ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 426

ਆਸਾ ਮਹਲਾ ੩ ॥ ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥ ਹਰਿ ਰਸਿ ਚਾਖਿਐ ਮੁਕਤੁ ਭਏ ਜਿਨੑਾ ਸਾਚੋ ਭਾਈ ॥੧॥ ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥ ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥ ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥ ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥ ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥ ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥ ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥ ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥ ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥ ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥ ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥ ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥ ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥ ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥ ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥ ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥ {ਪੰਨਾ 426}

ਪਦ ਅਰਥ: ਆਪੈ ਆਪੁ = ਆਪਣੇ ਹੀ ਆਪ ਨੂੰ, ਆਪਣੇ ਹੀ ਆਤਮਕ ਜੀਵਨ ਨੂੰ। ਪਛਾਣਿਆ = ਪੜਤਾਲ ਕੀਤੀ। ਸਾਦੁ = ਸੁਆਦ। ਭਾਈ = ਹੇ ਭਾਈ! ਰਸਿ ਚਾਖਿਐ = ਰਸ ਚੱਖਣ ਨਾਲ। ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਹੀ। ਭਾਈ = ਪਿਆਰਾ ਲੱਗਦਾ ਹੈ।1।

ਨਿਰਮਲੁ = ਪਵਿਤ੍ਰ। ਮਨਿ = ਮਨ ਵਿਚ। ਬਿਖਿਆ = ਮਾਇਆ। ਉਦਾਸਾ = ਨਿਰਲੇਪ।1। ਰਹਾਉ।

ਆਪੁ = ਆਪਣਾ ਆਤਮਕ ਜੀਵਨ। ਸਭ = ਸਾਰੀ ਲੁਕਾਈ। ਘਟਿ = ਹਿਰਦੇ ਵਿਚ। ਸਖਾਈ = ਸਾਥੀ।2।

ਵਰਤਦੇ = ਟਿਕੇ ਰਹਿੰਦੇ ਹਨ। ਵਰਤਾਰਾ = ਵਰਤਣ-ਵਿਹਾਰ। ਮੁਖਿ = ਮੂੰਹ ਵਿਚ। ਸਬਦਿ = ਸ਼ਬਦ ਦੀ ਰਾਹੀਂ।3।

ਮੰਨੀਐ = ਮੰਨਣਾ ਚਾਹੀਦਾ ਹੈ, ਮਨ ਨੂੰ ਗਿਝਾਣਾ ਚਾਹੀਦਾ ਹੈ। ਮਹਲੁ = ਪਰਮਾਤਮਾ ਦੇ ਚਰਨਾਂ ਵਿਚ ਨਿਵਾਸ।4।

ਨਾਮੇ = ਨਾਮ ਦੀ ਰਾਹੀਂ।5।

ਬਿਨੁ ਨਾਵੈ = ਨਾਮ ਤੋਂ ਬਿਨਾ। ਮੰਨੀਐ = ਆਦਰ ਪਾਂਦਾ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ ਨੇ। ਬਿਰਥਾ = ਵਿਅਰਥ।6।

ਗੁਰਮੁਖਿ = ਗੁਰੂ ਦੀ ਰਾਹੀਂ।7।

ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਕੋ = ਕੋਈ ਵਿਰਲਾ।8।

ਅਰਥ: ਹੇ ਭਾਈ! ਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ। ਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ ਮਨੁੱਖ ਆਪਣੇ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਦਾ ਸੁਆਦ ਮਿੱਠਾ ਆਉਣ ਲੱਗ ਪੈਂਦਾ ਹੈ। (ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ।1।

ਹੇ ਭਾਈ! ਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ। ਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ।2।

(ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰਦੇ ਹਨ ਉਹ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦੇ ਹਨ, ਨਾਮ ਵਿਚ ਲੀਨ ਹੀ ਉਹ ਦੁਨੀਆ ਦੀ ਕਿਰਤਕਾਰ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ।3।

ਹੇ ਭਾਈ! ਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ। ਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ।4।

ਹੇ ਭਾਈ! ਹਰਿ-ਨਾਮ ਦੀ ਰਾਹੀਂ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੀ ਦੀ ਹੀ ਸਰਨ ਪਏ ਰਹੀਦਾ ਹੈ।5।

ਹੇ ਭਾਈ! ਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ। ਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ।6।

ਹੇ ਭਾਈ! ਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ, ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ। (ਹੇ ਭਾਈ! ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।7।

ਪਰ, ਹੇ ਭਾਈ! ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ। ਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ। ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ।8।7। 29।

ਆਸਾ ਮਹਲਾ ੩ ॥ ਦੋਹਾਗਣੀ ਮਹਲੁ ਨ ਪਾਇਨੑੀ ਨ ਜਾਣਨਿ ਪਿਰ ਕਾ ਸੁਆਉ ॥ ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥ ਇਹੁ ਮਨੂਆ ਕਿਉ ਕਰਿ ਵਸਿ ਆਵੈ ॥ ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥ ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥ ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥ ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥ ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥ ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥ ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥ ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥ ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥ ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥ ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥ ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥ ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥ ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥ {ਪੰਨਾ 426}

