ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 475

ਸਲੋਕੁ ਮਹਲਾ ੨ ॥ ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥ {ਪੰਨਾ 475}

ਪਦ ਅਰਥ: ਦਾਤਿ = ਬਖ਼ਸ਼ਸ਼। ਆਪਸ ਤੇ = ਆਪਣੇ ਆਪ ਤੋਂ, ਆਪਣੇ ਉੱਦਮ ਨਾਲ। ਕਰਮਾਤਿ = (ਫ਼ਾ: ਕਰਾਮਾਤ) ਬਖ਼ਸ਼ਸ਼, ਦਾਤ।

{ਨੋਟ: ਇਹ ਸ਼ਬਦ 'ਕਿਰਾਮਤਿ' ਤੋਂ ਨਹੀਂ ਹੈ, ਸ਼ਬਦ 'ਦਾਤਿ' ਦੇ ਨਾਲ ਬਖ਼ਸ਼ਸ਼ ਅਰਥ ਵਾਲਾ ਸ਼ਬਦ ਹੀ ਢੁੱਕਦਾ ਹੈ। }

ਅਰਥ: ਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ। ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤੱ੍ਰੁਠਿਆਂ ਮਿਲੇ।1।

ਮਹਲਾ ੨ ॥ ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥ {ਪੰਨਾ 475}

ਪਦ ਅਰਥ: ਜਿਤੁ = ਜਿਸ ਦੀ ਰਾਹੀਂ, ਜਿਸ ਦੀ ਚਾਕਰੀ ਦੇ ਕਰਨ ਨਾਲ। ਕਾਢੀਐ = ਆਖੀਦਾ ਹੈ, ਕਿਹਾ ਜਾਂਦਾ ਹੈ। ਜਿ = ਜੋ ਸੇਵਕ। ਸਮਾਇ = ਲੀਨ ਹੋ ਜਾਏ, ਸਮਾ ਜਾਏ, ਇਕ-ਰੂਪ ਹੋ ਜਾਏ।2।

ਅਰਥ: ਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ। ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ।2।

ਪਉੜੀ ॥ ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ ॥ ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥ {ਪੰਨਾ 475}

ਪਦ ਅਰਥ: ਹਰਿ ਤਾ ਕੇ = ਉਸ ਹਰੀ ਦੇ। ਸਾਖਤੀ = ਬਨਾਵਟ, ਪੈਦਾਇਸ਼। ਇਕਿ = ਕਈ ਜੀਵ। ਤੁਰੀ = ਘੋੜਿਆਂ ਉੱਤੇ। ਬਿਸੀਆਰ = ਬਹੁਤ ਸਾਰੇ। ਹਉ = ਮੈਂ। ਕੈ ਸਿਉ = ਕਿਸ ਦੇ ਅਗੇ। ਕਰਣਾ = ਸ੍ਰਿਸ਼ਟੀ। ਜਿਨਿ = ਜਿਸ (ਪ੍ਰਭੂ) ਨੇ। 23।

ਅਰਥ: ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ। ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ। ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ) , ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ) । (ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ? ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ। 23।

ਸਲੋਕੁ ਮਃ ੧ ॥ ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥ ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥ ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥ {ਪੰਨਾ 475}

ਪਦ ਅਰਥ: ਪੂਰਣੁ ਦੇਇ = ਭਰਦਾ ਹੈ, ਪੂਰਨਤਾ (ਉਹਨਾਂ ਭਾਂਡਿਆਂ ਵਿਚ) ਦੇਂਦਾ ਹੈ। ਇਕਨ੍ਹ੍ਹੀ = ਕਈ ਭਾਂਡਿਆਂ ਵਿਚ। ਸਮਾਈਐ = ਸਮਾਉਂਦਾ ਹੈ, ਪੈਂਦਾ ਹੈ। ਨਿਹਾਲੀ = ਤੁਲਾਈ। ਪੈ ਸਵਨ੍ਹ੍ਹਿ = ਲੰਮੀਆਂ ਤਾਣ ਕੇ ਸੌਂਦੇ ਹਨ, ਬੇ-ਫ਼ਿਕਰ ਹੋ ਕੇ ਸੌਂਦੇ ਹਨ। ਉਪਰਿ = (ਉਹਨਾਂ ਦੀ) ਸੇਵਾ ਵਾਸਤੇ, ਰਾਖੀ ਵਾਸਤੇ। ਨਦਰਿ = ਮਿਹਰ ਦੀ ਨਜ਼ਰ।1।

ਅਰਥ: ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ) । ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ) । ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ। ਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ।1।

ਮਹਲਾ ੨ ॥ ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥ {ਪੰਨਾ 475}

ਪਦ ਅਰਥ: ਜਾਈ = ਪੈਦਾ ਕੀਤੀ ਹੋਈ ਨੂੰ, ਸ੍ਰਿਸ਼ਟੀ ਨੂੰ। ਥਾਪਿ = ਥਾਪ ਕੇ, ਟਿਕਾ ਕੇ। ਉਥਾਪਿ = ਨਾਸ ਕਰ ਕੇ। ਸਭੁ ਕਿਛੁ = ਭਾਵ, ਸਭ ਕੁਝ ਕਰਨ ਦੇ ਸਮਰੱਥ।2।

