤੀਨਿ = ਤਿੰਨ ਟਾਹਣੀਆਂ ਵਾਲੀ, ਤਿੰਨ ਗੁਣਾਂ ਵਾਲੀ ਮਾਇਆ। ਮੂਲੁ = ਮੁੱਢ। ਸਾਖਾ ਤੀਨਿ ਮੂਲੁ = ਤ੍ਰਿਗੁਣੀ ਮਾਇਆ ਦਾ ਕਰਤਾ। ਰਾਵੈ = ਮਾਣਦੀ ਹੈ, ਸਿਮਰਦੀ ਹੈ। ਵਿਡਾਣੀ = ਅਸਚਰਜ।1।

ਤਾ ਕੇ = ਉਸ (ਪਰਮਾਤਮਾ) ਦੇ। ਜਨੁ = ਦਾਸ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ।1। ਰਹਾਉ।

ਅਧਾਰੀ = ਆਸਰਾ। ਵੀਚਾਰੀ = ਮੈਂ ਵਿਚਾਰ ਕਰਾਂ।2।

ਜੁਗ ਅੰਤਰਿ = ਜਗਤ ਵਿਚ। ਖਾਣੀ = ਉਤਪੱਤੀ ਦਾ ਵਸੀਲਾ (ਅੰਡਜ, ਜੇਰਜ, ਸੇਤਜ, ਉਤਭੁਜ) । ਕਰਮੁ = ਬਖ਼ਸ਼ਸ਼। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਕਥੇ = ਆਖਦਾ ਹੈ। ਅਕਥ = ਜਿਸ ਦਾ ਸਰੂਪ ਬਿਆਨ ਨਾ ਕੀਤਾ ਜਾ ਸਕੇ।3।

ਕੋ ਪਰਾਣੀ = ਕੋਈ ਜੀਵ। ਜਾ ਕਉ = ਜਿਸ ਉਤੇ। ਸਾਈ = ਉਹੀ ਜੀਵ-ਇਸਤ੍ਰੀ। ਸਚਿ = ਸਦਾ-ਥਿਰ ਨਾਮ ਵਿਚ।4।

ਜੇਤੀ = ਜਿਤਨੀ ਭੀ। ਆਵਣ ਜਾਣ = ਜਨਮ ਮਰਨ ਵਿਚ ਪਈ ਹੋਈ ਲੁਕਾਈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲੀ ਸ੍ਰਿਸ਼ਟੀ। ਇਆਣੀ = ਮੂਰਖ।5।

ਤਾ ਕਾ = ਉਸ (ਪਰਮਾਤਮਾ) ਦਾ। ਬਪੁੜਾ = ਵਿਚਾਰਾ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਵਤਾਰੀ = ਟਿਕਿਆ ਰਿਹਾ।6।

ਜੁਗਹ ਜੁਗਹ = ਅਨੇਕਾਂ ਜੁਗਾਂ ਦੇ। ਕੀਏ = ਬਣਾਏ, ਪੈਦਾ ਕੀਤੇ। ਗਾਵਹਿ = (ਲੋਕ ਉਹਨਾਂ ਨੂੰ) ਸਲਾਹੁੰਦੇ ਹਨ। ਕਰਿ = ਮੰਨ ਕੇ।7।

ਸਚਾ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ-ਥਿਰ ਪ੍ਰਭੂ ਦਾ ਰੂਪ। ਸਾਚੁ = ਸਦਾ-ਥਿਰ ਨਾਮ। ਸਹਜੇ = ਸਹਿਜ ਹੀ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।8।

ਅਰਥ: ਹੇ ਪ੍ਰਭੂ! ਤੇਰਾ ਨਾਮ-ਸਰੋਵਰ (ਮੇਰੇ ਵਾਸਤੇ) ਸ਼ਾਸਤ੍ਰ ਵੇਦ ਸਿੰਮ੍ਰਿਤੀਆਂ (ਦੀ ਵਿਚਾਰ) ਹੈ, ਤੇਰੇ ਚਰਨਾਂ ਵਿਚ ਲੀਨਤਾ (ਮੇਰੇ ਵਾਸਤੇ) ਗੰਗਾ (ਆਦਿਕ ਤੀਰਥ ਦਾ ਇਸ਼ਨਾਨ) ਹੈ। ਹੇ ਪ੍ਰਭੂ! ਤੂੰ ਇਸ ਸਾਰੇ ਅਸਚਰਜ ਜਗਤ ਦਾ ਮਾਲਕ ਹੈਂ, ਤੂੰ ਤ੍ਰਿਗੁਣੀ ਮਾਇਆ ਦਾ ਕਰਤਾ ਹੈਂ। ਮੇਰੀ ਬੁੱਧੀ (ਤੇਰੀ ਯਾਦ ਦੇ ਅਨੰਦ ਨੂੰ ਹੀ) ਮਾਣਦੀ ਰਹਿੰਦੀ ਹੈ।1।

(ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰੀ ਰੱਖਦਾ ਹੈ, ਆਤਮਕ ਜੀਵਨ ਦੇਣ ਵਾਲੀ ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਉਚਾਰਦਾ ਰਹਿੰਦਾ ਹੈ।1। ਰਹਾਉ।

(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਤੇਤੀ ਕ੍ਰੋੜ ਦੇਵਤੇ ਤੇਰੇ ਹੀ ਦਾਸ ਹਨ (ਜਿਨ੍ਹਾਂ ਰਿੱਧੀਆਂ ਸਿੱਧੀਆਂ ਤੇ ਪ੍ਰਾਣਾਯਾਮ ਉਤੇ ਲੋਕ ਰੀਝਦੇ ਹਨ ਉਹਨਾਂ) ਰਿੱਧੀਆਂ ਸਿੱਧੀਆਂ ਤੇ ਪ੍ਰਾਣਾਂ ਦਾ ਤੂੰ ਹੀ ਆਸਰਾ ਹੈਂ। (ਹੇ ਭਾਈ!) ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ?।2।

ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ। (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ। ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ।3।

ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ। ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ।4।

ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ, ਪਰ ਜਦੋਂ ਤੈਨੂੰ ਚੰਗਾ ਲੱਗਦਾ ਹੈ ਗੁਰੂ ਦੀ ਸਰਨ ਪਿਆ ਹੋਇਆ ਹੀ ਕੋਈ-ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ।5।

(ਹੇ ਭਾਈ! ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ। ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ।6।

(ਹੇ ਭਾਈ! ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ। ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਾਹ ਲੱਭਾ। (ਮੈਂ ਕੀਹ ਵਿਚਾਰਾ ਹਾਂ?) ਮੈਂ ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ?।7।

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ।8।1। 23।

TOP OF PAGE

Sri Guru Granth Darpan, by Professor Sahib Singh