ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 474 ਪਉੜੀ ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ {ਪੰਨਾ 474} ਪਦ ਅਰਥ: ਕਰਣਾ = ਸਰੀਰ, ਕੀਤਾ ਹੋਇਆ ਅਕਾਰ, ਸ੍ਰਿਸ਼ਟੀ। ਤੈ = (ਹੇ ਪ੍ਰਭੂ!) ਤੂੰ। ਧਰਿ = ਧਰ ਕੇ, ਰੱਖ ਕੇ, (ਜਗਤ ਵਿਚ) ਰਚ ਕੇ। ਸਾਰੀ = ਨਰਦ, ਜੀਵ-ਰੂਪ ਨਰਦਾਂ। ਕਚੀ ਪਕੀ ਸਾਰੀਐ = ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ ਮੰਦੇ ਜੀਵਾਂ ਨੂੰ। ਜਿਸ ਕੇ = ਜਿਸ ਪ੍ਰਭੂ ਦੇ। 20। ਅਰਥ: (ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ। ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ। (ਹੇ ਭਾਈ!) ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ। (ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) । 20। ਸਲੋਕੁ ਮਹਲਾ ੨ ॥ ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥ {ਪੰਨਾ 474} ਪਦ ਅਰਥ: ਦੂਜੈ = (ਆਪਣੇ ਪ੍ਰੀਤਮ ਨੂੰ ਛੱਡ ਕੇ) ਕਿਸੇ ਹੋਰ ਵਿਚ। ਕਾਂਢੀਐ = ਕਿਹਾ ਜਾਂਦਾ ਹੈ, ਕਹੀਦਾ ਹੈ। ਰਹੈ ਸਮਾਇ = ਸਮਾਇ ਰਹੈ, ਮਸਤ ਰਹੈ, (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ। ਚੰਗੈ = ਚੰਗੇ (ਕੰਮ) ਨੂੰ, (ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ ਕੰਮ ਨੂੰ। ਮੰਦੈ ਮੰਦਾ ਹੋਇ = (ਆਪਣੇ ਸੱਜਣ ਵਲੋਂ ਹੋਏ ਕਿਸੇ) ਮਾੜੇ (ਕੰਮ) ਨੂੰ (ਵੇਖ ਕੇ, ਆਖੇ ਕਿ ਇਹ) ਮਾੜਾ (ਕੰਮ) ਹੋਇਆ ਹੈ। ਜਿ ਸੋਇ = ਜੇ ਉਹ ਮਨੁੱਖ; ਜਿਹੜਾ ਮਨੁੱਖ।1। ਅਰਥ: (ਜੇ ਕੋਈ ਪ੍ਰੇਮੀ ਜੀਊੜਾ ਆਪਣੇ ਪਿਆਰੇ ਤੋਂ ਬਿਨਾ) ਕਿਸੇ ਹੋਰ ਵਿਚ (ਭੀ) ਚਿੱਤ ਜੋੜ ਲਏ, ਤਾਂ ਉਸ ਦੇ ਇਸ਼ਕ ਨੂੰ ਸੱਚਾ ਇਸ਼ਕ ਨਹੀਂ ਆਖਿਆ ਜਾ ਸਕਦਾ। ਹੇ ਨਾਨਕ! ਉਹੀ ਮਨੁੱਖ ਸੱਚਾ ਆਸ਼ਕ ਕਿਹਾ ਜਾ ਸਕਦਾ ਹੈ ਜੋ ਹਰ ਵੇਲੇ (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ। (ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ (ਕੰਮ) ਨੂੰ ਤੱਕ ਕੇ ਆਖੇ ਕਿ ਇਹ ਚੰਗਾ ਕੰਮ ਹੈ, ਪਰ ਮਾੜੇ ਕੰਮ ਨੂੰ ਵੇਖ ਕੇ ਆਖੇ ਕਿ ਇਹ ਮਾੜਾ ਕੰਮ ਹੈ (ਭਾਵ, ਆਪਣੇ ਵਲੋਂ ਆਏ ਕਿਸੇ ਸੁਖ ਨੂੰ ਤਾਂ ਹੱਸ ਕੇ ਕਬੂਲ ਕਰੇ, ਪਰ ਦੁੱਖ ਨੂੰ ਵੇਖ ਕੇ ਘਾਬਰ ਜਾਏ) ਉਹ ਮਨੁੱਖ ਭੀ, ਹੇ ਨਾਨਕ! ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ।1। ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ {ਪੰਨਾ 474} ਪਦ ਅਰਥ: ਸਲਾਮੁ = ਨਿਮ੍ਰਤਾ, ਸਿਰ ਨਿਵਾਣਾ। ਜਬਾਬੁ = ਇਤਰਾਜ਼, ਨਾਹ-ਨੁੱਕਰ। ਮੁੰਢਹੁ = ਉੱਕਾ ਹੀ। ਦੋਵੈ = ਦੋਵੇਂ ਗੱਲਾਂ, ਭਾਵ, ਕਦੇ ਸਿਰ ਨਿਵਾਣਾ ਅਤੇ ਕਦੇ ਅੱਗੇ ਬੋਲ ਪੈਣਾ।2। ਅਰਥ: (ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ = ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ।2। ਪਉੜੀ ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥੨੧॥ {ਪੰਨਾ 474} ਪਦ ਅਰਥ: ਸਮ੍ਹ੍ਹਾਲੀਐ = ਸੰਭਾਲਣਾ ਚਾਹੀਦਾ ਹੈ, ਚੇਤੇ ਰੱਖਣਾ ਚਾਹੀਦਾ ਹੈ। ਜਿਤੁ = ਜਿਸ (ਕੰਮ ਦੇ ਕਰਨ) ਨਾਲ। ਸਾ ਘਾਲ = ਉਹ ਮਿਹਨਤ। ਮੂਲਿ ਨ ਕੀਚਈ = ਉੱਕਾ ਹੀ ਨਹੀਂ ਕਰਨਾ ਚਾਹੀਦਾ। ਨਿਹਾਲੀਐ = ਵੇਖਣਾ ਚਾਹੀਦਾ ਹੈ। ਜਿਉ = ਜਿਸ ਤਰ੍ਹਾਂ, ਜਿਸ ਤਰੀਕੇ ਨਾਲ। ਨ ਹਾਰੀਐ = ਨਾ ਟੁੱਟੇ। ਤੇਵੇਹਾ = ਉਹੋ ਜਿਹਾ। ਪਾਸਾ ਢਾਲੀਐ = ਚਾਲ ਚੱਲਣੀ ਚਾਹੀਦੀ ਹੈ, ਉੱਦਮ ਕਰਨਾ ਚਾਹੀਦਾ ਹੈ। ਘਾਲੀਐ = ਘਾਲ ਘਾਲਣੀ ਚਾਹੀਦੀ ਹੈ, ਕਮਾਈ ਕਰਨੀ ਚਾਹੀਦੀ ਹੈ। 21। ਅਰਥ: ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ) । ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ) । ਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ। (ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ। 21। ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ {ਪੰਨਾ 474} ਪਦ ਅਰਥ: ਨਾਲੇ = ਚਾਕਰੀ ਦੇ ਨਾਲ, ਭਾਵ, ਚਾਕਰੀ ਭੀ ਕਰੇ ਤੇ ਨਾਲੇ। ਗਾਰਬੁ = (ਸ਼ਬਦ 'ਗਰਬੁ' ਤੋਂ ਵਿਸ਼ੇਸ਼ਣ ਹੈ) ਗਰਬ ਵਾਲਾ, ਅਹੰਕਾਰ ਵਾਲਾ, ਅਹੰਕਾਰ-ਭਰਿਆ। ਵਾਦੁ = ਝਗੜਾ। ਸਾਦੁ = ਪ੍ਰਸੰਨਤਾ, ਖ਼ੁਸ਼ੀ। ਆਪੁ = ਆਪਣੇ ਆਪ ਨੂੰ, ਅਪਣੱਤ, ਹਉਮੈ, ਅਹੰਕਾਰ। ਤਾ = ਤਦੋਂ। ਜਿਸ ਨੋ ਲਗਾ = ਜਿਸ ਮਾਲਕ ਦੀ ਸੇਵਾ ਕਰਦਾ ਹੈ। ਤਿਸੁ = ਉਸ ਮਾਲਕ ਨੂੰ। ਲਗਾ ਸੋ = ਸੋ (ਮਨੁੱਖ) ਲੱਗਾ ਹੋਇਆ, ਸੋ ਲੱਗਾ ਹੋਇਆ ਮਨੁੱਖ, ਮਾਲਕ ਦੀ ਸੇਵਾ ਕਰਦਾ ਉਹ ਮਨੁੱਖ।1। ਅਰਥ: ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ। ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ।1। ਮਹਲਾ ੨ ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ {ਪੰਨਾ 474} ਪਦ ਅਰਥ: ਜੀਇ = ਜੀਉ ਵਿਚ; ਜੀ ਵਿਚ, ਮਨ ਵਿਚ। ਮੁਹ ਕਾ ਕਹਿਆ = ਮੂੰਹ ਦਾ ਆਖਿਆ ਹੋਇਆ, ਜ਼ਬਾਨੀ ਆਖਿਆ ਹੋਇਆ ਬਚਨ। ਵਾਉ = ਹਵਾ, ਪੌਣ, ਭਾਵ, ਪੌਣ ਵਾਂਗ ਓਪਰਾ ਓਪਰਾ। ਵੇਖਹੁ ਏਹੁ ਨਿਆਉ = ਇਸ ਇਨਸਾਫ਼ ਨੂੰ ਵੇਖੋ; ਇਹ ਕਿਹੜੀ ਇਨਸਾਫ਼ ਦੀ ਗੱਲ ਹੈ? ਇਹ ਅਚਰਜ ਨਿਆਂ ਦੀ ਗੱਲ ਹੈ।2। ਅਰਥ: ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹਂੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ) , (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ। ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ।2। ਮਹਲਾ ੨ ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥ {ਪੰਨਾ 474} ਪਦ ਅਰਥ: ਜੇਹਾ ਜਾਣੈ = ਜਿਹੋ ਜਿਹੀ ਉਸ ਅੰਞਾਣ ਦੀ ਸਮਝ ਹੁੰਦੀ ਹੈ। ਤੇਹੋ ਵਰਤੈ = ਉਹੋ ਜਿਹਾ ਉਹ ਕੰਮ ਕਰਦਾ ਹੈ। ਕੋ = ਕੋਈ ਮਨੁੱਖ। ਨਿਰਜਾਸਿ = ਨਿਰਣਾ ਕਰ ਕੇ, ਪਰਖ ਕਰ ਕੇ। ਸਮਾਵੈ = ਪੈ ਸਕਦੀ ਹੈ, ਸਮਾ ਸਕਦੀ ਹੈ। ਪਾਸਿ = ਲਾਂਭੇ, ਪਾਸੇ, ਵੱਖਰੀ। ਸਾਹਿਬ ਸੇਤੀ = ਮਾਲਕ ਦੇ ਨਾਲ। ਬਣੈ = ਫਬਦੀ ਹੈ। ਕੂੜਿ ਕਮਾਣੈ = ਛਲ ਕੀਤਿਆਂ, ਠੱਗੀ ਦੀ ਕਮਾਈ ਕੀਤਿਆਂ, ਧੋਖੇ ਦਾ ਕੰਮ ਕੀਤਿਆਂ। ਵਿਗਾਸਿ = ਵਿਗਸੀਦਾ ਹੈ, ਅੰਦਰ ਉਮਾਹ ਪੈਦਾ ਹੁੰਦਾ ਹੈ, ਅੰਦਰ ਖਿੜ ਆਉਂਦਾ ਹੈ।