ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 427

ਆਸਾ ਮਹਲਾ ੩ ॥ ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥ ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥ ਏ ਮਨ ਰੂੜੑੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥ ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥ ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥ ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ ਜਿਨੑਿ ਕੀਤੇ ਤਿਸੈ ਨ ਜਾਣਨੑੀ ਬਿਨੁ ਨਾਵੈ ਸਭਿ ਚੋਰ ॥੬॥ ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥ ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥ {ਪੰਨਾ 427}

ਪਦ ਅਰਥ: ਰਤੇ = ਰੰਗੇ ਹੋਏ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ। ਐਥੈ = ਇਸ ਜਗਤ ਵਿਚ। ਘਰਿ ਘਰਿ = ਹਰੇਕ ਘਰ ਵਿਚ। ਆਗੈ = ਪਰਲੋਕ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਪਰਗਟੁ = ਮਸ਼ਹੂਰ।1।

ਏ = ਹੇ! ਰੂੜੑੇ = ਸੁੰਦਰ। ਰੰਗੁਲੇ = ਰੰਗੀਲੇ। ਸਦਾ = ਸਦਾ-ਥਿਰ ਰਹਿਣ ਵਾਲਾ। ਰਪੈ = ਰੰਗਿਆ ਜਾਏ।1। ਰਹਾਉ।

ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਗੁਰਿ ਪਾਰਸਿ ਮਿਲਿਐ = ਜੇ ਪਾਰਸ-ਗੁਰੂ ਮਿਲ ਪਏ। ਕੰਚਨੁ = ਸੋਨਾ।2।

ਰੰਗੀਐ = ਰੰਗਿਆ ਜਾਂਦਾ। ਭੈ = ਡਰ-ਅਦਬ ਵਿਚ। ਭਾਇ = ਪ੍ਰੇਮ ਵਿਚ। ਸਚਿ = ਸਦਾ-ਥਿਰ ਹਰੀ ਵਿਚ। ਸਮਾਉ = ਲੀਨਤਾ।3।

ਲਾਗਿ = ਪਾਹ (ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਜਾਂ ਸੋਡੇ ਵਿਚ ਰਿੰਨ੍ਹੀਦਾ ਹੈ, ਇਸ ਲਾਗ ਤੋਂ ਬਿਨਾ ਰੰਗ ਪੱਕਾ ਨਹੀਂ ਚੜ੍ਹਦਾ) । ਕਰਮ = (ਮਿਥੇ ਹੋਏ ਧਾਰਮਿਕ) ਕੰਮ। ਠਾਉ = ਥਾਂ, ਆਸਰਾ।4।

ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਰਪਸੀ = ਰੰਗਿਆ ਜਾਇਗਾ। ਤੇ = ਪਾਸੋਂ।5।

ਸਭਿ = ਸਾਰੇ। ਢੋਰ = ਡੰਗਰ। ਜਿਨੑਿ = ਜਿਸ (ਪਰਮਾਤਮਾ) ਨੇ। ਤਿਸੈ = ਉਸ ਨੂੰ। ਜਾਣਨੑੀ = ਜਾਣਨੑਿ, ਜਾਣਦੇ।6।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਕਣਹਿ = ਵਿਕ ਜਾਂਦੇ ਹਨ। ਵੁਠਾ = ਆ ਵੱਸਿਆ।7।

ਸਿਰਿ = ਸਿਰਿ ਸਿਰਿ, ਹਰੇਕ ਦੇ ਸਿਰ ਦੀ ਰਾਹੀਂ, ਹਰੇਕ ਨੂੰ। ਸਵਾਰਿਅਨੁ = ਉਸ ਨੇ ਸੰਵਾਰ ਦਿੱਤੇ ਹਨ।8।

ਅਰਥ: ਹੇ ਸੋਹਣੇ ਮਨ! ਹੇ ਰੰਗੀਲੇ ਮਨ! (ਤੂੰ ਆਪਣੇ ਉੱਤੇ) ਸਦਾ ਕਾਇਮ ਰਹਿਣ ਵਾਲਾ ਨਾਮ-ਰੰਗ ਚਾੜ੍ਹ। (ਹੇ ਭਾਈ!) ਜੇ (ਇਹ ਮਨ) ਸੋਹਣੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ (ਇਸ ਦਾ) ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ।1। ਰਹਾਉ।

ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ, ਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ।1।

ਹੇ ਭਾਈ! ਮਾਇਆ ਦੇ ਪਿਆਰ ਵਿਚ ਵਿਕਾਰਾਂ ਵਿਚ ਫਸ ਕੇ ਅਸੀਂ ਜੀਵ ਨੀਵੇਂ ਗੰਦੇ ਆਚਰਨ ਵਾਲੇ ਤੇ ਅਹੰਕਾਰੀ ਬਣ ਜਾਂਦੇ ਹਾਂ। ਪਾਰਸ-ਗੁਰੂ ਦੇ ਮਿਲਿਆਂ ਅਸੀਂ ਸੋਨਾ ਬਣ ਜਾਂਦੇ ਹਾਂ, ਸਾਡੇ ਅੰਦਰ ਬੇਅੰਤ ਪ੍ਰਭੂ ਦੀ ਪਵਿਤ੍ਰ ਜੋਤਿ ਜਗ ਪੈਂਦੀ ਹੈ।2।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਨਾਮ-ਰੰਗ ਨਾਲ) ਰੰਗਿਆ ਨਹੀਂ ਜਾ ਸਕਦਾ, ਜੇ ਗੁਰੂ ਮਿਲ ਪਏ ਤਾਂ ਹੀ ਨਾਮ-ਰੰਗ ਚੜ੍ਹਦਾ ਹੈ। ਜੇਹੜੇ ਮਨੁੱਖ ਗੁਰੂ ਦੇ ਡਰ-ਅਦਬ ਦੀ ਰਾਹੀਂ ਗੁਰੂ ਦੇ ਪ੍ਰੇਮ ਦੀ ਰਾਹੀਂ ਰੰਗੇ ਜਾਂਦੇ ਹਨ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ।3।

ਹੇ ਭਾਈ! ਡਰ-ਅਦਬ ਤੋਂ ਬਿਨਾ (ਮਨ-ਕੱਪੜੇ ਨੂੰ) ਪਾਹ ਨਹੀਂ ਲੱਗ ਸਕਦੀ (ਪਾਹ ਤੋਂ ਬਿਨਾ ਮਨ-ਕੱਪੜੇ ਨੂੰ ਪੱਕਾ ਪ੍ਰੇਮ-ਰੰਗ ਨਹੀਂ ਚੜ੍ਹਦਾ) ਮਨ ਸਾਫ਼-ਸੁਥਰਾ ਨਹੀਂ ਹੋ ਸਕਦਾ। ਇਸ ਡਰ-ਅਦਬ ਤੋਂ ਬਿਨਾ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਭੀ ਜਾਣ ਤਾਂ ਭੀ (ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ, ਤੇ ਝੂਠੇ ਨੂੰ (ਪ੍ਰਭੂ ਦੀ ਹਜ਼ੂਰੀ ਵਿਚ) ਥਾਂ ਨਹੀਂ ਮਿਲਦੀ।4।

ਹੇ ਭਾਈ! ਸਾਧ ਸੰਧਤਿ ਵਿਚ ਲਿਆ ਕੇ ਜਿਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਆਪ ਹੀ ਨਾਮ-ਰੰਗ ਚਾੜ੍ਹਦਾ ਹੈ ਉਹੀ ਰੰਗਿਆ ਜਾਇਗਾ। ਸਾਧ ਸੰਗਤਿ ਪੂਰੇ ਗੁਰੂ ਦੀ ਰਾਹੀਂ ਮਿਲਦੀ ਹੈ (ਜਿਸ ਨੂੰ ਮਿਲਦੀ ਹੈ ਉਹ) ਆਤਮਕ ਅਡੋਲਤਾ ਵਿਚ, ਸਦਾ-ਥਿਰ ਪ੍ਰਭੂ ਵਿਚ, ਪ੍ਰਭੂ-ਪ੍ਰੇਮ ਵਿਚ (ਮਸਤ ਰਹਿੰਦਾ ਹੈ) ।5।

ਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ, ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ।6।

