ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 480

ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥ ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥ ਕਾਜੀ ਬੋਲਿਆ ਬਨਿ ਨਹੀ ਆਵੈ ॥੧॥ ਰਹਾਉ ॥ ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥ ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥ ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥ ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥੩॥ ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥ ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥੪॥ ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥ ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ ॥੫॥੪॥੧੭॥ {ਪੰਨਾ 480}

ਪਦ ਅਰਥ: ਮਸਕੀਨ = ਆਜਜ਼, ਨਿਮਾਣੇ। ਖੁਦਾਈ ਬੰਦੇ = ਰੱਬ ਦੇ ਪੈਦਾ ਕੀਤੇ ਬੰਦੇ। ਰਾਜਸੁ = ਹਕੂਮਤ। ਤੁਮ = ਤੁਹਾਨੂੰ। ਅਲਹ = ਰੱਬ। ਅਵਲਿ = ਪਹਿਲਾ, (ਭਾਵ, ਸਭ ਤੋਂ ਵੱਡਾ)। ਦੀਨ = ਧਰਮ, ਮਜ਼ਹਬ। (ਨੋਟ: ਸਾਰੇ ਮੁਸਲਮਾਨੀ ਲਫ਼ਜ਼ ਹਨ) ਜੋਰੁ = ਧੱਕਾ।1।

ਕਾਜੀ = ਹੇ ਕਾਜ਼ੀ!।1। ਰਹਾਉ।

ਰੋਜਾ ਧਰੈ = ਰੋਜ਼ਾ ਰੱਖਦਾ ਹੈ। ਸਤਰਿ = ਗੁਪਤ। ਕਾਬਾ = ਰੱਬ ਦਾ ਘਰ। ਘਟ ਹੀ ਭੀਤਰਿ = ਦਿਲ ਦੇ ਅੰਦਰ ਹੀ।2।

ਅਕਲਹਿ = ਅਕਲ ਨਾਲ। ਮੁਸਿ = ਠੱਗ ਕੇ, ਵੱਸ ਵਿਚ ਕਰ ਕੇ। ਪਾਚਹੁ = ਕਾਮਾਦਿਕ ਪੰਜਾਂ ਨੂੰ।3।

ਜੀਅ ਮਹਿ = ਆਪਣੇ ਹਿਰਦੇ ਵਿਚ। ਮਣੀ = ਅਹੰਕਾਰ। ਆਪੁ = ਆਪਣੇ ਆਪ ਨੂੰ। ਜਨਾਇ = ਸਮਝਾ ਕੇ। ਸਰੀਕੀ = ਭਾਈਵਾਲ, ਸਾਂਝੀਵਾਲ।4।

ਪਛਾਨਾ = ਪਛਾਣਦਾ ਹੈ। ਨਾਨਾ = ਅਨੇਕ। ਤਾ ਮਹਿ = ਇਹਨਾਂ (ਵੇਸਾਂ) ਵਿਚ।5।

ਅਰਥ: (ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)। ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ।1।

ਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ।1। ਰਹਾਉ।

(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ। ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ।2।

ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ; ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ।3।

ਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ।4।

ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ) ; ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ।5।4। 17।

ਆਸਾ ॥ ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥ ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹ੍ਹਾ ॥ ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥੨॥ ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥ ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥ ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥ ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥ ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥ {ਪੰਨਾ 480}

ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਕਈ ਟੀਕਾਕਾਰ ਸੱਜਣ ਲਿਖਦੇ ਹਨ ਕਿ ਕਬੀਰ ਜੀ ਆਪਣੇ ਇਕ ਮਿੱਤਰ ਪਰਮ ਹੰਸ ਜੋਗੀ ਨੂੰ ਮਿਲਣ ਗਏ। ਅੱਗੇ ਉਸ ਨੂੰ ਕਾਲ-ਵੱਸ ਹੋਇਆ ਵੇਖ ਕੇ ਇਹ ਸ਼ਬਦ ਉਚਾਰਿਆ। ਪਿੱਛੇ ਗਉੜੀ ਰਾਗ ਵਿਚ ਭੀ ਅਸੀਂ ਕਬੀਰ ਜੀ ਦਾ ਸ਼ਬਦ ਨੰ: 52 ਵੇਖ ਆਏ ਹਾਂ। ਉਸ ਸੰਬੰਧੀ ਭੀ ਕਈ ਟੀਕਾਕਾਰਾਂ ਨੇ ਇਉਂ ਹੀ ਲਿਖਿਆ ਹੈ ਕਿ ਆਪਣੇ ਅਕਸਰ ਮਿਲਣ-ਹਾਰੇ ਇਕ ਗੂੜ੍ਹੇ ਮਿੱਤਰ ਜੋਗੀ ਦੇ ਕੁਝ ਅਧਿਕ ਚਿਰ ਮਿਲਣੋਂ ਖੁੰਝਣ ਤੇ ਆਪ ਹੀ ਭਗਤ ਜੀ ਉਸ ਦੇ ਆਸ਼੍ਰਮ ਤੇ ਗਏ। ਪਰ ਉਥੇ ਪਹੁੰਚ ਕੇ ਅਚਨਚੇਤ ਹੀ ਆਪ ਨੂੰ ਪਤਾ ਲੱਗਾ ਕਿ ਜੋਗੀ ਜੀ ਤਾਂ ਚਲਾਣਾ ਕਰ ਗਏ ਹਨ। ਤਾਂ ਉਸ ਸਮੇ ਪਿਆਰੇ ਮਿੱਤਰ ਦੇ ਵਿਛੋੜੇ ਅੰਦਰ ਦ੍ਰਵੇ, ਤੇ ਇਹ ਸ਼ਬਦ ਆਪ ਨੇ ਉਚਾਰਿਆ ਸੀ।

ਪਰ ਗਉੜੀ ਰਾਗ ਦੇ ਸ਼ਬਦਾਂ ਦੇ ਅਰਥ ਕਰਨ ਵੇਲੇ ਅਸੀਂ ਵੇਖ ਆਏ ਹਾਂ ਕਿ ਉਸ ਸ਼ਬਦ ਨੰ: 52 ਦੇ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜਨ ਦੀ ਲੋੜ ਨਹੀਂ ਪੈਂਦੀ। ਨਾਹ ਹੀ ਅਜਿਹੀ ਕੋਈ ਕਹਾਣੀ ਸ਼ਬਦ ਦੇ ਨਾਲ ਢੁਕਦੀ ਹੀ ਹੈ। ਜੇ ਗਉੜੀ ਰਾਗ ਵਾਲਾ ਸ਼ਬਦ ਕਿਸੇ ਜੋਗੀ ਦੇ ਮਰਨ ਸਮੇ ਹੀ ਉਚਾਰਿਆ ਹੁੰਦਾ, ਅਤੇ ਉਸ ਸਮੇ ਕਬੀਰ ਜੀ ਨੂੰ ਇਹ ਖ਼ਿਆਲ ਪੈਦਾ ਹੋਇਆ ਹੁੰਦਾ ਕਿ ਉਸ ਸਰੀਰ ਵਿਚ ਬੋਲਣ ਵਾਲਾ ਜੀਵਾਤਮਾ ਕਿੱਥੇ ਚਲਾ ਗਿਆ, ਤਾਂ ਇਹ ਨਹੀਂ ਸੀ ਹੋ ਸਕਦਾ ਕਿ ਇਹ 'ਸੰਸਾ' ਕਬੀਰ ਜੀ ਨੂੰ ਹਰ ਰੋਜ਼ ਹੀ ਲਗਾ ਰਹਿੰਦਾ। ਜਿਨ੍ਹਾਂ ਦੇ ਆਪਣੇ ਪਰਮ-ਸਨੇਹੀ ਸੱਕੇ-ਸੋਦਰੇ ਮਰ ਜਾਂਦੇ ਹਨ; ਉਹ ਭੀ ਸਮਾ ਪੈਣ ਤੇ ਭੁੱਲ ਜਾਂਦੇ ਹਨ, ਪਰ ਇਤਨੇ ਉੱਚੇ ਬ੍ਰਹਮ-ਗਿਆਨੀ ਕਬੀਰ ਜੀ ਨੂੰ ਉਸ ਜੋਗੀ ਦੇ ਮਰਨ ਤੇ ਹਰ ਰੋਜ਼ ਕਿਉਂ 'ਸੰਸਾ' ਰਹਿਣਾ ਸੀ? ਉਸ ਸ਼ਬਦ ਦੇ 'ਰਹਾਉ' ਵਿਚ ਕਬੀਰ ਜੀ ਲਿਖਦੇ ਹਨ:

ਤਾਗਾ ਤੂਟਾ, ਗਗਨੁ ਬਿਨਸਿ ਗਇਆ, ਤੇਰਾ ਬੋਲਤ ਕਹਾ ਸਮਾਈ ॥

ਏਹ ਸੰਸਾ ਮੋ ਕਉ ਅਨਦਿਨੁ ਬਿਆਪੈ, ਮੋ ਕਉ ਕੋ ਨ ਕਹੈ ਸਮਝਾਈ ॥

ਉਸ ਸ਼ਬਦ ਵਿਚ ਅਸੀਂ ਲਿਖ ਆਏ ਹਾਂ ਕਿ ਉੱਥੇ ਮਨ ਦੀ ਉਸ ਤਬਦੀਲੀ ਦਾ ਜ਼ਿਕਰ ਕੀਤਾ ਗਿਆ ਹੈ ਜੋ "ਲਿਵ ਲਾਗਿ ਰਹੀ ਹੈ" ਦੀ ਬਰਕਤ ਨਾਲ ਪੈਦਾ ਹੁੰਦੀ ਹੈ।

ਹੁਣ ਉਸ 'ਰਹਾਉ' ਦੀਆਂ ਤੁਕਾਂ ਨੂੰ ਇਸ ਆਸਾ ਰਾਗ ਵਾਲੇ ਸ਼ਬਦ ਦੇ 'ਰਹਾਉ' ਨਾਲ ਟਾਕਰਾ ਕਰ ਕੇ ਵੇਖੋ; ਲਿਖਦੇ ਹਨ:

ਬਾਬਾ ਬੋਲਤੇ ਤੇ ਕਹਾ ਗਏ ॥ ਦੇਹੀ ਕੇ ਸੰਗਿ ਰਹਤੇ ॥

ਸੁਰਤਿ ਮਾਹਿ ਜੋ ਨਿਰਤੇ ਕਰਤੇ, ਕਥਾ ਬਾਰਤਾ ਕਹਤੇ ॥ਰਹਾਉ॥

"ਤੇਰਾ ਬੋਲਤ ਕਹਾ ਸਮਾਈ" ਅਤੇ "ਬੋਲਤੇ ਤੇ ਕਹਾ ਗਏ ॥ ਦੇਹੀ ਕੇ ਸੰਗਿ ਰਹਤੇ ॥" ਦੋਹਾਂ ਵਿਚ ਇੱਕੋ ਹੀ ਖ਼ਿਆਲ ਸਾਫ਼ ਦਿੱਸ ਰਿਹਾ ਹੈ। ਪਹਿਲੇ ਵਿਚ ਆਖਦੇ ਹਨ ਕਿ 'ਮੇਰ-ਤੇਰ' ਬੋਲਣ ਵਾਲਾ ਮਨ ਮੁੱਕ ਗਿਆ ਹੈ। ਦੂਜੇ ਵਿਚ ਆਖਦੇ ਹਨ ਕਿ ਜੋ ਸਦਾ ਸਰੀਰ ਦੀਆਂ ਹੀ ਗੱਲਾਂ ਕਰਦਾ ਸੀ ਉਹ ਕਿਤੇ ਤੁਰ ਗਿਆ ਹੈ।

ਹੁਣ ਲਵੋ ਇਸ ਸ਼ਬਦ ਦਾ ਬੰਦ ਨੰ: 2:

"ਬਜਾਵਨਹਾਰੋ ਕਹਾ ਗਇਓ, ਜਿਨਿ ਇਹੁ ਮੰਦਰੁ ਕੀਨਾ ॥"

