ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 478

ਆਸਾ ॥ ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥ {ਪੰਨਾ 478}

ਪਦ ਅਰਥ: ਮੁਖਿ = ਮੂੰਹ ਵਿਚ। ਬਾਤੀ = ਵੱਟੀ। ਸੂਝੈ = ਨਜ਼ਰੀਂ ਆਉਂਦਾ ਹੈ। ਸਭੁ ਕੋਈ = ਹਰੇਕ ਚੀਜ਼। ਠਹਰਾਨੀ = ਖਲੋ ਗਈ, ਸੁੱਕ ਗਈ, ਬੁੱਝ ਗਈ। ਸੂੰਨਾ = ਸੁੰਞਾ, ਖ਼ਾਲੀ। ਮੰਦਰੁ = ਘਰ।1।

ਰੇ ਬਉਰੇ = ਹੇ ਕਮਲੇ ਜੀਵ! ਤੁਹਿ = ਤੈਨੂੰ। ਸੋਈ = ਸਾਰ ਲੈਣ ਵਾਲਾ, ਸੱਚਾ ਸਾਥੀ।1। ਰਹਾਉ।

ਕਾ ਕੀ = ਕਿਸ ਦੀ? ਜੋਈ = ਜੋਰੂ, ਇਸਤ੍ਰੀ, ਵਹੁਟੀ। ਘਟ = ਸਰੀਰ। ਫੂਟੇ = ਟੁੱਟ ਜਾਣ ਤੇ।2।

ਦੇਹੁਰੀ = ਦਲੀਜ਼। ਖਟੀਆ = ਮੰਜੀ। ਲਟ ਛਿਟਕਾਏ = ਕੇਸ ਖੋਲ੍ਹ ਕੇ। ਤਿਰੀਆ = ਵਹੁਟੀ। ਹੰਸੁ = ਜੀਵਾਤਮਾ।3।

ਭੈ ਸਾਗਰੁ = ਤੌਖ਼ਲਿਆਂ ਦਾ ਸਮੁੰਦਰ, ਤੌਖ਼ਲਿਆਂ ਨਾਲ ਭਰਿਆ ਸੰਸਾਰ-ਸਮੁੰਦਰ। ਕੈ ਤਾਈ = ਦੀ ਬਾਬਤ, ਦੇ ਬਾਰੇ। ਗੁਸਾਈ = ਹੇ ਸੰਤ ਜੀ!।4।

ਅਰਥ: (ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ 'ਆਪਣੀ' ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ)।1।

(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ।1। ਰਹਾਉ।

ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ।2।

ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ।3।

ਕਬੀਰ ਕਹਿੰਦਾ ਹੈ– ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ 'ਆਪਣਾ' ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ।4।9।

ਨੋਟ: ਦੋ ਦੋ ਤੁਕਾਂ ਦੇ 'ਬੰਦ' ਵਾਲੇ ਇਹ 9 ਸ਼ਬਦ ਹਨ।

ਦੁਤੁਕੇ ੴ ਸਤਿਗੁਰ ਪ੍ਰਸਾਦਿ ॥ ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥ ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥ ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥ ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥ ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥ ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥ ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥ {ਪੰਨਾ 478}

ਪਦ ਅਰਥ: ਸਨਕ ਸਨੰਦ = ਬ੍ਰਹਮਾ ਦੇ ਪੁੱਤਰਾਂ ਦੇ ਨਾਮ ਹਨ। ਬ੍ਰਹਮੇ ਬੇਦ = ਬ੍ਰਹਮਾ ਦੇ ਰਚੇ ਹੋਏ ਵੇਦ। ਪੜੇ ਪੜਿ = ਪੜ੍ਹ ਪੜ੍ਹ ਕੇ।1।

