ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 476 ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ {ਪੰਨਾ 476} ਪਦ ਅਰਥ: ਸਾਢੇ ਤੈ ਤੈ = ਸਾਢੇ ਤਿੰਨ ਤਿੰਨ। ਤਗ = ਧਾਗੇ, ਜਨੇਊ। ਜਪਮਾਲੀਆ = ਮਾਲਾ। ਹਥਿ = ਹੱਥ ਵਿਚ। ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ। ਓਇ = ਉਹ ਮਨੁੱਖ (ਬਹੁ-ਵਚਨ, Plural)। ਆਖੀਅਹਿ = ਕਹੇ ਜਾਂਦੇ ਹਨ।1। ਮੋ ਕਉ = ਮੈਨੂੰ। ਡਾਲਾ = ਟਾਹਣੀਆਂ। ਪੇਡਾ = ਪੇੜ, ਬੂਟਾ। ਸਿਉ = ਸਮੇਤ, ਸਣੇ। ਗਟਕਾਵਹਿ = ਖਾ ਜਾਂਦੇ ਹਨ।1। ਰਹਾਉ। ਬਾਸਨ = ਭਾਂਡੇ। ਕਾਠੀ = ਲੱਕੜੀਆਂ, ਬਾਲਣ। ਬਸੁਧਾ = ਧਰਤੀ। ਖੋਦਿ = ਪੁੱਟ ਕੇ।2। ਮੁਖਹੁ = ਮੂੰਹੋਂ। ਅਪਰਸ = ਅ-ਪਰਸ, ਨਾਹ ਛੋਹਣ ਵਾਲੇ, ਉਹ ਸਾਧ ਜੋ ਕਿਸੇ ਮਾਇਕ ਪਦਾਰਥ ਨੂੰ ਛੋਂਹਦੇ ਨਹੀਂ ਹਨ, ਵਿਰੱਕਤ। ਕੁਟੰਬ = ਪਰਵਾਰ।3। ਜਿਤੁ = ਜਿਸ ਪਾਸੇ। ਕੋ = ਕੋਈ ਮਨੁੱਖ। ਤਿਤ ਹੀ = ਉਸੇ ਹੀ ਪਾਸੇ। ਭੇਟੈ = ਮਿਲੇ। ਪੁਨਰਪਿ = ਪੁਨਹ ਅਪਿ, ਫਿਰ ਵੀ, ਫਿਰ ਕਦੇ। ਜਨਮਿ = ਜਨਮ ਵਿਚ, ਜਨਮ-ਮਰਨ ਦੇ ਗੇੜ ਵਿਚ।4। ਅਰਥ: (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।1। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)।1। ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ।2। ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਛੋਂਹਦੇ। ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ।3। (ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ। ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ।4।2। ਆਸਾ ॥ ਬਾਪਿ ਦਿਲਾਸਾ ਮੇਰੋ ਕੀਨ੍ਹ੍ਹਾ ॥ ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹ੍ਹਾ ॥ ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥ ਆਗੈ ਗਇਆ ਨ ਬਾਜੀ ਹਾਰੀ ॥