ਜਿਨ੍ਹਾਂ ਟੀਕਾਕਾਰਾਂ ਨੇ ਸ਼ਬਦ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜ ਦਿੱਤੀ ਹੈ, ਉਹਨਾਂ ਲਫ਼ਜ਼ "ਮੰਦਰੁ" ਦਾ ਅਰਥ ਸਹਿਜੇ ਹੀ "ਸਰੀਰ" ਕਰ ਦਿੱਤਾ ਹੈ ਕਿ ਜਿਸ ਆਤਮਾ ਨੇ ਇਹ ਸਰੀਰ ਬਣਾ ਰੱਖਿਆ ਸੀ ਉਹ ਇਸ ਵਿਚੋਂ ਚਲਾ ਗਿਆ ਹੈ। ਪਰ ਇਸੇ ਆਸਾ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: 28 ਪੜ੍ਹ ਕੇ ਵੇਖੀਏ। ਲਿਖਦੇ ਹਨ:

ਜਉ ਮੈ ਰੂਪ ਕੀਏ ਬਹੁਤੇਰੇ, ਅਬ ਫੁਨਿ ਰੂਪੁ ਨ ਹੋਈ ॥ ਤਾਗਾ ਤੰਤੁ ਸਾਜੁ ਸਭ ਥਾਕਾ, ਰਾਮ ਨਾਮ ਬਸਿ ਹੋਈ ॥1॥ ਅਬ ਮੋਹਿ ਨਾਚਨੋ ਨ ਆਵੈ ॥ ਮੇਰਾ ਮਨੁ, ਮੰਦਰੀਆ ਨ ਬਜਾਵੈ ॥1॥ਰਹਾਉ॥ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸਨਾ ਗਾਗਰਿ ਫੂਟੀ ॥ ਕਾਮ ਚੋਲਨਾ ਭਇਆ ਹੈ ਪੁਰਾਨਾ, ਗਇਆ ਭਰਮੁ, ਸਭੁ ਛੂਟੀ ॥2॥ ਸਰਬ ਭੂਤ ਏਕੈ ਕਰਿ ਜਾਨਿਆ, ਚੂਕੈ ਬਾਦ ਬਿਬਾਦਾ ॥ ਕਹਿ ਕਬੀਰ ਮੈ ਪੂਰਾ ਪਾਇਆ, ਭਏ ਰਾਮ ਪਰਸਾਦਾ ॥3॥6॥28॥

ਇਸ ਸ਼ਬਦ ਨੰ: 28 ਦੀ 'ਰਹਾਉ' ਵਾਲੀ ਤੁਕ ਨੂੰ ਧਿਆਨ ਨਾਲ ਪੜ੍ਹੋ:

"ਮੇਰਾ ਮਨੁ ਮੰਦਰੀਆ ਨ ਬਜਾਵੈ ॥"

ਇੱਥੇ "ਮੰਦਰੀਆ" ਉਹੀ ਚੀਜ਼ ਹੈ ਜਿਸ ਨੂੰ ਸ਼ਬਦ ਨੰ: 18 ਦੇ ਬੰਦ ਨੰ: 2 ਵਿਚ "ਮੰਦਰੁ" ਆਖਿਆ ਹੈ। ਲਫ਼ਜ਼ "ਮੰਦਰੀਆ" ਦੇ ਨਾਲ ਇਹ ਭੀ ਸਾਫ਼ ਆਖਿਆ ਹੈ ਕਿ "ਅਬ ਮੋਹਿ ਨਾਚਨੋ ਨ ਆਵੈ। " ਨੱਚਣ ਦੇ ਨਾਲ ਕਿਸੇ ਢੋਲਕੀ ਦਾ ਜ਼ਿਕਰ ਹੈ। ਮਾਇਆ ਦੇ ਹੱਥਾਂ ਉੱਤੇ ਨੱਚਣਾ ਮੁੱਕ ਗਿਆ ਹੈ, ਮੋਹ ਦੀ ਢੋਲਕੀ ਵੱਜਣੀ ਬੰਦ ਹੋ ਗਈ। ਲਫ਼ਜ਼ 'ਮਾਂਦਲ', 'ਮੰਦਰ', 'ਮੰਦਰੀਆ' = ਇਹ ਸਾਰੇ ਇਕੋ ਹੀ ਲਫ਼ਜ਼ ਦੇ ਵਖੋ-ਵੱਖ ਸਰੂਪ ਹਨ। 'ਮਾਂਦਲ' ਦਾ ਅਰਥ ਹੈ 'ਢੋਲ'।

