ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 425

ਆਸਾ ਮਹਲਾ ੩ ॥ ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥ ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥ ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥ ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥ ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥ ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥ ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥ ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥ ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥ ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥ ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥ ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥ ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥ ਓਇ ਭੁਲਾਏ ਕਿਸੈ ਦੇ ਨ ਭੁਲਨੑੀ ਸਚੁ ਜਾਣਨਿ ਸੋਈ ॥੭॥ ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥ ਨਾਨਕ ਬਿਨੁ ਸਤਿਗੁਰ ਵਸਿ ਨ ਆਵਨੑੀ ਨਾਮਿ ਹਉਮੈ ਮਾਰੀ ॥੮॥੫॥੨੭॥ {ਪੰਨਾ 425}

ਪਦ ਅਰਥ: ਮਨ = ਹੇ ਮਨ! ਮੰਨਿ = ਮਨਿ, ਮਨ ਵਿਚ। ਭਾਈ = ਹੇ ਭਾਈ! ਅਨਦਿਨੁ = ਹਰ ਰੋਜ਼। ਸਚੀ = ਸਦਾ ਕਾਇਮ ਰਹਿਣ ਵਾਲੀ। ਸਚੈ = ਸਦਾ-ਥਿਰ ਪ੍ਰਭੂ ਵਿਚ। ਲਾਈ = ਲਾਇ, ਲਾ।1।

ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ। ਵਡਿਆਈ = ਆਦਰ-ਮਾਣ।1। ਰਹਾਉ।

ਨੋ = ਨੂੰ, ਵਾਸਤੇ। ਸੁਰਿਨਰ = ਦੇਵਤੇ। ਜੋਤਿਕੀ = ਜੋਤਸ਼ੀ। ਬੂਝ = ਸਮਝ। ਨ ਪਾਇ = ਨਹੀਂ ਪਾਈ।2।

ਆਪੈ ਥੈ = ਆਪਣੇ ਹੱਥ ਵਿਚ {ਥੈ = ਹਥੈ}। ਰਖਿਓਨੁ = ਉਸ ਨੇ ਰੱਖਿਆ ਹੈ। ਗੁਰਿ = ਗੁਰੂ ਨੇ।3।

ਸਭਿ = ਸਾਰੇ। ਤਿਸ ਦੇ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਦੇ' ਦੇ ਕਾਰਨ ਉੱਡ ਗਿਆ ਹੈ}। ਕਿਸ ਨੋ = {ਤਿਵੇਂ ਹੀ ਲਫ਼ਜ਼ 'ਕਿਸ' ਦਾ ੁ }।4।

ਸਿਰਿ = ਸਿਰ ਉਤੇ। ਭਵਾਲੀ = ਭਵਾਟਣੀ। ਦਿਤੀਅਨੁ = ਉਸ ਨੇ ਦਿੱਤੀ ਹੈ।5।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੀਤੀਅਨੁ = ਉਸ ਨੇ ਕੀਤੇ ਹਨ। ਬਖਸੀਅਨੁ = ਉਸ ਨੇ ਬਖ਼ਸ਼ੀ ਹੈ।6।

ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}।7।

ਪੰਜ = ਕਾਮਾਦਿਕ ਪੰਜੇ। ਵੀਚਾਰੀ = ਵਿਚਾਰਵਾਨ। ਨਾਮਿ = ਨਾਮ ਦੀ ਰਾਹੀਂ।8।

ਅਰਥ: ਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ (ਇਸ ਤਰ੍ਹਾਂ) ਸੁਖ ਹਾਸਲ ਕਰੇਂਗਾ, (ਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰ ਕੇ ਲੋਕ ਪਰਲੋਕ ਵਿਚ) ਬਹੁਤ ਆਦਰ ਮਿਲੇਗਾ।1। ਰਹਾਉ।

ਹੇ ਮੇਰੇ ਮਨ! (ਮੇਰੀ ਗੱਲ) ਸੁਣ; ਤੂੰ ਆਪਣੇ ਅੰਦਰ (ਪਰਮਾਤਮਾ ਦਾ ਨਾਮ) ਟਿਕਾਈ ਰੱਖ। ਹੇ ਮੇਰੇ ਵੀਰ! (ਇਸ ਤਰ੍ਹਾਂ ਉਹ ਪਰਮਾਤਮਾ) ਆਪ ਹੀ ਆ ਮਿਲਦਾ ਹੈ। ਹੇ ਭਾਈ! ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਇਹੀ ਸਦਾ-ਥਿਰ ਰਹਿਣ ਵਾਲੀ ਚੀਜ਼ ਹੈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ।1।

