ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 433

ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥ ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨੑ ਗੁਰੂ ਮਿਲਿਆ ॥੧੦॥ {ਪੰਨਾ 433}

ਪਦ ਅਰਥ: ਛਾਇਆ = ਛਾਂ, ਅਵਿੱਦਿਆ। ਅੰਤਰਿ = ਵਿਚ। ਭਰਮੁ = ਭਟਕਣਾ, ਭੁਲੇਖਾ। ਭੁਲਾਈਅਨੁ = ਉਸ ਨੇ ਭੁਲਾਈ ਹੈ, ਉਸ ਨੇ ਕੁਰਾਹੇ ਪਾਈ ਹੈ। ਕਰਮੁ = ਬਖ਼ਸ਼ਸ਼।

ਅਰਥ: (ਹੇ ਪ੍ਰਭੂ! ਜੀਵ ਭੀ ਕੀਹ ਕਰੇ? ਤੇਰੀ ਹੀ ਪੈਦਾ ਕੀਤੀ ਹੋਈ) ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, (ਜੀਵਾਂ ਦੇ ਮਨ ਦੀ) ਭਟਕਣਾ ਤੇਰੀ ਹੀ ਬਣਾਈ ਹੋਈ ਹੈ।

(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ (ਜੇ ਤੂੰ ਬਚਣਾ ਹੈ ਤਾਂ ਆਪਣੀ ਵਿੱਦਿਆ ਦਾ ਮਾਣ ਛੱਡ ਤੇ ਆਖ–) ਹੇ ਪ੍ਰਭੂ! ਜਿਨ੍ਹਾਂ ਉਤੇ ਤੇਰੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ (ਮੇਰੇ ਉਤੇ ਭੀ ਮੇਹਰ ਕਰ ਕੇ ਗੁਰੂ ਮਿਲਾ) ।10।

ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥ ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥ {ਪੰਨਾ 433}

ਪਦ ਅਰਥ: ਜਾਨੁ = ਪਛਾਣ, ਸਾਂਝ ਪਾ। ਮੰਗਤ ਜਨੁ = ਮੰਗਤਾ (ਬਣ ਕੇ) । ਜਾਚੈ = ਮੰਗਦਾ ਹੈ। ਭੀਖ = ਭਿੱਖਿਆ, ਖੈਰ, ਦਾਨ।

ਅਰਥ: (ਹੇ ਮਨ! ਆਪਣੇ ਪੰਡਿਤ ਹੋਣ ਦਾ ਮਾਣ ਛੱਡ ਕੇ) ਉਸ ਪ੍ਰਭੂ ਨਾਲ ਸਾਂਝ ਪਾ (ਜਿਸ ਦੇ ਦਰ ਤੋਂ) ਹਰੇਕ ਜੀਵ ਮੰਗਤਾ ਬਣ ਕੇ ਦਾਨ ਮੰਗਦਾ ਹੈ। ਉਹ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਆਪ ਹੀ ਮੌਜੂਦ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਭਿਛਿਆ ਲੈਣ ਵਾਲਾ ਹੈ, ਤੇ ਉਹ ਆਪ ਹੀ ਦੇਂਦਾ ਹੈ। ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ਹੋਰ ਭੀ ਦਾਤਾਂ ਦੇਣ ਜੋਗਾ ਹੈ।11।

ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥ {ਪੰਨਾ 433}

ਪਦ ਅਰਥ: ਪ੍ਰਾਣੀ = ਹੇ ਜੀਵ! ਝੂਰਿ = ਝੁਰ ਝੁਰ ਕੇ, ਚਿੰਤਾ ਕਰ ਕਰ ਕੇ। ਮਰਹੁ = ਆਤਮਕ ਮੌਤ ਸਹੇੜਦੇ ਹੋ। ਵੇਖੈ = ਸੰਭਾਲ ਕਰਦਾ ਹੈ। ਪਇਆ = ਮੁਕਰਰ ਹੈ।

