ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 431

ਆਸਾਵਰੀ ਮਹਲਾ ੫ ਘਰੁ ੩     ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥ ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥੧॥ ਰਹਾਉ ॥ ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ ॥ ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥ ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥ ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥੨॥ ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥ ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥੩॥ ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥ ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥੪॥ ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥ ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥੫॥ ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥ ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥ ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥ ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥੭॥ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ ॥ ਕਹੁ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ॥੮॥੧॥੨॥ {ਪੰਨਾ 431}

ਪਦ ਅਰਥ: ਮਨ = ਹੇ ਮਨ! ਸੰਗਿ = ਸੰਗਤਿ ਵਿਚ। ਜਪਤ = ਜਪਦਿਆਂ। ਰੀਤਿ = ਮਰਯਾਦਾ।1। ਰਹਾਉ।

ਘਣੀ = ਬਹੁਤ। ਚਿਤਵਤ = ਚੇਤਾ ਕਰਦਿਆਂ। ਅਨੁਗ੍ਰਹੁ = ਕਿਰਪਾ। ਮੁਰਾਰਿ = {ਮੁਰ-ਅਰਿ} ਹੇ ਪ੍ਰਭੂ!।1।

ਪਰਦੇਸੀ = ਕਈ ਦੇਸਾਂ (ਜੂਨਾਂ) ਵਿਚ ਭਟਕਦਾ। ਸਾਧ = ਗੁਰੂ। ਚਾਹਤਾ = ਲੋੜਦਾ। ਨਾਮਹਿ ਰੰਗਿ = ਨਾਮ ਦੇ ਪਿਆਰ ਵਿਚ।2।

ਜੇਤੇ = ਜਿਤਨੇ ਭੀ। ਭੁੰਚਹਿ = ਮਾਣਦੇ ਹਨ। ਸਭ ਠਾਇ = ਹਰ ਥਾਂ। ਠਾਇ = ਥਾਂ ਵਿਚ। ਠਾਉ = ਥਾਂ।3।

ਚਲਤਉ = ਨਾਸਵੰਤ। ਨਾਉ = ਨਾਮ। ਕੋ = ਦਾ। ਪਾਵਹਿ = ਤੂੰ ਪਾ ਲਏਂਗਾ। {ਲਫ਼ਜ਼ 'ਠਾਇ' ਅਤੇ 'ਠਾਉ' ਦਾ ਫ਼ਰਕ ਚੇਤੇ ਰਹੇ}।4।

ਬੰਧਪਾ = ਰਿਸ਼ਤੇਦਾਰ। ਨਿਵਾਹੂ = ਸਦਾ ਨਿਭਣ ਵਾਲਾ। ਦੀਨਾ ਕਾ = ਗਰੀਬਾਂ ਦਾ। ਨਾਥ = ਖਸਮ।5।

ਬੋਹਿਥ = ਜਹਾਜ਼। ਤੇਹ ਲਗਿ = ਉਹਨਾਂ (ਚਰਨਾਂ) ਨਾਲ ਲੱਗ ਕੇ। ਨੇਹ = ਪਿਆਰ।6।

ਸਾਧ = ਸੇਵਕ। ਜਾਚਨਾ = ਮੰਗ। ਸਾਸਿ ਗਿਰਾਸਿ = ਹਰੇਕ ਸਾਹ ਨਾਲ ਤੇ ਗਿਰਾਹੀ ਨਾਲ। ਰਾਸਿ = ਠੀਕ (ਹੋ ਜਾਂਦਾ ਹੈ) ।7।

ਸੁਖ ਸਾਗਰ = ਸੁਖਾਂ ਦਾ ਸਮੁੰਦਰ। ਭੇਟੇ = ਮਿਲੇ। ਪਰਮਾਨੰਦ = ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ।8।

ਅਰਥ: ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤਿ ਪਰਮਾਤਮਾ ਨਾਲ ਬਣ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ।1। ਰਹਾਉ।

ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ, ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ।1।

ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ।2।

ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ (ਇਹਨਾਂ ਵਿਚ ਪ੍ਰਵਿਰਤ ਹੋਣ ਵਾਲੇ ਆਖ਼ਰ ਪਛੁਤਾਂਦੇ ਹਨ, ਪਰ, ਹੇ ਪ੍ਰਭੂ!) ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ।3।

ਹੇ ਭਾਈ! ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ। ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ।4।

ਹੇ ਭਾਈ! ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ = ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ। ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ।5।

ਹੇ ਭਾਈ! ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ।6।

ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ। ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।7।