ਪਦ ਅਰਥ: ਦੋਹਾਗਣੀ = {duBwLignI} ਮੰਦੇ ਭਾਗਾਂ ਵਾਲੀਆਂ। ਪਾਇਨੑੀ = ਪਾਇਨਿ, ਪਾਂਦੀਆਂ। ਸੁਆਉ = (ਮਿਲਾਪ ਦਾ) ਆਨੰਦ। ਭਾਉ = ਪਿਆਰ। ਸੁਆਉ = ਸੁਆਰਥ।1।

ਕਿਉ ਕਰਿ = ਕਿਵੇਂ? ਪਰਸਾਦੀ = ਕਿਰਪਾ ਨਾਲ। ਘਰਿ = ਘਰ ਵਿਚ।1। ਰਹਾਉ।

ਸਵਾਰੀਓਨੁ = ਉਸ ਨੇ ਸਵਾਰੀਆਂ। ਭਾਣੈ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ।2।

ਰਾਵਹਿ = ਮਾਣਦੀਆਂ ਹਨ। ਸਚੀ = ਸਦਾ-ਥਿਰ। ਸੁਭਾਇ = ਪ੍ਰੇਮ ਵਿਚ। ਕੈ ਪ੍ਰੇਮਿ = ਦੇ ਪ੍ਰੇਮ ਵਿਚ। ਪਾਇ = ਪਾ ਕੇ।3।

ਸਾ = ਉਹ ਜੀਵ-ਇਸਤ੍ਰੀ। ਸਭਰਾਈ = ਸਭਨਾਂ ਵਿਚੋਂ ਰਾਣੀ, ਪਟਰਾਣੀ। ਹੇਤਿ = ਹਿਤ ਵਿਚ, ਪਿਆਰ ਵਿਚ।4।

ਰੰਗੁ = ਪਿਆਰ। ਰਖਿਓਨ = ਉਸ ਨੇ ਰੱਖਿਆ। ਅਲਖਿ = ਅਲੱਖ (ਪ੍ਰਭੂ) ਨੇ। ਅਪਾਰਿ = ਅਪਾਰ ਨੇ। ਭਾਇ = ਪ੍ਰੇਮ ਵਿਚ।5।

ਗਲਿ = ਗਲ ਵਿਚ। ਪਿਰਮਲੁ = {pirml} ਸੁਗੰਧੀ। ਤਨਿ = ਸਰੀਰ ਉਤੇ। ਅੰਤਰਿ = ਹਿਰਦੇ ਵਿਚ।6।

ਰਤੇ = ਰੰਗੇ ਹੋਏ। ਸੇ = ਉਹ ਬੰਦੇ। ਜਤਿ ਪਤਿ = ਜਾਤਿ ਪਾਤਿ।7।

ਸਭ = ਸਾਰੀ ਲੁਕਾਈ। ਹਉ = ਹਉਮੈ। ਨਾਮਿ = ਨਾਮ ਵਿਚ। ਤਿਨੀ = ਉਹਨਾਂ ਦੀ। ਸਚੈ = ਸਦਾ-ਥਿਰ ਹਰੀ ਵਿਚ।8।

ਅਰਥ: (ਹੇ ਭਾਈ! ਕੀ ਤੈਨੂੰ ਪਤਾ ਹੈ ਕਿ) ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ? (ਵੇਖ, ਇਸ ਮਨ ਨੂੰ) ਗੁਰੂ ਦੀ ਕਿਰਪਾ ਨਾਲ ਹੀ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਦੀ ਮਤਿ ਦੇ ਆਸਰੇ (ਇਹ ਮਨ) ਅੰਤਰ ਆਤਮੇ ਆ ਟਿਕਦਾ ਹੈ।1। ਰਹਾਉ।

ਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ। ਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ।1।

(ਹੇ ਭਾਈ!) ਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤਿ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ। ਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ। ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ।2।

ਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ, (ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ।3।

(ਹੇ ਭਾਈ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਸੰਵਾਰ ਦਿੱਤਾ) ਉਹ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ, ਗੁਰੂ ਦਾ ਬਖ਼ਸ਼ਿਆ ਗਿਆ ਉਸ ਦੇ ਪਾਸ ਕਦੇ ਨਾਹ ਮੁੱਕਣ ਵਾਲਾ (ਆਤਮਕ) ਸ਼ਿੰਗਾਰ ਹੈ। ਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ।4।

(ਹੇ ਭਾਈ!) ਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ, ਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ।5।

ਹੇ ਭਾਈ! ਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ। ਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ।6।

ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤਿ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤਿ ਬਣਦੀ ਹੈ ਉੱਚੀ ਕੁਲ ਬਣਦੀ ਹੈ। ਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ।7।

(ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ। ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ।8। 8। 30।

TOP OF PAGE

Sri Guru Granth Darpan, by Professor Sahib Singh