ਬੰਦ ਨੰ: 2 ਵਿਚ ਭੀ "ਬਜਾਵਨਹਾਰੋ" ਅਤੇ "ਮੰਦਰੁ" ਦਾ ਜ਼ਿਕਰ ਹੈ। ਦੋਹਾਂ ਸ਼ਬਦਾਂ ਵਿਚ ਸਾਂਝਾ ਖ਼ਿਆਲ ਹੈ ਕਿ ਮਨ ਨੇ ਮਾਇਆ ਦੇ ਹੱਥਾਂ ਉੱਤੇ ਨੱਚਣਾ ਛੱਡ ਕੇ ਮੋਹ ਦੀ ਢੋਲਕੀ ਵਜਾਣੀ ਬੰਦ ਕਰ ਦਿੱਤੀ ਹੈ।

ਇਹ ਸਾਰੀ ਵਿਚਾਰ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਇਸ ਸ਼ਬਦ ਵਿਚ ਜੋਗੀ ਦੇ ਮਰਨ ਤੇ ਕੋਈ ਅਫਸੋਸ ਆਦਿਕ ਨਹੀਂ ਕੀਤਾ ਗਿਆ। ਗਉੜੀ ਰਾਗ ਦੇ ਸ਼ਬਦ ਨੰ: 52 ਅਤੇ ਆਸਾ ਰਾਗ ਦੇ ਸ਼ਬਦ ਨੰ: 28 ਵਾਂਗ, ਇੱਥੇ ਭੀ ਮਨ ਦੀ ਸੁਧਰੀ ਹੋਈ ਹਾਲਤ ਦਾ ਜ਼ਿਕਰ ਹੈ।

ਪਦ ਅਰਥ: ਗਗਨ = ਅਕਾਸ਼, ਚਿਦਾਕਾਸ਼, ਚਿੱਤ-ਰੂਪ ਅਕਾਸ਼; ਦਿਮਾਗ਼, ਦਸਵਾਂ-ਦੁਆਰ। ਗਗਨ ਨਗਰਿ-ਗਗਨ-ਰੂਪ ਨਗਰ ਵਿਚ, ਦਸਵੇਂ ਦੁਆਰ-ਰੂਪ ਨਗਰ ਵਿਚ, ਦਿਮਾਗ਼ ਵਿਚ। ਇਕ ਬੂੰਦ = ਰਤਾ ਭੀ। ਨਾਦੁ = ਆਵਾਜ਼, ਰੌਲਾ, ਜ਼ੋਰ, ਮਾਇਆ ਦਾ ਰੌਲਾ, ਲੋਭ ਦਾ ਰੌਲਾ। ਨਾਦੁ ਜੁ = ਜੋ (ਚਿੱਤ ਵਿਚ) ਲੋਭਾਦਿਕ ਮਾਇਆ ਦਾ ਰੌਲਾ ਸੀ। ਕਹਾ ਸਮਾਨਾ = ਪਤਾ ਨਹੀਂ ਕਿੱਥੇ ਲੀਨ ਹੋ ਗਿਆ ਹੈ, ਕਿਤੇ ਮੁੱਕ ਹੀ ਗਿਆ ਹੈ। ਪਰਮ ਹੰਸੁ = ਸਭ ਤੋਂ ਉੱਚਾ ਹੰਸ, ਸਭ ਤੋਂ ਉੱਚਾ ਪਵਿੱਤਰ ਆਤਮਾ, ਪਰਮਾਤਮਾ। ਲੇ ਸਿਧਾਨਾ = ਲੈ ਕੇ ਚਲਾ ਗਿਆ ਹੈ, (ਉਸ 'ਨਾਦ' ਨੂੰ) ਲੈ ਗਿਆ ਹੈ (ਕਿਉਂਕਿ ਹੁਣ ਉਸ 'ਨਾਦ' ਦੀ ਇਕ ਬੂੰਦ ਭੀ 'ਗਗਨ ਨਗਰ' ਵਿਚ ਵਰ੍ਹਦੀ ਨਹੀਂ)।1।

