ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 430

ਆਸਾ ਮਹਲਾ ੩ ॥ ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥ ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥ ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥ ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥ ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥ ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥ ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥ ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥ ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥ ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥ ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥ ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥ ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥ ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥ ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥ ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥ ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥ ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥ {ਪੰਨਾ 430}

ਪਦ ਅਰਥ: ਅਨ = {ANX} ਹੋਰ ਹੋਰ। ਭੋਲਾਇਆ = ਕੁਰਾਹੇ ਪਿਆ ਹੋਇਆ। ਭੇਟਿਓ = ਮਿਲਿਆ। ਜਿ = ਜੇਹੜਾ। ਸਚੀ = ਸਦਾ-ਥਿਰ ਹਰੀ ਦੀ ਭਗਤੀ ਦੀ। ਬੂਝ = ਸਮਝ, ਸੋਝੀ। ਬੁਝਾਇ = ਸਮਝਾਂਦਾ ਹੈ।1।

ਬਾਵਲੇ = ਕਮਲੇ! ਸਾਦੁ = ਸੁਆਦ। ਰਸਿ = ਰਸ ਵਿਚ। ਗਵਾਇ = ਗਵਾ ਕੇ।1। ਰਹਾਉ।

ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ। ਨਿਰਮਲ = ਪਵਿਤ੍ਰ। ਲਿਵ = ਸੁਰਤਿ। ਲਾਇ = ਲਾ ਕੇ। ਕਰਮ = ਬਖ਼ਸ਼ਸ਼।2।

ਆਪੁ = ਆਤਮਕ ਜੀਵਨ। ਮਰਹਿ = ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ। ਮਨਹੁ = ਮਨ ਵਿਚੋਂ।3।

ਵਿਚਹੁ = ਅੰਦਰੋਂ। ਮੋਹਿ = ਮੋਹ ਵਿਚ। ਵਿਆਪਿਆ = ਫਸਿਆ ਹੋਇਆ। ਭਰਮਿ = ਭਟਕਣਾ ਵਿਚ। ਭੁਲਾਇ = ਕੁਰਾਹੇ ਪਿਆ ਰਹਿੰਦਾ ਹੈ।4।

ਦੋਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀਆਂ। ਸਾਰ = ਕਦਰ। ਜਾਣਹੀ = ਜਾਣਹਿ, ਜਾਣਦੀਆਂ। ਕਿਆ ਕਰਿ = ਕਾਹਦੇ ਵਾਸਤੇ?।5।

ਮਹਲੁ = ਹਰਿ-ਚਰਨ ਨਿਵਾਸ। ਆਪੁ = ਆਪਾ-ਭਾਵ। ਸਹਿ = ਸਹ ਨੇ, ਖਸਮ-ਪ੍ਰਭੂ ਨੇ।6।

ਮਰਣਾ = ਮੌਤ। ਗੁਬਾਰੁ = ਘੁੱਪ ਹਨੇਰਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = ਦਰ ਤੇ। ਹੋਹਿ = ਹੁੰਦੇ ਹਨ।7।

ਮਿਲਾਇਅਨੁ = ਮਿਲਾਏ ਹਨ ਉਸ ਨੇ। ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ। ਮੁਖ ਉਜਲੇ = ਉਜਲ ਮੂੰਹ ਵਾਲੇ। ਦਰਬਾਰਿ = ਦਰਬਾਰ ਵਿਚ। ਤਿਤੁ = ਉਸ (ਦਰਬਾਰ) ਵਿਚ। ਸਚੈ = ਸਦਾ-ਥਿਰ ਰਹਿਣ ਵਾਲੇ।8।

ਅਰਥ: ਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ। ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ।1। ਰਹਾਉ।

ਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ, ਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਅਕਲ ਦੇਂਦਾ ਹੈ।1।

(ਹੇ ਭਾਈ!) ਦੁਨੀਆ ਵਿਚ ਉਹੀ ਮਨੁੱਖ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ ਜੇਹੜੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਸ ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਉਸ ਦੇ ਨਾਮ ਵਿਚ ਲੀਨ ਰਹਿੰਦੇ ਹਨ। ਪਰ ਕੀਹ ਆਖਿਆ ਜਾਏ? ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਕੁਝ ਨਹੀਂ ਮਿਲਦਾ।2।

