ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 428

ਆਸਾ ਮਹਲਾ ੩ ॥ ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥ ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥ ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥ ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥ ਇਕਿ ਪਿਰੁ ਹਦੂਰਿ ਨ ਜਾਣਨੑੀ ਦੂਜੈ ਭਰਮਿ ਭੁਲਾਇ ॥ ਕਿਉ ਪਾਇਨੑਿ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥ ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥ ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥ ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥ ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥ ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥ ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥ ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥ ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥ ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥ ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥ ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥ ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥ {ਪੰਨਾ 428}

ਪਦ ਅਰਥ: ਸਚਿ = ਸਦਾ-ਥਿਰ ਹਰਿ-ਨਾਮ ਵਿਚ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਘਰ ਹੀ = ਘਰਿ ਹੀ, ਘਰ ਵਿਚ ਹੀ {ਲਫ਼ਜ਼ 'ਘਰਿ' ਦੀ ਕ੍ਰਿਆ 'ਿ' ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ, ਵੇਖੋ 'ਗੁਰਬਾਣੀ ਵਿਆਕਰਣ'}। ਸਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ।1।

ਗੁਣੀ = ਗੁਣਾਂ ਦੀ ਰਾਹੀਂ। ਲਿਵ = ਲਗਨ। ਵਰੁ = ਖਸਮ। ਕਾਮਣੀ = ਜੀਵ-ਇਸਤ੍ਰੀ। ਗੁਰਿ = ਗੁਰੂ ਨੇ। ਮੇਲਿ = ਮੇਲ ਵਿਚ।1। ਰਹਾਉ।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਹਦੂਰਿ = ਅੰਗ-ਸੰਗ। ਭੁਲਾਇ = ਕੁਰਾਹੇ ਪੈ ਕੇ। ਰੈਣਿ = ਰਾਤ।2।

ਮਨਿ = ਮਨ ਵਿਚ। ਸਚੀ ਕਾਰ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਕਾਰ। ਅਨਦਿਨੁ = ਹਰ ਰੋਜ਼। ਸਹਜ = ਆਤਮਕ ਅਡੋਲਤਾ।3।

ਦੋਹਾਗਣੀ = ਮੰਦ-ਭਾਗਣਾਂ। ਬਿਖੁ = ਜ਼ਹਰ। ਖਾਹਿ = ਖਾਂਦੀਆਂ ਹਨ। ਸੇਜ = ਹਿਰਦਾ-ਸੇਜ। ਪਾਹਿ = ਪਾਂਦੀਆਂ ਹਨ।4।

ਸਦਾ = ਸਦਾ-ਥਿਰ ਰਹਿਣ ਵਾਲਾ। ਮਤੁ = ਮਤਾਂ। ਮਤੁ ਭੁਲਾਹਿ = ਕਿਤੇ ਭੁੱਲ ਨ ਜਾਈਂ। ਮੰਨਿ = ਮਨਿ, ਮਨ ਵਿਚ।5।

ਆਪੁ = ਆਪਾ-ਭਾਵ। ਸੇਤੀ = ਨਾਲ। ਗਹਿ ਰਹੀ = ਜੁੜ ਰਹੀ। ਪਾਇ = ਪਾਂਦੀ ਹੈ, ਮਾਣਦੀ ਹੈ।6।

ਪਲੈ ਕਿਛੁ ਨ ਪਾਇ = ਕੁਝ ਭੀ ਪ੍ਰਾਪਤ ਨਾਹ ਕਰ ਕੇ। ਮਹਲੁ = ਪ੍ਰਭੂ ਦੇ ਨਿਵਾਸ ਦਾ ਥਾਂ। ਅੰਤਿ = ਆਖ਼ਰ।7।

