ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 429

ਆਸਾ ਮਹਲਾ ੩ ॥ ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥ ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥ ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥ ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ ਗੁਰਮੁਖਿ ਆਪੁ ਪਛਾਣਿਆ ਤਿਨੑੀ ਇਕ ਮਨਿ ਧਿਆਇਆ ॥ ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥ ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥ ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥ ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥ ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥ ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥ ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥ ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥ ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥ ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥ ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨੑਾ ਭਰਮਾਇ ॥ ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥ ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥ ਨਾਨਕ ਨਾਮੁ ਤਿਨੑਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥ {ਪੰਨਾ 429}

ਪਦ ਅਰਥ: ਤੇ = ਤੋਂ, ਪਾਸੋਂ। ਸੋਇ = ਉਹ ਗੁਰੂ। ਸਹਜੇ = ਆਤਮਕ ਅਡੋਲਤਾ ਵਿਚ। ਗਿਆਨੁ = ਆਤਮਕ ਜੀਵਨ ਦੀ ਸੂਝ।1।

ਏ = ਹੇ! ਹਦੂਰਿ = ਅੰਗ-ਸੰਗ। ਸਦ = ਸਦਾ। ਸਬਦਿ = ਸ਼ਬਦ ਦੀ ਰਾਹੀਂ।1। ਰਹਾਉ।

ਆਪੁ = ਆਤਮਕ ਜੀਵਨ। ਇਕ ਮਨਿ = ਇਕ ਮਨ ਦੀ ਰਾਹੀਂ, ਸੁਰਤਿ ਜੋੜ ਕੇ। ਰਵਹਿ = ਮਾਣਦੀਆਂ ਹਨ।2।

ਕੋ = ਕੋਈ। ਮੋਖੁ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ।3।

ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ। ਮਹਲਿ = ਮਹਲ ਵਿਚ, ਪ੍ਰਭੂ ਚਰਨਾਂ ਵਿਚ।4।

ਜੁਗ ਮਹਿ = ਜਗਤ ਵਿਚ। ਸੋਭ = ਸੋਭਾ। ਬਿਲਮੁ = ਚਿਰ, ਦੇਰ।5।

ਮੁਏ = ਆਤਮਕ ਮੌਤੇ ਮਰੇ ਹੋਏ। ਸਾਦੁ = ਸੁਆਦ। ਸਮਾਹਿ = ਲੀਨ ਰਹਿੰਦੇ ਹਨ।6।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਿਲਾਇਅਨੁ = ਉਸ ਨੇ ਮਿਲਾਏ ਹਨ। ਅਨਦਿਨੁ = ਹਰ ਰੋਜ਼।7।

ਭਰਮਾਇ = ਭਟਕਦਾ ਫਿਰਦਾ ਹੈ। ਪਾਇਸੀ = ਪਏਗਾ। ਤਿਸੈ ਰਜਾਇ = ਉਸ ਪ੍ਰਭੂ ਦੀ ਰਜ਼ਾ ਅਨੁਸਾਰ।8।

ਸਿਉ = ਨਾਲ। ਦਰਿ ਸਚੇ = ਸਦਾ-ਥਿਰ ਪ੍ਰਭੂ ਦੇ ਦਰ ਤੇ। ਜਾਣੂ = ਉੱਘੇ।9।

ਅਰਥ: ਹੇ ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖ। (ਜੋ ਕੁਝ ਤੂੰ ਬੋਲਦਾ ਹੈਂ ਉਸ ਨੂੰ ਉਹ) ਸਦਾ ਸੁਣ ਰਿਹਾ ਹੈ, (ਤੇਰੇ ਕੰਮਾਂ ਨੂੰ ਉਹ) ਸਦਾ ਵੇਖ ਰਿਹਾ ਹੈ। ਗੁਰੂ ਦੇ ਸ਼ਬਦ ਵਿਚ (ਜੁੜ, ਤੈਨੂੰ ਹਰ ਥਾਂ) ਵਿਆਪਕ ਦਿੱਸ ਪਏਗਾ।1। ਰਹਾਉ।