(ਜਿਨ੍ਹਾਂ ਉਤੇ ਬਖ਼ਸ਼ਸ਼ ਹੁੰਦੀ ਹੈ ਉਹ) ਆਪਣਾ ਜੀਵਨ ਪੜਤਾਲਦੇ ਹਨ, ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ। ਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਬਖ਼ਸ਼ਸ਼ਾਂ ਕਰਨ ਵਾਲਾ ਬਖ਼ਸ਼ਿੰਦ ਹਰੀ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ।3।

(ਹੇ ਭਾਈ!) ਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ। ਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।4।

(ਨਾਮ-ਹੀਨ ਜੀਵ-ਇਸਤ੍ਰੀਆਂ ਇਵੇਂ ਹੀ ਹਨ ਜਿਵੇਂ) ਛੁੱਟੜਾਂ ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸਿੰਗਾਰ ਕਰਦੀਆਂ ਹਨ, ਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ।5।

ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਲੱਭ ਲੈਂਦੀਆਂ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ।6।

ਹੇ ਭਾਈ! ਮਾਇਆ ਦਾ ਮੋਹ ਘੁੱਪ ਹਨੇਰਾ ਹੈ (ਇਸ ਵਿਚ ਫਸ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ, ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ।7।

ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਗਏ।

ਹੇ ਨਾਨਕ! ਜੇਹੜੇ ਮਨੁੱਖ ਹਰਿ-ਨਾਮ ਵਿਚ ਰਹਿੰਦੇ ਹਨ ਉਹ ਸਦਾ-ਥਿਰ ਪਰਮਾਤਮਾ ਦੇ ਦਰਬਾਰ ਵਿਚ ਸੁਰਖ਼-ਰੂ ਹੋ ਜਾਂਦੇ ਹਨ।8। 22।15। 37।

ਅਸਟਪਦੀਆਂ ਮ: 1 = 22
ਅਸਟਪਦੀਆਂ ਮ: 3 = 15
. . . . . . . . . . . . = =
. . . . . . .ਜੋੜ . . . . 37

ਆਸਾ ਮਹਲਾ ੫ ਅਸਟਪਦੀਆ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥੧॥ ਇਨੑ ਬਿਧਿ ਨਗਰੁ ਵੁਠਾ ਮੇਰੇ ਭਾਈ ॥ ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥ ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥ ਨਾਮੁ ਖੇਤੀ ਬੀਜਹੁ ਭਾਈ ਮੀਤ ॥ ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥ ਸਾਂਤਿ ਸਹਜ ਸੁਖ ਕੇ ਸਭਿ ਹਾਟ ॥ ਸਾਹ ਵਾਪਾਰੀ ਏਕੈ ਥਾਟ ॥੪॥ ਜੇਜੀਆ ਡੰਨੁ ਕੋ ਲਏ ਨ ਜਗਾਤਿ ॥ ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥ ਵਖਰੁ ਨਾਮੁ ਲਦਿ ਖੇਪ ਚਲਾਵਹੁ ॥ ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥ ਸਤਿਗੁਰੁ ਸਾਹੁ ਸਿਖ ਵਣਜਾਰੇ ॥ ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥ ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥ ਅਬਿਚਲ ਨਗਰੀ ਨਾਨਕ ਦੇਵ ॥੮॥੧॥ {ਪੰਨਾ 430}

ਪਦ ਅਰਥ: ਪੰਚ = ਸਤ, ਸੰਤੋਖ, ਦਇਆ, ਧਰਮ, ਧੀਰਜ। ਪੰਚ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।1।

ਇਨੑ ਬਿਧਿ = ਇਸ ਵਿਓਂਤ ਨਾਲ। ਨਗਰੁ = ਸਰੀਰ-ਸ਼ਹਰ! ਵੁਠਾ = ਵੱਸ ਪਿਆ। ਦੁਰਤੁ = ਪਾਪ। ਗੁਰਿ = ਗੁਰੂ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜਾਈ = ਪੱਕੀ ਕਰ ਦਿੱਤੀ।1। ਰਹਾਉ।