੧॥ ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥ ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥ ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥ ਪੰਚਾ ਤੇ ਮੇਰਾ ਸੰਗੁ ਚੁਕਾਇਆ ॥ ਪੰਚ ਮਾਰਿ ਪਾਵਾ ਤਲਿ ਦੀਨੇ ॥ ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥ ਪਿਤਾ ਹਮਾਰੋ ਵਡ ਗੋਸਾਈ ॥ ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥ ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥ ਜਗਤ ਪਿਤਾ ਮੇਰੈ ਮਨਿ ਭਾਇਆ ॥੩॥ ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥ ਏਕੈ ਠਾਹਰ ਦੁਹਾ ਬਸੇਰਾ ॥ ਕਹੁ ਕਬੀਰ ਜਨਿ ਏਕੋ ਬੂਝਿਆ ॥ ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥ {ਪੰਨਾ 476} ਪਦ ਅਰਥ: ਬਾਪਿ = ਬਾਪ ਨੇ, ਪਿਉ ਨੇ, ਪ੍ਰਭੂ-ਪਿਤਾ ਨੇ। ਦਿਲਾਸਾ = ਧਰਵਾਸ, ਧੀਰਜ, ਢਾਰਸ, ਆਸਰਾ। ਕੀਨ੍ਹ੍ਹਾ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ਕੀਤਾ ਹੈ। ਸੇਜ = ਹਿਰਦਾ-ਰੂਪ ਸੇਜ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਮਨਹੁ = ਮਨ ਤੋਂ। ਵਿਸਾਰੀ = ਮੈਂ ਵਿਸਾਰਾਂ। ਆਗੈ = ਪਰਲੋਕ ਵਿਚ। ਨ ਹਾਰੀ = ਮੈਂ ਨਹੀਂ ਹਾਰਾਂਗਾ।1। ਮਾਈ = ਮਾਂ, ਮਾਇਆ। ਮੁਈ.....ਮਾਈ = ਮੇਰੀ ਮਾਂ ਮਰ ਗਈ ਹੈ, ਮਾਇਆ ਦਾ ਦਬਾਉ ਮੇਰੇ ਉੱਤੋਂ ਹਟ ਗਿਆ ਹੈ। ਹਉ = ਮੈਂ। ਖਰਾ = ਬਹੁਤ। ਪਹਿਰਉ = ਮੈਂ ਪਹਿਨਦਾ ਹਾਂ। ਦਗਲੀ = ਰੂੰ-ਦਾਰ ਕੁੜਤੀ (ਭਾਵ, ਸਰੀਰ) {ਫ਼ਾਰਸੀ: ਦਗਲਾ}। (ਨੋਟ: ਸਾਰੇ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੈ– ਮੇਰਾ ਮਾਇਆ ਦਾ ਮੋਹ ਮਿਟ ਗਿਆ ਹੈ, ਤੇ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ)।