ਬਿਲੋਵਨਾ = ਰਿੜਕਣਾ। ਹਰਿ ਕਾ ਬਿਲੋਵਨਾ = ਜਿਵੇਂ ਦੁੱਧ ਨੂੰ ਮੁੜ ਮੁੜ ਚੋਖਾ ਚਿਰ ਰਿੜਕੀਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਮੁੜ ਮੁੜ ਯਾਦ। ਸਹਜਿ = ਸਹਿਜ ਅਵਸਥਾ ਵਿਚ (ਟਿਕ ਕੇ) ; ਜਿਵੇਂ ਦੁੱਧ ਨੂੰ ਸਹਿਜੇ ਸਹਿਜੇ ਰਿੜਕੀਦਾ ਹੈ, ਕਾਹਲੀ ਵਿਚ ਰਿੜਕਿਆਂ ਮੱਖਣ ਵਿੱਚੇ ਹੀ ਘੁਲ ਜਾਂਦਾ ਹੈ, ਤਿਵੇਂ ਮਨ ਨੂੰ ਸਹਿਜ ਅਵਸਥਾ ਵਿਚ ਰੱਖ ਕੇ ਪ੍ਰਭੂ ਦਾ ਸਿਮਰਨ ਕਰਨਾ ਹੈ (ਨੋਟ: ਇਥੇ ਲਫ਼ਜ਼ "ਸਹਜਿ" ਨੂੰ 'ਦੁੱਧ ਰਿੜਕਣ' ਅਤੇ 'ਸਿਮਰਨ' ਦੇ ਨਾਲ ਦੋ ਤਰੀਕਿਆਂ ਵਿਚ ਵਰਤਣਾ ਹੈ– ਸਹਿਜੇ ਸਹਿਜੇ ਰਿੜਕਣਾ; ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰਨਾ)। ਤਤੁ = ਦੁੱਧ ਦਾ ਤੱਤ=ਮੱਖਣ। ਸਿਮਰਨ ਦਾ ਤੱਤ=ਪ੍ਰਭੂ ਦਾ ਮਿਲਾਪ।1। ਰਹਾਉ।

ਮਟੁਕੀ = ਚਾਟੀ। ਬਿਲੋਈ = ਮਧਾਣੀ। ਮਨ ਮਾਹਿ = ਮਨ ਦੇ ਅੰਦਰ ਹੀ, (ਭਾਵ, ਮਨ ਨੂੰ ਅੰਦਰ ਹੀ ਰਖਣਾ, ਮਨ ਨੂੰ ਭਟਕਣਾ ਤੋਂ ਬਚਾਈ ਰੱਖਣਾ = ਇਹ ਮਧਾਣੀ ਹੋਵੇ)। ਸੰਜੋਈ = ਜਾਗ, ਜੋ ਦੁੱਧ ਦਹੀਂ ਬਣਾਉਣ ਵਾਸਤੇ ਲਾਈਦੀ ਹੈ।2।

ਅੰਮ੍ਰਿਤ ਧਾਰਾ = ਅੰਮ੍ਰਿਤ ਦਾ ਸੋਮਾ।3।

ਮੀਰਾ = ਪਾਤਸ਼ਾਹ। ਲਗਿ = ਲੱਗ ਕੇ, ਜੁੜ ਕੇ। ਤੀਰਾ = ਕੰਢਾ। ਕਹੁ = ਆਖ, (ਭਾਵ, ਅਸਲ ਗੱਲ ਇਹ ਹੈ)।4।

ਅਰਥ: ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ, ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ।1।

ਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ, ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ)।1। ਰਹਾਉ।

ਹੇ ਭਾਈ! ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ) ; ਮਨ ਨੂੰ ਭਟਕਣ ਤੋਂ ਬਚਾਈ ਰੱਖੋ = ਇਹ ਮਧਾਣੀ ਬਣਾਓ; ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ)।2।

ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ, ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ।3।

ਹੇ ਕਬੀਰ! ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ।4।1।10।

ਆਸਾ ॥ ਬਾਤੀ ਸੂਕੀ ਤੇਲੁ ਨਿਖੂਟਾ ॥ ਮੰਦਲੁ ਨ ਬਾਜੈ ਨਟੁ ਪੈ ਸੂਤਾ ॥੧॥ ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥ ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ ॥ ਟੂਟੀ ਤੰਤੁ ਨ ਬਜੈ ਰਬਾਬੁ ॥ ਭੂਲਿ ਬਿਗਾਰਿਓ ਅਪਨਾ ਕਾਜੁ ॥੨॥ ਕਥਨੀ ਬਦਨੀ ਕਹਨੁ ਕਹਾਵਨੁ ॥ ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥ ਕਹਤ ਕਬੀਰ ਪੰਚ ਜੋ ਚੂਰੇ ॥ ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥ {ਪੰਨਾ 478}

ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਅਤੇ ਅਖ਼ੀਰਲੇ ਬੰਦ ਨੂੰ ਰਤਾ ਗਹੁ ਨਾਲ ਪੜ੍ਹਿਆਂ ਸਾਫ਼ ਦਿੱਸ ਪੈਂਦਾ ਹੈ ਕਿ ਇਸ ਸਾਰੇ ਸ਼ਬਦ ਵਿਚ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਜੀਵ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਵਿਆਪਕ ਦਿੱਸਦਾ ਹੈ। ਉਸ ਹਾਲਤ ਵਿਚ ਅੱਪੜੇ ਹੋਏ ਜੀਵ ਉੱਤੇ ਕਾਮਾਦਿਕ ਬਲੀਆਂ ਦਾ ਜ਼ੋਰ ਨਹੀਂ ਪੈ ਸਕਦਾ, ਉਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਤ੍ਰਿਸ਼ਨਾ ਦੀ ਅੱਗ ਬੁੱਝਣ ਤੋਂ ਪਹਿਲਾਂ ਜੀਵ-ਨਟ ਮਾਇਆ ਦੀ ਰਾਸ ਪਾ ਰਿਹਾ ਸੀ, ਮਾਇਆ ਦਾ ਨਚਾਇਆ ਨੱਚ ਰਿਹਾ ਸੀ। ਪਰ ਜਦੋਂ ਮਾਇਆ ਦੇ ਮੋਹ ਦੀਆਂ ਤਾਰਾਂ ਟੁੱਟ ਗਈਆਂ, ਰਬਾਬ ਵੱਜਣੀ ਬੰਦ ਹੋ ਗਈ, ਸਰੀਰ ਦੀਆਂ ਨਿੱਤ ਦੀਆਂ ਵਾਸ਼ਨਾਂ ਦਾ ਰਾਗ ਹੋਣਾ ਮੁੱਕ ਗਿਆ।

ਪਦ ਅਰਥ: ਅਗਨਿ = ਤ੍ਰਿਸ਼ਨਾ ਦੀ ਅੱਗ। ਨ...ਧੂੰਆ = ਉਸ ਅੱਗ ਦਾ ਧੂੰ ਭੀ ਮੁੱਕ ਗਿਆ, ਉਸ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾਂ ਖ਼ਤਮ ਹੋ ਗਈਆਂ। ਰਵਿ ਰਹਿਆ ਏਕੁ = ਹਰ ਥਾਂ ਇੱਕ ਪ੍ਰਭੂ ਹੀ ਦਿੱਸ ਰਿਹਾ ਹੈ।1। ਰਹਾਉ।

ਨਟੁ = ਜੀਵ-ਨਟ ਜੋ ਮਾਇਆ ਦਾ ਨਚਾਇਆ ਨੱਚ ਰਿਹਾ ਸੀ। ਪੈ = ਬੇਪਰਵਾਹ ਹੋ ਕੇ, ਮਾਇਆ ਵਲੋਂ ਬੇਫ਼ਿਕਰ ਹੋ ਕੇ। ਸੂਤਾ = ਸੌਂ ਗਿਆ ਹੈ, ਸ਼ਾਂਤ-ਚਿੱਤ ਹੋ ਗਿਆ ਹੈ, ਡੋਲਣੋਂ ਹਟ ਗਿਆ ਹੈ। ਮੰਦਲੁ = ਢੋਲ, ਮਾਇਆ ਦਾ ਪ੍ਰਭਾਵ-ਰੂਪ ਢੋਲ। ਤੇਲੁ = ਮਾਇਆ ਦਾ ਮੋਹ-ਰੂਪ ਤੇਲ। ਬਾਤੀ = ਵੱਟੀ ਜਿਸ ਦੇ ਆਸਰੇ ਤੇਲ ਬਲਦਾ ਹੈ ਤੇ ਦੀਵਾ ਜਗਦਾ ਰਹਿੰਦਾ ਹੈ; ਮਨ ਦੀ ਸੁਰਤਿ ਜੋ ਮੋਹ ਵਿਚ ਫਸਾਈ ਰੱਖਦੀ ਹੈ।1।

ਨ ਬਜੈ ਰਬਾਬੁ = ਰਬਾਬ ਵੱਜਣੋਂ ਹਟ ਗਿਆ ਹੈ, ਸਰੀਰ ਨਾਲ ਪਿਆਰ ਮੁੱਕ ਗਿਆ ਹੈ ਦੇਹ-ਅਧਿਆਸ ਖ਼ਤਮ ਹੋ ਗਿਆ ਹੈ। ਤੰਤੁ = ਤਾਰ ਜਿਸ ਨਾਲ ਰਬਾਬ ਵੱਜਦਾ ਹੈ, ਮਾਇਆ ਦੀ ਲਗਨ।