ਅਰਥ: ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ, ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।

ਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ।2।

ਪਉੜੀ ॥ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ {ਪੰਨਾ 475}

ਪਦ ਅਰਥ: ਵਡਿਆਈਆ = ਗੁਣ, ਸਿਫ਼ਤਾਂ। ਕਰੀਮੁ = ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਦੇ = ਦੇਂਦਾ ਹੈ। ਸੰਬਾਹਿ = (ਸੰਵਹ = To carry or bear along. Cause, to collect, to essemble. ਇਕੱਤਰ ਕਰਨਾ) ਇਕੱਠਾ ਕਰ ਕੇ। ਦੇ ਸੰਬਾਹਿ = ਸੰਬਾਹਿ ਦੇਂਦਾ ਹੈ, ਅਪੜਾਂਦਾ ਹੈ। ਤਿੰਨੈ = ਤਿਨ੍ਹ ਹੀ, ਉਸੇ ਨੇ ਆਪ ਹੀ, ਪ੍ਰ੍ਰਭੂ ਨੇ ਆਪ ਹੀ। ਏਕੀ ਬਾਹਰੀ = ਇਕ ਥਾਂ ਤੋਂ ਬਿਨਾ, ਪ੍ਰਭੂ ਦੀ ਇਕ ਥਾਂ ਤੋਂ ਬਿਨਾ। ਜਾਇ = ਤਾਂ। ਰਜਾਇ = ਮਰਜ਼ੀ। 24।

ਅਰਥ: ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ) । ਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ, ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਸਾਰੇ ਜੀਵ ਉਹੀ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ (ਉਹਨਾਂ ਦੇ ਭਾਗਾਂ ਵਿਚ) ਪਾ ਛੱਡੀ ਹੈ।

ਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ, ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ। 24।1। ਸੁਧ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਰਾਗੁ ਆਸਾ ਬਾਣੀ ਭਗਤਾ ਕੀ ॥ ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥ ਆਸਾ ਸ੍ਰੀ ਕਬੀਰ ਜੀਉ ॥ ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥ ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥ ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥ ਆਪਾ ਪਦੁ ਨਿਰਬਾਣੁ ਨ ਚੀਨ੍ਹ੍ਹਿਆ ਇਨ ਬਿਧਿ ਅਭਿਉ ਨ ਚੂਕੇ ॥੨॥ ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥ ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥ ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥ ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥ {ਪੰਨਾ 475}

ਪਦ ਅਰਥ: ਗੁਰ ਚਰਣ ਲਾਗਿ = ਆਪਣੇ ਸਤਿਗੁਰੂ ਦੀ ਚਰਨੀਂ ਪੈ ਕੇ। ਬਿਨਵਤਾ = ਬੇਨਤੀ ਕਰਦਾ ਹਾਂ। ਕਹ = ਕਾਹਦੇ ਲਈ? ਜੀ = ਜੀਵ। ਉਪਾਇਆ = ਪੈਦਾ ਕੀਤਾ ਜਾਂਦਾ ਹੈ। ਕਵਨ ਕਾਜਿ = ਕਿਸ ਕੰਮ ਕਰਕੇ? ਉਪਜੈ = ਪੈਦਾ ਹੁੰਦਾ। ਮੋਹਿ = ਮੈਨੂੰ।

ਦੇਵ = ਹੇ ਗੁਰਦੇਵ! ਹੇ ਸਤਿਗੁਰੂ! ਮਾਰਗਿ = (ਸਿੱਧੇ) ਰਸਤੇ ਉਤੇ। ਜਿਤੁ = ਜਿਸ ਰਾਹ ਉੱਤੇ ਤੁਰਿਆਂ। ਭੈ = ਜਗਤ ਦਾ ਡਰ। ਬੰਧਨ = ਮਾਇਆ ਵਾਲੇ ਜਕੜ। ਤੂਟੈ = ਟੁੱਟ ਜਾਣ। ਜੀਅ = ਜੀਵ ਦੇ। ਫੇੜ ਕਰਮ = ਕੀਤੇ ਕਰਮਾਂ (ਅਨੁਸਾਰ) । ਜੀਅ ਫੇੜ ਕਰਮ = ਜੀਵ ਦੇ ਕੀਤੇ ਕਰਮਾਂ ਅਨੁਸਾਰ। ਜਨਮ ਮਰਨ ਦੁਖ ਸੁਖ = ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਸੁਖ-ਦੁੱਖ, ਸਾਰੀ ਉਮਰ ਦੇ ਜੰਜਾਲ। ਜਨਮ ਤੇ = ਜਨਮ ਤੋਂ ਹੀ, ਮੂਲੋਂ ਹੀ, ਉੱਕੇ ਹੀ। ਛੂਟੈ = ਮੁੱਕ ਜਾਣ।1। ਰਹਾਉ।