1। ਰਹਾਉ। ਬਲਿ = ਸਦਕੇ, ਕੁਰਬਾਨ। ਜਿਨਿ = ਜਿਸ ਪਿਉ ਨੇ। ਜਾਇਆ = (ਇਹ ਨਵਾਂ) ਜਨਮ ਦਿੱਤਾ ਹੈ (ਨੋਟ: ਇੱਥੇ ਸਾਧਾਰਨ ਮਨੁੱਖਾ ਸਰੀਰ ਦੇਣ ਦਾ ਜ਼ਿਕਰ ਨਹੀਂ ਹੈ; ਉਸ ਸੁੰਦਰ ਤਬਦੀਲੀ ਦਾ ਜ਼ਿਕਰ ਹੈ ਜੋ ਪ੍ਰਭੂ ਦੀ ਮਿਹਰ ਨਾਲ ਹੋ ਗਈ ਹੈ, ਤੇ ਉਹ ਤਬਦੀਲੀ, ਉਹ ਨਵਾਂ ਜਨਮ, ਅਗਲੀ ਤੁਕ ਵਿਚ ਬਿਆਨ ਕੀਤਾ ਹੈ)। ਭੀਨੇ = ਭਿੱਜ ਗਏ ਹਨ। ਸਿਮਰਨਿ = ਸਿਮਰਨ ਵਿਚ।2। ਗੋਸਾਈ = ਮਾਲਕ। ਪਹਿ = ਕੋਲ, ਪਾਸ। ਕਿਉ ਕਰਿ = ਕਿਸ ਤਰ੍ਹਾਂ? ਕਿਸ ਵਸੀਲੇ ਨਾਲ? ਜਾਈ = ਮੈਂ ਜਾਵਾਂ। ਮਨਿ ਵਿਚ। ਤ = ਤਦੋਂ। ਭਾਇਆ = ਪਿਆਰਾ ਲੱਗਣ ਲੱਗ ਪਿਆ।3। ਹਉ = ਮੈਂ। ਬਸੇਰਾ = ਵਾਸਾ। ਜਨਿ = ਜਨ ਨੇ, ਦਾਸ ਨੇ। ਕਹੁ = ਆਖ।4। ਅਰਥ: ਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ; ਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ।1। ਰਹਾਉ। (ਮੇਰੇ ਅੰਦਰ ਟਿਕ ਕੇ) ਮੇਰੇ ਪਿਤਾ-ਪ੍ਰਭੂ ਨੇ ਮੈਨੂੰ ਸਹਾਰਾ ਦੇ ਦਿੱਤਾ ਹੈ, (ਜਪਣ ਲਈ) ਮੇਰੇ ਮੂੰਹ ਵਿਚ (ਉਸ ਨੇ ਆਪਣਾ) ਅੰਮ੍ਰਿਤ-ਨਾਮ ਦਿੱਤਾ ਹੈ, (ਇਸ ਵਾਸਤੇ) ਮੇਰੀ (ਹਿਰਦਾ-ਰੂਪ) ਸੇਜ ਸੁਖਦਾਈ ਹੋ ਗਈ। (ਜਿਸ ਪਿਉ ਨੇ ਇਤਨਾ ਸੁਖ ਦਿੱਤਾ ਹੈ) ਉਸ ਪਿਉ ਨੂੰ ਮੈਂ (ਕਦੇ) ਮਨ ਤੋਂ ਨਹੀਂ ਭੁਲਾਵਾਂਗਾ (ਜਿਵੇਂ ਇੱਥੇ ਮੈਂ ਸੌਖਾ ਹੋ ਗਿਆ ਹਾਂ, ਤਿਵੇਂ) ਅਗਾਂਹ ਚੱਲ ਕੇ (ਭੀ) ਮੈਂ (ਮਨੁੱਖਾ-ਜਨਮ ਦੀ) ਖੇਡ ਨਹੀਂ ਹਾਰਾਂਗਾ।1। ਜਿਸ ਪ੍ਰਭੂ-ਪਿਤਾ ਨੇ ਮੈਨੂੰ (ਇਹ ਨਵਾਂ) ਜਨਮ ਦਿੱਤਾ ਹੈ, ਉਸ ਤੋਂ ਮੈਂ ਸਦਕੇ ਹਾਂ, ਉਸ ਨੇ ਪੰਜ ਕਾਮਾਦਿਕਾਂ ਤੋਂ ਮੇਰਾ ਖਹਿੜਾ ਛੁਡਾ ਦਿੱਤਾ ਹੈ। ਹੁਣ ਉਹ ਪੰਜੇ ਮਾਰ ਕੇ ਮੈਂ ਆਪਣੇ ਪੈਰਾਂ ਹੇਠ ਦੇ ਲਏ ਹਨ, ਕਿਉਂਕਿ (ਇਹਨਾਂ ਵਲੋਂ ਹਟ ਕੇ) ਮੇਰਾ ਮਨ ਤੇ ਤਨ ਪ੍ਰਭੂ ਦੇ ਸਿਮਰਨ ਵਿਚ ਮਸਤ ਹੋ ਗਏ ਹਨ।2। ਮੇਰਾ (ਉਹ) ਪਿਉ ਬੜਾ ਵੱਡਾ ਮਾਲਕ ਹੈ (ਜੇ ਕੋਈ ਪੁੱਛੇ ਕਿ) ਮੈਂ (ਕੰਗਾਲ ਕਬੀਰ) ਉਸ ਪਿਤਾ ਪਾਸ ਕਿਵੇਂ ਅੱਪੜ ਗਿਆ ਹਾਂ (ਤਾਂ ਇਸ ਦਾ ਉੱਤਰ ਇਹ ਹੈ ਕਿ ਜਦੋਂ) ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ, ਤੇ ਜਗਤ ਦਾ ਪਿਉ-ਪ੍ਰਭੂ ਮੈਨੂੰ ਮੇਰੇ ਮਨ ਵਿਚ ਪਿਆਰਾ ਲੱਗ ਪਿਆ।