ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 477

ਆਸਾ ॥ ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥ ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥ ਰਾਜਾ ਰਾਮ ਕਕਰੀਆ ਬਰੇ ਪਕਾਏ ॥ ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥ ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥ ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥ ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥ {ਪੰਨਾ 477}

ਨੋਟ 1: ਇਸ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਅਰਥਾਂ ਨੂੰ ਸਮਝਣ ਵਾਸਤੇ ਇਕ ਦੋ ਗੱਲਾਂ ਦੱਸਣੀਆਂ ਜ਼ਰੂਰੀ ਹਨ। ਸ਼ਬਦ ਨੂੰ ਸਮਝਣ ਲਈ 'ਰਹਾਉ' ਦੀ ਤੁਕ ਵਿਚ ਕਬੀਰ ਜੀ ਆਪਣੇ ਪਿਆਰੇ ਦਾਤਾਰ ਦੇ ਸ਼ੁਕਰ ਵਿਚ ਆ ਕੇ ਆਪਣੇ ਮਨ ਦੀ ਅਵਸਥਾ ਨੂੰ ਇਕ ਦ੍ਰਿਸ਼ਟਾਂਤ ਦੀ ਸ਼ਕਲ ਵਿਚ ਪੇਸ਼ ਕਰਦੇ ਹਨ। ਇਹ ਦ੍ਰਿਸ਼ਟਾਂਤ ਅੱਕਾਂ ਦੀਆਂ ਖੱਖੜੀਆਂ ਦਾ ਹੈ।

ਨੋਟ 2: 'ਰਹਾਉ' ਵਾਲੀ ਤੁਕ ਵਿਚ ਜੋ ਮੁਖ-ਭਾਵ ਹੈ ਉਸ ਨੂੰ ਬਾਕੀ ਦੇ ਸ਼ਬਦ ਵਿਚ ਖੋਲ੍ਹ ਕੇ ਪਰਗਟ ਕੀਤਾ ਹੈ। ਇਹਨਾਂ ਸਾਰੇ ਪਦਾਂ ਵਿਚ ਇਕ ਹੋਰ ਦ੍ਰਿਸ਼ਟਾਂਤ ਲਿਆ ਗਿਆ ਹੈ, ਵਿਆਹ ਦਾ।

ਨੋਟ 3: 'ਰਹਾਉ' ਦੀ ਤੁਕ ਵਿਚ ਕਬੀਰ ਜੀ ਆਖਦੇ ਹਨ ਕਿ ਇਹ ਮਨ ਜੋ ਅੱਕ ਦੀ ਖੱਖੜੀ ਵਰਗਾ ਸੀ, ਹੁਣ ਪੱਕਾ ਹੋਇਆ ਅੰਬ ਬਣ ਗਿਆ ਹੈ, ਪਰ ਇਹ ਸੁਆਦ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦਾ ਹੈ। ਸ਼ਬਦ ਦੇ ਬਾਕੀ ਪਦਾਂ ਵਿਚ ਇਸ ਤਬਦੀਲੀ ਨੂੰ ਵਿਸਥਾਰ ਨਾਲ ਬਿਆਨ ਕਰਦੇ ਹਨ। ਮਨ ਦੀਆਂ ਪਹਿਲੀਆਂ ਭੈੜੀਆਂ ਵਾਦੀਆਂ ਨੂੰ ਫੀਲ, ਬਲਦ ਆਦਿਕ ਪਸ਼ੂਆਂ ਦੇ ਪ੍ਰਸਿੱਧ ਸੁਭਾਵਾਂ ਦੀ ਰਾਹੀਂ ਦਿਖਲਾਇਆ ਹੈ, ਤੇ ਨਾਲ ਨਾਲ ਇਹ ਭੀ ਦੱਸਿਆ ਹੈ ਕਿ ਪਸ਼ੂ ਬ੍ਰਿਤੀ ਵਲੋਂ ਉਲਟ ਕੇ ਮਨ ਹੁਣ ਕੀਹ ਕਰਨ ਲੱਗ ਪਿਆ ਹੈ।