ਚੂਰੇ = ਨਾਸ ਕਰੇ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।4।

ਅਰਥ: ਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾ ਮੁੱਕ ਜਾਂਦੀਆ ਹਨ, ਉਸ ਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਜਾਪਦਾ।1। ਰਹਾਉ।

ਉਹ ਜੀਵ-ਨਟ (ਜੋ ਪਹਿਲਾਂ ਮਾਇਆ ਦਾ ਨਚਾਇਆ ਨੱਚ ਰਿਹਾ ਸੀ) ਹੁਣ (ਮਾਇਆ ਵਲੋਂ) ਬੇ-ਪਰਵਾਹ ਹੋ ਕੇ ਭਟਕਣੋਂ ਰਹਿ ਜਾਂਦਾ ਹੈ, ਉਸ ਦੇ ਅੰਦਰ ਮਾਇਆ ਦਾ ਸ਼ੋਰ-ਰੂਪ ਢੋਲ ਨਹੀਂ ਵੱਜਦਾ। ਮਾਇਆ ਦੇ ਮੋਹ ਦਾ ਤੇਲ (ਉਸ ਦੇ ਅੰਦਰੋਂ) ਮੁੱਕ ਜਾਂਦਾ ਹੈ, ਉਸ ਦੀ ਸੁਰਤ (ਮਾਇਆ ਵਾਲੇ ਪਾਸੇ ਤੋਂ) ਹਟ ਜਾਂਦੀ ਹੈ।1।

(ਜਿਸ ਸਰੀਰਕ ਮੋਹ ਵਿਚ) ਫਸ ਕੇ ਪਹਿਲਾਂ ਮਨੁੱਖ ਆਪਣਾ (ਅਸਲ ਕਰਨ ਵਾਲਾ) ਕੰਮ ਖ਼ਰਾਬ ਕਰੀ ਜਾ ਰਿਹਾ ਸੀ, ਹੁਣ ਉਹ ਸਰੀਰਕ ਮੋਹ-ਰੂਪ ਰਬਾਬ ਵੱਜਦਾ ਹੀ ਨਹੀਂ ਕਿਉਂਕਿ (ਤ੍ਰਿਸ਼ਨਾ ਮੁੱਕਣ ਤੇ) ਮੋਹ ਦੀ ਤਾਰ ਟੁੱਟ ਜਾਂਦੀ ਹੈ।2।

ਹੁਣ ਜਦੋਂ (ਜੀਵਨ ਦੀ) ਸਹੀ ਸਮਝ ਆ ਗਈ ਤਾਂ ਸਰੀਰ ਦੀ ਖ਼ਾਤਰ ਹੀ ਉਹ ਪਹਿਲੀਆਂ ਗੱਲਾਂ, ਉਹ ਤਰਲੇ, ਉਹ ਕੀਰਨੇ, ਸਭ ਭੁੱਲ ਗਏ।3।

ਕਬੀਰ ਆਖਦਾ ਹੈ– ਜੋ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ, ਉਹਨਾਂ ਮਨੁੱਖਾਂ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ।4।2।11।

ਆਸਾ ॥ ਸੁਤੁ ਅਪਰਾਧ ਕਰਤ ਹੈ ਜੇਤੇ ॥ ਜਨਨੀ ਚੀਤਿ ਨ ਰਾਖਸਿ ਤੇਤੇ ॥੧॥ ਰਾਮਈਆ ਹਉ ਬਾਰਿਕੁ ਤੇਰਾ ॥ ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥ ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥ ਚਿੰਤ ਭਵਨਿ ਮਨੁ ਪਰਿਓ ਹਮਾਰਾ ॥ ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥ ਦੇਹਿ ਬਿਮਲ ਮਤਿ ਸਦਾ ਸਰੀਰਾ ॥ ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥ {ਪੰਨਾ 478}

ਪਦ ਅਰਥ: ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ। ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ।1।

ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ। ਨ ਖੰਡਸਿ = ਤੂੰ ਨਹੀਂ ਨਾਸ ਕਰਦਾ।1। ਰਹਾਉ।

ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ। ਮਾਇਆ = ਮਾਂ।2।

ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।3।

ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ। ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ।4।

ਅਰਥ: ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ?।1। ਰਹਾਉ।

ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ।1।

ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ।2।

ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ) ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ?।3।

ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ, ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ।4।3।12।