ਅਰਥ: ਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ। ਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਮੁਕਰਰ ਹੈ, ਉਹ ਸਭ ਨੂੰ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ (ਹੇ ਮਨ! ਤੇਰਾ ਪੰਡਿਤ ਹੋਣਾ ਕਿਸ ਅਰਥ, ਜੇ ਤੈਨੂੰ ਇਤਨੀ ਭੀ ਸਮਝ ਨਹੀਂ?) ।12।

ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥ ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥ {ਪੰਨਾ 433}

ਪਦ ਅਰਥ: ਨਦਰਿ ਕਰੇ = ਨਦਰਿ ਕਰਿ, ਨਜ਼ਰ ਕਰ ਕੇ, ਗਹੁ ਨਾਲ। ਜਾ = ਜਦੋਂ। ਦੇਖਾ = ਮੈਂ ਵੇਖਦਾ ਹਾਂ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ।

ਅਰਥ: (ਹੇ ਮਨ! ਚਿੰਤਾ ਫ਼ਿਕਰ ਛੱਡ, ਕਿਉਂਕਿ) ਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ। ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ।13।

ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥ ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥ {ਪੰਨਾ 433}

ਪਦ ਅਰਥ: ਟੰਚੁ = ਟੰਟਾ, ਖਲਜਗਨ, ਵਿਅਰਥ ਧੰਧਾ। ਕਿਆ = ਕਾਹਦੇ ਕਈ? ਮੁਹਤਿ = ਮੁਹਤ ਵਿਚ, ਥੋੜੇ ਹੀ ਸਮੇ ਵਿਚ। ਉਠਿ = ਉਠ ਕੇ। ਜੂਐ = ਜੂਏ ਦੀ ਬਾਜੀ ਵਿਚ। ਭਾਜਿ = ਦੌੜ ਕੇ, ਛੇਤੀ।

ਅਰਥ: (ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਦੁਨੀਆ ਦੇ ਕੰਮ ਹੀ ਕਰਨੇ ਵਿਅਰਥ ਧੰਧੇ ਹਨ, ਕਿਉਂਕਿ ਮੌਤ ਆਉਣ ਤੇ ਇਹਨਾਂ ਨਾਲੋਂ ਸਾਥ ਮੁੱਕ ਜਾਇਗਾ) ਹੇ ਪ੍ਰਾਣੀ! ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ। ਹੇ ਪ੍ਰਾਣੀ! (ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਹੇ ਭਾਈ! ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ।14।

ਨੋਟ: ਜੁਆਰੀਆ ਜੂਆ ਖੇਡਦਾ ਜਦੋਂ ਹਾਰ ਜਾਂਦਾ ਹੈ ਤਾਂ ਜੂਏ-ਖ਼ਾਨੇ ਵਿਚੋਂ ਬਿਲਕੁਲ ਖ਼ਾਲੀ-ਹੱਥ ਨਿਕਲਦਾ ਹੈ। ਜੋ ਮਨੁੱਖ ਨਿਰੇ ਜਗਤ ਦੇ ਧੰਧਿਆਂ ਵਿਚ ਹੀ ਰੁੱਝਾ ਰਹਿੰਦਾ ਹੈ, ਮੌਤ ਆਉਣ ਤੇ ਧੰਧੇ ਇਥੇ ਹੀ ਰਹਿ ਜਾਂਦੇ ਹਨ, ਤੇ ਮਨੁੱਖ ਇਥੋਂ ਜੁਆਰੀਏ ਵਾਂਗ ਬਿਲਕੁਲ ਖ਼ਾਲੀ-ਹੱਥ ਚੱਲ ਪੈਂਦਾ ਹੈ।

ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨੑ ਕਾ ਚਿਤੁ ਲਾਗਾ ॥ ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥ {ਪੰਨਾ 433}

ਪਦ ਅਰਥ: ਠਾਢਿ = ਠੰਡ, ਸ਼ਾਂਤੀ। ਸੇਈ = ਉਹੀ। ਨਿਸਤਰੇ = ਚੰਗੀ ਤਰ੍ਹਾਂ ਪਾਰ ਲੰਘ ਜਾਂਦੇ ਹਨ। ਤਉ ਪਰਸਾਦੀ = ਤੇਰੀ ਕਿਰਪਾ ਨਾਲ।