ਪਦ ਅਰਥ: ਰਾਜਾ ਰਾਮ = ਹੇ ਸੁਹਣੇ ਰਾਮ! ਕਕਰੀਆ = ਅੱਕਾਂ ਦੀਆਂ ਖੱਖੜੀਆਂ। ਆਬਰੇ ਪਕਾਏ = ਪੱਕੇ ਅੰਬ। ਕਿਨੈ = ਕਿਸੇ ਵਿਰਲੇ ਨੇ। ਬੂਝਨਹਾਰੈ = ਗਿਆਨਵਾਨ ਨੇ।1। ਰਹਾਉ।

ਅਰਥ: ਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ, ਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ।

ਭਾਵ: ਜਿਵੇਂ ਅੱਕਾਂ ਦੀਆਂ ਖੱਖੜੀਆਂ ਵੇਖਣ ਨੂੰ ਅੰਬਾਂ ਵਾਂਗ ਜਾਪਦੀਆਂ ਹਨ; ਤਿਵੇਂ ਮਨ ਪਹਿਲਾਂ ਸਾਰੇ ਕੰਮ ਦਿਖਾਵੇ ਵਾਲੇ ਕਰਦਾ ਸੀ। ਹੁਣ ਸਿਰਜਣਹਾਰ ਦੀ ਮਿਹਰ ਨਾਲ ਸਚ-ਮੁਚ ਪੱਕੇ ਹੋਏ ਅੰਬ ਬਣ ਗਏ ਹਨ, ਭਾਵ ਮਨ ਵਿਚ ਸੁਆਦ ਤੇ ਮਿਠਾਸ ਅਤੇ ਅਸਲੀਅਤ ਆ ਗਈ ਹੈ। ਇਹ ਸੁਆਦ ਵਿਰਲੇ ਭਾਗਾਂ ਵਾਲੇ ਬੰਦਿਆਂ ਨੂੰ ਮਿਲਦਾ ਹੈ।1। ਰਹਾਉ।

ਪਦ ਅਰਥ: ਫੀਲੁ = ਹਾਥੀ। ਪਖਾਵਜ = ਜੋੜੀ ਵਜਾਣ ਵਾਲਾ। ਕਊਆ = ਕਾਂ।1।

ਅਰਥ: (ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ) , ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ। ਖੋਤਾ (= ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ।1।

ਨੋਟ: ਬਲਦ ਦਾ ਆਮ ਤੌਰ ਤੇ 'ਆਲਸ' ਦਾ ਸੁਭਾਉ ਪ੍ਰਸਿੱਧ ਹੈ। ਫੀਲ ਦਾ, ਗਦਹੇ ਅਤੇ ਭੈਂਸੇ ਵਾਸਤੇ ਬਾਣੀ ਵਿਚ ਹੇਠ-ਲਿਖੇ ਪ੍ਰਮਾਣ ਹਨ:

(1) "ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ, ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥"

(2) "ਹਰੀ ਅੰਗੂਰੀ ਗਦਹਾ ਚਰੈ ॥"

(3) "ਮਾਤਾ ਭੈਸਾ ਅਮੁਹਾ ਜਾਇ ॥ ਕੁਦਿ ਕੁਦਿ ਚਰੈ ਰਸਾਤਲਿ ਪਾਇ ॥"

(4) "ਹਰਿ ਹੈ ਖਾਂਡ ਰੇਤੁ ਮਹਿ ਬਿਖਰਿਓ, ਹਾਥੀ ਚੁਨੀ ਨ ਜਾਇ ॥"

ਇਹਨਾਂ ਪ੍ਰਮਾਣਾਂ ਦੀ ਸਹਾਇਤਾ ਨਾਲ ਉਪਰ-ਆਈਆਂ ਤ੍ਰਿਗਦ ਜੂਨੀਆਂ ਤੋਂ ਮਨ ਦੇ 'ਅਹੰਕਾਰ', 'ਅਤਿ ਚਤੁਰਾਈ', 'ਕਾਮ' ਅਤੇ 'ਅਮੋੜਪੁਨਾ' = ਇਹ ਚਾਰੇ ਸੁਭਾਉ ਲੈਣੇ ਹਨ।

