ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 423

ਆਸਾ ਮਹਲਾ ੩ ॥ ਸਤਿਗੁਰ ਹਮਰਾ ਭਰਮੁ ਗਵਾਇਆ ॥ ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥ ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥ ਸੁਣਿ ਮਨ ਮੇਰੇ ਤਤੁ ਗਿਆਨੁ ॥ ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥ ਸਤਿਗੁਰ ਭੇਟੇ ਕੀ ਵਡਿਆਈ ॥ ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥ ਸਹਜੇ ਮਾਤਾ ਹਰਿ ਗੁਣ ਗਾਈ ॥੨॥ ਵਿਣੁ ਗੁਰ ਪੂਰੇ ਕੋਇ ਨ ਜਾਣੀ ॥ ਮਾਇਆ ਮੋਹਿ ਦੂਜੈ ਲੋਭਾਣੀ ॥ ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥ ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥ ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥ ਦਰਿ ਸਾਚੈ ਦੀਸੈ ਸਚਿਆਰੁ ॥੪॥ ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥ ਆਪੁ ਪਛਾਣਿ ਹਰਿ ਪਾਵੈ ਸੋਇ ॥ ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥ ਗੁਰ ਸੇਵਾ ਤੇ ਸਭ ਕੁਲ ਉਧਾਰੇ ॥ ਨਿਰਮਲ ਨਾਮੁ ਰਖੈ ਉਰਿ ਧਾਰੇ ॥ ਸਾਚੀ ਸੋਭਾ ਸਾਚਿ ਦੁਆਰੇ ॥੬॥ ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥ ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥ ਨਾਮੇ ਉਧਰੇ ਕੁਲ ਸਬਾਏ ॥੭॥ ਨਾਨਕੁ ਸਾਚੁ ਕਹੈ ਵੀਚਾਰੁ ॥ ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥ ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥ {ਪੰਨਾ 423}

ਪਦ ਅਰਥ: ਭਰਮੁ = ਭਟਕਣਾ। ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ। ਮੰਨਿ = ਮਨਿ ਵਿਚ। ਚੀਨੑਿ = ਪਰਖ ਕੇ।1।

ਮਨ = ਹੇ ਮਨ! ਤਤੁ = ਅਸਲੀਅਤ। ਬਿਧਿ = ਹਾਲਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਧਾਨੁ = ਖ਼ਜ਼ਾਨਾ।1। ਰਹਾਉ।

ਭੇਟੇ = ਮਿਲੇ। ਜਿਨਿ = ਜਿਸ (ਗੁਰੂ) ਨੇ। ਮਮਤਾ = ਅਪਣੱਤ। ਸਹਜੇ = ਆਤਮਕ ਅਡੋਲਤਾ ਵਿਚ।2।

ਜਾਣੀ = ਜਾਣਦਾ। ਮੋਹਿ = ਮੋਹ ਵਿਚ।3।

ਤਪਾਂ ਸਿਰਿ = ਸਾਰੇ ਤਪਾਂ ਦੇ ਸਿਰ ਉਤੇ। ਸਾਰੁ = ਸ੍ਰੇਸ਼ਟ। ਮਨਿ = ਮਨ ਵਿਚ। ਦਰਿ = ਦਰ ਤੇ। ਸਚਿਆਰੁ = ਸੁਰਖ਼-ਰੂ।4।

ਆਪੁ = ਆਪਣੇ ਆਤਮਕ ਜੀਵਨ ਨੂੰ। ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ।5।

ਤੇ = ਨਾਲ। ਉਧਾਰੇ = ਵਿਕਾਰਾਂ ਤੋਂ ਬਚਾ ਲੈਂਦਾ ਹੈ। ਉਰਿ = ਹਿਰਦੇ ਵਿਚ। ਸਾਚਿ ਦੁਆਰੇ = ਸਦਾ-ਥਿਰੁ ਦਰ ਤੇ।6।

ਜਿ = ਜੇਹੜੇ। ਗੁਰਿ = ਗੁਰੂ ਨੇ। ਅਨਦਿਨੁ = ਹਰ ਰੋਜ਼। ਕੁਲ = ਖ਼ਾਨਦਾਨ। ਸਬਾਏ = ਸਾਰੇ।7।

ਨਾਨਕੁ ਕਹੈ– ਨਾਨਕ ਆਖਦਾ ਹੈ। ਸਾਚੁ = ਅਟੱਲ। ਧਾਰਿ = ਟਿਕਾ ਕੇ। ਮੋਖ ਦੁਆਰ = ਮੁਕਤੀ ਦਾ ਦਰਵਾਜ਼ਾ।8।

ਅਰਥ: ਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਅਸਲੀਅਤ ਸੁਣ (ਇਹ) ਜਾਣ-ਪਛਾਣ ਦੀ ਗੱਲ ਸੁਣ = ਉਹ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਪਰਮਾਤਮਾ ਹਰੇਕ ਢੰਗ ਜਾਣਦਾ ਹੈ। (ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ।1। ਰਹਾਉ।

