ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 473 ਪਉੜੀ ॥ ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸਹਿ ਮੇਲੇ ਤਾ ਨਦਰੀ ਆਈਆ ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ ਸਹਿ ਤੁਠੈ ਨਉ ਨਿਧਿ ਪਾਈਆ ॥੧੮॥ {ਪੰਨਾ 473} ਪਦ ਅਰਥ: ਵਡਾ ਕਰਿ ਸਾਲਾਹੀਐ = ਗੁਣ ਗਾਵੀਏ ਤੇ ਆਖੀਏ ਕਿ ਗੁਰੂ ਵੱਡਾ ਹੈ। ਜਿਸੁ ਵਿਚਿ = ਇਸ ਗੁਰੂ ਵਿਚ। ਵਡੀਆ ਵਡਿਆਈਆ = ਬੜੇ ਉੱਚੇ ਗੁਣ। ਸਹਿ = ਪਤੀ ਪ੍ਰਭੂ ਨੇ, ਸ਼ਹੁ ਨੇ। ਮੇਲੇ = ਮਿਲਾਏ ਹਨ (ਗੁਰੂ ਨਾਲ ਜੋ ਮਨੁੱਖ) । ਨਦਰੀ ਆਇਆ = (ਉਹਨਾਂ ਮਨੁੱਖਾਂ ਨੂੰ ਗੁਰੂ ਦੀਆਂ ਵਡਿਆਈਆਂ) ਦਿੱਸਦੀਆਂ ਹਨ। ਮਸਤਕਿ = (ਜੀਵ ਦੇ) ਮੱਥੇ ਉਤੇ। ਵਿਚਹੁ = ਜੀਵ ਦੇ ਮਨ ਵਿਚੋਂ। ਸਹਿ ਤੁਠੈ = ਜੇ ਸ਼ਹੁ (ਪਤੀ ਪ੍ਰਭੂ) ਤ੍ਰੁੱਠ ਪਏ। ਨਉਨਿਧਿ = ਨੌ ਖ਼ਜ਼ਾਨੇ, ਭਾਵ, ਸੰਸਾਰ ਦੇ ਸਾਰੇ ਪਦਾਰਥ। ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ 'ਕੁਬੇਰ' ਦੇ ਨੌ ਖ਼ਜ਼ਾਨੇ ਮੰਨੇ ਗਏ ਹਨ, ਜੋ ਇਹ ਹਨ: mhwp©Óc p©Óc, _zKo mkr kÁCpO ]mukuNdz kuNdnIlwÓc KvLÓcinDXo nv ] ਇਹ 'ਕੁਬੇਰ' ਧਨ ਦਾ ਦੇਵਤਾ ਅਤੇ ਉੱਤਰ ਦਿਸ਼ਾ ਦਾ ਮਾਲਕ ਗਿਣਿਆ ਗਿਆ ਹੈ। ਜੱਖ ਅਤੇ ਕਿੰਨਰਾਂ ਦਾ ਰਾਜਾ ਭੀ ਇਹੀ ਹੈ। ਇਸ ਦਾ ਟਿਕਾਣਾ ਕੈਲਾਸ਼ ਪਰਬਤ ਉੱਤੇ ਹੈ। ਇਸ ਦਾ ਸਰੀਰ ਕੋਝਾ ਦੱਸਿਆ ਗਿਆ ਹੈ; ਤਿੰਨ ਲੱਤਾਂ, ਅੱਠ ਚੰਦ ਅਤੇ ਇਕ ਅੱਖ ਦੇ ਥਾਂ ਇਕ ਇਕ ਪੀਲਾ ਜਿਹਾ ਨਿਸ਼ਾਨ। ਸ਼ਬਦ 'ਕੁਬੇਰ' ਦੇ ਅੱਖਰੀ ਅਰਥ ਭੀ ਇਹੀ ਹਨ– 'ਉਹ ਜਿਸ ਦਾ ਸਰੀਰ ਕੋਝਾ ਹੈ। ' kuiÄsqz byrz _rIrz XÔX ]ਪਾਈਆ = (ਖ਼ਜ਼ਾਨੇ) ਮਿਲ ਪੈਂਦੇ ਹਨ। 18। ਅਰਥ: ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ, ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ। ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ। ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ। 18। ਸਲੋਕੁ ਮਃ ੧ ॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥ {ਪੰਨਾ 473} ਪਦ ਅਰਥ: ਸੁਚੈ = ਸੁੱਚੇ ਚੌਕੇ ਵਿਚ। ਕੋਇ...ਜਾਇ = (ਜਿਸ ਭੋਜਨ ਨੂੰ) ਕਿਸੇ ਮਨੁੱਖ ਨੇ ਜਾ ਕੇ ਅਜੇ ਭਿੱਟਿਆ ਨਹੀਂ। ਸੁਚੇ ਅਗੈ ਰਖਿਓਨੁ = (ਉਹ ਭੋਜਨ) ਇਸ (ਨ੍ਹਾ-ਧੋ ਕੇ ਆਏ ਮਨੁੱਖ) ਦੇ ਅੱਗੇ (ਕਿਸੇ ਨੇ) ਰੱਖ ਦਿੱਤਾ। ਜੇਵਿਆ = ਖਾਧਾ। ਲਗਾ ਪੜਣਿ = ਪੜ੍ਹਨ ਲੱਗ ਪੈਂਦਾ ਹੈ। ਕੁਹਥੀ ਜਾਈ = ਕੁਥਾਂ, ਗੰਦੇ ਥਾਂ ਵਿਚ। ਪਾਕੁ = ਪਵਿੱਤਰ। ਤਨੁ = (ਉਹਨਾਂ ਦੇਵਤਿਆਂ ਦਾ) ਸਰੀਰ। ਗਡਿਆ = ਰਲਾਇਆ। ਤਿਤੁ = ਉਸ ਉੱਤੇ। ਜਿਤੁ ਮੁਖਿ = ਜਿਸ ਮੂੰਹ ਨਾਲ। ਰਸ ਖਾਹਿ = ਸੁਆਦਲੇ ਪਦਾਰਥ ਖਾਂਦੇ ਹਨ। ਏਵੈ = ਏਸੇ ਤਰ੍ਹਾਂ (ਜਿਵੇਂ ਉਪਰ-ਲਿਖੇ ਪਵਿੱਤਰ ਪਦਾਰਥਾਂ ਉੱਤੇ ਥੁੱਕਾਂ ਪੈਂਦੀਆਂ ਹਨ) ।