ਬਾਬਾ = ਹੇ ਬਾਬਾ! ਹੇ ਭਾਈ! ਤੇ ਬੋਲਤੇ = ('ਨਾਦ' ਦੇ) ਉਹ ਬੋਲ, ਲੋਭਾਦਿਕ ਮਾਇਆ ਦੇ ਰੌਲੇ ਦੇ ਉਹ ਬੋਲ-ਬੁਲਾਰੇ। ਦੇਹੀ = ਸਰੀਰ। ਦੇਹੀ ਕੇ ਸੰਗਿ ਰਹਤੇ = ਜੋ 'ਬੋਲਤੇ' ਦੇਹੀ ਕੇ ਸੰਗਿ ਰਹਤੇ, ਜੋ ਬੋਲ-ਬੁਲਾਰੇ ਸਰੀਰ ਦੇ ਨਾਲ ਹੀ ਰਹਿੰਦੇ ਸਨ, ਜੋ ਖ਼ਿਆਲ ਸਰੀਰ ਸੰਬੰਧੀ ਹੀ ਬਣੇ ਰਹਿੰਦੇ ਸਨ। ਕਹਾ ਗਏ = ਪਤਾ ਨਹੀਂ ਕਿੱਥੇ ਚਲੇ ਗਏ ਹਨ, ਕਿਤੇ ਗੁੰਮ ਹੀ ਹੋ ਗਏ ਹਨ। ਜੋ = ਜੋ 'ਬੋਲਤੇ', ਜੋ ਬੋਲ-ਬਲਾਰੇ, ਜੋ ਫੁਰਨੇ। ਨਿਰਤੇ = ਨਾਚ। ਜੋ ਨਿਰਤੇ ਕਰਤੇ = ਮਾਇਆ ਦੇ ਜੋ ਫੁਰਨੇ ਸਦਾ ਨਾਚ ਕਰਦੇ ਰਹਿੰਦੇ ਸਨ। ਕਥਾ ਬਾਰਤਾ = ਗੱਲ-ਬਾਤ। ਕਥਾ ਬਾਰਤਾ ਕਹਤੇ = ਜੋ ਨਿਰੇ ਮਾਇਆ ਦੇ ਹੀ ਬੋਲ-ਬੁਲਾਰੇ ਸਨ, ਜੋ ਨਿਰੀਆਂ ਮਾਇਆ ਦੀਆਂ ਹੀ ਗੱਲਾਂ ਸਨ।1। ਰਹਾਉ।

ਜਿਨਿ = ਜਿਸ (ਮਨ) ਨੇ। ਮੰਦਰੁ = ਮਾਂਦਲ, ਢੋਲ, ਸਰੀਰ ਦੇ ਮੋਹ ਦਾ ਢੋਲ, ਦੇਹ-ਅਧਿਆਸ ਦਾ ਢੋਲ। ਜਿਨਿ ਮੰਦਰੁ ਕੀਨ੍ਹ੍ਹਾ = ਜਿਸ ਮਨ ਨੇ ਦੇਹ-ਅਧਿਆਸ ਦਾ ਢੋਲ ਬਣਾਇਆ ਹੋਇਆ ਸੀ। ਬਜਾਵਨਹਾਰੋ = ਵਜਾਣ ਵਾਲਾ, ਢੋਲ ਨੂੰ ਵਜਾਣ ਵਾਲਾ, ਦੇਹ-ਅਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ ਸਰੀਰ-ਦਾ-ਮੋਹ-ਰੂਪ ਢੋਲ ਵਜਾ ਰਿਹਾ ਸੀ। ਸਾਖੀ ਸਬਦੁ ਸੁਰਤਿ = (ਸਰੀਰਕ ਮੋਹ ਦੀ) ਕੋਈ ਗੱਲ ਕੋਈ ਬੋਲ ਕੋਈ ਫੁਰਨਾ। ਤੇਜੁ = (ਉਸ ਬਜਾਵਨਹਾਰ ਮਨ ਦਾ) ਤੇਜ-ਪ੍ਰਤਾਪ। ਖਿੰਚਿ ਲੀਨ੍ਹ੍ਹਾ = (ਪਾਰ-ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਨੇ) ਖਿੱਚ ਲਿਆ ਹੈ।2।

