ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 432

ਰਾਗੁ ਆਸਾ ਮਹਲਾ ੧ ਪਟੀ ਲਿਖੀ ੴ ਸਤਿਗੁਰ ਪ੍ਰਸਾਦਿ ॥ ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥ ਸੇਵਤ ਰਹੇ ਚਿਤੁ ਜਿਨੑ ਕਾ ਲਾਗਾ ਆਇਆ ਤਿਨੑ ਕਾ ਸਫਲੁ ਭਇਆ ॥੧॥ {ਪੰਨਾ 432}

ਪਦ ਅਰਥ: ਸੋਇ = ਉਹੀ ਪ੍ਰਭੂ। ਜਿਨਿ = ਜਿਸ ਪ੍ਰਭੂ ਨੇ। ਸਾਹਿਬੁ = ਮਾਲਕ।

ਅਰਥ: ਉਹੀ ਇਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ। ਜੇਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ (ਉਸ ਦੇ ਚਰਨਾਂ ਵਿਚ) ਜੁੜਿਆ ਰਿਹਾ, ਉਹਨਾਂ ਦਾ ਜਗਤ ਵਿਚ ਆਉਣਾ ਸਫਲ ਹੋ ਗਿਆ (ਭਾਵ, ਉਹਨਾਂ ਜਗਤ ਵਿਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ) ।1।

ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥ {ਪੰਨਾ 432}

ਪਦ ਅਰਥ: ਮੂੜ = ਮੂਰਖ। ਕਾਹੇ ਭੂਲੇ = ਕਿਉਂ ਅਸਲੀ ਜੀਵਨ-ਰਾਹ ਤੋਂ ਲਾਂਭੇ ਜਾ ਰਿਹਾ ਹੈਂ? ਬੀਰਾ = ਹੇ ਵੀਰ! ਤਉ = ਤਦੋਂ। ਪੜਿਆ = ਵਿਦਵਾਨ।

ਅਰਥ: ਹੇ (ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ? ਹੇ ਵੀਰ! ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ।1। ਰਹਾਉ।

ਨੋਟ: ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਰ ਜਾਉ'। ਇਸ ਸਾਰੀ ਬਾਣੀ ਦਾ ਕੇਂਦਰੀ-ਭਾਵ ਇਹਨਾਂ ਦੋ ਤੁਕਾਂ ਵਿਚ ਹੈ।

ਭਾਵ, ਪੜ੍ਹ ਕੇ ਵਿਦਵਾਨ ਹੋ ਜਾਣਾ ਜ਼ਿੰਦਗੀ ਦਾ ਅਸਲੀ ਮਨੋਰਥ ਨਹੀਂ ਹੈ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਕਿਹਾ ਜਾ ਸਕਦਾ ਹੈ ਜਿਸ ਦੇ ਅਮਲ ਚੰਗੇ ਹਨ।

ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥ ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥ {ਪੰਨਾ 432}

ਪਦ ਅਰਥ: ਆਦਿ = ਸਭ ਦਾ ਮੁੱਢ। ਪੁਰਖੁ = ਵਿਆਪਕ ਹਰੀ। ਸਚਾ = ਸਦਾ-ਥਿਰ ਰਹਿਣ ਵਾਲਾ। ਏਨੑਾ ਅਖਰਾ ਮਹਿ = ਇਹਨਾਂ ਅੱਖਰਾਂ ਦੀ ਰਾਹੀਂ ਪੜ੍ਹ ਕੇ ਹਾਸਲ ਕੀਤੀ ਵਿੱਦਿਆ ਦੁਆਰਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੁ ਸਿਰਿ = ਉਸ ਦੇ ਸਿਰ ਉਤੇ। ਲੇਖੁ = ਹਿਸਾਬ, ਲੇਖਾ, ਕਰਜ਼ਾ। ਸੋਈ = ਉਹ ਪ੍ਰਭੂ।