ਹੇ ਨਾਨਕ! ਆਖ– ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ, ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।8।1।2। 39।

ਨੋਟ: ਇਹ ਅਸਟਪਦੀ ਆਸਾਵਰੀ ਰਾਗਣੀ ਵਿਚ ਗਾਈ ਜਾਣ ਵਾਲੀ ਹੈ, ਘਰੁ ਤੀਜੇ ਵਿਚ।

ਆਸਾਵਰੀ ਦੀ ਅਸਟਪਦੀ ਮ: 5 = 1
. . ਆਸਾ ਦੀ ਅਸਟਪਦੀ ਮ: 5 = 1
. . . . . . . . . . . . . . . . . = =
. . . . . . . . . . ਜੋੜ . . . . . . 2
. . . . . . . . . . . . . ਮ: 1 = 22
. . . . . . . . . . . . . ਮ: 3 = 15
. . . . . . . . . . . . . . . . . . = =
. . . . . . . . . . ਕੁਲ ਜੋੜ . . . .39

ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ ੴ ਸਤਿਗੁਰ ਪ੍ਰਸਾਦਿ ॥ ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥ ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥ ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥ ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥ ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥ ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥ ਹਰਿ ਰਸੁ ਜਿਨੑੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥ ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥ ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥ ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥੨॥ ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ॥੩॥ ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥ ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ ॥੫॥ ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥੬॥ ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥ ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥ ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥ ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥ ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥ ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥ ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥ ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥ ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥ ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥ {ਪੰਨਾ 431-432}

ਨੋਟ: ਬਿਰਹੜੇ = ਬਿਰਹੁ-ਭਰੇ। ਇਹ 'ਬਿਰਹੜੇ' ਗਿਣਤੀ ਵਿਚ 3 ਹਨ, ਅਸਟਪਦੀਆਂ ਵਿਚ ਹੀ ਗਿਣੇ ਗਏ ਹਨ। ਜਤਿ = ਚਾਲ। ਇਹਨਾਂ ਦੀ ਚਾਲ ਛੰਤਾਂ ਵਾਲੀ ਹੈ।

ਪਦ ਅਰਥ: ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ (ਜਾਉਂ) ।1।

ਬੀਸਰਹਿ = ਭੁੱਲ ਜਾਂਦੇ ਹਨ। ਸੋ = ਉਸ (ਪ੍ਰਭੂ) ਨੂੰ।2।

ਵੇਚੀ = ਵੇਚੀਂ; ਮੈਂ ਵੇਚ ਦਿਆਂ। ਸੰਤ ਪਹਿ = ਗੁਰੂ ਦੇ ਪਾਸ। ਦੇਇ ਮਿਲਾਇ = ਮਿਲਾ ਦੇਂਦਾ ਹੈ।3।

ਬਿਖਿਆ = ਮਾਇਆ। ਮਾਇ = ਹੇ ਮਾਂ!।4।

ਪਾਇ = ਪੈ ਕੇ, ਪਿਆਂ।5।

ਅਨਤ = (ANXØ[) ਕਿਸੇ ਹੋਰ ਥਾਂ। ਜਾਇ = ਜਾਂਦਾ।6।

ਰਹੇ ਆਘਾਇ = ਰੱਜੇ ਰਹਿੰਦੇ ਹਨ।7।

ਅੰਚਲੁ = ਪੱਲਾ। ਗਹਿਆ = ਫੜਿਆ। ਸਾਧ = ਗੁਰੂ। ਭੈ = ਭਿਆਨਕ। ਪਾਰਿ ਪਰਾਇ = ਪਾਰਿ ਪਰੈ।8।

ਅਰਥ: ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ।1।

ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ।2।

ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ।3।

ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ।4।

ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ।5।

ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ।6।

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ।6।

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।8।1।3।

ਨੋਟ: ਅੰਕ 1 ਦਾ ਭਾਵ ਹੈ 'ਬਿਰਹੜਾ' ਨੰ: 1।

ਅੰਕ 3 = ਪਿਛਲੀਆਂ 2 ਅਸ਼ਟਪਦੀਆਂ ਮਹਲਾ 5 ਅਤੇ ਇਹ 1 ਬਿਰਹੜਾ, ਜੋੜ = 3।

ਪਦ ਅਰਥ: ਕਟੀਐ = ਕੱਟਿਆ ਜਾਂਦਾ ਹੈ। ਹਰਿਰਾਇ = ਪ੍ਰਭੂ-ਪਾਤਿਸ਼ਾਹ।1।

ਸੁਘਰੁ = ਸੁਘੜ, ਸੋਹਣੀ ਆਤਮਕ ਘਾੜਤ ਵਾਲਾ, ਸੁਚੱਜਾ। ਸੁਜਾਣੁ = ਸਿਆਣਾ। ਜੀਵਨੁ = ਜ਼ਿੰਦਗੀ। ਦਿਖਾਇ = ਵਿਖਾਂਦਾ ਹੈ।2।