ਆਸਾ ॥ ਹਜ ਹਮਾਰੀ ਗੋਮਤੀ ਤੀਰ ॥ ਜਹਾ ਬਸਹਿ ਪੀਤੰਬਰ ਪੀਰ ॥੧॥ ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥ ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥ ਨਾਰਦ ਸਾਰਦ ਕਰਹਿ ਖਵਾਸੀ ॥ ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥ ਕੰਠੇ ਮਾਲਾ ਜਿਹਵਾ ਰਾਮੁ ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥ ਕਹਤ ਕਬੀਰ ਰਾਮ ਗੁਨ ਗਾਵਉ ॥ ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥ {ਪੰਨਾ 478-479}

ਹਰੇਕ ਸ਼ਬਦ ਦਾ ਠੀਕ ਅਰਥ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਪਹਿਲਾਂ 'ਰਹਾਉ' ਦੀ ਤੁਕ ਨੂੰ ਚੰਗੀ ਤਰ੍ਹਾਂ ਸਮਝਿਆ ਜਾਏ। 'ਰਹਾਉ' ਦੀ ਤੁਕ, ਮਾਨੋ, ਸ਼ਬਦ ਦਾ ਧੁਰਾ ਹੈ, ਜਿਸ ਦੇ ਦੁਆਲੇ ਸ਼ਬਦ ਦੇ ਸਾਰੇ ਬੰਦ ਭੌਂਦੇ ਹਨ।

ਇਸ ਸ਼ਬਦ ਦੇ ਠੀਕ ਅਰਥ ਕਰਨ ਲਈ ਉਪਰ-ਲਿਖੇ ਗੁਰ ਤੋਂ ਛੁਟ ਸ਼ਬਦ ਦੀ ਆਖ਼ਰੀ ਤੁਕ ਵਲ ਧਿਆਨ ਦੇਣਾ ਭੀ ਜ਼ਰੂਰੀ ਹੈ ਇਸ ਤੁਕ ਤੋਂ ਸਾਫ਼ ਦਿੱਸਦਾ ਹੈ ਕਿ ਕਬੀਰ ਜੀ ਨਿਰਾ ਮੁਸਲਮਾਨਾਂ ਦੇ 'ਹੱਜ' ਦਾ ਹੀ ਜ਼ਿਕਰ ਨਹੀਂ ਕਰ ਰਹੇ, ਹਿੰਦੂਆਂ ਦੇ ਤੀਰਥਾਂ ਵਲ ਭੀ ਇਸ਼ਾਰਾ ਕਰਦੇ ਹਨ, ਕਿਉਂਕਿ ਕੇਵਲ 'ਹੱਜ' ਦਾ ਜ਼ਿਕਰ ਕੀਤਿਆਂ 'ਹਿੰਦੂ ਤੁਰਕ ਦੋਊ' ਨੂੰ ਉਪਦੇਸ਼ ਨਹੀਂ ਹੋ ਸਕਦਾ।

'ਗੋਮਤੀ' ਨਦੀ ਹਿੰਦੂਆਂ ਦਾ ਤੀਰਥ ਹੈ। ਭਾਈ ਗੁਰਦਾਸ ਜੀ ਜਿੱਥੇ 'ਗੁਰ ਚਰਣ ਹਜ' ਨੂੰ ਸਾਰੇ ਤੀਰਥਾਂ ਨਾਲੋਂ ਸ੍ਰੇਸ਼ਟ ਦੱਸਦੇ ਹਨ ਉੱਥੇ ਹੋਰ ਤੀਰਥਾਂ ਦੇ ਨਾਲ 'ਗੋਮਤੀ' ਦਾ ਭੀ ਜ਼ਿਕਰ ਕਰਦੇ ਹਨ। ਨਾਮਦੇਵ ਜੀ ਭੀ ਰਾਮਕਲੀ ਰਾਗ ਵਿਚ 'ਗੋਮਤੀ' ਨੂੰ ਹਿੰਦੂ-ਤੀਰਥ ਦੱਸਦੇ ਹਨ।

ਗੰਗਾ ਜਉ ਗੋਦਾਵਰੀ ਜਾਈਐ, ਕੁੰਭਿ ਜਉ ਕੇਦਾਰ ਨ੍ਹਾਈਐ, ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ, ਰਾਮ ਰਾਮ ਸਰਿ ਤਊ ਨ ਪੂਜੈ ॥2॥4॥ {ਰਾਮਕਲੀ ਨਾਮਦੇਉ ਜੀ