ਅਰਥ: ਜੇਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। (ਵਿਦਵਾਨ ਉਹੀ ਮਨੁੱਖ ਹੈ) ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ (ਪ੍ਰਭੂ ਦੇ ਅਸਲੇ) ਨੂੰ ਸਮਝ ਲੈਂਦਾ ਹੈ (ਤੇ ਫਿਰ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ) । ਉਸ ਮਨੁੱਖ ਦੇ ਸਿਰ ਉਤੇ (ਵਿਕਾਰਾਂ ਦਾ ਕੋਈ) ਕਰਜ਼ਾ ਇਕੱਠਾ ਨਹੀਂ ਹੁੰਦਾ।2।

ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥ ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੑੀ ਸਚੁ ਕਮਾਇਆ ॥੩॥ {ਪੰਨਾ 432}

ਪਦ ਅਰਥ: ਉਪਮਾ = ਵਡਿਆਈ। ਸੇਈ = ਉਹੀ ਬੰਦੇ। ਸਚੁ ਕਮਾਇਆ = ਉਹ ਕਮਾਈ ਕੀਤੀ ਜੋ ਸਦਾ ਨਾਲ ਨਿਭ ਸਕੇ।

ਅਰਥ: ਜਿਸ ਪਰਮਾਤਮਾ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭ ਨਹੀਂ ਸਕੀਦਾ, (ਮਨੁੱਖਾ ਜਨਮ ਪਾ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਇਹ ਇਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ) । ਜਿਨ੍ਹਾਂ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ, ਜੋ (ਸਦਾ ਪ੍ਰਭੂ ਦਾ) ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ।3।

ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥ ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥ {ਪੰਨਾ 432}

ਪਦ ਅਰਥ: ਙਿਆਨੁ = ਗਿਆਨੁ, ਡੂੰਘੀ ਸਾਂਝ, ਜਾਣ-ਪਛਾਣ। ਹਉਮੈ = ਹਉ ਹਉ, ਮੈਂ ਮੈਂ, ਮੈਂ ਹੀ ਹੋਵਾਂ ਮੈਂ ਹੀ ਹੋਵਾਂ।

ਅਰਥ: ਉਹੀ ਬੰਦਾ ਪੜ੍ਹਿਆ ਹੋਇਆ ਹੈ ਉਹੀ ਪੰਡਿਤ ਹੈ, ਜੋ ਪਰਮਾਤਮਾ ਨਾਲ ਜਾਣ-ਪਛਾਣ (ਪਾਉਣੀ) ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ। (ਜੇਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ (ਭਾਵ, ਉਹ ਬੰਦਾ ਸੁਆਰਥੀ ਨਹੀਂ ਰਹਿ ਸਕਦਾ) ।4।

ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥ {ਪੰਨਾ 432}

ਪਦ ਅਰਥ: ਪੁੰਡਰ = ਪੁੰਡਰੀਕ, ਚਿੱਟਾ ਕੌਲ ਫੁੱਲ (ਭਾਵ, ਚਿੱਟੇ ਕੌਲ ਫੁੱਲ ਵਰਗੇ ਚਿੱਟੇ) । ਉਜਲਿਆ = ਚਿੱਟੇ। ਹੇਰੂ = ਤੱਕਣ ਵਾਲੇ, ਤੱਕ ਰੱਖਣ ਵਾਲੇ। ਸੰਗਲਿ = ਸੰਗਲ ਨੇ।

ਅਰਥ: (ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ (ਉਧਰ ਤਾਂ) ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ, (ਸਿਰ ਉਤੇ ਇਹ ਚਿੱਟੇ ਕੇਸ) ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? (ਇਹ ਪੜ੍ਹੇ ਹੋਏ ਦਾ ਰਵਈਆ ਨਹੀਂ, ਇਹ ਤਾਂ ਮੂਰਖ ਦਾ ਰਵਈਆ ਹੈ) ।5।

ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥ {ਪੰਨਾ 432}

ਪਦ ਅਰਥ: ਖੁੰਦਕਾਰੁ = ਖ਼ੁਦਾਵੰਦ ਗਾਰ, ਖ਼ੁਦਾ, ਪਰਮਾਤਮਾ {ਨੋਟ: ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰੀ ਆਇਆ ਹੈ। ਨਾਮਦੇਵ ਜੀ ਨੇ ਭੀ ਤਿਲੰਗ ਰਾਗ ਦੇ ਸ਼ਬਦ ਵਿਚ ਵਰਤਿਆ ਹੈ– ਮੈਂ ਅੰਧੁਲੇ ਕੀ ਟੇਕ, ਤੇਰਾ ਨਾਮੁ ਖੁੰਦਕਾਰਾ}। ਸਾਹ ਆਲਮੁ = ਦੁਨੀਆ ਦਾ ਪਾਤਿਸ਼ਾਹ। ਕਰਿ ਖਰੀਦਿ = ਖ਼ਰੀਦਾਰੀ ਕਰ, ਵਣਜ ਕਰ। ਜਿਨਿ = ਜਿਸ (ਖੁੰਦਕਾਰ) ਨੇ। ਬੰਧਨਿ ਜਾ ਕੈ = ਜਿਸਦੀ ਮਰਯਾਦਾ ਵਿਚ। ਨਹੀ ਪਇਆ = ਨਹੀਂ ਚੱਲ ਸਕਦਾ।

ਅਰਥ: ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ, ਤੇ (ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝ।6।

ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥ ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥ {ਪੰਨਾ 432}

ਪਦ ਅਰਥ: ਅਨਵੈ: ਜਿਨਿ ਗੋਇ ਗਾਇ ਛੋਡੀ, ਜਿਨਿ ਘੜਿ ਭਾਂਡੇ ਆਵੀ ਸਾਜੀ (ਉਸ ਨੇ) ਚਾੜਨ ਵਾਹੈ ਤਈ ਕੀਆ (ਉਸ ਜੀਵ ਲਈ ਜੇ) ਗਲੀ ਗੋਬਿਦੁ ਗਰਬਿ ਭਇਆ।

ਛੋਡੀ = ਨੋਟ: ਗੁਰੂ ਨਾਨਕ ਦੇਵ ਜੀ ਨੇ ਇਹ ਲਫ਼ਜ਼ ਕਿਸ ਅਰਥ ਵਿਚ ਵਰਤਿਆ ਹੈ ਇਹ ਸਮਝਣ ਲਈ ਉਹਨਾਂ ਦੀ ਹੀ ਬਾਣੀ ਵਿਚੋਂ ਪ੍ਰਮਾਣ:

ਧਧੈ ਧਾਰਿ ਕਲਾ ਜਿਨਿ ਛੋਡੀ = ਬੰਦ ਨੰ: 22

ਲਲੈ ਲਾਇ ਧੰਧੈ ਜਿਨਿ ਛੋਡੀ = ਬੰਦ ਨੰ: 31

ਆਇੜੈ ਆਪਿ ਕਰੇ ਜਿਨਿ ਛੋਡੀ = ਬੰਦ ਨੰ: 35

ਧੁਰਿ ਛੋਡੀ ਤਿਨੈ ਪਾਇ = ਆਸਾ ਦੀ ਵਾਰ ਪਉੜੀ 24

ਚਖਿ ਛੋਡੀ ਸਹਸਾ ਨਹੀ ਕੋਇ = ਬਿਲਾਵਲ ਪੰਨਾ 796

ਧੁਰਿ ਤੈ ਛੋਡੀ ਕੀਮਤਿ ਪਾਇ = ਰਾਮਕਲੀ ਪੰਨਾ 878

ਦੁਰਮਤਿ ਪਰਹਰਿ ਛਾਡੀ ਢੋਲਿ = ਓਅੰਕਾਰ ਪੰਨਾ 933

ਭ੍ਰਾਤਿ ਤਜਿ ਛੋਡਿ = ਮਾਰੂ ਪੰਨਾ 991

ਧਾਰਿ ਛੋਡੀ = ਧਾਰੀ

ਲਾਇ ਛੋਡੀ = ਲਾਈ

ਕਰੇ ਛੋਡੀ = ਕਰੀ, ਕੀਤੀ

ਪਾਇ ਛੋਡੀ = ਪਾਈ

ਚਖਿ ਛੋਡੀ = ਚੱਖੀ

ਪਾਇ ਛੋਡੀ = ਪਾਈ

ਪਰਹਰਿ ਛਾਡੀ = ਪਰਹਰੀ

ਤਜਿ ਛੋਡੀ = ਤਜੀ

ਇਸੇ ਤਰ੍ਹਾਂ:

ਗੋਇ ਗਾਇ ਛੋਡੀ = ਗੋਈ ਗਾਈ, (ਮਿੱਟੀ) ਗੋਈ ਗਾਈ ਹੈ, ਜਿਵੇਂ ਘੁਮਿਆਰ ਭਾਂਡੇ ਘੜਨ ਤੋਂ ਪਹਿਲਾਂ ਮਿੱਟੀ ਗੋਂਦਾ ਹੈ, ਤਿਵੇਂ ਪ੍ਰਭੂ ਨੇ, "ਦੁਯੀ ਕੁਦਰਤਿ ਸਾਜੀਐ"।

ਘੜਿ = ਘੜ ਕੇ। ਘੜਿ ਭਾਂਡੇ = ਭਾਂਡੇ ਘੜ ਕੇ, ਜੀਵ ਪੈਦਾ ਕਰ ਕੇ। ਆਵੀ = ਸੰਸਾਰ। ਚਾੜਨ ਵਾਹੈ– ਆਵੀ ਵਿਚ ਭਾਂਡੇ ਚਾੜ੍ਹਨੇ ਤੇ ਲਾਹੁਣੇ, ਜਨਮ ਮਰਨ। ਤਈ = ਤਿਆਰ। ਗਲੀ = ਨਿਰੀਆਂ ਗੱਲਾਂ ਨਾਲ। ਗਰਬਿ = ਗਰਬੀ, ਅਹੰਕਾਰੀ। ਗਰਬ = ਅਹੰਕਾਰ।

ਅਰਥ: ਜਿਸ (ਗੋਬਿੰਦ) ਨੇ (ਇਹ ਸਾਰੀ) ਕੁਦਰਤਿ (ਆਪ ਹੀ) ਰਚੀ ਹੈ, (ਕੁਦਰਤਿ ਰਚ ਕੇ) ਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਗੋਬਿੰਦ ਨੂੰ ਜਿਹੜਾ (ਆਪਣੇ ਆਪ ਨੂੰ ਪੜ੍ਹਿਆ ਹੋਇਆ ਪੰਡਿਤ ਸਮਝਣ ਵਾਲਾ) ਮਨੁੱਖ ਨਿਰੀਆਂ (ਵਿਦਵਤਾ ਦੀਆਂ) ਗੱਲਾਂ ਨਾਲ (ਸਮਝ ਚੁਕਿਆ ਫ਼ਰਜ਼ ਕਰ ਕੇ) ਅਹੰਕਾਰੀ ਬਣਦਾ ਹੈ ਉਸ (ਅਖੌਤੀ ਪੰਡਿਤ) ਵਾਸਤੇ ਉਸ ਗੋਬਿੰਦ ਨੇ ਜਨਮ ਮਰਨ (ਦਾ ਗੇੜ) ਤਿਆਰ ਕੀਤਾ ਹੋਇਆ ਹੈ।7।

ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥ {ਪੰਨਾ 432}

ਪਦ ਅਰਥ: ਘਾਲ ਘਾਲੈ = ਕਰੜੀ ਮਿਹਨਤ ਕਰੇ। ਸਬਦਿ = ਸ਼ਬਦ ਵਿਚ। ਲਾਗਿ ਰਹੈ– ਜੁੜਿਆ ਰਹੇ, ਆਪਣੀ ਸੁਰਤਿ ਟਿਕਾਈ ਰੱਖੇ। ਬੁਰਾ ਭਲਾ = ਦੁਖ ਸੁਖ, ਕਿਸੇ ਵਲੋਂ ਮੰਦਾ ਸਲੂਕ ਜਾਂ ਚੰਗਾ ਸਲੂਕ। ਸਮ = ਬਰਾਬਰ, ਇਕੋ ਜਿਹਾ। ਇਨ ਬਿਧਿ = ਇਸ ਤਰੀਕੇ ਨਾਲ। ਰਮਤੁ ਰਹੈ– ਸਿਮਰਦਾ ਰਹਿੰਦਾ ਹੈ, ਸਿਮਰ ਸਕਦਾ ਹੈ।

ਅਰਥ: (ਹੇ ਮਨ! ਵਿੱਦਿਆ ਦਾ ਮਾਣ ਕਰਨ ਦੇ ਥਾਂ) ਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ (ਆਪਣੀ ਵਿੱਦਿਆ ਦਾ ਆਸਰਾ ਲੈਣ ਦੇ ਥਾਂ ਗੁਰੂ ਦੇ ਸ਼ਬਦ ਵਿਚ ਭਰੋਸਾ ਬਣਾਏ) , ਜੇ (ਵਾਪਰਦੇ) ਦੁਖ ਸੁਖ ਨੂੰ ਇਕੋ ਜੇਹਾ ਜਾਣੇ, (ਬੱਸ!) ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਸ਼ਕਲ ਵਿਚ) ਸਿਮਰ ਸਕਦਾ ਹੈ।8।

ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥ ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥ {ਪੰਨਾ 432}

ਪਦ ਅਰਥ: ਜਿਨਿ = ਜਿਸ ਪ੍ਰਭੂ ਨੇ। ਚਾਰੇ = ਚਾਰ ਹੀ। ਖਾਣੀ = ਉਤਪੱਤੀ ਦਾ ਵਸੀਲਾ: ਅੰਡਜ, ਜੇਰਜ, ਸੇਤਜ, ਉਤਭੁਜ। ਜੋਗੀ = ਨਿਰਲੇਪ। ਭੋਗੀ = ਭੋਗਣ ਵਾਲਾ, ਪਦਾਰਥਾਂ ਨੂੰ ਵਰਤਣ ਵਾਲਾ।

ਅਰਥ: ਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ, ਜੋ ਹਰੇਕ ਜੁਗ ਵਿਚ ਮੌਜੂਦ ਹੈ, ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜ੍ਹਿਆ ਹੋਇਆ ਹੈ, ਆਪ ਹੀ ਪੰਡਿਤ ਹੈ (ਹੇ ਮਨ! ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਭੀ ਪ੍ਰਭੂ ਆਪ ਹੀ ਹੈ, ਵਿੱਦਿਆ ਦਾ ਗੁਣ ਭੀ ਪੈਦਾ ਕਰਨ ਵਾਲਾ ਉਹ ਆਪ ਹੀ ਹੈ, ਫਿਰ ਜੇ ਤੂੰ ਪੜ੍ਹ ਗਿਆ ਹੈਂ, ਤਾਂ ਇਸ ਵਿਚ ਭੀ ਮਾਣ ਕਾਹਦਾ? ਇਹ ਵਿੱਦਿਆ ਉਸੇ ਦੀ ਦਾਤਿ ਹੈ, ਨਿਮ੍ਰਤਾ-ਭਾਵ ਵਿਚ ਰਹਿ ਕੇ ਉਸ ਨੂੰ ਚੇਤੇ ਰੱਖ) ।9।

TOP OF PAGE

Sri Guru Granth Darpan, by Professor Sahib Singh