(ਹੇ ਭਾਈ!) ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ, ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ, ਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ।1।

(ਹੇ ਮੇਰੇ ਮਨ!) ਗੁਰੂ ਨੂੰ ਮਿਲਣ (ਤੋਂ ਪੈਦਾ ਹੋਈ) ਆਤਮਕ ਉੱਚਤਾ (ਦੀ ਗੱਲ ਸੁਣ) ਕਿ ਉਸ ਗੁਰੂ ਨੇ (ਜਿਸ ਮਨੁੱਖ ਦੀ) ਅਪਣੱਤ ਦੂਰ ਕਰ ਦਿੱਤੀ, ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਹ ਮਨੁੱਖ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।2।

(ਹੇ ਮੇਰੇ ਮਨ!) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ (ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ।3।

(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਸਭ ਤੋਂ ਸ੍ਰੇਸ਼ਟ ਤਪ ਹੈ। ਸਾਰੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ (ਗੁਰੂ ਦੀ ਕਿਰਪਾ ਨਾਲ ਹੀ) ਮਨ ਵਿਚ ਆ ਵੱਸਦਾ ਹੈ, ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ।4।

(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ, ਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ।5।

(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ, ਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ।6।

(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ (ਸਮਝ) ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ। ਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ। (ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ।7।

(ਹੇ ਭਾਈ!) ਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ (ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ। ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ।8।2। 24।

ਆਸਾ ਮਹਲਾ ੩ ॥ ਆਸਾ ਆਸ ਕਰੇ ਸਭੁ ਕੋਈ ॥ ਹੁਕਮੈ ਬੂਝੈ ਨਿਰਾਸਾ ਹੋਈ ॥ ਆਸਾ ਵਿਚਿ ਸੁਤੇ ਕਈ ਲੋਈ ॥ ਸੋ ਜਾਗੈ ਜਾਗਾਵੈ ਸੋਈ ॥੧॥ ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥ ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥ ਕਲਿ ਕੀਰਤਿ ਸਬਦੁ ਪਛਾਨੁ ॥ ਏਹਾ ਭਗਤਿ ਚੂਕੈ ਅਭਿਮਾਨੁ ॥ ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥ ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥ ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥ ਕਰਿ ਕਿਰਪਾ ਨਾਮੁ ਮੰਨਿ ਵਸਾਏ ॥ ਇਹੁ ਸਿਰੁ ਦੀਜੈ ਆਪੁ ਗਵਾਏ ॥ ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥ ਆਪਿ ਕਰੇ ਤੈ ਆਪਿ ਕਰਾਏ ॥ ਆਪੇ ਗੁਰਮੁਖਿ ਨਾਮੁ ਵਸਾਏ ॥ ਆਪਿ ਭੁਲਾਵੈ ਆਪਿ ਮਾਰਗਿ ਪਾਏ ॥ ਸਚੈ ਸਬਦਿ ਸਚਿ ਸਮਾਏ ॥੪॥ ਸਚਾ ਸਬਦੁ ਸਚੀ ਹੈ ਬਾਣੀ ॥ ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥ ਮਨਮੁਖਿ ਮੋਹਿ ਭਰਮਿ ਭੋਲਾਣੀ ॥ ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥ ਤੀਨਿ ਭਵਨ ਮਹਿ ਏਕਾ ਮਾਇਆ ॥ ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥ ਬਹੁ ਕਰਮ ਕਮਾਵੈ ਦੁਖੁ ਸਬਾਇਆ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥ ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥ ਅਨਦਿਨੁ ਭੋਗੇ ਹਉਮੈ ਮਾਰਿ ॥ ਸਹਜਿ ਅਨੰਦਿ ਕਿਰਪਾ ਧਾਰਿ ॥ ਨਾਮਿ ਰਤੇ ਸਦਾ ਸਚਿ ਪਿਆਰਿ ॥੭॥ ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥ ਹਰਿ ਜਪਿ ਪੜੀਐ ਹਉਮੈ ਮਾਰਿ ॥ ਹਰਿ ਜਪੀਐ ਭਇ ਸਚਿ ਪਿਆਰਿ ॥ ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥ {ਪੰਨਾ 423-424}

ਪਦ ਅਰਥ: ਆਸਾ ਆਸ ਕਰੇ = ਆਸਾਂ ਹੀ ਆਸਾਂ ਬਣਾਂਦਾ ਹੈ। ਸਭੁ ਕੋਈ = ਹਰੇਕ ਜੀਵ। ਨਿਰਾਸਾ = ਆਸਾਂ ਤੋਂ ਸੁਤੰਤਰ। ਲੋਈ = ਲੋਕ। ਸੋਈ = ਉਹ ਆਪ ਹੀ।1।

ਸਤਿਗੁਰਿ = ਗੁਰੂ ਨੇ। ਨਾਮੇ = ਨਾਮ ਦੀ ਰਾਹੀਂ ਹੀ। ਤਿਸੈ ਰਜਾਈ = ਉਸ ਪਰਮਾਤਮਾ ਦੀ ਰਜ਼ਾ ਨਾਲ ਹੀ।1। ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਕਲਿ = ਇਸ ਜਗਤ ਵਿਚ। ਚੂਕੈ = ਮੁੱਕਦਾ ਹੈ। ਸੇਵਿਐ = ਸੇਵਾ ਕੀਤਿਆਂ। ਜਿਨਿ = ਜਿਸ ਪਰਮਾਤਮਾ ਨੇ।2।