ਭਾਵ: ਸੁਭਾਉ ਬਦਲਣ ਤੋਂ ਪਹਿਲਾਂ ਮਨ ਅਹੰਕਾਰ, ਆਲਸ, ਚਤੁਰਾਈ, ਕਾਮ ਅਤੇ ਅਮੋੜਪੁਨਾ = ਇਹਨਾਂ ਵਿਕਾਰਾਂ ਦੇ ਅਧੀਨ ਰਹਿੰਦਾ ਸੀ। ਪਰ, ਜਦੋਂ ਅੰਦਰ ਰਸ ਆਇਆ ਹੈ, ਤਾਂ ਪ੍ਰੇਮ ਵਿਚ ਭਿੱਜ ਕੇ ਮਨ ਇਸ ਨਵੇਂ ਵਿਆਹ ਵਿਚ ਉੱਦਮ ਕਰ ਕੇ ਸਹਾਈ ਬਣਦਾ ਹੈ।1।

ਪਦ ਅਰਥ: ਬੈਠਿ ਘਰਿ = ਅੰਦਰ ਟਿਕ ਕੇ। ਸਿੰਘੁ = ਹਿੰਸਾ ਵਾਲਾ ਸੁਭਾਉ ਨਿਰਦਇਤਾ। ਪਾਨ ਲਗਾਵੈ = (ਜਾਂਞੀਆਂ ਲਈ) ਪਾਨ ਤਿਆਰ ਕਰਦਾ ਹੈ (ਭਾਵ, ਸਭ ਦੀ ਸੇਵਾ ਕਰਨ ਦਾ ਉੱਦਮ ਕਰਦਾ ਹੈ)। ਘੀਸ = ਛਛੂੰਦਰ, ਮਨ ਦਾ ਘੀਸ ਵਾਲਾ ਸੁਭਾਉ, ਤ੍ਰਿਸ਼ਨਾ। ਗਲਉਰੇ = ਪਾਨਾਂ ਦੇ ਬੀੜੇ। "ਘੀਸ.....ਲਿਆਵੈ = ਭਾਵ, ਪਹਿਲਾਂ ਮਨ ਇਤਨਾ ਤ੍ਰਿਸ਼ਨਾ ਦੇ ਅਧੀਨ ਸੀ ਕਿ ਆਪ ਹੀ ਨਹੀਂ ਸੀ ਰੱਜਦਾ, ਪਰ ਹੁਣ ਹੋਰਨਾਂ ਦੀ ਸੇਵਾ ਕਰਦਾ ਹੈ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗੋਲਕ-ਅਸਥਾਨ ਵਿਚ। ਮੁਸਰੀ = ਚੂਹੀਆਂ, ਇੰਦ੍ਰੀਆਂ। ਨੋਟ: ਸ਼ਬਦ 'ਮੁਸਰ' ਵਿਆਕਰਣ ਅਨੁਸਾਰ ਬਹੁ-ਵਚਨ ਹੈ, ਕਿਉਂਕਿ ਇਸ ਦੀ ਕ੍ਰਿਆ "ਗਾਵਹਿ" ਬਹੁ-ਵਚਨ ਹੈ। ਕਛੂਆ = ਮਨ ਦਾ ਕੱਛੂ ਵਾਲਾ ਸੁਭਾਉ, ਮਨੁੱਖਾਂ ਤੋਂ ਸੰਕੋਚ, ਕਾਇਰਤਾ, ਮਨ ਦਾ ਸਤਸੰਗ ਤੋਂ ਡਰਨਾ। ਸੰਖੁ ਬਜਾਵੈ = ਭਾਵ, ਉਹ ਮਨ ਜੋ ਪਹਿਲਾਂ ਆਪ ਸਤਸੰਗ ਤੋਂ ਡਰਦਾ ਸੀ, ਹੁਣ ਹੋਰਨਾਂ ਨੂੰ ਉਪਦੇਸ਼ ਕਰਦਾ ਹੈ।2।