ਸੰਗਿ = (ਦੇਹੀ ਕੇ) ਸੰਗਿ, ਦੇਹ-ਅਧਿਆਸ ਦੇ ਨਾਲ, ਸਰੀਰਕ ਮੋਹ ਵਿਚ। ਬਿਕਲ = ਵਿਆਕੁਲ। ਤੇਰੇ ਸ੍ਰਵਨਨ = ਤੇਰੇ ਕੰਨਾਂ ਦਾ। ਇੰਦ੍ਰੀ = (ਭਾਵ,) ਕਾਮ-ਚੇਸ਼ਟਾ। ਚਰਨ = ਪੈਰ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਕਰ = ਹਥ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਬਾਤਾ = ਗੱਲ (ਸਰੀਰਕ ਮੋਹ ਦੀ)।3।

ਪੰਜ ਦੂਤ = ਕਾਮ ਆਦਿ ਪੰਜੇ ਵੈਰੀ। ਤਸਕਰ = ਚੋਰ (ਜੋ ਭਲੇ ਗੁਣਾਂ ਨੂੰ ਚੁਰਾਈ ਜਾ ਰਹੇ ਸਨ)। ਭ੍ਰਮ = ਭਟਕਣਾ। ਤੇ = ਤੋਂ। ਆਪ ਆਪਣੈ = ਆਪੋ ਆਪਣੀ। ਕੁੰਚਰ = ਹਾਥੀ। ਉਰੁ = ਹਿਰਦਾ, ਮਨ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਤੇਜੁ ਸੂਤੁ ਧਰਿ = (ਜਿਸ 'ਮਨ' ਅਤੇ 'ਉਰ' ਦਾ) ਤੇਜ ਸੂਤ ਧਾਰਨ ਕਰ ਕੇ। ਸੂਤੁ = ਧਾਗਾ, ਸੂਤਰ (ਨੋਟ: ਮਾਲਾ ਦੇ ਮਣਕਿਆਂ ਲਈ ਧਾਗਾ, ਮਾਨੋ, ਆਸਰਾ ਹੈ, ਜਿਸ ਦੀ ਰਾਹੀਂ ਮਣਕੇ ਮਾਲਾ ਵਿਚ ਟਿਕੇ ਰਹਿੰਦੇ ਹਨ) , ਆਸਰਾ। ਰਮਤੇ = ("ਪੰਚ ਦੂਤ") ਰਮਤੇ, (ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ।4।

ਮਿਰਤਕ = ਮੋਏ ਹੋਏ, ਦੇਹ-ਅਧਿਆਸ ਵਲੋਂ ਮੋਏ ਹੋਏ, ਸਰੀਰਕ ਮੋਹ ਵਲੋਂ ਮੋਏ ਹੋਏ। ਦਸੈ ਬੰਦ = ਦਸ ਇੰਦ੍ਰੇ। ਛੂਟੇ = ਢਿੱਲੇ ਹੋ ਗਏ, 'ਦੇਹੀ ਕੇ ਸੰਗ' ਤੋਂ ਛੁੱਟ ਗਏ, ਸਰੀਰਕ ਮੋਹ ਤੋਂ ਆਜ਼ਾਦ ਹੋ ਗਏ। ਮਿਤ੍ਰ ਭਾਈ = ਇੰਦ੍ਰਿਆਂ ਦੇ ਮਿੱਤਰ ਭਰਾ (ਆਸਾ ਤ੍ਰਿਸ਼ਨਾ ਆਦਿਕ ਵਿਕਾਰ)। ਜੀਵਤ = ਜੀਊਂਦਾ ਹੀ, ਇਸੇ ਸਰੀਰ ਵਿਚ। ਬੰਧਨ = ਦੇਹ-ਅਧਿਆਸ ਵਾਲੇ ਬੰਧਨ, ਸਰੀਰਕ ਮੋਹ ਦੇ ਜੰਜਾਲ।5।

ਨੋਟ: ਜਿਸ ਅਵਸਥਾ ਦਾ ਜ਼ਿਕਰ ਸਾਰੇ ਸ਼ਬਦ ਵਿਚ ਕੀਤਾ ਗਿਆ ਹੈ, ਉਸ ਨੂੰ ਸਮੁੱਚੇ ਤੌਰ ਤੇ ਅਖ਼ੀਰਲੀ ਤੁਕ ਵਿਚ ਇਉਂ ਬਿਆਨ ਕੀਤਾ ਹੈ "ਜੀਵਤ ਬੰਧਨ ਤੋਰੇ"।