(ਹੇ ਭਾਈ!) ਕਈ ਮਨੁੱਖ ਐਸੇ ਭੀ ਹਨ ਜੇਹੜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਦੇ ਹਨ, ਪ੍ਰਭੂ-ਪ੍ਰੇਮ ਵਿਚ ਜੁੜਦੇ ਹਨ, ਉਹ ਪਰਮਾਤਮਾ ਦੇ ਗੁਣ ਖ਼ਰੀਦਦੇ ਹਨ (ਗੁਣਾਂ ਦੇ ਵੱਟੇ) ਉਹਨਾਂ ਦੇ ਔਗੁਣ ਵਿਕ ਜਾਂਦੇ ਹਨ (ਦੂਰ ਹੋ ਜਾਂਦੇ ਹਨ) । ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਹ ਪ੍ਰਭੂ ਦਾ ਨਾਮ-ਸੌਦਾ ਪ੍ਰਾਪਤ ਕਰ ਲੈਂਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰ ਆ ਵੱਸਦਾ ਹੈ।7।

(ਪਰ, ਹੇ ਭਾਈ! ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ। ਹੇ ਨਾਨਕ! ਉਸ ਨੇ ਆਪ ਹੀ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਏ ਹਨ ਉਸ ਨੇ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ।8।9। 31।

ਆਸਾ ਮਹਲਾ ੩ ॥ ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥ ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥ ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥ ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥ ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥ ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥ ਇਕਨੑਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥ ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥ ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥ ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥ ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥ ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥ ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥ ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥ ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥ ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥ {ਪੰਨਾ 427}

ਪਦ ਅਰਥ: ਨਾਵੈ ਨੋ = ਹਰਿ-ਨਾਮ ਨੂੰ। ਸੋ = ਉਹ ਮਨੁੱਖ। ਤਿਸੁ = ਉਹ ਮਨੁੱਖ ਨੂੰ। ਮੰਨਿ = ਮਨ, ਮਨ ਵਿਚ।1।

ਦਇਆਲੁ = ਦਇਆ ਦਾ ਘਰ। ਹੈ– ਹੈਂ। ਤੇ = ਤੋਂ, ਪਾਸੋਂ। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਵਡਿਆਈ = ਇੱਜ਼ਤ।1। ਰਹਾਉ।

ਏਕੁ = ਸਿਰਫ਼ ਪਰਮਾਤਮਾ। ਬਹੁ ਬਿਧਿ = ਕਈ ਕਿਸਮਾਂ ਦੀ। ਹੁਕਮੇ = ਆਪਣੇ ਹੁਕਮ ਵਿਚ ਹੀ। ਕਿਸੁ = ਕਿਸ ਨੂੰ? ਭਾਈ = ਹੇ ਭਾਈ!।2।

ਬੁਝਣਾ = ਸਮਝ। ਅਬੁਝਣਾ = ਬੇ-ਸਮਝੀ। ਸਿਰਿ = (ਹਰੇਕ ਦੇ) ਸਿਰ ਉੱਤੇ। ਮੇਲਿ ਲੈਹਿ = ਤੂੰ ਮਿਲਾ ਲੈਂਦਾ ਹੈਂ। ਕੂੜਿਆਰ = ਝੂਠੇ।3।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਧੁਰਿ = ਤੇਰੀ ਹਜ਼ੂਰੀ ਤੋਂ ਹੀ। ਸਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ।4।

ਕੁਚਲ = ਕੁਚੱਲਣੇ, ਖੋਟੀ ਚਾਲ ਵਾਲੇ। ਕੁਚੀਲ = ਗੰਦੇ। ਵਿਖਲੀ = ਦੁਰਾਚਾਰਨ। ਵਿਖਲੀਪਤੇ = ਦੁਰਾਚਾਰੀ ਮਨੁੱਖ। ਨਾਵਹੁ = ਨਾਮ ਤੋਂ। ਖੁਆਏ = ਖੁੰਝਾਏ। ਓਨ = ਉਹਨਾਂ ਨੂੰ। ਸਿਧਿ = ਸਫਲਤਾ। ਬੁਧਿ = ਅਕਲ। ਸੰਜਮੀ = ਚੰਗੀ ਰਹਿਣੀ ਵਾਲੇ। ਉਤਵਤਾਏ = ਉਖੜੇ ਹੋਏ, ਡਾਵਾਂ ਡੋਲ।5।

ਤਿਸ ਨੋ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਭਾਵਨੀ = ਸਰਧਾ। ਸਤੁ-ਦਾਨ, ਦਇਆ।6।