ਅਰਥ: (ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)। ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ।2।

ਪਦ ਅਰਥ: ਬੰਸ ਕੋ ਪੂਤੁ = ਬਾਂਝ ਇਸਤ੍ਰੀ ਦਾ ਪੁੱਤਰ, ਮਾਇਆ ਦਾ ਪੁੱਤਰ, ਮਾਇਆ-ਵੇੜ੍ਹਿਆ ਮਨ।

ਨੋਟ: 'ਮਾਇਆ' ਨੂੰ ਬਾਂਝ ਇਸਤ੍ਰੀ ਇਸ ਵਾਸਤੇ ਖ਼ਿਆਲ ਕੀਤਾ ਗਿਆ ਹੈ ਕਿ ਕੁਦਰਤ ਦੇ ਨਿਯਮ ਅਨੁਸਾਰ ਮਾਇਆ ਪੁੱਤਰ ਨਹੀਂ ਜੰਮਦੀ, ਜੁਗਤੀ ਨਾਲ ਜੰਮਦੀ ਹੈ।

ਪੰਜ ਪੂਤ ਜਣੇ ਇਕ ਮਾਇ ॥ ਉਤਭੁਜ ਖੇਲੁ ਕਰਿ ਜਗਤ ਵਿਆਇ ॥

ਤੀਨਿ ਗੁਣਾਂ ਕੈ ਸੰਗਿ ਰਚਿ ਰਸੇ ॥ ਇਨ ਕਉ ਛੋਡਿ ਊਪਰਿ ਜਨ ਬਸੇ ॥9॥12॥ {ਗੋਂਡ ਮ: 5

ਬੀਆਹਨ ਚਲਿਆ = ਵਿਆਹੁਣ ਟੁਰ ਪਿਆ।

ਨੋਟ: ਆਮ ਤੌਰ ਤੇ ਗੁਰ-ਬਾਣੀ ਵਿਚ ਜੀਵ ਨੂੰ ਇਸਤ੍ਰੀ-ਭਾਵ ਵਿਚ ਦੱਸਿਆ ਗਿਆ ਹੈ। ਇਕ ਤੁਕ ਵਿਚ 'ਮਨ' ਵਿਆਹੁਣ ਤੁਰਿਆ ਲਿਖਿਆ ਹੈ। ਪ੍ਰਸ਼ਨ ਉੱਠਦਾ ਹੈ– ਕਿਸ ਨੂੰ ਵਿਆਹੁਣ ਚੱਲਿਆ? ਕਬੀਰ ਜੀ ਦਾ ਹੀ ਇਕ ਸ਼ਬਦ ਇਸ ਅਰਥ ਨੂੰ ਸਮਝਣ ਵਿਚ ਸਹਾਇਤਾ ਦੇਂਦਾ ਹੈ:

ਪਹਿਲੀ ਕਰੂਪਿ ਕੁਜਾਤਿ ਕੁਲਖਨੀ, ਸਾਹੁਰੈ ਪੇਈਐ ਬੁਰੀ ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ, ਸਹਜੇ ਉਦਰਿ ਧਰੀ ॥1॥ ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥1॥ਰਹਾਉ॥ ਕਹੁ ਕਬੀਰ ਜਬ ਲਹੁਰੀ ਆਈ, ਬਡੀ ਕਾ ਸੁਹਾਗੁ ਟਰਿਓ ॥ ਲਹੁਰੀ ਸੰਗਿ ਭਈ ਅਬ ਮੇਰੈ, ਜੇਠੀ ਅਉਰੁ ਧਰਿਓ ॥2॥2॥32॥ {ਆਸਾ ਕਬੀਰ ਜੀ