3। (ਹੁਣ ਮੈਂ ਨਿਸੰਗ ਹੋ ਕੇ ਉਸ ਨੂੰ ਆਖਦਾ ਹਾਂ, ਹੇ ਪ੍ਰਭੂ!) ਮੈਂ ਤੇਰਾ ਬੱਚਾ ਹਾਂ, ਤੂੰ ਮੇਰਾ ਪਿਉ ਹੈਂ, ਅਸਾਡਾ ਦੋਹਾਂ ਦਾ (ਹੁਣ) ਇੱਕੋ ਥਾਂ ਹੀ (ਮੇਰੇ ਹਿਰਦੇ ਵਿਚ) ਨਿਵਾਸ ਹੈ। ਹੇ ਕਬੀਰ! ਹੁਣ ਤੂੰ ਆਖ– ਮੈਂ ਦਾਸ ਨੇ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਸਤਿਗੁਰੂ ਦੀ ਕਿਰਪਾ ਨਾਲ ਮੈਨੂੰ (ਜੀਵਨ ਦੇ ਰਸਤੇ ਦੀ) ਸਾਰੀ ਸੂਝ ਪੈ ਗਈ ਹੈ।4।3। ਆਸਾ ॥ ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥ ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥ ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥ ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥ ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥ ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥ ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥ ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥ {ਪੰਨਾ 476} ਨੋਟ: ਆਮ ਤੌਰ ਤੇ ਇਸ ਸ਼ਬਦ ਦੇ ਅਰਥ ਕਰਨ ਵੇਲੇ ਸ਼ਬਦ ਦੇ ਪਹਿਲੇ ਬੰਦ ਵਿਚ ਵਾਮ ਮਾਰਗੀਆਂ ਵਲ ਇਸ਼ਾਰਾ ਦੱਸਿਆ ਜਾਂਦਾ ਹੈ, ਤੇ ਲਫ਼ਜ਼ "ਨਕਟ ਦੇ ਰਾਨੀ" ਦਾ ਅਰਥ "ਇਸਤ੍ਰੀ" ਕੀਤਾ ਜਾਂਦਾ ਹੈ। ਪਰ ਜਦੋਂ ਇਸ ਨੂੰ ਗਹੁ ਨਾਲ ਵਿਚਾਰੀਏ ਤਾਂ ਇਹ ਖ਼ਿਆਲ ਸਾਰੇ ਸ਼ਬਦ ਵਿਚ ਨਿਭਦਾ ਨਹੀਂ ਜਾਪਦਾ। ਹਰੇਕ ਸ਼ਬਦ ਦੀ 'ਰਹਾਉ' ਵਾਲੀ ਤੁਕ ਵਿਚ ਆਮ ਤੌਰ ਤੇ ਸ਼ਬਦ ਦਾ ਮੁੱਖ-ਭਾਵ ਹੁੰਦਾ ਹੈ। ਇੱਥੇ 'ਰਹਾਉ' ਦੀ ਤੁਕ ਵਿਚ ਜ਼ਿਕਰ ਹੈ "ਨਕਟੀ ਕੋ ਠਨਗਨੁ ਬਾਡਾ ਡੂੰ"। ਜੇ ਪਹਿਲੇ ਬੰਦ ਦੀ ਦੂਜੀ ਤੁਕ ਵਿਚ ਦੇ ਲਫ਼ਜ਼ "ਨਕਟ ਦੇ ਰਾਨੀ" ਦਾ ਅਰਥ "ਇਸਤ੍ਰੀ" ਹੈ, ਤਾਂ ਫ਼ੌਰਨ ਹੀ 'ਰਹਾਉ' ਵਿਚ ਇਸ ਦਾ ਅਰਥ ਕਿਉਂ ਬਦਲਾਇਆ ਗਿਆ ਹੈ? ਜੇ 'ਰਹਾਉ' ਵਾਲੇ ਲਫ਼ਜ਼ 'ਨਕਟੀ' ਵਾਲੇ ਅਰਥ ਭੀ "ਇਸਤ੍ਰੀ" ਹੀ ਕਰੀਏ, ਤਾਂ ਇਹ ਉੱਕਾ ਹੀ ਗ਼ਲਤ ਹੋ ਜਾਂਦਾ ਹੈ; ਫਿਰ ਇਹ ਅਰਥ ਬੰਦ ਨੰ: 2 ਵਿਚ ਭੀ ਨਹੀਂ ਨਿਭ ਸਕਦਾ। ਅਸਲ ਗੱਲ ਇਹ ਹੈ ਕਿ ਸਾਰੇ ਸ਼ਬਦ ਵਿਚ "ਮਾਇਆ" ਦੇ ਪ੍ਰਭਾਵ ਦਾ ਜ਼ਿਕਰ ਹੈ, ਅਤੇ 'ਮਾਇਆ' ਵਾਸਤੇ ਲਫ਼ਜ਼ "ਨਕਟੀ" ਜਾਂ "ਨਕਟ ਦੇ ਰਾਨੀ" ਵਰਤਿਆ ਹੈ; ਇਸ ਨੂੰ 'ਨਿਲੱਜ' ਆਖਿਆ ਹੈ, ਕਿਉਂਕਿ ਇਹ ਕਿਸੇ ਨਾਲ ਭੀ ਸਾਥ ਨਹੀਂ ਨਿਭਾਉਂਦੀ। ਪਦ ਅਰਥ: ਇਕਤੁ ਪਤਰਿ = ਇੱਕ ਭਾਂਡੇ ਵਿਚ। ਉਰਕਟ {ਸੰ: ਅਰੰਕ੍ਰਿਤ} ਤਿਆਰ ਕੀਤਾ ਹੋਇਆ, ਰਿੰਨ੍ਹਿਆ ਹੋਇਆ। ਕੁਰਕਟ = ਕੁੱਕੜ (ਦਾ ਮਾਸ)। ਭਰਿ = ਭਰ ਕੇ, ਪਾ ਕੇ। (ਪਾਨੀ = ਭਾਵ,) ਸ਼ਰਾਬ। ਆਸਿ ਪਾਸਿ = (ਇਸ ਮਾਸ ਅਤੇ ਸ਼ਰਾਬ ਦੇ) ਦੁਆਲੇ, ਆਸੇ ਪਾਸੇ। ਪੰਚ = ਕਾਮਾਦਿਕ ਵਿਕਾਰ। ਪੰਚ ਜੋਗੀਆ = ਪੰਜ ਕਾਮਾਦਿਕਾਂ ਨਾਲ ਮੇਲ ਜੋਲ ਰੱਖਣ ਵਾਲੇ {ਜੋਗ = ਮੇਲ ਮਿਲਾਪ, ਜੋੜ}। ਬੀਚਿ = (ਇਹਨਾਂ ਵਿਸ਼ਈ ਬੰਦਿਆਂ ਦੇ) ਅੰਦਰ, ਇਹਨਾਂ ਵਿਸ਼ਈ ਬੰਦਿਆਂ ਦੇ ਮਨ ਵਿਚ। ਨਕਟ = ਨਕ-ਕੱਟੀ, ਨਿਲੱਜ। ਦੇ ਰਾਨੀ = ਦੇਵ ਰਾਨੀ, ਮਾਇਆ।1। ਨਕਟੀ = ਨਿਲੱਜ ਮਾਇਆ। ਕੋ = ਦਾ। ਬਾਡਾ = ਵਾਜਾ। ਡੂੰ = ਡਹੂੰ-ਡਹੂੰ ਕਰਦਾ ਹੈ, ਵੱਜਦਾ ਹੈ। ਠਨਗਨੁ = ਠਨ-ਠਨ ਦੀ ਆਵਾਜ਼ ਕਰ ਕੇ। ਕਿਨਹਿ = ਕਿਸੇ ਵਿਰਲੇ ਨੇ। ਕਿਨਹਿ ਬਿਬੇਕੀ = ਕਿਸੇ ਵਿਰਲੇ ਵਿਚਾਰਵਾਨ ਨੇ। ਤੂੰ = ਤੈਨੂੰ। ਕਾਟੀ = ਕੱਟਿਆ ਹੈ, ਦਬਾਉ ਦੂਰ ਕੀਤਾ ਹੈ।1। ਰਹਾਉ। ਸਗਲ ਮਾਹਿ = ਸਭ ਜੀਵਾਂ ਵਿਚ। ਨਕਟੀ ਕਾ ਵਾਸਾ = ਨਿਲੱਜ ਮਾਇਆ ਦਾ ਪ੍ਰਭਾਵ। ਮਾਰਿ = ਮਾਰ ਕੇ। ਅਉਹੇਰੀ = ਤੱਕਦੀ ਹੈ, ਨੀਝ ਲਾ ਕੇ ਵੇਖਦੀ ਹੈ (ਕਿ ਕੋਈ ਮੇਰੀ ਮਾਰ ਤੋਂ ਬਚ ਤਾਂ ਨਹੀਂ ਗਿਆ)। ਹਉ = ਮੈਂ। ਬਹਿਨ = ਭੈਣ। ਭਾਨਜੀ = ਭਣੇਵੀਂ। ਬਰੀ = ਵਿਆਹ ਲਿਆ, ਵਰਤਿਆ। ਚੇਰੀ = ਦਾਸੀ।