ਕਥਿ = ਬਿਆਨ ਕਰ ਕੇ। ਕਹਣੈ = ਆਖਣ ਨਾਲ। ਤੇ = ਤੋਂ। ਸਚਿ = ਸਦਾ-ਥਿਰ ਹਰੀ ਵਿਚ। ਸਬਦਿ = ਸ਼ਬਦ ਵਿਚ।7।

ਦੇਹੀ = ਸਰੀਰ। ਸੋਧਿ = ਭਾਲ ਕਰ, ਪਰਖ। ਨਿਧਾਨੁ = ਖ਼ਜ਼ਾਨਾ। ਹੇਤਿ = ਪ੍ਰੇਮ ਦੀ ਰਾਹੀਂ। ਹੇਤਿ ਅਪਾਰਿ = ਅਤੁੱਟ ਪ੍ਰੇਮ ਦੀ ਰਾਹੀਂ।8।

ਅਰਥ: ਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਦਇਆ ਦਾ ਸੋਮਾ ਹੈਂ, ਮੈਂ ਤੇਰੀ ਸਰਨ ਆਇਆ ਹਾਂ। (ਜੇ ਤੇਰੀ ਮੇਹਰ ਹੋਵੇ ਤਾਂ ਤੇਰਾ ਨਾਮ) ਪੂਰੇ ਗੁਰੂ ਪਾਸੋਂ ਮਿਲਦਾ ਹੈ ਤੇ, ਤੇਰੇ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।1। ਰਹਾਉ।

(ਹੇ ਭਾਈ! ਦੁੱਖਾਂ ਵਿਚ ਘਾਬਰ ਕੇ) ਸਾਰੀ ਲੁਕਾਈ ਹਰਿ-ਨਾਮ ਵਾਸਤੇ ਤਾਂਘ ਕਰਦੀ ਹੈ, ਪਰ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਕਰਦਾ ਹੈ। ਹਰਿ-ਨਾਮ ਤੋਂ ਖੁੰਝਿਆਂ (ਜਗਤ ਵਿਚ) ਨਿਰਾ ਦੁੱਖ ਹੀ ਦੁੱਖ ਹੈ, ਸੁਖ ਸਿਰਫ਼ ਉਸ ਨੂੰ ਹੈ ਜਿਸ ਦੇ ਮਨ ਵਿਚ ਪ੍ਰਭੂ ਆਪਣਾ ਨਾਮ ਵਸਾਂਦਾ ਹੈ।1।

ਹੇ ਭਾਈ! ਪਰਮਾਤਮਾ ਨੇ ਇਹ ਕਈ ਰੰਗਾਂ ਦੀ ਦੁਨੀਆ ਪੈਦਾ ਕੀਤੀ ਹੋਈ ਹੈ, ਹਰੇਕ ਦੇ ਅੰਦਰ ਤੇ ਸਾਰੀ ਦੁਨੀਆ ਵਿਚ ਉਹ ਆਪ ਹੀ ਵੱਸਦਾ ਹੈ। ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਸਭ ਜੀਵਾਂ ਪਾਸੋਂ ਕੰਮ ਕਰਾਂਦਾ ਹੈ, ਕੋਈ ਹੋਰ ਅਜੇਹੀ ਸਮਰਥਾ ਵਾਲਾ ਨਹੀਂ ਹੈ।2।

ਹੇ ਪ੍ਰਭੂ! ਸਮਝ ਤੇ ਬੇ-ਸਮਝੀ ਇਹ ਖੇਡ ਤੂੰ ਹੀ ਰਚੀ ਹੈ, ਹਰੇਕ ਜੀਵ ਦੇ ਸਿਰ ਉਤੇ ਤੇਰੀ ਹੀ ਫ਼ੁਰਮਾਈ ਹੋਈ ਕਰਨ-ਜੋਗ ਕਾਰ ਹੈ (ਤੇਰੇ ਹੀ ਹੁਕਮ ਵਿਚ ਕੋਈ ਸਮਝ ਵਾਲਾ ਤੇ ਕੋਈ ਬੇ-ਸਮਝੀ ਵਾਲਾ ਕੰਮ ਕਰਦਾ ਹੈ) । ਕਈ ਜੀਵਾਂ ਉਤੇ ਤੂੰ ਬਖ਼ਸ਼ਸ਼ ਕਰਦਾ ਹੈਂ (ਤੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਕਈ ਮਾਇਆ-ਵੇੜ੍ਹੇ ਜੀਵਾਂ ਨੂੰ ਆਪਣੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਂਦਾ ਹੈਂ।3।