ਜਦੋਂ ਪ੍ਰਭੂ ਉਸ ਗੁਰੂ ਨਾਲ ਮਿਲਾ ਦੇਂਦਾ ਹੈ ਤਦੋਂ ਗੁਰੂ ਪਾਸੋਂ ਗੁਣਾਂ ਦੀ ਦਾਤਿ ਮਿਲਦੀ ਹੈ, ਜਿਸ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਹਰਿ-ਨਾਮ ਦਾ ਸਿਮਰਨ ਕੀਤਾ ਜਾ ਸਕਦਾ ਹੈ, ਤੇ, ਅੰਦਰ ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ।1।

ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ੍ਰੀਆਂ ਆਪਣੇ ਆਤਮਕ ਜੀਵਨ ਨੂੰ ਪੜਤਾਲਦੀਆਂ ਰਹਿੰਦੀਆਂ ਹਨ, ਸੁਰਤਿ ਜੋੜ ਕੇ ਸਿਮਰਨ ਕਰਦੀਆਂ ਹਨ, ਸਦਾ ਆਪਣੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਤੇ ਸਦਾ-ਥਿਰ ਪ੍ਰਭੂ ਨਾਮ ਵਿਚ ਜੁੜ ਕੇ ਆਤਮਕ ਆਨੰਦ ਹਾਸਲ ਕਰਦੀਆਂ ਹਨ।2।

ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਵੇਖ (ਪ੍ਰਭੂ ਤੋਂ ਬਿਨਾ) ਤੇਰਾ ਕੋਈ (ਸੱਚਾ) ਸਾਥੀ ਨਹੀਂ ਹੈ, ਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭ ਲਏਂਗਾ।3।

ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਨਾਮ ਸੁਣਿਆ ਜਾ ਸਕਦਾ ਹੈ। ਸ਼ਬਦ ਦੀ ਰਾਹੀਂ ਹੀ (ਸਹੀ ਜੀਵਨ-ਰਾਹ) ਸਮਝਿਆ ਜਾ ਸਕਦਾ ਹੈ। (ਜੇਹੜਾ ਮਨੁੱਖ ਗੁਰ-ਸ਼ਬਦ ਵਿਚ ਚਿੱਤ ਜੋੜਦਾ ਹੈ ਉਹ) ਸਦਾ-ਥਿਰ ਹਰੀ ਵਿਚ ਸੁਰਤਿ ਜੋੜੀ ਰੱਖਦਾ ਹੈ; ਸ਼ਬਦ ਦੀ ਬਰਕਤਿ ਨਾਲ ਹੀ (ਅੰਦਰੋਂ) ਹਉਮੈ ਮੁਕਾਈ ਜਾ ਸਕਦੀ ਹੈ (ਜੇਹੜਾ ਮਨੁੱਖ ਗੁਰ-ਸ਼ਬਦ ਦਾ ਆਸਰਾ ਲੈਂਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਹਰੀ ਦੇ ਚਰਨਾਂ ਵਿਚ ਆਨੰਦ ਮਾਣਦਾ ਹੈ।4।

ਹੇ ਮਨ! ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ। ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।5।

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਭੁਲਾ ਦਿੱਤਾ ਉਹਨਾਂ ਆਤਮਕ ਮੌਤ ਸਹੇੜ ਲਈ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਨ੍ਹਾਂ ਨੂੰ ਹਰਿ-ਨਾਮ ਦੇ ਰਸ ਦਾ ਸੁਆਦ ਨਾਹ ਆਇਆ ਉਹ ਵਿਕਾਰਾਂ ਦੇ ਗੰਦ ਵਿਚ ਮਸਤ ਹੁੰਦੇ ਹਨ। ਜਿਵੇਂ ਗੰਦ ਦੇ ਕੀੜੇ ਗੰਦ ਵਿਚ।6।

ਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਹਰ ਵੇਲੇ ਆਪਣੇ ਨਾਮ ਵਿਚ ਲਾ ਕੇ ਮੇਹਰ ਕਰ ਕੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ। ਉਹ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਨਾਮ ਵਿਚ ਟਿਕੇ ਰਹਿੰਦੇ ਹਨ, ਹਰ ਵੇਲੇ ਸਦਾ-ਥਿਰ ਹਰੀ ਵਿਚ ਹੀ ਲੀਨ ਰਹਿੰਦੇ ਹਨ।7।