ਅਗਲੀ ਤੁਕ ਦਾ ਪਹਿਲਾ ਹਿੱਸਾ 'ਰੂਪ ਕੰਨਿਆ ਸੁੰਦਰਿ ਬੇਧੀ' ਇਸ ਖ਼ਿਆਲ ਨੂੰ ਹੋਰ ਭੀ ਵਧੀਕ ਖੋਲ੍ਹ ਦੇਂਦਾ ਹੈ।

ਸੁਇਨੇ ਮੰਡਪ ਛਾਏ = ਸੋਨੇ ਦੇ ਸ਼ਾਮੀਆਨੇ ਤਾਣੇ ਗਏ, ਦਸਮ-ਦੁਆਰ ਵਿਚ ਚਾਨਣ ਹੀ ਚਾਨਣ ਹੋ ਗਿਆ, ਅੰਦਰ ਖਿੜਾਉ ਹੀ ਖਿੜਾਉ ਹੋ ਗਿਆ। ਰੂਪ ਕੰਨਿਆ ਸੁੰਦਰਿ = ਉਹ ਸੁੰਦਰੀ ਜੋ ਕੰਨਿਆ-ਰੂਪ ਹੈ, ਜੋ ਕੁਆਰੀ ਹੈ, ਵਿਕਾਰਾਂ ਦੇ ਸੰਗ ਤੋਂ ਬਚੀ ਹੋਈ ਹੈ, ਭਾਵ, ਵਿਕਾਰ-ਰਹਿਤ ਬ੍ਰਿਤੀ। ਬੇਧੀ = ਵਿੰਨ੍ਹ ਲਈ, ਵੱਸ ਵਿਚ ਕਰ ਲਈ, ਵਿਆਹ ਲਈ। ਸਸੈ = ਸਹੇ ਨੇ, ਵਿਕਾਰਾਂ ਵਿਚ ਪੈ ਕੇ ਪਹਿਲਾਂ ਕਮਜ਼ੋਰ ਹੋ ਗਏ ਹੋਏ ਮਨ ਨੇ। ਸਿੰਘ ਗੁਨ = ਹਰੀ ਦੇ ਗੁਣ।3।

ਅਰਥ: (ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ। ਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ।3।

ਪਦ ਅਰਥ: ਕੀਟੀ = ਕੀੜੀ, ਨਿੰਮ੍ਰਤਾ।

ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥

ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥238॥

ਪਰਬਤ = (ਮਨ ਦਾ) ਅਹੰਕਾਰ। ਕਛੂਆ = ਸਰਦ-ਮੇਹਰੀ, ਕੋਰਾਪਨ।

ਨੋਟ: ਕੱਛੂ ਦੇ ਆਮ ਤੌਰ ਤੇ ਦੋ ਸੁਭਾਉ ਪ੍ਰਤੱਖ ਦਿੱਸਦੇ ਹਨ: ਇਕ, ਮਨੁੱਖ ਤੋਂ ਡਰਨਾ, ਦੂਜਾ, ਵਧੀਕ ਤੌਰ ਤੇ ਪਾਣੀ ਵਿਚ ਰਹਿਣਾ। ਇੱਥੇ ਇਸ ਦੇ 'ਪਾਣੀ ਦੇ ਪਿਆਰ' ਨੂੰ ਠੰਡ, ਸਰਦ-ਮੇਹਰੀ, ਕੋਰਾਪਨ ਦੇ ਭਾਵ ਵਿਚ ਲੈਣਾ ਹੈ।