ਤਾਂ ਤੇ ਕਬੀਰ ਜੀ ਭੀ ਇਸ ਸ਼ਬਦ ਵਿਚ 'ਹੱਜ' ਦੇ ਟਾਕਰੇ ਤੇ 'ਗੋਮਤੀ ਤੀਰ' ਨੂੰ ਪ੍ਰਵਾਨਗੀ ਨਹੀਂ ਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਰੇਕ ਸ਼ਬਦ (ਭਾਵੇਂ ਕਿਸੇ ਭਗਤ ਜੀ ਦਾ ਉਚਾਰਿਆ ਹੈ, ਭਾਵੇਂ ਸਤਿਗੁਰੂ ਜੀ ਦਾ ਆਪਣਾ) ਇਕੋ ਹੀ ਗੁਰਮਤਿ ਦੀ ਲੜੀ ਵਿਚ ਹੈ।

ਸ਼ਬਦ 'ਗੋਮਤੀ' ਨੂੰ ਤ੍ਰੋੜ-ਮ੍ਰੋੜ ਕੇ ਇਸ ਦੇ ਕੋਈ ਹੋਰ ਅਰਥ ਗੁਰਮਤਿ ਅਨੁਸਾਰ ਬਣਾਉਣ ਦੇ ਜਤਨ ਭੀ ਨਿਸਫਲ ਹਨ, ਕਿਉਂਕਿ ਉਪਰਲੇ ਪ੍ਰਮਾਣ ਵਿਚ ਇਹ 'ਗੋਮਤੀ' ਸਾਫ਼ ਤੌਰ ਤੇ ਹਿੰਦੂ-ਤੀਰਥ ਦਾ ਨਾਮ ਹੈ।

ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਖੋਜੀ ਸੱਜਣਾਂ ਦੀ ਦ੍ਰਿਸ਼ਟੀ-ਗੋਚਰ ਇਕ ਹੋਰ ਸ਼ਬਦ ਦਿੱਤਾ ਜਾਂਦਾ ਹੈ, ਜੋ ਉਪਰਲੀ ਵਿਚਾਰ ਵਿਚ ਬਹੁਤ ਸਹਾਇਤਾ ਕਰਦਾ ਹੈ।

ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥

ਏਕ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ਰਹਾਉ॥

ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰ ਨ ਦੂਜਾ ॥2॥

ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥

ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡ ਪਰਾਨ ॥4॥

ਕਹੁ ਕਬੀਰ ਇਹੁ ਕੀਆ ਬਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥ {ਭੈਰਉ ਮਹਲਾ 5 ਘਰੁ 1

ਜਿਉਂ ਜਿਉਂ ਇਸ ਸ਼ਬਦ ਦੀ ਹਰੇਕ ਤੁਕ ਨੂੰ ਗਹੁ ਨਾਲ ਪੜ੍ਹੀਏ ਤੇ ਵਿਚਾਰੀਏ ਤਾਂ ਉਪਰਲੇ ਸ਼ਬਦ ਦੇ ਅਰਥ ਸਾਫ਼ ਹੁੰਦੇ ਜਾਂਦੇ ਹਨ। ਹੱਜ ਅਤੇ ਤੀਰਥ, ਦੋਹਾਂ ਦਾ ਜ਼ਿਕਰ ਕਰ ਕੇ ਮੁਸਲਮਾਨਾਂ ਤੇ ਹਿੰਦੂਆਂ ਦੋਹਾਂ ਨੂੰ ਉਪਦੇਸ਼ ਕੀਤਾ ਹੈ।

ਪਦ ਅਰਥ: ਵਾਹੁ ਵਾਹੁ = ਸਿਫ਼ਤਿ-ਸਾਲਾਹ। ਖੂਬੁ = ਸੁਹਣਾ। ਖੂਬੁ ਵਾਹੁ ਵਾਹੁ = ਸੁਹਣੀ ਸਿਫ਼ਤਿ-ਸਾਲਾਹ। ਮੇਰੈ ਮਨਿ = ਮੇਰੇ ਮਨ ਵਿਚ।1। ਰਹਾਉ।