ਲਿਵ ਲਾਏ = ਸੁਰਤਿ ਜੋੜ। ਸਿਉ = ਨਾਲ। ਕਾਮਣੀ = ਹੇ ਜੀਵ-ਇਸਤ੍ਰੀ। ਮੰਨਿ = ਮਨਿ, ਮਨ ਵਿਚ।8।

ਅਰਥ: ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਲਈ ਉਸ ਨੇ ਆਪਣੇ (ਪਹਿਲੇ ਕੀਤੇ) ਔਗੁਣ ਗੁਣਾਂ ਦੀ ਬਰਕਤਿ ਨਾਲ ਬਖ਼ਸ਼ਵਾ ਲਏ, ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ, ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ।1। ਰਹਾਉ।

ਜਿਨ੍ਹਾਂ ਸੁਹਾਗਣ ਜੀਵ-ਇਸਤ੍ਰੀਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੋਹਣਾ ਬਣਾ ਲਿਆ, ਉਹ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀਆਂ ਗਈਆਂ; ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ ਉਹਨਾਂ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ।1।

ਜੇਹੜੀਆਂ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਪ੍ਰਭੂ-ਪਤੀ ਨੂੰ ਅੰਗ-ਸੰਗ ਵੱਸਦਾ ਨਹੀਂ ਸਮਝਦੀਆਂ, ਉਹ ਮੰਦ-ਭਾਗਣਾਂ ਪ੍ਰਭੂ-ਪਤੀ ਨੂੰ ਨਹੀਂ ਮਿਲ ਸਕਦੀਆਂ, ਉਹਨਾਂ ਦੀ (ਜ਼ਿੰਦਗੀ ਦੀ ਸਾਰੀ) ਰਾਤ ਦੁੱਖਾਂ ਵਿਚ ਹੀ ਬੀਤ ਜਾਂਦੀ ਹੈ।2।

ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਕਾਰ ਕਮਾ ਕੇ ਜਿਨ੍ਹਾਂ ਦੇ ਮਨ ਵਿਚ ਸਦਾ-ਥਿਰ ਹਰੀ ਆ ਵੱਸਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਕੇ ਆਤਮਕ ਅਡੋਲਤਾ ਨਾਲ ਹਰ ਵੇਲੇ ਉਸ ਪ੍ਰਭੂ ਦੀ ਸੇਵਾ-ਭਗਤੀ ਕਰਦੀਆਂ ਰਹਿੰਦੀਆਂ ਹਨ।3।

ਮੰਦ-ਭਾਗਣ ਜੀਵ-ਇਸਤ੍ਰੀਆਂ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪੈ ਜਾਂਦੀਆਂ ਹਨ ਉਹ (ਮਾਇਆ ਦੇ ਮੋਹ ਵਾਲਾ ਹੀ) ਵਿਅਰਥ-ਬੋਲ ਬੋਲ ਕੇ (ਮਾਇਆ ਦੇ ਮੋਹ ਦਾ) ਜ਼ਹਰ ਖਾਂਦੀਆਂ ਰਹਿੰਦੀਆਂ ਹਨ (ਜੋ ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । ਉਹ ਕਦੇ ਆਪਣੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੀਆਂ, ਉਹਨਾਂ ਦੇ ਹਿਰਦੇ ਦੀ ਸੇਜ ਸਦਾ ਖ਼ਾਲੀ ਪਈ ਰਹਿੰਦੀ ਹੈ, ਇਸ ਵਾਸਤੇ ਉਹ ਦੁੱਖ ਹੀ ਪਾਂਦੀਆਂ ਰਹਿੰਦੀਆਂ ਹਨ।4।

ਹੇ ਮੇਰੇ ਮਨ! ਮਤਾਂ ਕਿਤੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਏਂ (ਚੇਤਾ ਰੱਖ) ਸਦਾ ਕਾਇਮ ਰਹਿਣ ਵਾਲਾ ਸਿਰਫ਼ ਮਾਲਕ-ਪ੍ਰਭੂ ਹੀ ਹੈ। ਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਸੇਵਾ-ਭਗਤੀ ਕਰੇਂਗਾ, ਤਾਂ ਉਸ ਸਦਾ-ਥਿਰ ਪਵਿਤ੍ਰ ਪ੍ਰਭੂ ਨੂੰ ਆਪਣੇ ਅੰਦਰ ਵਸਾ ਲਏਂਗਾ।5।

ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਗਵਾ ਕੇ ਸਦਾ-ਥਿਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ (ਦੇ ਹਿਰਦੇ) ਦੀ ਸੇਜ ਅਡੋਲ ਹੋ ਜਾਂਦੀ ਹੈ ਉਹ ਸਦਾ ਆਤਮਕ ਆਨੰਦ ਮਾਣਦੀ ਹੈ।6।

ਹੇ ਭਾਈ! ਜੇਹੜੇ ਬੰਦੇ ਇਹੀ ਆਖਦੇ ਆਖਦੇ ਜਗਤ ਤੋਂ ਚਲੇ ਗਏ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਮਲਕੀਅਤ ਹੈ ਉਹਨਾਂ ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ। ਮੰਦ-ਭਾਗਣ ਜੀਵ-ਇਸਤ੍ਰੀ ਨੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ, ਉਹ ਦੁਨੀਆ ਤੋਂ ਆਖ਼ਰ ਹੱਥ ਮਲਦੀ ਹੀ ਜਾਂਦੀ ਹੈ।7।

ਹੇ ਜੀਵ-ਇਸਤ੍ਰੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਸਿਰਫ਼ ਇੱਕ ਹੀ ਹੈ, ਉਸ ਇੱਕ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖ। ਹੇ ਨਾਨਕ! (ਆਖ–) ਹੇ ਜੀਵ-ਇਸਤ੍ਰੀ! ਜੇ ਤੂੰ ਸੁਖ ਹਾਸਲ ਕਰਨਾ ਚਾਹੁੰਦੀ ਹੈਂ ਤਾਂ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖ।8।11। 33।

ਆਸਾ ਮਹਲਾ ੩ ॥ ਅੰਮ੍ਰਿਤੁ ਜਿਨੑਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥ ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥ ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥ ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥ ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥ ਜਿਨੑਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥ ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥ ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥ ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥ ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥ ਜਿਨੑਾ ਪਿਰੁ ਰਾਵਿਆ ਆਪਣਾ ਤਿਨੑਾ ਵਿਟਹੁ ਬਲਿ ਜਾਉ ॥ ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥ ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥ ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥ ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥ ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥ ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥ ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥ {ਪੰਨਾ 428}

ਪਦ ਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਚਖਾਇਓਨੁ = ਉਸ (ਪ੍ਰਭੂ) ਨੇ ਚਖਾਇਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਵੇਪਰਵਾਹ = ਬੇ-ਮੁਥਾਜ। ਤਿਸ ਨੋ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਤਮਾਇ = ਤਮ੍ਹਾ, ਲਾਲਚ।1।

ਸਚਾ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਾ ਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਵਿਚ। ਗਾਇ = ਗਾ ਕੇ।1। ਰਹਾਉ।

ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ। ਦਰਿ = ਹਰਿ-ਦਰ ਤੇ। ਪਿਰ = ਪਤੀ। ਸੋੁ = {ਅਸਲ ਲਫ਼ਜ਼ ਹੈ 'ਸੋ' ਇਥੇ ਪੜ੍ਹਨਾ ਹੈ 'ਸੁ'}।2।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਜਮੈ = ਜੰਮੈ। ਇਤੁ ਲਾਹੈ– ਇਸ ਲਾਭ ਵਿਚ। ਲਾਇਅਨੁ = ਲਾਏ ਹਨ ਉਸ (ਪ੍ਰਭੂ) ਨੇ। ਦੇਇ = ਦੇਂਦਾ ਹੈ।3।