ਤਿਸੁ = ਉਸ (ਗੁਰੂ) ਨੂੰ। ਦੀਜੈ = ਦੇਈਏ। ਜਿ = ਜੇਹੜਾ। ਮੰਨਿ = ਮਨਿ, ਮਨ ਵਿਚ। ਆਪੁ = ਆਪਾ-ਭਾਵ, ਹਉਮੈ। ਗਵਾਇ = ਗਵਾ ਕੇ।3।

ਤੈ = ਅਤੇ। ਗੁਰਮੁਖਿ = ਗੁਰੂ ਦੀ ਰਾਹੀਂ। ਮਾਰਗਿ = ਰਸਤੇ ਉਤੇ। ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ।4।

ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ। ਬਉਰਾਣੀ = ਕਮਲੀ, ਪਾਗਲ।5।

ਮੂਰਖਿ = ਮੂਰਖ ਨੇ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਬਾਇਆ = ਸਾਰਾ ਹੀ।6।

ਅੰਮ੍ਰਿਤ ਸਬਦੁ = ਆਤਮਕ ਜੀਵਨ ਦੇਣ ਵਾਲਾ ਸ਼ਬਦ। ਅਨਦਿਨੁ = ਹਰ ਰੋਜ਼। ਮਾਰਿ = ਮਾਰ ਕੇ। ਸਹਜਿ = ਆਤਮਕ ਅਡੋਲਤਾ ਵਿਚ। ਅਨੰਦਿ = ਆਨੰਦ ਵਿਚ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਚਿ = ਸਦਾ-ਥਿਰ ਵਿਚ। ਪਿਆਰਿ = ਪਿਆਰ ਵਿਚ।7।

ਜਪਿ = ਜਪ ਕੇ, ਜਪੀਏ। ਵੀਚਾਰਿ = ਵਿਚਾਰ ਕੇ। ਭਇ = ਭਉ ਵਿਚ।8।

ਅਰਥ: (ਹੇ ਭਾਈ! ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ। ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ। (ਹੇ ਭਾਈ!) ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ। ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ।1।

(ਹੇ ਭਾਈ! ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) । ਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ) । (ਹੇ ਭਾਈ!) ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ।1। ਰਹਾਉ।

(ਹੇ ਭਾਈ! ਇਸ ਵਿਕਾਰਾਂ-ਵੇੜ੍ਹੇ) ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ। ਪਰਮਾਤਮਾ ਦੀ ਭਗਤੀ ਹੀ ਹੈ (ਜਿਸ ਦੀ ਬਰਕਤਿ ਨਾਲ ਮਨ ਵਿਚੋਂ) ਅਹੰਕਾਰ ਦੂਰ ਹੁੰਦਾ ਹੈ, ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ। (ਹੇ ਭਾਈ! ਇਹਨਾਂ ਆਸਾਂ ਦੇ ਜਾਲ ਵਿਚੋਂ ਨਿਕਲਣ ਲਈ) ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ।2।

(ਹੇ ਭਾਈ!) ਜੇਹੜਾ (ਗੁਰੂ ਆਪਣਾ) ਸ਼ਬਦ ਸੁਣਾਂਦਾ ਹੈ ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ ਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ? (ਹੇ ਭਾਈ!) ਆਪਾ-ਭਾਵ ਦੂਰ ਕਰ ਕੇ ਆਪਣਾ ਇਹ ਸਿਰ (ਗੁਰੂ ਅੱਗੇ) ਭੇਟਾ ਕਰਨਾ ਚਾਹੀਦਾ ਹੈ (ਜੇਹੜਾ ਮਨੁੱਖ ਆਪਣਾ-ਆਪ ਗੁਰੂ ਦੇ ਹਵਾਲੇ ਕਰਦਾ ਹੈ ਉਹ) ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ।3।

(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ। ਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ। ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ (ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।4।

(ਹੇ ਭਾਈ!) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੀ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ) । ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ। (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਹੋ ਕੇ ਲੁਕਾਈ ਭਟਕਦੀ ਰਹੀ ਹੈ।5।

(ਹੇ ਭਾਈ!) ਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ। ਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ। ਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ। ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ।6।

ਹੇ ਭਾਈ! ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਤੇ, ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ। (ਗੁਰੂ) ਕਿਰਪਾ ਕਰ ਕੇ ਉਸ ਨੂੰ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਟਿਕਾਈ ਰੱਖਦਾ ਹੈ। (ਹੇ ਭਾਈ!) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।7।

ਹੇ ਭਾਈ! ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ, ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।

ਹੇ ਨਾਨਕ! (ਆਖ– ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ।8।3। 25।

TOP OF PAGE

Sri Guru Granth Darpan, by Professor Sahib Singh