ਸਾਚ ਧਰਮ = ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਨਿੱਤ ਕਾਰ। ਵਾਰਿ = ਵਾੜ। ਫਰਹੇ = ਖਿੜਕ, ਗਿਆਨ-ਇੰਦ੍ਰੇ। ਮੁਹਕਮ = ਮਜ਼ਬੂਤ। ਬੀਚਾਰਿ = ਵਿਚਾਰ ਕੇ, ਸੋਚ-ਮੰਡਲ ਵਿਚ ਟਿਕਾ ਕੇ।2।

ਖੇਤੀ = ਸਰੀਰ ਪੈਲੀ ਵਿਚ। ਨੀਤ = ਨਿੱਤ, ਸਦਾ।3।

ਸਹਜ = ਆਤਮਕ ਅਡੋਲਤਾ। ਸਭਿ ਹਾਟ = ਸਾਰੇ ਹੱਟ, ਸਾਰੇ ਗਿਆਨ-ਇੰਦ੍ਰੇ। ਥਾਟ = ਬਨਾਵਟ। ਏਕੈ ਥਾਟ = ਇਕੋ ਰੂਪ ਵਿਚ।4।

ਜੇਜੀਆ = ਉਹ ਟੈਕਸ ਜੋ ਮੁਸਲਿਮ ਹਕੂਮਤ ਸਮੇ ਗ਼ੈਰ-ਮੁਸਲਿਮ ਭਰਦੇ ਸਨ। ਜਗਾਤਿ = ਮਸੂਲ, ਚੁੰਗੀ। ਸਤਿਗੁਰਿ = ਗੁਰੂ ਨੇ। ਛਾਪ = ਮਾਫ਼ੀ ਦੀ ਮੋਹਰ। ਧੁਰ ਕੀ = ਧੁਰ ਦਰਗਾਹ ਦੀ, ਪ੍ਰਭੂ-ਦਰ ਤੋਂ ਪਰਵਾਨ ਹੋਈ।5।

ਵਖਰੁ = ਸੌਦਾ। ਲਦਿ = ਲੱਦ ਕੇ। ਖੇਪ = ਕਾਫ਼ਲਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਘਰਿ = ਪ੍ਰਭੂ ਦੇ ਮਹਲ ਵਿਚ।6।

ਸਾਹੁ = ਸਾਹੂਕਾਰ। ਪੂੰਜੀ = ਰਾਸ, ਸਰਮਾਇਆ। ਸਾਚੁ = ਸਦਾ-ਥਿਰ ਪ੍ਰਭੂ। ਸਮ੍ਹਾਰੇ = ਹਿਰਦੇ ਵਿਚ ਸਾਂਭ ਕੇ ਰੱਖਦਾ ਹੈ।7।

ਇਤੁ = ਇਸ ਵਿਚ। ਘਰਿ = ਘਰ ਵਿਚ। ਇਤੁ ਘਰਿ = ਇਸ ਘਰ ਵਿਚ। ਜਿਸੁ = ਜਿਸ ਨੂੰ। ਅਬਿਚਲ = ਅਟੱਲ, ਕਦੇ ਨਾਹ ਡੋਲਣ ਵਾਲੀ। ਦੇਵ = ਦੇਵ ਦੀ, ਪਰਮਾਤਮਾ ਦੀ।8।

ਅਰਥ: ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ (ਉਸ ਦੇ ਅੰਦਰੋਂ) ਵਿਕਾਰ-ਪਾਪ ਦੂਰ ਹੋ ਗਿਆ, ਤੇ, ਹੇ ਮੇਰੇ ਵੀਰ! ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ।1। ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦੀ ਦਾਤਿ ਦਿੱਤੀ ਉਸ ਮਨੁੱਖ ਨੇ ਆਪਣੇ ਸਰੀਰ-ਨਗਰ ਵਿਚ ਸਤ ਸੰਤੋਖ ਦਇਆ ਧਰਮ ਧੀਰਜ = ਇਹ) ਪੰਜੇ ਪ੍ਰਫੁਲਤ ਕਰ ਲਏ, ਤੇ, ਕਾਮਾਦਿਕ ਪੰਜੇ ਨਾਰਾਜ਼ ਕਰ ਲਏ, (ਸਤ ਸੰਤੋਖ ਆਦਿਕ) ਪੰਜ (ਆਪਣੇ ਸਰੀਰ ਨਗਰ ਵਿਚ) ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ।1।