2। ਹਮਰੋ = ਮੇਰਾ। ਬਿਬੇਕੀ = ਵਿਚਾਰਵਾਨ ਪੁਰਖ। ਮਾਥੈ = ਮੱਥੇ ਉਤੇ। ਕਾਇਮੁ = ਟਿਕਿਆ ਹੋਇਆ। ਮਾਥੈ ਕਾਇਮੁ = ਮੇਰੇ ਮੱਥੇ ਉੱਤੇ ਟਿਕਿਆ ਹੋਇਆ, ਮੇਰੇ ਉੱਤੇ ਕਾਬੂ ਰੱਖਣ ਵਾਲਾ। ਅਉਰੁ = ਕੋਈ ਹੋਰ। ਨਿਕਟਿ = ਨੇੜੇ।3। ਨਾਕਹੁ = ਨੱਕ ਤੋਂ। ਕਾਟੀ = ਵੱਢ ਦਿੱਤਾ। ਕਾਨਹੁ = ਕੰਨ ਤੋਂ। ਕਾਟਿ ਕੂਟ ਕਰਿ = ਚੰਗੀ ਤਰ੍ਹਾਂ ਕੱਟ ਕੇ। ਡਾਰੀ = ਪਰੇ ਸੁੱਟ ਦਿੱਤਾ ਹੈ। ਬੈਰਨਿ = ਵੈਰ ਕਰਨ ਵਾਲੀ। ਤੀਨਿ ਲੋਕ = ਸਾਰਾ ਜਗਤ।4। ਅਰਥ: ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ। ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ।1। ਰਹਾਉ। (ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ। (ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ।1। (ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ)। (ਮਾਇਆ, ਮਾਨੋ, ਆਖਦੀ ਹੈ–) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ) , ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ।2। ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ। ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ। ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ)।3। ਹੇ ਕਬੀਰ! ਆਖ– ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ। ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ) , ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ।4। 4। ਨੋਟ: ਜਗਤ ਆਮ ਤੌਰ ਤੇ ਨੱਕ ਅਤੇ ਕੰਨ ਦੇ ਆਸਰੇ ਜੀਊਂਦਾ ਹੈ। ਇਸ ਦਾ ਭਾਵ ਇਹ ਹੈ ਕਿ ਹਰੇਕ ਕੰਮ ਜੋ ਆਮ ਤੌਰ ਤੇ ਜੀਵ ਕਰਦੇ ਹਨ, ਇਸ ਖ਼ਿਆਲ ਨਾਲ ਕਰਦੇ ਹਨ ਕਿ ਸਾਡਾ ਨੱਕ ਰਹਿ ਜਾਏ, ਸਾਡੀ ਇੱਜ਼ਤ ਬਣੀ ਰਹੇ। ਫਿਰ ਕੰਨ ਲਾ ਕੇ ਸੁਣਦੇ ਹਨ ਕਿ ਸਾਡੀ ਫਲਾਣੀ ਕਰਤੂਤ ਬਾਰੇ ਲੋਕ ਕੀਹ ਆਖਦੇ ਹਨ। ਪਰ ਬਿਬੇਕੀ ਪੁਰਸ਼ ਨਾਹ ਲੋਕ-ਲਾਜ ਦੀ ਖ਼ਾਤਰ ਕੋਈ ਕੰਮ ਕਰਦੇ ਹਨ ਤੇ ਨਾਹ ਹੀ ਇਸ ਗੱਲ ਦੀ ਪਰਵਾਹ ਕਰਦੇ ਹਨ ਕਿ ਲੋਕ ਸਾਡੇ ਬਾਰੇ ਕੀਹ ਆਖਦੇ ਹਨ। ਸੋ, ਉਹਨਾਂ ਨੇ ਮਾਇਆ ਦਾ ਨੱਕ ਤੇ ਕੰਨ ਦੋਵੇਂ ਕੱਟ ਦਿੱਤੇ ਹਨ।