ਅੰਗਾਰੁ = ਸੇਕ, ਨਿੱਘ, ਪਿਆਰ, ਹਮਦਰਦੀ। ਲੋਰਉ = ਚਾਹੁੰਦਾ ਹਾਂ, ਲੋੜਦਾ ਹਾਂ। ਲੂਕੀ = ਗੱਤੀ, ਜੋ ਹਨੇਰੇ ਵਿਚ ਰਹਿੰਦੀ ਹੈ ਤੇ ਡੰਗ ਮਾਰਦੀ ਹੈ, ਭਾਵ, (ਮਨ ਦੀ) ਅਗਿਆਨਤਾ ਜੋ ਜੀਵ ਨੂੰ ਹਨੇਰੇ ਵਿਚ ਰੱਖਦੀ ਹੈ ਤੇ ਦੁੱਖੀ ਕਰਦੀ ਹੈ। ਲੂਕੀ ਸਬਦੁ ਸੁਣਾਇਆ = ਅਗਿਆਨਤਾ ਉਲਟ ਕੇ ਗਿਆਨ ਹੋ ਗਿਆ ਹੈ, ਤੇ ਮਨ ਹੁਣ ਹੋਰਨਾਂ ਨੂੰ ਭੀ ਉਪਦੇਸ਼ ਦੇਣ ਲੱਗ ਪਿਆ ਹੈ।

ਅਰਥ: ਕਬੀਰ ਆਖਦਾ ਹੈ– ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ। (ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ।4।6।

ਆਸਾ ॥ ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥ ਐਸਾ ਜੋਗੀ ਨਉ ਨਿਧਿ ਪਾਵੈ ॥ ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥ ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥ ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥ ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥ ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥ {ਪੰਨਾ 477}

ਪਦ ਅਰਥ: ਬਟੂਆ = {Skt. vquLl Pkt. bûl Plural ਬਟੂਆ} ਉਹ ਥੈਲਾ ਜਿਸ ਵਿਚ ਜੋਗੀ ਬਿਭੂਤ ਪਾ ਕੇ ਰੱਖਦਾ ਹੈ। ਏਕੁ = ਇੱਕ ਪ੍ਰਭੂ-ਨਾਮੁ। ਬਹਤਰਿ = ਬਹੱਤਰ ਵੱਡੀਆਂ ਨਾੜੀਆਂ ਵਾਲਾ ਸਰੀਰ। ਆਧਾਰੀ = ਝੋਲੀ। ਜਿਸਹਿ = ਜਿਸ ਸਰੀਰ-ਰੂਪ ਝੋਲੀ ਨੂੰ। ਏਕੋ ਦੁਆਰਾ = (ਪ੍ਰਭੂ ਨਾਲ ਮਿਲਣ ਲਈ) ਇੱਕੋ (ਦਸਮ-ਦੁਆਰ ਰੂਪ) ਬੂਹਾ ਹੈ। ਨਵੈ ਖੰਡ ਕੀ = ਨੌ ਖੰਡਾਂ ਵਾਲੀ, ਨੌ ਗੋਲਕਾਂ ਵਾਲੀ (ਦੇਹੀ)। ਪ੍ਰਿਥਮੀ = ਸਰੀਰ-ਰੂਪ ਧਰਤੀ। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ।1।