(ਹੇ ਭਾਈ! ਜਿਸ ਗੁਰੂ ਨੇ ਗਿਆਨ ਬਖ਼ਸ਼ਿਆ, ਉਸ ਨੇ ਆਪਣੇ ਸਰੀਰ-ਨਗਰ ਦੀ ਰਾਖੀ ਵਾਸਤੇ) ਸਦਾ-ਥਿਰ ਪ੍ਰਭੂ ਦੇ ਨਿੱਤ ਦੇ ਸਿਮਰਨ ਦੀ ਵਾੜ ਦੇ ਲਈ, ਗੁਰੂ ਦੇ ਦਿੱਤੇ ਗਿਆਨ ਨੂੰ ਸੋਚ-ਮੰਡਲ ਵਿਚ ਟਿਕਾ ਕੇ ਉਸ ਨੇ ਆਪਣੇ ਖਿੜਕ (ਗਿਆਨ-ਇੰਦ੍ਰੇ) ਪੱਕੇ ਕਰ ਲਏ।2।

ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀ ਵੀ ਸਦਾ ਗੁਰੂ ਦੀ ਸਰਨ ਲਵੋ, ਸਰੀਰ-ਪੈਲੀ ਵਿਚ ਪਰਮਾਤਮਾ ਦਾ ਨਾਮ ਬੀਜਿਆ ਕਰੋ, ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ।3।

ਹੇ ਭਾਈ! ਜੇਹੜੇ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ ਉਹਨਾਂ ਦੇ ਸਾਰੇ ਹੱਟ (ਸਾਰੇ ਗਿਆਨ-ਇੰਦ੍ਰੇ) ਸ਼ਾਂਤੀ, ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ।4।

(ਹੇ ਭਾਈ! ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤਿ ਦਿੱਤੀ ਉਹਨਾਂ ਦੇ ਸਰੀਰ-ਨਗਰ ਵਾਸਤੇ) ਗੁਰੂ ਨੇ ਪ੍ਰਭੂ-ਦਰ ਤੋਂ ਪਰਵਾਨ ਹੋਈ ਹੋਈ ਮਾਫ਼ੀ ਦੀ ਮੋਹਰ ਬਖ਼ਸ਼ ਦਿੱਤੀ, ਕੋਈ (ਪਾਪ ਵਿਕਾਰ ਉਹਨਾਂ ਦੇ ਹਰਿ-ਨਾਮ ਸੌਦੇ ਉਤੇ) ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਕੋਈ ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦਾ) ।5।

ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਗੁਰੂ ਦੀ ਸਰਨ ਪੈ ਕੇ ਤੁਸੀ ਭੀ ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ, (ਉੱਚੇ ਆਤਮਕ ਜੀਵਨ ਦਾ) ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ।6।

(ਹੇ ਭਾਈ! ਨਾਮ ਦਾ ਸਰਮਾਇਆ ਗੁਰੂ ਦੇ ਪਾਸ ਹੈ) ਗੁਰੂ (ਹੀ ਇਸ ਸਰਮਾਏ ਦਾ) ਸਾਹੂਕਾਰ ਹੈ (ਜਿਸ ਪਾਸੋਂ ਆਤਮਕ ਜੀਵਨ ਦਾ) ਵਣਜ ਕਰਨ ਵਾਲੇ ਸਿੱਖ ਹਰਿ-ਨਾਮ ਦਾ ਸਰਮਾਇਆ ਹਾਸਲ ਕਰਦੇ ਹਨ (ਜਿਸ ਸਿੱਖ ਨੂੰ ਗੁਰੂ ਨੇ ਗਿਆਨ ਦੀ ਦਾਤਿ ਦੇ ਦਿੱਤੀ ਹੈ ਉਹ) ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ (ਇਹੀ ਹੈ) ਲੇਖਾ-ਹਿਸਾਬ (ਜੋ ਉਹ ਨਾਮ-ਵਣਜ ਵਿਚ ਕਰਦਾ ਰਹਿੰਦਾ ਹੈ) ।7।

ਹੇ ਨਾਨਕ! (ਆਖ– ਹੇ ਭਾਈ!) ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ਦਾ ਹੈ ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ।8।1।

TOP OF PAGE

Sri Guru Granth Darpan, by Professor Sahib Singh