ਅਰਥ: ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ। ਹੇ ਪ੍ਰਭੂ! ਦੁਨੀਆ ਦੇ ਖਲਜਗਨਾਂ ਵਿਚ ਸ਼ਾਂਤ-ਚਿੱਤ ਰਹਿ ਕੇ ਉਹੀ ਪਾਰ ਲੰਘਦੇ ਹਨ ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ।15।

ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥ ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥ {ਪੰਨਾ 433}

ਪਦ ਅਰਥ: ਡੰਫੁ = ਵਿਖਾਵਾ। ਨਿਰੰਤਰਿ = ਨਿਰ-ਅੰਤਰਿ, ਬਿਨਾ ਵਿੱਥ ਤੋਂ। ਅੰਤਰੁ = ਵਿੱਥ। ਸਰੇਵਹੁ = ਸਿਮਰੋ।

ਅਰਥ: ਹੇ ਜੀਵ! ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ) । ਕਿਸੇ ਤਰ੍ਹਾਂ ਦਾ ਕੋਈ ਵਿਖਾਵਾ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ (ਆਤਮਕ ਸੁਖ ਵਿੱਦਿਆ ਆਦਿਕ ਦੇ ਵਿਖਾਵੇ ਵਿਚ ਨਹੀਂ ਹੈ) । ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ। 16।

ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥ ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥ {ਪੰਨਾ 433}

ਪਦ ਅਰਥ: ਢਾਹਿ = ਢਾਹ ਕੇ, ਨਾਸ ਕਰ ਕੇ। ਉਸਾਰੈ = ਉਸਾਰਦਾ ਹੈ, ਬਣਾਂਦਾ ਹੈ, ਪੈਦਾ ਕਰਦਾ ਹੈ। ਤਿਵੈ = ਉਸੇ ਤਰ੍ਹਾਂ। ਵੇਖੈ = ਸੰਭਾਲ ਕਰਦਾ ਹੈ। ਜਾ ਕਉ = ਜਿਸ ਜੀਵ ਉਤੇ।

ਅਰਥ: ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ। ਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। (ਜੀਵ ਸਿਰਜਣਹਾਰ ਨੂੰ ਭੁਲਾ ਕੇ ਨਾਸਵੰਤ ਸੰਸਾਰ ਵਿਚ ਮਗਨ ਰਹਿੰਦਾ ਹੈ, ਪਰ) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ। 17।

ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥ ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥ {ਪੰਨਾ 433}

ਪਦ ਅਰਥ: ਰਵਤੁ ਰਹੈ– ਰਮਿਆ ਰਹੇ, ਸਾਖਿਆਤ ਹੋ ਜਾਏ, ਪਰਗਟ ਹੋ ਜਾਏ, ਆਪਣੀ ਹੋਂਦ ਪਰਤੱਖ ਕਰ ਦੇਵੇ। ਸੋਈ = ਉਹੀ ਮਨੁੱਖ। ਪੁਨਰਪਿ = {ਪੁਨਹ ਅਪਿ} ਫਿਰ ਭੀ, ਮੁੜ ਕਦੇ। ਪੁਨਹ = ਮੁੜ, ਫਿਰ। ਅਪ = ਭੀ।

ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। (ਉਸ ਦੀ ਪ੍ਰੀਤ ਤੇ ਰੀਝ ਕੇ) ਕਰਤਾਰ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ (ਉਸ ਦੀ ਸੁਰਤਿ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ) ਉਸ ਮਨੁੱਖ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ (ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। ਪਰ ਹੇ ਮਨ! ਨਿਰੇ ਪੜ੍ਹ ਜਾਣ ਨਾਲ ਪੰਡਿਤ ਬਣ ਜਾਣ ਨਾਲ ਇਹ ਦਾਤਿ ਨਸੀਬ ਨਹੀਂ ਹੁੰਦੀ) । 18।

ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥ ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥ {ਪੰਨਾ 433}