4। ਆਸਾ ॥ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥ ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥ ਤਾ ਤੇ ਸੇਵੀਅਲੇ ਰਾਮਨਾ ॥ ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥ ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥ ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥ ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥ ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥ ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥ ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥ {ਪੰਨਾ 476-477} ਪਦ ਅਰਥ: ਜਤੀ = ਜਿਸ ਨੇ ਕਾਮ-ਵਾਸ਼ਨਾ ਨੂੰ ਰੋਕ ਲਿਆ ਹੈ। ਤਪੀ = ਮਨ ਨੂੰ ਹਠ ਨਾਲ ਰੋਕਣ ਲਈ ਸਰੀਰ ਨੂੰ ਕਈ ਤਰ੍ਹਾਂ ਦੇ ਕਸ਼ਟ ਦੇਣ ਵਾਲੇ। ਭ੍ਰਮਨਾ = ਭੌਣ ਵਾਲੇ। ਲੁੰਜਿਤ = ਸ੍ਰੇਵੜੇ ਜੋ ਸਿਰ ਦੇ ਵਾਲ ਮੋਚਨੇ ਨਾਲ ਪੁੱਟ ਦੇਂਦੇ ਹਨ। ਮੁੰਜਿਤ = ਮੁੰਜ ਦੀ ਤੜਾਗੀ ਪਾਣ ਵਾਲੇ ਬੈਰਾਗੀ। ਜਟਾਧਾਰ = ਜਟਾਧਾਰੀ ਸਾਧੂ। ਅੰਤਿ ਤਊ = ਆਖ਼ਰ ਨੂੰ, ਤਾਂ ਭੀ, ਫਿਰ ਭੀ। ਮਰਨਾ = ਮੌਤ, ਜਨਮ ਮਰਨ ਦਾ ਗੇੜ (ਨੋਟ: ਜੋ ਜੀਵ ਜਗਤ ਵਿਚ ਸਰੀਰ ਲੈ ਕੇ ਜੰਮਿਆ ਹੈ ਉਸ ਨੇ ਮਰਨਾ ਤਾਂ ਅਵੱਸ਼ ਹੈ। ਇੱਥੇ ਇਸ ਸਾਧਾਰਨ ਮੌਤ ਦਾ ਜ਼ਿਕਰ ਨਹੀਂ ਹੈ; ਇਸ 'ਮਰਨ' ਦਾ ਨਿਰਣਾ ਕਬੀਰ ਜੀ ਅਖ਼ੀਰਲੀ ਤੁਕ ਵਿਚ ਕਰਦੇ ਹਨ "ਜਨਮ ਮਰਨ")।1। ਤਾ ਤੇ = ਤਾਂ ਫਿਰ, ਤਾਂ ਫਿਰ ਚੰਗੀ ਗੱਲ ਇਹ ਹੈ ਕਿ। ਸੇਵੀਅਲੇ = ਸਿਮਰਿਆ ਜਾਏ। ਹਿਤੁ ਜਾ ਕੈ = ਜਿਸ ਦੇ ਹਿਰਦੇ ਵਿਚ ਪਿਆਰ ਹੈ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਜਮਨਾ = ਜਮ।