ਹੇ ਭਾਈ! ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੋ ਰਿਹਾ ਹੈ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ। ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਹਰਿ-ਨਾਮ ਸੁਣਿਆ ਨਹੀਂ ਜਾ ਸਕਦਾ, (ਸਰਬ-ਵਿਆਪਕ ਪ੍ਰਭੂ) ਵੇਖਿਆ ਨਹੀਂ ਜਾ ਸਕਦਾ। ਨਾਮ ਤੋਂ ਖੁੰਝ ਕੇ (ਮਾਇਆ ਵਿਚ ਅੰਨ੍ਹਾ ਬੋਲਾ ਹੋਇਆ) ਜਗਤ ਦੁੱਖ ਹੀ ਸਹਾਰਦਾ ਰਹਿੰਦਾ ਹੈ। (ਜਗਤ ਦੇ ਕੀਹ ਵੱਸ!) ਹਰਿ-ਨਾਮ ਉਸ ਹਰੀ ਦੀ ਰਜ਼ਾ ਨਾਲ ਹੀ ਮਿਲ ਸਕਦਾ ਹੈ।8।

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਮਨੁੱਖ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ। ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹ ਉੱਘੇ ਹਨ।9।13। 35।

ਆਸਾ ਮਹਲਾ ੩ ॥ ਸਬਦੌ ਹੀ ਭਗਤ ਜਾਪਦੇ ਜਿਨੑ ਕੀ ਬਾਣੀ ਸਚੀ ਹੋਇ ॥ ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥ ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥ ਸਫਲੁ ਤਿਨੑਾ ਕਾ ਜਨਮੁ ਹੈ ਤਿਨੑ ਮਾਨੈ ਸਭੁ ਕੋਇ ॥੧॥ ਰਹਾਉ ॥ ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥ ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥ ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥ ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥ ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨੑਾ ਨਾਮੁ ਪਿਆਰਾ ॥ ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨੑਾ ਅੰਤਰਿ ਸਬਦੁ ਵੀਚਾਰਾ ॥੪॥ ਭਗਤੀ ਸਾਰ ਨ ਜਾਣਨੑੀ ਮਨਮੁਖ ਅਹੰਕਾਰੀ ॥ ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥ ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥ ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥ ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥ ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥ ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥ ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥ ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥ {ਪੰਨਾ 429}

ਪਦ ਅਰਥ: ਸਬਦੌ = ਸ਼ਬਦ ਤੋਂ, ਸ਼ਬਦ ਦੀ ਬਰਕਤਿ ਨਾਲ। ਜਾਪਦੇ = ਉੱਘੇ ਹੋ ਜਾਂਦੇ ਹਨ। ਸਚੀ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੀ। ਆਪੁ = ਆਪਾ-ਭਾਵ। ਸਚਿ = ਸਦਾ-ਥਿਰ ਪ੍ਰਭੂ ਵਿਚ।1।

ਪਤਿ = ਇੱਜ਼ਤ। ਮਾਨੈ = ਆਦਰ ਕਰਦਾ ਹੈ। ਸਭੁ ਕੋਇ = ਹਰੇਕ ਜੀਵ।1। ਰਹਾਉ।

ਮੇਰਾ = ਅਪਣੱਤ, ਮਮਤਾ। ਜਾਤਿ = ਵੱਖਰੀ ਹੋਂਦ, ਵੱਖਰਾਪਨ। ਮਰੈ = 'ਮੈਂ ਮੇਰੀ' ਦਾ ਅਭਾਵ ਹੋ ਜਾਏ।2।

ਭੇਟਿਆ = ਮਿਲਿਆ। ਨਵੈ ਨਿਧਿ = ਨੌਂ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ।3।

ਰਾਸਿ = ਪੂੰਜੀ, ਸੌਦਾ। ਗੁਰਮੁਖਿ = ਗੁਰੂ ਦੇ ਸਨਮੁਖ। ਅੰਤਰਿ = ਮਨ ਵਿਚ।4।

ਸਾਰ = ਕਦਰ। ਜਾਣਨੑੀ = ਜਾਣਦੇ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ। ਖੁਆਇਅਨੁ = ਉਸ (ਹਰੀ) ਨੇ ਖੁੰਝਾ ਦਿੱਤੇ ਹਨ।5।