ਪਦ ਅਰਥ: ਤਾਰੂ = ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ, ਡੂੰਘਾ। ਭਵਜਲੁ = ਸੰਸਾਰ-ਸਮੁੰਦਰ। ਅੰਤੁ = ਪਾਰਲਾ ਬੰਨਾ! ਤਰ = ਬੇੜੀ। ਤੁਲਹਾ = ਕਾਹੀ ਪਿਲਛੀ ਆਦਿਕ ਤੇ ਲੱਕੜੀ ਦੇ ਡੰਡਿਆਂ ਨਾਲ ਬੱਧਾ ਹੋਇਆ ਆਸਰਾ ਜਿਹਾ ਜਿਸ ਉਤੇ ਚੜ੍ਹ ਕੇ ਦਰਿਆ ਤੋਂ ਪਾਰ ਲੰਘ ਸਕੀਦਾ ਹੈ। ਬੂਡਸਿ = ਡੁੱਬ ਜਾਵਾਂਗੇ। ਤਾਰਣ ਰਾਇਆ = ਹੇ ਤਾਰਣ ਦੇ ਸਮਰੱਥ!

ਅਰਥ: ਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ। (ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, (ਬੇੜੀ ਤੁਲਹੇ ਤੋਂ ਬਿਨਾ) ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ। ਸਾਨੂੰ ਪਾਰ ਲੰਘਾ ਲੈ। 19।

ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥ ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥ {ਪੰਨਾ 433}

ਪਦ ਅਰਥ: ਥਾਨਿ ਥਾਨੰਤਰਿ = ਥਾਨ ਥਾਨ ਅੰਤਰਿ, ਥਾਂ ਥਾਂ ਵਿਚ; ਹਰੇਕ ਥਾਂ। ਭਰਮੁ = ਭਟਕਣਾ।

ਅਰਥ: ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ। (ਜੀਵਾਂ ਨੂੰ ਮੋਹਣ ਵਾਲੀ ਇਹ) ਮਾਇਆ ਅਤੇ (ਮਾਇਆ ਦਾ ਖਿਲਾਰਿਆ ਹੋਇਆ) ਮੋਹ ਭੀ ਸਰਬ-ਵਿਆਪਕ ਪ੍ਰਭੂ ਨਾਲੋਂ ਵੱਖਰੇ ਨਹੀਂ ਹਨ। ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ (ਸੋ, ਹੇ ਮਨ! ਵਿਦਿਆ ਦਾ ਮਾਣ ਕਰਨ ਦੇ ਥਾਂ ਉਸ ਦੀ ਰਜ਼ਾ ਨੂੰ ਸਮਝ) । 20।

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}

ਪਦ ਅਰਥ: ਦੇਊ = ਮੈਂ ਦਿਆਂ। ਕਰੰਮਾ = ਕਰਮਾਂ, ਕੀਤੇ ਕੰਮਾਂ। ਅਵਰ ਜਨਾ = ਹੋਰ ਬੰਦਿਆਂ ਨੂੰ। ਕੀਆ = ਕੀਤਾ, ਕਰਦਾ ਹਾਂ। ਪਾਇਆ = ਪਾ ਲਿਆ, ਪਾਂਦਾ ਹਾਂ।

ਅਰਥ: (ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) । 21।

ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥ {ਪੰਨਾ 433}

ਪਦ ਅਰਥ: ਜਿਨਿ ਹਰਿ = ਜਿਸ ਹਰੀ ਨੇ। ਕਲਾ = ਸੱਤਿਆ, ਤਾਕਤ। ਧਾਰਿ ਛੋਡੀ = ਧਾਰ ਛਡੀ ਹੈ; ਟਿਕਾ ਰੱਖੀ ਹੈ। ਚੀਜੀ = ਚੋਜ, ਕੌਤਕ ਕਰਨ ਵਾਲਾ। ਰੰਗ = ਕਈ ਰੰਗ ਤਮਾਸ਼ੇ। ਕਰਮੀ ਕਰਮੀ = ਹਰੇਕ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ। ਹੁਕਮੁ ਪਇਆ = ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ।