ਜੀਅ = {'ਜੀਉ' ਤੋਂ ਬਹੁ-ਵਚਨ}। ਤੇ = ਤੋਂ। ਬਿਖੁ = ਜ਼ਹਰ। ਖਾਇ = ਖਾ ਕੇ।3।

ਤਿਸ ਕੈ ਪਾਇ = ਉਸ ਦੀ ਪੈਰੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ।4।

ਪੇਖਤੇ = ਵੇਖਦਿਆਂ। ਮੁਖ ਤੇ = ਮੂੰਹੋਂ।5।

ਤੁਟਈ = ਤੁਟਏ, ਤੁਟੈ, ਟੁੱਟਦੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਲਈ।6।

ਅਮਰੁ = ਨਾਹ ਮਰਨ ਵਾਲੀ। ਰਜਾਇ = ਰਜ਼ਾ, ਭਾਣਾ, ਹੁਕਮ।7।

ਮਾਤੇ = ਮਸਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਰੰਗਿ = ਰੰਗ ਵਿਚ, ਪਿਆਰ ਵਿਚ।8।

ਅਰਥ: ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ।1।

ਹੇ ਭਾਈ! (ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ।2।

ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ।3।

(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ।4।

ਹੇ ਪਿਆਰੇ (ਪ੍ਰਭੂ) ! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ।5।

ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।6।

ਹੇ ਪਿਆਰੇ (ਪ੍ਰਭੂ) ! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ।7।

ਹੇ ਨਾਨਕ! (ਆਖ–) ਹੇ ਪਿਆਰੇ! ਜੇਹੜੇ ਮਨੁੱਖ ਨਾਰਾਇਣ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿਚ ਮਸਤ ਰਹਿੰਦੇ ਹਨ।8।2।4।

ਪਦ ਅਰਥ: ਬਿਧਿ = ਢੰਗ। ਪਹਿ = ਪਾਸ। ਕਹਉ = ਕਹਉਂ, ਮੈਂ ਆਖਾਂ। ਸੁਨਾਇ = ਸੁਣਾ ਕੇ।1।

ਪਹਿਰਹਿ = ਪਹਿਨਦੇ ਹਨ। ਖਾਇ = ਖਾਂਦਾ ਹੈ।2।

ਆਗਿਆ = ਹੁਕਮ। ਜਾਇ = ਥਾਂ।3।

ਕਰੀ = ਕਰੀਂ, ਮੈਂ ਕਰਦਾ ਹਾਂ। ਅਵਰੁ = ਹੋਰ।4।

ਰੈਣਿ = ਰਾਤ। ਸੁਹਾਵਣੇ = ਸੋਹਣੇ, ਸੁਖਦਾਈ। ਜਿਤੁ = ਜਿਸ ਵਿਚ।5।

ਸਾਈ = ਉਹੀ। ਧੁਰਿ = ਧੁਰ ਤੋਂ। ਮਸਤਕਿ = ਮੱਥੇ ਉਤੇ। ਲਿਖਾਇ = ਲਿਖਾ ਕੇ।6।

ਏਕੋ ਆਪਿ = ਪਰਮਾਤਮਾ ਇਕ ਆਪ ਹੀ। ਘਟਿ ਘਟਿ = ਹਰੇਕ ਘਟ ਵਿਚ।7।

ਕੂਪ = ਖੂਹ। ਤੇ = ਤੋਂ, ਵਿਚੋਂ। ਉਧਰਿ ਲੈ = ਬਚਾ ਲੈ।8।

ਅਰਥ: ਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ। ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ?।1।

ਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ। (ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹੈ।2।

ਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ। (ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ।3।

ਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ।4।

ਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ।5।

ਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ।6।

ਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ।7।

ਹੇ ਨਾਨਕ! (ਆਖ–) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ।8।3। 22।15।2। 42।

. . . . ਬਿਰਹੜੇ = = 3
ਅਸਟਪਦੀਆ ਮ: 1 = 22
ਅਸਟਪਦੀਆ ਮ: 3 = 15
ਅਸਟਪਦੀਆ ਮ: 5 = 2
. . . . ਜੋੜ . . . . . .. . . .42

TOP OF PAGE

Sri Guru Granth Darpan, by Professor Sahib Singh