ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 479 ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥ ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥ ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥ ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥ {ਪੰਨਾ 479} ਪਦ ਅਰਥ: ਪਾਤੀ = ਪੱਤਰ। ਪਾਤੀ ਪਾਤੀ = ਹਰੇਕ ਪੱਤਰ ਵਿਚ। ਜੀਉ = ਜਿੰਦ। ਪਾਹਨ– ਪੱਥਰ। ਨਿਰਜੀਉ = ਨਿਰਜਿੰਦ।1। ਏਉ = ਇਉਂ, ਇਸ ਤਰ੍ਹਾਂ।1। ਰਹਾਉ। ਬ੍ਰਹਮੁ = ਬ੍ਰਹਮਾ। ਡਾਰੀ = ਡਾਲੀ, ਟਹਿਣੀ। ਸੰਕਰ = ਸ਼ਿਵ। ਪ੍ਰਤਖਿ = ਸਾਹਮਣੇ। ਤੋਰਹਿ = ਤੋੜ ਰਹੀ ਹੈਂ। ਸੇਉ = ਸੇਵਾ।2। ਪਾਖਾਨ = ਪੱਥਰ। ਗਢਿ ਕੈ = ਘੜ ਕੇ। ਪਾਉ = ਪਾਉਂ, ਪੈਰ।3। ਭਾਤੁ = ਭੱਤ, ਚੌਲ। ਪਹਿਤਿ = ਦਾਲ। ਲਾਪਸੀ = ਲੱਪੀ, ਪਤਲਾ ਕੜਾਹ। ਕਰਕਰਾ ਕਾਸਾਰੁ = ਖ਼ਸਤਾ ਪੰਜੀਰੀ। ਛਾਰੁ = ਸੁਆਹ। ਮੁਖਿ ਛਾਰੁ = ਮੂੰਹ ਵਿਚ ਸੁਆਹ; (ਭਾਵ,) ਕੁਝ ਨਾ ਮਿਲਿਆ।4। ਕ੍ਰਿਪਾ ਕਰਿ = ਕਿਰਪਾ ਕਰ ਕੇ। ਰਾਖੇ = ਰੱਖ ਲਿਆ ਹੈ, ਭੁਲੇਖੇ ਤੋਂ ਬਚਾ ਲਿਆ ਹੈ।5। ਅਰਥ: (ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ। ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ।1। (ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ, (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ।1। ਰਹਾਉ। (ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ। ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ?।2। (ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ।3। ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?)।4। ਹੇ ਕਬੀਰ! ਆਖ– ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ, ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ।5।1।14। ਨੋਟ: ਕੁਝ ਸੱਜਣ ਅੱਜ-ਕਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ, ਤੇ ਭੋਗ ਲਵਾਉਂਦੇ ਹਨ। ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਆਸਾ ॥ ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥ ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥ ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥ ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥ ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥ ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥ ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥ ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥ ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥ {ਪੰਨਾ 479} ਪਦ ਅਰਥ: ਬਾਲਪਨ = ਅੰਞਾਣ-ਪੁਣਾ।1। ਮੇਰੀ ਮੇਰੀ ਕਰਤੇ = ਇਹਨਾਂ ਖ਼ਿਆਲਾਂ ਵਿਚ ਹੀ ਕਿ ਇਹ ਚੀਜ਼ ਮੇਰੀ ਹੈ ਇਹ ਧਨ ਮੇਰਾ ਹੈ, ਮਮਤਾ ਵਿਚ ਹੀ। ਸਾਇਰੁ = ਸਮੁੰਦਰ, ਸਾਗਰ। ਸੋਖਿ = ਸੁੱਕ ਕੇ, ਸੁੱਕ ਜਾਣ ਤੇ। ਭੁਜੰ ਬਲਇਓ = ਭੁਜਾਂ ਦਾ ਬਲ, ਬਾਹਾਂ ਦੀ ਤਾਕਤ।1। ਰਹਾਉ। ਸਰਵਰਿ = ਤਲਾ ਵਿਚ। ਪਾਲਿ = ਕੰਧ। ਲੂਣੈ ਖੇਤਿ = ਕੱਟੇ ਹੋਏ ਖੇਤ ਵਿਚ। ਹਥ = ਹੱਥਾਂ ਨਾਲ। ਵਾਰਿ = ਵਾੜ। ਮੁਗਧੁ = ਮੂਰਖ।2। ਕਰ = ਹੱਥ। ਕੰਪਨ = ਕੰਬਣ। ਅਸਾਰ = ਆਪ-ਮੁਹਾਰਾ, ਬਿਨਾ ਰੁਕਣ ਦੇ। ਰੇ = ਹੇ ਭਾਈ!।3। ਲਾਹਾ = ਲਾਭ। ਪਰਸਾਦੀ = ਕਿਰਪਾ ਨਾਲ।4। ਤਲਬ = ਸੱਦਾ। ਮੰਦਰ = ਘਰ। ਅਨੁ ਧਨੁ = ਕੋਈ ਹੋਰ ਧਨ।