ਅਰਥ: ਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ, ਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ (ਇਸ ਵਾਸਤੇ ਹੇ ਮਨ! ਨਿਰੀ ਵਿੱਦਿਆ ਵਾਲੀ ਚੁੰਚ-ਗਿਆਨਤਾ ਕੁਝ ਨਹੀਂ ਸੰਵਾਰਦੀ, ਆਪਣੀ ਕਰਣੀ ਠੀਕ ਕਰਨ ਦੀ ਲੋੜ ਹੈ) । 22।

ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥ ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥ {ਪੰਨਾ 433}

ਪਦ ਅਰਥ: ਨਾਹ ਭੋਗ = ਖਸਮ ਦੇ (ਦਿੱਤੇ) ਪਦਾਰਥ। ਭੋਗੈ = (ਹਰੇਕ ਜੀਵ) ਵਰਤਦਾ ਹੈ, ਮਾਣਦਾ ਹੈ। ਨਾ ਡੀਠਾ = ਮੈਂ ਉਸ ਨੂੰ ਨਾਹ ਹੀ ਵੇਖਿਆ ਹੈ। ਨਾ ਸੰਮ੍ਹਲਿਆ = ਮੈਂ ਨਾਹ ਹੀ ਉਸਨੂੰ ਯਾਦ ਕੀਤਾ ਹੈ। ਹਉ = ਮੈਂ। ਸੋਹਾਗਣਿ = ਜੀਊਂਦੇ ਪਤੀ ਵਾਲੀ, ਚੰਗੇ ਭਾਗਾਂ ਵਾਲੀ। ਭੈਣੇ = ਹੇ ਭੈਣ! ਹੇ ਸਤ ਸੰਗਣ ਸਹੇਲੀਏ! ਮੈਂ = ਮੈਨੂੰ। ਗਲੀ = ਨਿਰੀਆਂ ਗੱਲਾਂ ਨਾਲ।

ਅਰਥ: ਹੇ ਸਤ ਸੰਗਣ ਸਹੇਲੀਏ! (ਵੇਖ! ਨਿਰੀ ਵਿੱਦਿਆ ਨੂੰ ਹੀ ਅਸਲ ਮਨੁੱਖਤਾ ਸਮਝੀ ਰੱਖਣ ਦਾ ਨਤੀਜਾ!) ਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ। (ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ। 23।

ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥ ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥ {ਪੰਨਾ 433}

ਪਦ ਅਰਥ: ਪਰਪੰਚੁ = ਸੰਸਾਰ। ਵੇਖਣ ਕਉ = ਤਾ ਕਿ ਜੀਵ ਇਸ ਪਰਪੰਚ ਵਿਚ ਪਰਮੇਸਰ ਨੂੰ ਵੇਖਣ। ਦੇਖੈ = ਸੰਭਾਲ ਕਰਦਾ ਹੈ। ਬੂਝੈ = ਹਰੇਕ ਜੀਵ ਦੀ ਲੋੜ ਨੂੰ ਸਮਝਦਾ ਹੈ। ਰਵਿ ਰਹਿਆ = ਵਿਆਪਕ ਹੈ।

ਅਰਥ: ਪਰਮੇਸਰ (ਇਸ ਬਾਰੇ ਸੰਸਾਰ ਦਾ) ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ। ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ। (ਪਰ ਹੇ ਮਨ! ਤੂੰ ਉਸ ਪ੍ਰਭੂ ਦਾ ਦਰਸਨ ਕਰਨ ਦੇ ਥਾਂ ਆਪਣੀ ਵਿੱਦਿਆ ਵਿਚ ਹੀ ਅਹੰਕਾਰੀ ਹੋਇਆ ਬੈਠਾ ਹੈਂ) । 24।

ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥ ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥ {ਪੰਨਾ 433}

ਪਦ ਅਰਥ: ਜਮ ਕੈ ਸੰਗਲਿ = ਜਮ ਦੇ ਸੰਗਲ ਨੇ। ਬੰਧਿ ਲਇਆ = ਬੰਨ੍ਹ ਰੱਖਿਆ ਹੈ। ਸੇ ਨਰ = ਉਹ ਬੰਦੇ। ਉਬਰੇ = ਬਚ ਗਏ ਹਨ। ਜਿ = ਜਿਹੜੇ। ਭਜਿ = ਦੌੜ ਕੇ।