ਹੇ ਪ੍ਰਭੂ! ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਧੁਰੋਂ ਹੀ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ ਹੈ, ਤੂੰ ਉਹਨਾਂ ਨੂੰ ਆਪਣੇ ਨਾਮ ਵਿਚ ਜੋੜਿਆ ਹੋਇਆ ਹੈ। ਗੁਰੂ ਦੀ ਦੱਸੀ ਸੇਵਾ ਤੋਂ ਉਹਨਾਂ ਨੂੰ ਆਤਮਕ ਆਨੰਦ ਮਿਲਦਾ ਹੈ। ਗੁਰੂ ਉਹਨਾਂ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੋੜ ਕੇ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।4।

ਹੇ ਭਾਈ! ਕਈ ਐਸੇ ਮਨੁੱਖ ਹਨ ਜੋ ਕੁਚੱਲਣੇ ਹਨ ਗੰਦੇ ਹਨ ਦੁਰਾਚਾਰੀ ਹਨ, ਉਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਵਲੋਂ ਖੁੰਝਾ ਰੱਖਿਆ ਹੈ ਉਹਨਾਂ ਜ਼ਿੰਦਗੀ ਵਿਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ, ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ, ਡਾਵਾਂ ਡੋਲ ਭਟਕਦੇ ਫਿਰਦੇ ਹਨ।5।

ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣੇ ਨਾਮ ਦੀ ਸਰਧਾ ਪੈਦਾ ਕਰਦਾ ਹੈ, ਉਸ ਨੂੰ (ਗੁਰੂ ਦੀ ਰਾਹੀਂ ਆਪਣੀ ਸਿਫ਼ਤਿ-ਸਾਲਾਹ ਦਾ) ਸ਼ਬਦ ਸੁਣਾਂਦਾ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ। ਸੇਵਾ ਕਰਨੀ, ਸੰਤੋਖ ਧਾਰਨਾ = ਉਹ ਮਨੁੱਖ ਇਸ ਕਿਸਮ ਦੀ ਰਹਿਣੀ ਵਾਲਾ ਬਣ ਜਾਂਦਾ ਹੈ।6।

(ਹੇ ਭਾਈ! ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ ਉਸ ਦੇ ਗੁਣਾਂ ਦਾ) ਹਿਸਾਬ ਕਰ ਕੇ (ਗੁਣਾਂ ਦੇ ਅਖ਼ੀਰ ਤਕ) ਪਹੁੰਚ ਨਹੀਂ ਸਕੀਦਾ, ਉਸ ਦੇ ਗੁਣ ਗਿਣ ਗਿਣ ਕੇ ਬਿਆਨ ਕਰ ਕਰ ਕੇ ਗੁਣਾਂ ਦੀ ਗਿਣਤੀ ਮੁਕਾ ਨਹੀਂ ਸਕੀਦੀ। ਉਸ ਪ੍ਰਭੂ ਦੀ ਕਦਰ-ਕੀਮਤਿ ਗੁਰੂ ਪਾਸੋਂ ਮਿਲਦੀ ਹੈ (ਕਿ ਉਹ ਬੇਅੰਤ ਹੈ ਬੇਅੰਤ ਹੈ) । ਗੁਰੂ ਆਪਣੇ ਸ਼ਬਦ ਵਿਚ ਜੋੜਦਾ ਹੈ, ਗੁਰੂ ਸਦਾ-ਥਿਰ ਹਰਿ-ਨਾਮ ਵਿਚ ਜੋੜਦਾ ਹੈ, ਤੇ ਸੂਝ ਬਖ਼ਸ਼ਦਾ ਹੈ।7।

ਹੇ ਭਾਈ! ਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰ ਕਰ। ਹੇ ਨਾਨਕ! ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਰੀਰ ਦੇ ਵਿਚ ਹੀ ਹੈ। ਗੁਰੂ ਦੀ ਅਪਾਰ ਮੇਹਰ ਨਾਲ ਹੀ ਮਿਲਦਾ ਹੈ।8।10। 32।

TOP OF PAGE

Sri Guru Granth Darpan, by Professor Sahib Singh