5। ਅਰਥ: (ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਤੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ; ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ।1। 'ਮਮਤਾ' ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ, ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ)।1। ਰਹਾਉ। (ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ) , ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ। ਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ।2। ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ, ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ?।3। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ। ਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ।4। ਕਬੀਰ ਕਹਿੰਦਾ ਹੈ– ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ, ਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ।5।2।15। ਆਸਾ ॥ ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥ ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥ ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥ ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥ ਆਸਾ ॥ {ਪੰਨਾ 479-480} ਪਦ ਅਰਥ: ਪਟੰਬਰ = ਪਟ ਦੇ ਅੰਬਰ, ਪਟ ਦੇ ਕੱਪੜੇ। ਗਰੀ ਗੋਦਰੀ = ਗਲੀ ਹੋਈ ਗੋਦੜੀ, ਜੁੱਲੀ। ਪਰਾਰਾ = ਪਰਾਲੀ। ਖਾਨ = ਘਰਾਂ ਵਿਚ।1। ਅਹਿਰਖ = ਹਿਰਖ, ਈਰਖਾ, ਗਿਲਾ। ਵਾਦੁ = ਝਗੜਾ। ਸੁਕ੍ਰਿਤੁ = ਨੇਕ ਕਮਾਈ।1। ਰਹਾਉ। ਬਹੁ ਬਿਧਿ = ਕਈ ਕਿਸਮਾਂ ਦੀ। ਬਾਨੀ = ਰੰਗਤ, ਵੰਨੀ। ਮੁਕਤਾਹਲ = ਮੋਤੀਆਂ ਦੀਆਂ ਮਾਲਾਂ। ਬਿਆਧਿ = ਮਧ, ਸ਼ਰਾਬ ਆਦਿਕ ਰੋਗ ਲਾਣ ਵਾਲੀਆਂ ਚੀਜ਼ਾਂ।2। ਮੂੰਡ = ਸਿਰ।3। ਮਨਿ = ਮੰਨ ਕੇ, ਮੰਨਿ। ਸਤਿ = ਅਟੱਲ। ਮੰਨਿ = ਮਨਿ, ਮਨ ਵਿਚ।4। ਚਿਰਗਟ = ਪਿੰਜਰਾ। ਚਟਾਰਾ = ਚਿੜਾ। ਤਰੀ ਤਾਗਰੀ = ਕੁੱਜੀ ਤੇ ਠੂਠੀ। ਛੂਟੀ = ਛੁੱਟ ਜਾਂਦੀ ਹੈ, ਧਰੀ ਹੀ ਰਹਿ ਜਾਂਦੀ ਹੈ।5। ਪਦ ਅਰਥ: (ਪਰਮਾਤਮਾ ਨੇ) ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ (ਪਾਣ ਨੂੰ) ਦਿੱਤੇ ਹਨ ਤੇ ਨਿਵਾਰੀ ਪਲੰਘ (ਸੌਣ ਨੂੰ) ; ਪਰ ਕਈ (ਵਿਚਾਰਿਆਂ) ਨੂੰ ਗਲੀ ਹੋਈ ਜੁੱਲੀ ਭੀ ਨਹੀਂ ਮਿਲਦੀ, ਤੇ ਕਈ ਘਰਾਂ ਵਿਚ (ਬਿਸਤਰੇ ਦੇ ਥਾਂ) ਪਰਾਲੀ ਹੀ ਹੈ।1। (ਪਰ) ਹੇ ਮਨ! ਈਰਖਾ ਤੇ ਝਗੜਾ ਕਿਉਂ ਕਰਦਾ ਹੈਂ? ਨੇਕ ਕਮਾਈ ਕਰੀ ਜਾਹ ਤੇ ਤੂੰ ਭੀ (ਇਹ ਸੁਖ) ਹਾਸਲ ਕਰ ਲੈ।1। ਰਹਾਉ। ਘੁਮਿਆਰ ਨੇ ਇਕੋ ਹੀ ਮਿੱਟੀ ਗੁੰਨ੍ਹੀ ਤੇ ਉਸ ਨੂੰ ਕਈ ਕਿਸਮ ਦੇ ਰੰਗ ਲਾ ਦਿੱਤੇ (ਭਾਵ, ਕਈ ਵੰਨਗੀਆਂ ਦੇ ਭਾਂਡੇ ਬਣਾ ਦਿੱਤੇ)। ਕਿਸੇ ਭਾਂਡੇ ਵਿਚ ਮੋਤੀ ਤੇ ਮੋਤੀਆਂ ਦੀਆਂ ਮਾਲਾਂ (ਮਨੁੱਖ ਨੇ) ਪਾ ਦਿੱਤੀਆਂ ਤੇ ਕਿਸੇ ਵਿਚ (ਸ਼ਰਾਬ ਆਦਿਕ) ਰੋਗ ਲਾਣ ਵਾਲੀਆਂ ਚੀਜ਼ਾਂ।2। ਸ਼ੂਮ ਨੂੰ ਧਨ ਜੋੜ ਕੇ ਰੱਖਣ ਲਈ ਜੁੜਿਆ ਹੈ, (ਅਤੇ) ਮੂਰਖ (ਸ਼ੂਮ) ਆਖਦਾ ਹੈ– ਇਹ ਧਨ ਮੇਰਾ ਹੈ। (ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ)।3। ਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ) , ਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ।4। ਕਬੀਰ ਕਹਿੰਦਾ ਹੈ– ਹੇ ਸੰਤ ਜਨੋ! ਸੁਣੋ, "ਇਹ ਧਨ ਪਦਾਰਥ ਆਦਿਕ ਮੇਰਾ ਹੈ" = ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ) ; (ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ)।5।3। 16। |
Sri Guru Granth Darpan, by Professor Sahib Singh |