ਪਦਾਰਥੁ = ਕੀਮਤੀ ਚੀਜ਼। ਮਨ = ਮਨ ਨੂੰ। ਧੀਰਿ = ਧੀਰਜ ਆਉਂਦੀ ਹੈ।6।

ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਮਾਰਿ = ਮਾਰ ਕੇ।7।

ਜਤਿ ਪਤਿ = ਜਾਤਿ ਪਾਤਿ, ਉੱਚੀ ਜਾਤਿ ਤੇ ਉੱਚੀ ਕੁਲ। ਏਕੋੁ = {ਅਸਲ ਲਫ਼ਜ਼ 'ਏਕੁ' ਹੈ, ਇਥੇ 'ਏਕੋ' ਪੜ੍ਹਨਾ ਹੈ}। ਭਾਵੈ = ਪਸੰਦ ਆਉਂਦਾ ਹੈ। ਸਾਰਿ = ਸਿਰੇ ਚਾੜ੍ਹਦਾ ਹੈ। ਤਿਸ ਕੀ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।8।

ਨਿਰਾਲੀ = ਅਨੋਖੀ। ਅਲਾਹ ਦੀ = ਪਰਮਾਤਮਾ ਦੀ। ਵੀਚਾਰਿ = ਵੀਚਾਰ ਦੀ ਰਾਹੀਂ। ਭੈ = ਅਦਬ ਵਿਚ। ਨਾਮਿ = ਨਾਮ ਵਿਚ।9।

ਅਰਥ: (ਹੇ ਭਾਈ!) ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ (ਨਾਮ ਜਪ ਕੇ) ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ।1। ਰਹਾਉ।

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਭਗਤ (ਜਗਤ ਵਿਚ) ਉਜਾਗਰ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ-ਚਾਲ ਹੋ ਜਾਂਦਾ ਹੈ। (ਨਾਮ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ।1।

'ਮੈਂ ਮੈਂ, ਮੇਰੀ ਮੇਰੀ' = ਇਹ ਹੀ ਪਰਮਾਤਮਾ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ। ਜਦੋਂ ਗੁਰ-ਸ਼ਬਦ ਦੀ ਰਾਹੀਂ 'ਮੈਂ ਮੇਰੀ' ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ਰੱਬ ਮਿਲ ਪੈਂਦਾ ਹੈ।2।

(ਜਦੋਂ ਸਾਨੂੰ ਜੀਵਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਸਾਨੂੰ ਹਰਿ-ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹੈ, ਨਾਮ-ਧਨ ਨਾਲ ਸਾਡੇ (ਹਿਰਦੇ ਦੇ) ਖ਼ਜ਼ਾਨੇ ਭਰ ਜਾਂਦੇ ਹਨ, ਇਹ ਖ਼ਜ਼ਾਨੇ ਕਦੀ ਖ਼ਾਲੀ ਨਹੀਂ ਹੋ ਸਕਦੇ।3।

ਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ (-ਧਨ) ਪਿਆਰਾ ਲੱਗਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ। ਅਜਿਹੇ ਮਨੁੱਖਾਂ ਦੇ ਅੰਦਰ ਗੁਰ-ਸ਼ਬਦ ਵੱਸ ਪੈਂਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਆ ਵੱਸਦੀ ਹੈ।4।

(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ, (ਉਹਨਾਂ ਦੇ ਭੀ ਕੀਹ ਵੱਸ? ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ (ਜਿਵੇਂ ਕੋਈ ਜੁਆਰੀਆ) ਜੂਏ ਵਿਚ (ਹਾਰ ਖਾਂਦਾ ਹੈ) ।5।

ਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ। ਪ੍ਰੇਮ ਦੀ ਦਾਤਿ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ।6।

(ਹੇ ਭਾਈ!) ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ, (ਗੁਰ-ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਉਹ ਮਨੁੱਖ) ਹਉਮੈ ਤੇ ਮੇਰ-ਤੇਰ ਮੁਕਾ ਲੈਂਦਾ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ।7।

ਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਉੱਚੀ ਜਾਤਿ ਹੈ ਨਾਮ ਹੀ ਉਹਨਾਂ ਵਾਸਤੇ ਉੱਚੀ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ। ਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ।8।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤਿ ਦੇਣ ਵਾਲੀ ਹੈ। ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ।9।14। 36।

TOP OF PAGE

Sri Guru Granth Darpan, by Professor Sahib Singh