ਅਰਥ: (ਹੇ ਮਨ!) ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ) । (ਹੇ ਮਨ! ਪੰਡਿਤ ਹੋਣ ਦਾ ਮਾਣ ਕਰ ਕੇ ਤੂੰ ਭੀ ਉਸੇ ਸੰਗਲ ਨਾਲ ਬੱਝਾ ਹੋਇਆਂ ਹੈਂ) । ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ। 25।

ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥ ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥ {ਪੰਨਾ 433}

ਪਦ ਅਰਥ: ਚਉਪੜਿ = {ਚਉ = ਚਾਰ। ਪੜਿ = ਪੜਾਂ ਵਾਲਾ, ਪੱਲਿਆਂ ਵਾਲਾ} ਚਾਰ ਪੱਲਿਆਂ ਵਾਲਾ ਕੱਪੜਾ। ਸਾਰੀ = ਨਰਦਾਂ, ਗੋਠਾਂ (ਜੋ ਚੌਪੜ ਦੀ ਖੇਡ ਖੇਡਣ ਵੇਲੇ ਉਸ ਕੱਪੜੇ ਉਤੇ ਬਣੇ ਹੋਏ ਖ਼ਾਨਿਆਂ ਵਿਚ ਰੱਖੀਦੀਆਂ ਹਨ) । ਪਾਸਾ = ਚਾਰ ਜਾਂ ਛੇ ਪਾਸਿਆਂ ਵਾਲਾ ਹਾਥੀ-ਦੰਦ ਦਾ ਬਣਿਆ ਹੋਇਆ ਟੋਟਾ ਜੋ ਚੌੜਾਈ ਵਿਚ ਛੋਟਾ ਜਿਹਾ ਹੁੰਦਾ ਹੈ ਤੇ ਉਂਗਲ ਦੇ ਕਰੀਬ ਲੰਬਾ ਹੁੰਦਾ ਹੈ। ਇਸ ਦੇ ਦੁਆਲੇ ਬਿੰਦੀਆਂ ਦੇ ਨਿਸ਼ਾਨ ਹੁੰਦੇ ਹਨ। ਅਜਿਹੇ ਚਾਰ ਜਾਂ ਛੇ ਪਾਸੇ ਰਲਾ ਕੇ ਸੁੱਟੀਦੇ ਹਨ, ਤੇ ਸਾਹਮਣੇ ਆਈਆਂ ਬਿੰਦੀਆਂ ਦੀ ਗਿਣਤੀ ਅਨੁਸਾਰ ਨਰਦਾਂ ਚੌਪੜ ਦੇ ਖ਼ਾਨਿਆਂ ਵਿਚ ਤੋਰੀਦੀਆਂ ਹਨ।

ਅਰਥ: ਹੇ ਮਨ! (ਜੇ ਤੂੰ ਪੜ੍ਹਿਆ ਲਿਖਿਆ ਪੰਡਿਤ ਹੈਂ ਤਾਂ ਸੰਸਾਰ-ਚੌਪੜ ਦੀ ਖੇਡ ਨੂੰ ਸਮਝ, ਵਿੱਦਿਆ ਉਤੇ ਮਾਣ ਕਰਨ ਦੇ ਥਾਂ ਇਕ ਸੁਚੱਜੀ ਨਰਦ ਬਣ ਕੇ ਪ੍ਰਭੂ ਦੇ ਰਜ਼ਾ-ਰੂਪ ਹੱਥਾਂ ਵਿਚ ਤੁਰ, ਤਾ ਕਿ ਪੁੱਗ ਜਾਏਂ, ਵੇਖ!) ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ, ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ, ਪ੍ਰਭੂ ਆਪ ਪਾਸੇ ਸੁੱਟਦਾ ਹੈ (ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ।

TOP OF PAGE

Sri Guru Granth Darpan, by Professor Sahib Singh