1। ਰਹਾਉ। ਆਗਮ = ਸ਼ਾਸਤ੍ਰ। ਨਿਰਗਮ = ਨਿਗਮ, ਵੇਦ। ਜਾਨਹਿ = (ਜੋ ਲੋਕ) ਜਾਣਦੇ ਹਨ। ਤੰਤ = ਟੂਣੇ ਜਾਦੂ। ਅਉਖਧ = ਦਵਾਈਆਂ।2। ਭੋਗ = ਮੌਜਾਂ। ਸਿੰਘਾਸਨ = ਤਖ਼ਤ। ਸੁੰਦਰਿ ਰਮਨਾ = ਸੋਹਣੀਆਂ ਇਸਤ੍ਰੀਆਂ। ਸੁਬਾਸਕ ਚੰਦਨ = ਸੋਹਣੀ ਸੁਗੰਧੀ ਦੇਣ ਵਾਲਾ ਚੰਦਨ।3। ਕਹੂ = ਕਿਤੇ ਭੀ। ਊਬਰਨਾ = (ਜਨਮ ਮਰਨ ਦੇ ਗੇੜ ਤੋਂ) ਬਚਾਉ। ਇਉ = ਇਸ ਵਾਸਤੇ। ਜੰਪਉ = ਮੈਂ ਜਪਦਾ ਹਾਂ, ਮੈਂ ਸਿਮਰਦਾ ਹਾਂ। ਮੇਟਿ = ਮੇਟੈ, ਮਿਟਾਉਂਦਾ ਹੈ।4। ਅਰਥ: (ਕਈ ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ, ਸ੍ਰੇਵੜੇ ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ– ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।1। ਸੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਭੂ ਦਾ ਨਾਮ ਸਿਮਰਿਆ ਜਾਏ। ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਹੈ, ਜੋ ਮਨੁੱਖ ਜੀਭ ਨਾਲ ਨਾਮ ਸਿਮਰਦਾ ਹੈ, ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ (ਕਿਉਂਕਿ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ)।1। ਰਹਾਉ। ਜੋ ਲੋਕ ਸ਼ਾਸਤ੍ਰ ਵੇਦ ਜੋਤਿਸ਼ ਤੇ ਕਈ ਵਿਆਕਰਣ ਜਾਣਦੇ ਹਨ, ਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ।2। ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ, ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ– ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ।3। ਹੇ ਕਬੀਰ! ਆਖ– ਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ; ਸੋ ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ।4।5। |
Sri Guru Granth Darpan, by Professor Sahib Singh |