ਫਾਸ = ਫਾਹੀਆਂ। ਬੰਧ = ਬੰਧਨ। ਫਾਰੈ = ਪਾੜਦਾ, ਮੁਕਾਉਂਦਾ। ਅਰੁ = ਅਤੇ। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨੇ ਪੈਦਾ ਨ ਹੋਣ। ਨ ਲੂਕੇ = ਲੁਕਦਾ ਨਹੀਂ, ਟਿਕਦਾ ਨਹੀਂ, ਆਸਰਾ ਨਹੀਂ ਲੈਂਦਾ। ਆਪਾ ਪਦੁ = ਆਪਣਾ ਅਸਲਾ। ਨਿਰਬਾਣੁ = ਵਾਸ਼ਨਾ-ਰਹਿਤ। ਚੀਨ੍ਹ੍ਹਿਆ = ਪਛਾਣਿਆ। ਇਨ ਬਿਧਿ = ਇਹਨੀਂ ਕਰਨੀਂ। ਅਭਿਉ = {ਅ-ਭਿਉ} ਨਾਹ ਭਿੱਜਣ ਵਾਲੀ ਅਵਸਥਾ, ਕੋਰਾਪਨ।2।

ਕਹੀ ਨ = ਕਿਤੇ ਭੀ ਨਹੀਂ, ਕਹੀਂ ਨ, (ਪ੍ਰਭੂ ਤੋਂ ਵੱਖਰੀ) ਕਿਤੇ ਭੀ ਨਹੀਂ। ਉਪਜੀ ਜਾਣੈ = (ਪ੍ਰਭੂ ਤੋਂ ਵੱਖਰੀ) ਪੈਦਾ ਹੋਈ ਸਮਝਦਾ ਹੈ, (ਪ੍ਰਭੂ ਤੋਂ ਵੱਖਰੀ) ਹਸਤੀ ਵਾਲਾ ਸਮਝਦਾ ਹੈ। ਬਿਹੂਣਾ = ਸੱਖਣਾ, ਸੁੰਞਾ। ਭਾਵ ਅਭਾਵ ਬਿਹੂਣਾ = ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਤੋਂ ਸੱਖਣਾ। ਉਦੈ = ਜੰਮਣਾ, ਜਨਮ। ਅਸਤ = ਡੁੱਬ ਜਾਣਾ, ਮੌਤ। ਮਨ ਬੁਧਿ = ਮਨ ਦੀ ਮੱਤ। ਉਦੈ......ਬੁਧਿ = ਮਨ ਦੀ ਉਦੇ ਅਸਤ ਵਾਲੀ ਮੱਤ, ਮਨ ਦੀ ਉਹ ਮੱਤ ਜੋ ਉਦੇ ਅਸਤ ਵਿਚ ਪਾਣ ਵਾਲੀ ਹੈ, ਮਨ ਦੀ ਉਹ ਮੱਤ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਨਾਸੀ = (ਜਦੋਂ) ਨਾਸ ਹੁੰਦੀ ਹੈ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ।3।

ਪ੍ਰਤਿਬਿੰਬੁ = {Skt. pRiqibNb = reflection, an image} ਅਕਸ। ਬਿੰਬ = {Skt. ibNb = An object compared. pRiqibNb = An object to which a ibNb is compared} ਜਿਸ ਵਿਚ ਅਕਸ ਦਿੱਸਦਾ ਹੈ, ਸ਼ੀਸ਼ਾ ਜਾਂ ਪਾਣੀ। ਉਦਕ ਕੁੰਭੁ = ਪਾਣੀ ਦਾ ਭਰਿਆ ਹੋਇਆ ਘੜਾ। ਬਿਗਰਾਨਾ = ਟੁੱਟਦਾ ਹੈ। ਗੁਣ = ਰੱਸੀ। ਗੁਣ ਭ੍ਰਮੁ = ਰੱਸੀ ਦਾ ਭੁਲੇਖਾ, ਰੱਸੀ ਦੇ ਸੱਪ ਦਿੱਸਣ ਦਾ ਭੁਲੇਖਾ (ਇਹ ਭੁਲੇਖਾ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ) । ਤਉ = ਤਦੋਂ। ਸੁੰਨਿ = ਅਫੁਰ ਪ੍ਰਭੂ ਵਿਚ।4।

ਅਰਥ: ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ, ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ।1। ਰਹਾਉ।

ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ = ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ, ਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ।1।

ਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ। ਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ।2।

ਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ = ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ = ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ। (ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।3।

ਹੇ ਕਬੀਰ! ਹੁਣ ਆਖ– (ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ) , ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ) , ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ।4।1।

TOP OF PAGE

Sri Guru Granth Darpan, by Professor Sahib Singh