ਨਉ ਨਿਧਿ = ਨੌ ਖ਼ਜ਼ਾਨੇ। ਬ੍ਰਹਮੁ = ਪਰਮਾਤਮਾ। ਤਲ ਕਾ ਬ੍ਰਹਮੁ = ਪਰਮਾਤਮਾ ਦੀ ਉਹ ਅੰਸ ਜੋ ਹੇਠਾਂ ਹੀ ਟਿਕੀ ਰਹਿੰਦੀ ਹੈ, ਮਾਇਆ ਵਿਚ ਫਸਿਆ ਆਤਮਾ। {ਨੋਟ: 'ਬ੍ਰਹਮ' ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਦਾ ਅਰਥ 'ਪ੍ਰਾਣ' ਨਹੀਂ ਹੈ; ਜੋਗ-ਮਤ ਦੇ ਸਾਰੇ ਲਫ਼ਜ਼ ਵੇਖ ਕੇ ਹਰੇਕ ਲਫ਼ਜ਼ ਦੇ ਅਰਥ ਬਦੋ-ਬਦੀ ਜੋਗ-ਮਤ ਨਾਲ ਮੇਲ ਖਾਣ ਵਾਲੇ ਕਰੀ ਜਾਣਾ ਠੀਕ ਨਹੀਂ ਹੈ। ਕਬੀਰ ਜੀ ਤਾਂ ਹਠ-ਜੋਗ ਦੇ ਥਾਂ ਇੱਥੇ ਨਾਮ ਸਿਮਰਨ ਦੀ ਵਡਿਆਈ ਦੱਸ ਰਹੇ ਹਨ। ਚੌਥੇ ਬੰਦ ਵਿਚ ਸਾਫ਼ ਦੱਸਦੇ ਹਨ ਕਿ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ 'ਜੋਗ' ਹੈ। ਪਹਿਲੇ ਬੰਦ ਵਿਚ ਭੀ ਇਹੀ ਦੱਸਦੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਜੋਗੀ ਸ੍ਰੇਸ਼ਟ ਹੈ, ਜਿਸ ਨੇ 'ਨਾਮ' ਨੂੰ ਬਟੂਆ ਬਣਾਇਆ ਹੈ}। ਗਗਨਿ = ਅਕਾਸ਼ ਵਿਚ, ਉਤਾਂਹ ਮਾਇਆ ਦੇ ਪ੍ਰਭਾਵ ਤੋਂ ਉੱਚਾ।1। ਰਹਾਉ।

ਖਿੰਥਾ = ਗੋਦੜੀ। ਮਥਿ = ਵੱਟ ਕੇ। ਘਾਲੈ = ਪਾਂਦਾ ਹੈ। ਪੰਚ ਤਤੁ = ਸਰੀਰ ਜੋ ਪੰਜ ਤੱਤਾਂ ਦਾ ਬਣਿਆ ਹੈ। ਮਿਰਗਾਣੀ = ਮ੍ਰਿਗਛਾਲਾ, ਆਸਣ। ਪੰਜ...ਮਿਰਗਾਣੀ = ਸਰੀਰ ਨੂੰ ਆਸਣ ਬਣਾ ਕੇ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਰੱਖ ਕੇ, ਦੇਹ-ਅੱਧਿਆਸ ਨੂੰ ਮੁਕਾ ਕੇ। ਮਾਰਗਿ = ਰਸਤੇ ਉੱਤੇ। ਚਾਲੈ = ਤੁਰਦਾ ਹੈ।2।

ਫਾਹੁਰੀ = ਧੂਏਂ ਦੀ ਸੁਆਹ ਇਕੱਠੀ ਕਰਨ ਵਾਲੀ ਪਹੌੜੀ। ਧੂਈ = ਧੂਆਂ, ਧੂਣੀ। ਦ੍ਰਿਸਟਿ = (ਹਰ ਥਾਂ ਪ੍ਰਭੂ ਨੂੰਵੇਖਣ ਵਾਲੀ) ਨਜ਼ਰ। ਤਿਸ ਕਾ = ਉਸ ਪ੍ਰਭੂ ਦਾ। ਭਾਉ = ਪਿਆਰ। ਚਹੁ ਜੁਗ = ਸਦਾ ਹੀ, ਅਟੱਲ। ਤਾੜੀ ਲਾਵੈ = ਸੁਰਤ ਜੋੜੀ ਰੱਖਦਾ ਹੈ।3।

ਜੋਗਤਣ = ਜੋਗ ਕਮਾਉਣ ਦਾ ਉੱਦਮ। ਪਿੰਡੁ = ਸਰੀਰ। ਦੇਇ = ਦੇਂਦਾ ਹੈ। ਸਚਾ = ਸਦਾ ਟਿਕਿਆ ਰਹਿਣ ਵਾਲਾ। ਨੀਸਾਨਾ = ਨਿਸ਼ਾਨ, ਮੱਥੇ ਉੱਤੇ ਨੂਰ।4।

ਅਰਥ: ਜੋ ਮਨੁੱਖ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ, ਉਹ ਹੈ ਅਸਲ ਜੋਗੀ, ਜਿਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ।1। ਰਹਾਉ।

ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ। ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ।1।

ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ; ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ।2।

ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ, ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ।3।

ਹੇ ਕਬੀਰ! ਆਖ– ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ। ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ।4।7।

ਆਸਾ ॥ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥ ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥ {ਪੰਨਾ 477}

ਨੋਟ: ਕਈ ਵਿਦਵਾਨ ਸੱਜਣ ਇਸ ਸ਼ਬਦ ਦੀ ਉਥਾਨਕਾ ਵਿਚ ਕਬੀਰ ਜੀ ਨੂੰ ਹਿੰਦੂ ਲਿਖਦੇ ਹਨ; ਪਰ ਜਿੱਥੇ ਸ਼ੁਰੂ ਵਿਚ ਸਾਰੇ ਭਗਤਾਂ ਦਾ ਵੇਰਵਾ ਲਿਖਦੇ ਹਨ, ਉੱਥੇ ਕਬੀਰ ਜੀ ਨੂੰ ਮੁਸਲਮਾਨ ਕਹਿ ਰਹੇ ਹਨ। ਇਹ ਭੁਲੇਖਾ ਉਹਨਾਂ ਨੂੰ ਰਵਿਦਾਸ ਜੀ ਦੇ ਰਾਗ ਮਲਾਰ ਵਿਚ ਲਿਖੇ ਦੂਜੇ ਸ਼ਬਦ ਤੋਂ ਪੈ ਰਿਹਾ ਜਾਪਦਾ ਹੈ। ਇਸ ਭਰਮ ਨੂੰ ਸਾਫ਼ ਕਰਨ ਲਈ ਪੜ੍ਹੋ ਮੇਰਾ ਲਿਖਿਆ ਨੋਟ ਭਗਤ ਰਵਿਦਾਸ ਜੀ ਦੇ ਉਸ ਸ਼ਬਦ ਨਾਲ।

ਪਦ ਅਰਥ: ਕਹਾ ਤੇ = ਕਿਥੋਂ? ਕਿਨਿ = ਕਿਸ ਨੇ? ਏਹ ਰਾਹ = ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ। ਕਵਾਦੇ = ਹੇ ਕੋਝੇ ਝਗੜਾਲੂ!।1।

ਤੈ = ਤੂੰ। ਬਖਾਨੀ = ਦੱਸ ਰਿਹਾ ਹੈਂ। ਗੁਨਤ = ਵਿਚਾਰਦੇ।1। ਰਹਾਉ।

ਸਕਤਿ = ਇਸਤ੍ਰੀ। ਸਨੇਹੁ = ਪਿਆਰ। ਸੁੰਨਤਿ = ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ। ਬਦਉਗਾ = ਮੰਨਾਂਗਾ। ਭਾਈ = ਹੇ ਭਾਈ! ਜਉ = ਜੇ। ਰੇ = ਹੇ ਭਾਈ! ਮੋਹਿ = ਮੈਨੂੰ।2।

ਕੀਏ = ਕੀਤਿਆਂ। ਕਿਆ ਕਰੀਐ = ਕੀਹ ਕੀਤਾ ਜਾਏ? ਅਰਧਸਰੀਰੀ = ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ। ਨਾਰਿ = ਵਹੁਟੀ। ਤਾ ਤੇ = ਇਸ ਵਾਸਤੇ।3।

ਬਉਰੇ = ਹੇ ਕਮਲੇ! ਪਚਿ ਹਾਰੀ = ਖਪਦੇ ਰਹੇ, ਖ਼ੁਆਰ ਹੋਏ।4।

ਅਰਥ: ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ? ਸਿਰਫ਼ ਮੁਸਲਮਾਨ ਜਾਂ ਹਿੰਦੂ ਹੋਣ ਕਰਕੇ ਹੀ) ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ)।1।

ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? (ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ।1। ਰਹਾਉ।

(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)। ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ।2।

ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ। ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ।3।

ਹੇ ਭਾਈ! ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ। ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ।4।8।

TOP OF PAGE

Sri Guru Granth Darpan, by Professor Sahib Singh