ਨੋਟ: ਇਹ 'ਰਹਾਉ' ਦੀ ਤੁਕ ਸਾਰੇ ਸ਼ਬਦ ਦਾ, ਮਾਨੋ, ਧੁਰਾ ਹੈ। ਇੱਥੇ ਪ੍ਰਸ਼ਨ ਉਠਦਾ ਹੈ– ਕੌਣ "ਖੂਬੁ ਵਾਹੁ ਵਾਹੁ" ਗਾਵਤਾ ਹੈ? 'ਰਹਾਉ' ਦੀ ਤੁਕ ਦੇ ਦੂਜੇ ਹਿੱਸੇ ਨੂੰ ਗਹੁ ਨਾਲ ਪੜ੍ਹਿਆਂ ਕ੍ਰਿਆ (Verb) "ਗਾਵਤਾ ਹੈ" ਦਾ ਕਰਤਾ (Subject) ਲੱਭ ਪੈਂਦਾ ਹੈ।

ਅਰਥ ਕਰਨ ਲੱਗਿਆਂ ਤੁਕ ਦਾ ਸਾਧਾਰਨ ਪਾਠ (Prose Order) ਇਉਂ ਬਣੇਗਾ = (ਮੇਰਾ ਮਨੁ) ਕਿਆ ਖੂਬੁ ਵਾਹੁ ਵਾਹੁ ਗਾਵਤਾ ਹੈ, (ਅਤੇ) ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ।

ਅਰਥ: (ਮੇਰਾ ਮਨ) ਕਿਆ ਸੁਹਣੀ ਸਿਫ਼ਤਿ-ਸਾਲਾਹ ਕਰ ਰਿਹਾ ਹੈ (ਅਤੇ) ਹਰੀ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ (ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ)।1। ਰਹਾਉ।

ਪਦ ਅਰਥ: ਗੋਮਤੀ ਤੀਰ = ਗੋਮਤੀ ਦੇ ਕੰਢੇ। ਜਹਾ = ਜਿੱਥੇ। ਬਸਹਿ = ਵੱਸ ਰਹੇ ਹਨ। ਪੀਤੰਬਰ ਪੀਰ = ਪ੍ਰਭੂ ਜੀ।1।

ਨੋਟ: ਇਹ ਵਿਚਾਰ ਪਹਿਲਾਂ ਕੀਤੀ ਜਾ ਚੁਕੀ ਹੈ ਕਿ ਕਬੀਰ ਜੀ 'ਹੱਜ' ਦੇ ਟਾਕਰੇ ਤੇ 'ਗੋਮਤੀ ਤੀਰ' ਨੂੰ ਆਪਣਾ ਇਸ਼ਟ ਨਹੀਂ ਕਹਿ ਰਹੇ।

'ਪੀਤੰਬਰ ਪੀਰ' ਸ਼ਬਦ 'ਕ੍ਰਿਸ਼ਨ' ਜੀ ਵਾਸਤੇ ਨਹੀਂ ਹੈ, ਕਿਉਂਕਿ ਕ੍ਰਿਸ਼ਨ ਜੀ ਦਾ 'ਗੋਮਤੀ' ਨਦੀ ਨਾਲ ਕੋਈ ਸੰਬੰਧ ਨਹੀਂ ਹੈ।

ਪਹਿਲੀ ਤੁਕ ਵਿਚ ਕਿਸੇ ਅਜੇਹੇ ਟਿਕਾਣੇ ਵਲ ਇਸ਼ਾਰਾ ਹੈ ਜਿਸ ਦੀ ਬਾਬਤ ਸ਼ਬਦ 'ਜਹ' (=ਜਿਥੇ) ਵਰਤ ਕੇ ਕਿਹਾ ਗਿਆ ਹੈ ਕਿ 'ਪੀਤੰਬਰ ਪੀਰ' ਉੱਥੇ 'ਬਸਹਿ' ਵੱਸ ਰਹੇ ਹਨ।

ਅਕਾਲ ਪੁਰਖ ਵਾਸਤੇ ਸ਼ਬਦ 'ਪੀਤੰਬਰ ਪੀਰ' ਵਰਤ ਕੇ ਕ੍ਰਿਆ (Verb) ਬਹੁ-ਵਚਨ (Plural Number) ਵਿਚ ਕੇਵਲ ਆਦਰ ਵਾਸਤੇ ਵਰਤੀ ਗਈ ਹੈ, ਜਿਵੇਂ:

ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥

ਨਾਨਕ ਜਨ ਕਾ ਦਾਸਨਿ ਦਸਨਾ ॥ {ਸੁਖਮਨੀ ਸਾਹਿਬ

'ਰਹਾਉ' ਦੀ ਤੁਕ ਨਾਲ ਸਬੰਧ ਮੇਲਿਆਂ ਪਹਿਲੀ ਤੁਕ ਦਾ ਸਾਧਾਰਨ ਪਾਠ ਇਉਂ ਹੈ:

(ਹਮਾਰੇ) ਹਜ (ਤੇ) ਹਮਾਰੀ ਗੋਮਤੀ ਤੀਰ (ਇਹ ਮਨ ਹੀ ਹੈ) , ਜਹਾਂ ਪੀਤੰਬਰ ਪੀਰ ਬਸਹਿ।

ਅਰਥ: ਸਾਡਾ ਹੱਜ ਤੇ ਸਾਡਾ ਗੋਮਤੀ ਦਾ ਕੰਢਾ (ਇਹ ਮਨ ਹੀ ਹੈ) ਜਿਥੇ ਸ੍ਰੀ ਪ੍ਰਭੂ ਜੀ ਵੱਸ ਰਹੇ ਹਨ।1।

ਪਦ ਅਰਥ: ਖਵਾਸੀ = ਟਹਿਲ, ਚੋਬਦਾਰੀ। ਬੀਬੀ ਕਵਲਾ = ਲੱਛਮੀ। ਦਾਸੀ = ਸੇਵਕਾ, ਟਹਿਲਣ।2।

ਅਰਥ: ਨਾਰਦੁ ਭਗਤ ਤੇ ਸਾਰਦਾ ਦੇਵੀ ਭੀ ਉਸ ਸ੍ਰੀ ਪ੍ਰਭੂ ਜੀ ਦੀ ਟਹਿਲ ਕਰ ਰਹੇ ਹਨ (ਜੋ ਮੇਰੇ ਮਨ-ਤੀਰਥ ਤੇ ਵੱਸ ਰਿਹਾ ਹੈ) ਅਤੇ ਲੱਛਮੀ ਉਸ ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੈ।2।

ਪਦ ਅਰਥ: ਕੰਠੇ = ਗਲ ਵਿਚ। ਸਹੰਸ = ਹਜ਼ਾਰਾਂ।3।

ਅਰਥ: ਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਵਿਚ ਮਾਲਾ (ਸਿਮਰਨੀ) ਹੈ, ਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ।3।

ਕਬੀਰ ਆਖਦਾ ਹੈ ਕਿ ਮੈਂ ਹਰੀ ਦੇ ਗੁਣ ਗਾਂਦਾ ਹਾਂ ਅਤੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਸਮਝਾਂਦਾ ਹਾਂ (ਕਿ ਮਨ ਹੀ ਤੀਰਥ ਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸ ਦੇ ਅਨੇਕਾਂ ਨਾਮ ਹਨ)।4। 4।13।

ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਇਸ ਸ਼ਬਦ ਬਾਰੇ ਇਉਂ ਲਿਖਦੇ ਹਨ– "ਭਗਤ ਜੀ ਆਪਣੇ ਸੁਆਮੀ ਗੁਰੂ ਰਾਮਾ ਨੰਦ ਦੀ ਉਪਮਾ ਕਰਦੇ ਹਨ। ਓਦੋਂ ਆਪ ਪੀਰ-ਪੀਤਾਂਬਰ ਵੈਸ਼ਨੋ ਸਨ। ਗੋਮਤੀ ਨਦੀ ਦੇ ਕਿਨਾਰੇ ਸੁਆਮੀ ਰਾਮਾਨੰਦ ਦੇ ਤੀਰਥਾਂ ਦਾ ਹੱਜ ਕਰਨਾ ਉੱਤਮ ਫ਼ਰਮਾਂਦੇ ਹਨ। ਉੱਥੇ ਰਹਿ ਕੇ ਜੋਗ-ਅਭਿਆਸ ਕਰਦੇ ਸਨ।

ਪਰ, ਪਾਠਕ ਸੱਜਣ ਇਸ ਸ਼ਬਦ ਦੇ ਅਰਥਾਂ ਵਿਚ ਵੇਖ ਆਏ ਹਨ ਕਿ ਇੱਥੇ ਨਾਹ ਕਿਤੇ ਰਾਮਾਨੰਦ ਜੀ ਦਾ ਜ਼ਿਕਰ ਹੈ, ਅਤੇ ਨਾਹ ਹੀ ਕਿਸੇ ਜੋਗ-ਅਭਿਆਸ ਦਾ।

TOP OF PAGE

Sri Guru Granth Darpan, by Professor Sahib Singh