ਹੇ ਭਾਈ! ਦੇਵਤੇ ਤੇ ਰਿਸ਼ੀ-ਮੁਨੀ ਭੀ ਇਹ ਹਰਿ-ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤਿ ਮਿਲਦੀ ਨਹੀਂ। ਪੰਡਿਤ ਲੋਕ (ਵੇਦ ਸ਼ਾਸਤ੍ਰ ਆਦਿਕ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਹਨਾਂ ਨੂੰ ਭੀ ਨਾਹ ਪਈ।2।

ਪਰ, ਹੇ ਭਾਈ! ਪਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ (ਕਿ ਉਹ ਭਗਤੀ ਦੀ ਦਾਤਿ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ ਦੇਂਦਾ, ਹਾਂ) ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ।3।

ਹੇ ਭਾਈ! ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ, ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ।4।

ਹੇ ਭਾਈ! ਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ। ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ (ਮਾਇਆ ਦੇ ਮੋਹ ਦੀ) ਭਵਾਟਣੀ ਦਿੱਤੀ, ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ।5।

(ਹੇ ਭਾਈ!) ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ (ਸਹੀ ਆਤਮਕ ਜੀਵਨ ਦੀ) ਵਿਚਾਰ ਸਮਝਣ ਲੱਗ ਪਏ। ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤਿ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ-ਧਨ ਦੇ ਖ਼ਜ਼ਾਨੇ ਭਰ ਗਏ।6।

ਹੇ ਭਾਈ! ਸਹੀ ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਪ੍ਰਭੂ ਦੀ ਮੇਹਰ ਨਾਲ ਉਹਨਾਂ ਨੂੰ) ਇਹੀ ਸਮਝ ਆ ਜਾਂਦੀ ਹੈ। ਜੇ ਕੋਈ ਮਨੁੱਖ ਉਹਨਾਂ ਨੂੰ (ਇਸ ਨਿਸ਼ਚੇ ਵਲੋਂ) ਟਪਲਾ ਲਾਣਾ ਚਾਹੇ ਤਾਂ ਉਹ ਗ਼ਲਤੀ ਨਹੀਂ ਖਾਂਦੇ, ਉਹ (ਹਰ ਥਾਂ) ਸਦਾ-ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ।7।

(ਹੇ ਭਾਈ! ਕਾਮਾਦਿਕ) ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿਚ ਭੀ ਵੱਸਦੇ ਹਨ, ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ, (ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ) । ਹੇ ਨਾਨਕ! (ਇਹ ਪੰਜੇ ਕਾਮਾਦਿਕ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕਾਬੂ ਵਿਚ ਨਹੀਂ ਆਉਂਦੇ। ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਹਉਮੈ ਦੂਰ ਕੀਤੀ ਜਾ ਸਕਦੀ ਹੈ।8।5। 27।

ਆਸਾ ਮਹਲਾ ੩ ॥ ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥ ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥ ਸਤਿਗੁਰ ਤੇ ਹਰਿ ਪਾਈਐ ਭਾਈ ॥ ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥ ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥ ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥ ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥ ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥ ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥ ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥ ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥ ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥ ਜਿਨੑੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥ ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥ ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥ ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥ {ਪੰਨਾ 425}

ਪਦ ਅਰਥ: ਵਥੁ = ਵਸਤੁ, ਚੀਜ਼ {vÔqu}। ਬਾਹਰਿ = ਜੰਗਲ ਆਦਿਕ ਵਿਚ। ਪਰਸਾਦੀ = ਕਿਰਪਾ ਨਾਲ। ਕਪਟ = ਕਪਾਟ, ਕਿਵਾੜ। ਖੁਲਾਹੀ = ਖੁਲਹਿ।1।

ਤੇ = ਪਾਸੋਂ। ਨਿਧਾਨੁ = ਖ਼ਜ਼ਾਨਾ। ਸਤਿਗੁਰਿ = ਗੁਰੂ ਨੇ।1। ਰਹਾਉ।

ਰਤਨੁ = ਕੀਮਤੀ ਪਦਾਰਥ। ਅੰਦਰੁ = ਅੰਦਰਲਾ ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਧਿਆਨ ਨਾਲ ਵੇਖੋ}। ਦਿਬ ਦਿਸਟਿ = ਦੈਵੀ ਨਜ਼ਰ ਨਾਲ, ਆਤਮਾ-ਦ੍ਰਿਸ਼ਟੀ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।2।