3। ਅਰਥ: ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜ੍ਹਦੀ, ਕਿਉਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ; (ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ) । ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ) । ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ। ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, (ਭਾਵ, ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ।3। ਮਹਲਾ ੨ ॥ ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥ {ਪੰਨਾ 474} ਪਦ ਅਰਥ: ਵਡਾਰੂ = ਵੱਡਾ ਮਨੁੱਖ, ਆਪਣੇ ਨਾਲੋਂ ਵੱਡਾ ਮਨੁੱਖ।4। ਅਰਥ: ਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ = ਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ, ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ।4। ਮਹਲਾ ੨ ॥ ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ {ਪੰਨਾ 474} ਪਦ ਅਰਥ: ਇਕ ਅਧ = ਥੋੜਾ ਬਹੁਤਾ, ਕੋਈ ਇਕ ਕੰਮ। ਵੇਰਾਸਿ = ਉਲਟ-ਖ਼ਰਾਬ।5। ਅਰਥ: ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ; ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ।5। ਪਉੜੀ ॥ ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥ {ਪੰਨਾ 474} ਪਦ ਅਰਥ: ਖਸਮੈ ਭਾਇ = ਖਸਮ ਦੀ ਮਰਜ਼ੀ ਅਨੁਸਾਰ, ਆਪਣੇ ਮਾਲਕ ਦੀ ਮਰਜ਼ੀ ਦੇ ਪਿੱਛੇ। ਹੁਰਮਤਿ = ਇੱਜ਼ਤ। ਅਗਲੀ = ਬਹੁਤੀ। ਵਜਹੁ = ਤਨਖ਼ਾਹ, ਰੋਜ਼ੀਨਾ, ਵਜ਼ੀਫਾ। ਗੈਰਤਿ = ਸ਼ਰਮਿੰਦਗੀ। ਅਗਲਾ = ਪਹਿਲਾ, ਜੋ ਪਹਿਲਾਂ ਮਿਲਦਾ ਸੀ। ਮੁਹੇ ਮੁਹਿ = ਮੂੰਹ ਉੱਤੇ, ਭਾਵ, ਸਦਾ ਆਪਣੇ ਮੂੰਹ ਉੱਤੇ। ਪਾਣਾ = ਜੁੱਤੀਆਂ। 22। ਅਰਥ: ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ (ਤਾਂ ਹੀ ਸਮਝੋ, ਕਿ) ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ, ਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ। ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ) , ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ, ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ। ਹੇ ਨਾਨਕ! ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ; ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ।12। |
Sri Guru Granth Darpan, by Professor Sahib Singh |