ਭੈ = ਡਰ-ਅਦਬ ਵਿਚ। ਰਾਵਹਿ = ਮਾਣਦੀਆਂ ਹਨ। ਉਰਧਾਰਿ = ਹਿਰਦੇ ਵਿਚ ਟਿਕਾ ਕੇ।4।

ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਵਿਟਹੁ = ਤੋਂ। ਸੰਗਿ = ਨਾਲ। ਆਪੁ = ਆਪਾ-ਭਾਵ।5।

ਉਜਲੇ = ਰੌਸ਼ਨ। ਭਾਇ = ਪ੍ਰੇਮ ਵਿਚ। ਪਿਆਰਿ = ਪਿਆਰ ਵਿਚ। ਸੇਜ = ਹਿਰਦਾ-ਸੇਜ। ਸੁਖਾਲੀ = ਸੁਖ-ਭਰੀ। ਮਾਰਿ = ਮਾਰ ਕੇ।6।

ਕਰਿ = ਕਰ ਕੇ। ਘਰਿ = ਘਰ ਵਿਚ। ਹੇਤਿ = ਪ੍ਰੇਮ ਦੀ ਰਾਹੀਂ। ਮੁਰਾਰਿ = {ਮੁਰ-ਅਰਿ। ਅਰਿ = ਵੈਰੀ। ਮੁਰ ਦਾ ਵੈਰੀ} ਪਰਮਾਤਮਾ।7।

ਲਇਓਨੁ = ਉਸ ਨੇ ਲਏ। ਮੇਲਣਹਾਰਿ = ਮਿਲਾਣ ਦੀ ਸਮਰਥਾ ਵਾਲੇ ਨੇ। ਆਖਣੁ = (ਉਹ) ਬੋਲ। ਸੁਣਿ = ਸੁਣ ਕੇ।8।

ਅਰਥ: ਹੇ ਭਾਈ! ਸਦਾ-ਥਿਰ ਰਹਿਣ ਵਾਲਾ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਰ ਥਾਂ) ਵਰ੍ਹ ਰਿਹਾ ਹੈ। ਪਰ ਇਹ ਪੈਂਦਾ ਹੈ ਉਹਨਾਂ ਮਨੁੱਖਾਂ ਦੇ ਮੂੰਹ ਵਿਚ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ। ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾ ਗਾ ਕੇ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।1। ਰਹਾਉ।

ਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਰਮਾਤਮਾ ਨੇ (ਗੁਰੂ ਦੀ ਰਾਹੀਂ) ਆਪ ਚਖਾਇਆ, ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਉਸ ਦਾ ਸੁਆਦ ਆ ਗਿਆ (ਉਹਨਾਂ ਨੂੰ ਇਹ ਭੀ ਸਮਝ ਆ ਗਈ ਕਿ) ਉਹ ਸਦਾ-ਥਿਰ ਪ੍ਰਭੂ ਬੇ-ਮੁਥਾਜ ਹੈ ਉਸ ਨੂੰ ਰਤਾ ਭਰ ਭੀ (ਕਿਸੇ ਕਿਸਮ ਦਾ ਕੋਈ) ਲਾਲਚ ਨਹੀਂ ਹੈ।1।