ਅੰਦਰਿ ਮਹਲ = ਸਰੀਰ ਦੇ ਅੰਦਰ। ਅਨੇਕ ਹਹਿ = ਅਨੇਕਾਂ ਰਤਨ ਹਨ। ਜੀਉ = ਜੀਵਾਤਮਾ। ਮਨ ਚਿੰਦਿਆ = ਮਨ-ਇੱਛਤ।3।

ਗੁਰ ਸੋਝੀ = ਗੁਰੂ ਦੀ ਦਿੱਤੀ ਸਮਝ। ਸਾ = ਸੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।4।

ਬਾਹਰੁ = ਜੰਗਲ ਆਦਿਕ {ਲਫ਼ਜ਼ 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਧਿਆਨ ਨਾਲ ਵੇਖੋ}। ਪਤਿ = ਇਜ਼ਤ।5।

ਘਰਿ = ਘਰ। ਚੋਟਾ = ਸਜ਼ਾ, ਚੋਟਾਂ।6।

ਜਾਤਾ = ਪਛਾਣਿਆ। ਭਾਈ = ਹੇ ਭਾਈ! ਵਡਿਆਈ = ਬਖ਼ਸ਼ਸ਼, ਬਰਕਤਿ।7।

ਕਿਸੁ = ਹੋਰ ਕਿਸ ਨੂੰ? ਬੁਝਾਈ = ਸਮਝ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।8।

ਅਰਥ: ਹੇ ਭਾਈ! ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ (ਉਂਝ ਤਾਂ ਹਰੇਕ ਮਨੁੱਖ ਦੇ) ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਨੇ ਹੀ (ਇਹ ਖ਼ਜ਼ਾਨਾ) ਵਿਖਾਇਆ ਹੈ।1। ਰਹਾਉ।

(ਹੇ ਭਾਈ! ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ। (ਪਰ, ਹਾਂ) ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ।1।

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਹਾਸਲ ਕਰ ਲੈਂਦਾ ਹੈ ਉਹ ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ, (ਮਾਇਆ ਦੇ ਮੋਹ ਦੇ ਜੰਦ੍ਰੇ ਨਾਲ ਬੰਦ ਹੋਇਆ ਹੋਇਆ ਆਪਣਾ) ਹਿਰਦਾ ਉਹ (ਗੁਰੂ ਦੀ ਕਿਰਪਾ ਨਾਲ) ਖੋਲ੍ਹ ਲੈਂਦਾ ਹੈ, ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ।2।

ਹੇ ਭਾਈ! ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ (ਜਦੋਂ ਗੁਰੂ ਦੀ ਮੇਹਰ ਨਾਲ ਸਮਝ ਪੈਂਦੀ ਹੈ, ਤਦੋਂ) ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ।3।

ਹੇ ਭਾਈ! ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ। ਪ੍ਰਭੂ ਦਾ ਨਾਮ-ਖ਼ਜ਼ਾਨਾ ਕਿਸੇ ਦੁਨੀਆਵੀ ਕੀਮਤਿ ਤੋਂ ਨਹੀਂ ਮਿਲ ਸਕਦਾ। ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ।4।

ਹੇ ਭਾਈ! ਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ ਤੇ ਇੱਜ਼ਤ ਗਵਾ ਲੈਂਦਾ ਹੈ।5।

(ਹੇ ਭਾਈ! ਜਿਵੇਂ ਕੋਈ) ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹ੍ਰਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ।6।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ। (ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ।7।

ਹੇ ਭਾਈ! ਪਰਮਾਤਮਾ ਆਪ ਹੀ ਨਾਮ ਦੀ ਦਾਤਿ ਕਰਦਾ ਹੈ, ਹੋਰ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ, ਉਹ ਪ੍ਰਭੂ ਆਪ ਹੀ ਨਾਮ ਦੀ ਸਮਝ ਬਖ਼ਸ਼ਦਾ ਹੈ। ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜੇਹੜਾ ਮਨੁੱਖ ਨਾਮ ਸਿਮਰਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ।8।6। 28।

TOP OF PAGE

Sri Guru Granth Darpan, by Professor Sahib Singh