1। {ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ। } ਅਰਥ: ਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ, ਉਸ ਦੇ ਅੱਗੇ (ਜਜਮਾਨ) ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ। (ਬ੍ਰਾਹਮਣ) ਸੁੱਚਾ ਹੋ ਕੇ ਉਸ (ਸੁੱਚੇ) ਭੋਜਨ ਨੂੰ ਖਾਂਦਾ ਹੈ, ਤੇ (ਖਾ ਕੇ) ਸਲੋਕ ਪੜ੍ਹਨ ਲੱਗ ਪੈਂਦਾ ਹੈ; (ਪਰ ਇਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਭਾਵ ਢਿੱਡ ਵਿਚ) ਪਾ ਲੈਂਦਾ ਹੈ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਸੁੱਟਣ ਦਾ) ਦੋਸ਼ ਕਿਸ ਤੇ ਆਇਆ? ਅੰਨ, ਪਾਣੀ, ਅੱਗ ਤੇ ਲੂਣ = ਚਾਰੇ ਹੀ ਦੇਵਤਾ ਹਨ (ਭਾਵ, ਪਵਿੱਤਰ ਪਦਾਰਥ ਹਨ) , ਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ। ਤਾਂ (ਭਾਵ, ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਰ ਦੇਵਤਿਆਂ ਦੇ ਇਸ ਸਰੀਰ ਨੂੰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ। ਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ, ਉਸ ਮੂੰਹ ਉਤੇ (ਭੀ) ਫਿਟਕਾਰਾਂ ਪੈਂਦੀਆਂ ਹਨ।1। ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ {ਪੰਨਾ 473} ਪਦ ਅਰਥ: ਭੰਡੁ = ਇਸਤ੍ਰੀ। ਭੰਡਿ = ਇਸਤ੍ਰੀ ਤੋਂ। ਜੰਮੀਐ = ਜੰਮੀਦਾ ਹੈ, ਪੈਦਾ ਹੋਈਦਾ ਹੈ। ਨਿੰਮੀਐ = ਨਿੰਮੀਦਾ ਹੈ, ਪ੍ਰਾਣੀ ਦਾ ਸਰੀਰ ਬਣਦਾ ਹੈ। ਮੰਗਣੁ = ਕੁੜਮਾਈ। ਭੰਡਹੁ = ਇਸਤ੍ਰੀ ਦੀ ਰਾਹੀਂ। ਰਾਹੁ = (ਸੰਸਾਰ ਦੀ ਉਤਪੱਤੀ ਦਾ) ਰਸਤਾ। ਭਾਲੀਐ = ਲੱਭੀਦਾ ਹੈ, ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ। ਬੰਧਾਨੁ = ਰਿਸ਼ਤੇਦਾਰੀ। ਜਿਤੁ = ਜਿਸ ਇਸਤ੍ਰੀ ਤੋਂ। ਭੰਡਹੁ ਹੀ ਭੰਡੁ = ਇਸਤ੍ਰੀ ਤੋਂ ਇਸਤ੍ਰੀ। ਸਾਲਾਹੀਐ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ। ਭਾਗਾ ਰਤੀ ਚਾਰਿ = ਭਾਗਾਂ ਦੀਆਂ ਚਾਰ ਰੱਤੀਆਂ, ਭਾਗਾਂ ਦੀ ਮਣੀ, ਭਾਵ, ਚੰਗੇ ਭਾਗਾਂ ਦੇ ਕਾਰਣ ਉਹ ਮੁਖ ਸੋਹਣਾ ਲੱਗਦਾ ਹੈ।2। ਅਰਥ: ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ।2। ਨੋਟ: ਲਫ਼ਜ਼ 'ਭੰਡ' ਵਿਆਕਰਣ ਅਨੁਸਾਰ ਪੁਲਿੰਗ ਹੈ। ਵੇਖੋ 'ਗੁਰਬਾਣੀ ਵਿਆਕਰਣ'। ਪਉੜੀ ॥ ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥ {ਪੰਨਾ 473} ਪਦ ਅਰਥ: ਆਖੈ ਆਪਣਾ = (ਹਰੇਕ ਜੀਵ) ਆਖਦਾ ਹੈ, 'ਇਹ ਮੇਰੀ ਆਪਣੀ ਚੀਜ਼ ਹੈ,' ਭਾਵ, ਹਰੇਕ ਜੀਵ ਨੂੰ ਮਮਤਾ ਹੈ। ਜਿਸੁ ਨਾਹੀ = ਜਿਸ ਨੂੰ ਮਮਤਾ ਨਹੀਂ ਹੈ। ਸੰਢੀਐ = ਭਰੀਦਾ ਹੈ! ਐਤੁ ਜਗਿ = ਇਸ ਜਗਤ ਵਿਚ। ਕਾਇਤੁ = ਕਿਉ। ਗਾਰਬਿ = ਅਹੰਕਾਰ ਵਿਚ। ਹੰਢੀਐ = ਖਪੀਏ। ਲੁਝੀਐ = ਝਗੜੀਏ। 19। ਅਰਥ: ਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ, ਭਾਵ, ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ। ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ। ਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ (ਪੈ ਕੇ) ਖਪੀਏ? ਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ। 19। ਸਲੋਕੁ ਮਃ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥ {ਪੰਨਾ 473} ਪਦ ਅਰਥ: ਫਿਕੈ ਬੋਲਿਐ = ਜੇ ਫਿੱਕੇ ਬਚਨ ਬੋਲੀਏ। ਫਿਕੋ = ਫਿੱਕਾ ਹੀ। ਫਿਕੋ ਫਿਕਾ ਸਦੀਐ = ਰੁੱਖੇ ਬਚਨ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ ਹੈ ਕਿ ਉਹ ਰੁੱਖਾ ਹੈ। ਫਿਕੇ = ਰੁੱਖਾ ਬੋਲਣ ਵਾਲੇ ਮਨੁੱਖ ਦੀ। ਸੋਇ = ਸੋਭਾ, ਲੋਕਾਂ ਦੀ ਰਾਇ। ਪਾਣਾ = ਜੁੱਤੀਆਂ।1। ਅਰਥ: ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ। ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ। (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1। ਮਃ ੧ ॥ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥ ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥ ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥ ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥ {ਪੰਨਾ 473} ਪਦ ਅਰਥ: ਪੈਜ = ਪਾਜ, ਵਿਖਾਵੇ ਦੀ ਇੱਜ਼ਤ। ਫੈਲੁ = ਫੈਲਸੂਫੀ, ਦਿਖਾਵਾ। ਤੇ = ਉਹ ਮਨੁੱਖ। ਸੇਤੀ = ਨਾਲ। ਦੇਖਨ੍ਹ੍ਹੇ ਵੀਚਾਰਿ = ਰੱਬ ਨੂੰ ਵੇਖਣ ਦੇ ਧਿਆਨ ਵਿਚ (ਜੁੜੇ ਰਹਿੰਦੇ ਹਨ) । ਕਿਸੈ ਕੇਰੀ = ਕਿਸੇ ਦੀ। ਨਾਹ = ਖਸਮ (ਵੇਖੋ ਸਲੋਕੁ 3, ਪਉੜੀ 1) । ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ। ਖਰਚੁ ਮੰਗਾ = (ਨਾਮ-ਰੂਪ) ਖਾਣਾ ਹੀ ਮੰਗਦੇ ਹਨ। ਦੇਇ = (ਪ੍ਰਭੂ) ਦੇਂਦਾ ਹੈ। ਦੀਬਾਨੁ = ਅਦਾਲਤ। ਕਲਮ = ਭਾਵ, ਲੇਖਾ ਲਿਖਣ ਵਾਲਾ (ਹਰੀ ਆਪ ਹੀ ਫ਼ੈਸਲਾ ਕਰਨ ਵਾਲਾ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ) । ਹਮਾ ਤੁਮ੍ਹ੍ਹਾ ਮੇਲੁ = ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ (ਪ੍ਰਭੂ ਦੇ ਦਰ ਤੇ ਹੋਵੇਗਾ) । ਜਿਉ ਤੇਲੁ = ਜਿਵੇਂ ਤੇਲ ਪੀੜੀਦਾ ਹੈ, ਜਿਵੇਂ ਪੀੜ ਕੇ ਤੇਲ ਕੱਢੀਦਾ ਹੈ।2। ਅਰਥ: ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ। ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ; ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ) । ਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ) ; ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ। ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ। ਹੇ ਨਾਨਕ! (ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ; ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ।2। |
Sri Guru Granth Darpan, by Professor Sahib Singh |