ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 424

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥ ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥ ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥ ਏਕੋ ਨਾਮੁ ਚੇਤਿ ਮੇਰੇ ਭਾਈ ॥ ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥ ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥ ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥ ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥ ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥ ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥ ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥ ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥ ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥ ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥ ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥ ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥ ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥ ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥ ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥ {ਪੰਨਾ 424}

ਨੋਟ: ਇਹ ਅਸਟਪਦੀਆਂ ਰਾਗ ਆਸਾ ਅਤੇ ਰਾਗ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣੀਆਂ ਹਨ।

ਪਦ ਅਰਥ: ਤੇ = ਤੋਂ, ਪਾਸੋਂ। ਊਪਜੈ = ਪੈਦਾ ਹੁੰਦੀ ਹੈ। ਜਿਨਿ = ਜਿਸ (ਗੁਰੂ) ਨੇ। ਵਡਿਆਈ = ਆਦਰ-ਮਾਣ।1।

ਚੇਤਿ = ਸਿਮਰ। ਭਾਈ = ਹੇ ਭਾਈ! ਭਜਿ = ਦੌੜ ਕੇ।1। ਰਹਾਉ।

ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ = ਅਸਲੀਅਤ। ਭੰਡਾਰਾ = ਖ਼ਜ਼ਾਨੇ।2।

ਗੁਰਮੁਖਿ = ਗੁਰੂ ਦੀ ਰਾਹੀਂ। ਸਲਾਹ = ਸਿਫ਼ਤਿ-ਸਾਲਾਹ। ਅੰਤਰਿ = ਹਿਰਦੇ ਵਿਚ। ਅਪਾਰਾ = ਬੇਅੰਤ ਦਾ।3।

ਨਿਰਮਲੁ = ਪਵਿੱਤ੍ਰ।4।

ਆਪੁ = ਆਪਾ-ਭਾਵ, ਹਉਮੈ। ਪਸਰਿ ਰਹੀ = ਖਿੱਲਰੀ ਹੋਈ ਹੈ।5।

ਗੁਰਿ = ਗੁਰੂ ਨੇ। ਊਤਮ = ਸ੍ਰੇਸ਼ਟ। ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}।6।

ਕਰੇਈ = ਕਰੇਇ, ਕਰਦਾ ਹੈ। ਕਿਲਵਿਖ = ਪਾਪ। ਕਟੀਅਹਿ = ਕੱਟੇ ਜਾਂਦੇ ਹਨ। ਬਿਘਨੁ = ਰੁਕਾਵਟ।7।

ਹਥਿ = ਹੱਥ ਵਿਚ। ਦੇ = ਦੇ ਕੇ। ਨਾਮੇ = ਨਾਮ ਵਿਚ। ਨਿਧਾਨੁ = ਖ਼ਜ਼ਾਨਾ। ਮਨਿ = ਮਨ ਵਿਚ।8।

ਅਰਥ: ਹੇ ਮੇਰੇ ਭਾਈ! (ਜੇ ਤੂੰ ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈਂ ਤਾਂ) ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ (ਜਿਸ ਨੇ ਮੈਨੂੰ ਨਾਮ ਦੀ ਦਾਤਿ ਬਖ਼ਸ਼ ਦਿੱਤੀ ਹੈ) ।1। ਰਹਾਉ।

ਹੇ ਮੇਰੇ ਭਾਈ! ਜਿਸ ਗੁਰੂ ਨੇ (ਮੇਰੀ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ (ਤੂੰ ਭੀ ਉਸ ਦੀ ਸਰਨ ਪਉ) , ਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ। ਹੇ ਭਾਈ! ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ।1।

ਹੇ ਭਾਈ! ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਆਤਮਕ ਜੀਵਨ ਦੀ ਸੂਝ ਹੀ ਸਭ ਤੋਂ ਵੱਡੀ ਅਸਲੀਅਤ ਹੈ ਤੇ ਸ੍ਰੇਸ਼ਟ ਵਿਚਾਰ ਹੈ। (ਹੇ ਭਾਈ! ਮੈਂ ਤਾਂ) ਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਾ ਹੈ ਤੇ ਪਰਮਾਤਮਾ ਦੀ ਭਗਤੀ ਦੇ (ਮੇਰੇ ਅੰਦਰ) ਖ਼ਜ਼ਾਨੇ ਭਰ ਗਏ ਹਨ।1।

ਹੇ ਮੇਰੇ ਭਾਈ! ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ (ਗੁਰੂ ਦੀ ਸਰਨ ਪੈ ਕੇ ਹੀ ਮਨੁੱਖ) ਇਸ ਵਿਚਾਰ ਨੂੰ ਸਮਝ ਸਕਦਾ ਹੈ। ਗੁਰੂ ਦੀ ਸਰਨ ਆਇਆਂ ਪਰਮਾਤਮਾ ਦੀ ਭਗਤੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਆ ਵੱਸਦਾ ਹੈ।3।

ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਉਸ ਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕਦਾ। ਗੁਰੂ ਦੀ ਸਰਨ ਪਿਆਂ (ਅੰਦਰੋਂ) ਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ।4।

ਹੇ ਭਾਈ! ਜੇ ਗੁਰੂ ਮਿਲ ਪਏ ਤਾਂ ਹਉਮੈ ਅਹੰਕਾਰ ਨਾਸ ਹੋ ਜਾਂਦਾ ਹੈ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤਿੰਨਾਂ ਹੀ ਭਵਨਾਂ ਵਿਚ ਵਿਆਪਕ ਹੈ, ਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤਿ ਜੁੜ ਜਾਂਦੀ ਹੈ।5।

ਹੇ ਭਾਈ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਆਤਮਕ ਜੀਵਨ ਦੀ) ਸਮਝ ਬਖ਼ਸ਼ ਦਿੱਤੀ (ਉਸ ਦੀ) ਅਕਲ ਸ੍ਰੇਸ਼ਟ ਹੋ ਜਾਂਦੀ ਹੈ, ਉਸ ਦਾ ਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ, ਹਰਿ-ਨਾਮ ਦੀ ਰਾਹੀਂ ਉਸ ਨੂੰ ਆਨੰਦ ਪ੍ਰਾਪਤ ਹੁੰਦਾ ਹੈ।6।

(ਪਰ, ਹੇ ਭਾਈ!) ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਉਸ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ।7।

ਹੇ ਨਾਨਕ! (ਆਖ– ਹੇ ਭਾਈ! ਸਾਰੀਆਂ) ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ। (ਜਿਸ ਮਨੁੱਖ ਦੇ) ਮਨ ਵਿਚ ਉਸ ਦਾ ਨਾਮ-ਖ਼ਜ਼ਾਨਾ ਆ ਵੱਸਦਾ ਹੈ (ਉਹ ਮਨੁੱਖ ਲੋਕ ਪਰਲੋਕ ਵਿਚ) ਆਦਰ-ਮਾਣ ਪਾਂਦਾ ਹੈ।8।4। 26।

TOP OF PAGE

Sri Guru Granth Darpan, by Professor Sahib Singh