(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਸਦਾ ਮੰਦ-ਭਾਗਣਾਂ ਰਹਿੰਦੀਆਂ ਹਨ ਉਹ ਪ੍ਰਭੂ ਦੇ ਦਰ ਤੇ ਖਲੋਤੀਆਂ (ਭੀ) ਵਿਲਕਦੀਆਂ ਹੀ ਹਨ। ਜਿਨ੍ਹਾਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦਾ ਕਦੇ ਸੁਆਦ ਨਹੀਂ ਆਇਆ ਉਹ ਉਹੀ ਮਨਮੁਖਤਾ ਵਾਲੇ ਕਰਮ ਕਮਾਂਦੀਆਂ ਰਹਿੰਦੀਆਂ ਹਨ ਜੋ ਧੁਰ ਦਰਗਾਹ ਤੋਂ ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਹਨਾਂ ਦੇ ਮੱਥੇ ਤੇ ਲਿਖੇ ਪਏ ਹਨ।2।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣਾ ਹਿਰਦਾ-ਖੇਤ ਵਿਚ) ਬੀਜਦਾ ਹੈ ਇਹ ਨਾਮ ਹੀ ਉਥੇ ਹੀ ਉੱਗਦਾ ਹੈ, ਸਦਾ-ਥਿਰ ਨਾਮ ਨੂੰ ਹੀ ਉਹ ਆਪਣਾ ਵਣਜ-ਵਪਾਰ ਬਣਾਂਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਇਸ ਲਾਭਵੰਦੇ ਕੰਮ ਵਿਚ ਲਾਇਆ ਹੈ ਉਹਨਾਂ ਨੂੰ ਆਪਣੀ ਭਗਤੀ ਦੇ ਖ਼ਜ਼ਾਨੇ ਦੇ ਦੇਂਦਾ ਹੈ।3।

ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ੍ਰੀਆਂ ਸਦਾ ਚੰਗੇ ਭਾਗਾਂ ਵਾਲੀਆਂ ਹਨ, ਉਹ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੀ ਭਗਤੀ ਦੀ ਰਾਹੀਂ ਆਪਣਾ ਆਤਮਕ ਜੀਵਨ ਸੋਹਣਾ ਬਣਾਂਦੀਆਂ ਹਨ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦੀਆਂ ਹਨ।4।

ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪ੍ਰਭੂ-ਪਤੀ ਦੇ ਮਿਲਾਪ ਨੂੰ ਸਦਾ ਮਾਣਿਆ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ।5।

ਪ੍ਰਭੂ-ਪਤੀ ਦੇ ਪ੍ਰੇਮ ਵਿਚ ਪਿਆਰ ਵਿਚ ਰਹਿਣ ਵਾਲੀਆਂ ਦਾ ਮਨ ਤੇ ਹਿਰਦਾ ਠੰਢਾ-ਠਾਰ ਰਹਿੰਦਾ ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ। ਆਪਣੇ ਅੰਦਰੋਂ ਹਉਮੈ ਨੂੰ ਤ੍ਰਿਸ਼ਨਾ ਨੂੰ ਮਾਰ ਕੇ ਉਹਨਾਂ ਦੀ ਹਿਰਦਾ-ਸੇਜ ਸੁਖਦਾਈ ਹੋ ਜਾਂਦੀ ਹੈ, ਪ੍ਰਭੂ-ਪਤੀ (ਉਸ ਸੇਜ ਉਤੇ) ਸਦਾ ਟਿਕਿਆ ਰਹਿੰਦਾ ਹੈ।6।

ਗੁਰੂ ਦੀ ਅਪਾਰ ਮੇਹਰ ਦੀ ਬਰਕਤਿ ਨਾਲ ਪ੍ਰਭੂ ਕਿਰਪਾ ਕਰ ਕੇ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ ਉਹ ਸੁਭਾਗਣ ਉਸ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਜੋ ਆਪਣੇ ਵਰਗਾ ਇਕ ਆਪ ਹੀ ਹੈ।7।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ, ਉਸ ਨੇ (ਪਿਛਲੇ ਕੀਤੇ ਆਪਣੇ) ਸਾਰੇ ਪਾਪ ਬਖ਼ਸ਼ਵਾ ਲਏ, ਮੇਲਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ।

ਹੇ ਨਾਨਕ! (ਆਖ– ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਬੋਲ ਹੀ ਬੋਲਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਉਹ ਪ੍ਰਭੂ (ਸਾਡੇ ਨਾਲ) ਪਿਆਰ ਕਰੇ।8।12। 34।

TOP OF PAGE

Sri Guru Granth Darpan, by Professor Sahib Singh