ਅਰਥ: ਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ? ਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ = ਉਹ ਸਭ ਕਿਤੇ ਲੋਪ ਹੀ ਹੋ ਗਏ ਹਨ।1। ਰਹਾਉ।

ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ) ? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ। (ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ।1।

(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ। (ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ।2।

ਹੇ ਭਾਈ! ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ।3।

ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ ਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ।4।

(ਹੇ ਭਾਈ! ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।

ਕਬੀਰ ਆਖਦਾ ਹੈ– ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ।5। 5। 18।

ਆਸਾ ਇਕਤੁਕੇ ੪ ॥ ਸਰਪਨੀ ਤੇ ਊਪਰਿ ਨਹੀ ਬਲੀਆ ॥ ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥ ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥ ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥ ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥ ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥ ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥ ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ ਬਲੁ ਅਬਲੁ ਕਿਆ ਇਸ ਤੇ ਹੋਈ ॥੪॥ ਇਹ ਬਸਤੀ ਤਾ ਬਸਤ ਸਰੀਰਾ ॥ ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥ {ਪੰਨਾ 480}

ਪਦ ਅਰਥ: ਸਰਪਨੀ = ਸੱਪਣੀ, ਮੋਹ ਦਾ ਡੰਗ ਮਾਰਨ ਵਾਲੀ ਮਾਇਆ। ਤੇ ਉਪਰਿ = ਤੋਂ ਵਧੀਕ। ਜਿਨਿ = ਜਿਸ ਸੱਪਣੀ ਨੇ। ਮਹਾਦੇਉ = ਸ਼ਿਵ।1।

ਮਾਰੁ ਮਾਰੁ = ਮਾਰੋ-ਮਾਰ ਕਰਦੀ, ਬੜੇ ਜ਼ੋਰਾਂ ਵਿਚ ਆਈ ਹੋਈ। ਜਲਿ = ਜਲ ਵਿਚ। ਨਿਰਮਲ ਜਲਿ = ਪਵਿੱਤਰ ਜਲ ਵਿਚ, ਸ਼ਾਂਤ ਸਰ ਵਿਚ, ਸਤ-ਸੰਗ ਵਿਚ। ਪੈਠੀ = ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ। ਤ੍ਰਿਭਵਣੁ = ਸਾਰਾ ਸੰਸਾਰ। ਡੀਠੀ = ਦਿੱਸ ਪਈ ਹੈ।1। ਰਹਾਉ।

ਸ੍ਰਪਨੀ...ਭਾਈ = ਹੇ ਭਾਈ! ਸੱਪਣੀ ਤੋਂ ਇਤਨਾ ਕਿਉਂ ਡਰਦੇ ਹੋ? ਤਿਨਿ = ਉਸ ਮਨੁੱਖ ਨੇ। ਖਾਈ = ਖਾ ਲਈ, ਵੱਸ ਵਿਚ ਕਰ ਲਈ।2।

ਆਨ ਅਵਰਾ = ਕੋਈ ਹੋਰ, ਸੱਚ ਪਛਾਨਣ ਵਾਲੇ ਤੋਂ ਬਿਨਾ ਕੋਈ ਹੋਰ। ਛੂਛ = ਖ਼ਾਲੀ, ਸੱਖਣਾ, ਬਚਿਆ ਹੋਇਆ। ਸ੍ਰਪਨੀ ਤੇ ਛੂਛ = ਸੱਪਣੀ ਦੇ ਅਸਰ ਤੋਂ ਬਚਿਆ ਹੋਇਆ। ਜਮਰਾ = ਵਿਚਾਰਾ ਜਮ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ।3।

ਤਾ ਕੀ = ਉਸ (ਪਰਮਾਤਮਾ) ਦੀ। ਬਲੁ = ਜ਼ੋਰ, ਜਿੱਤ। ਅਬਲੁ = ਕਮਜ਼ੋਰੀ, ਹਾਰ।4।

ਇਹ ਬਸਤੀ = (ਜਿਤਨਾ ਚਿਰ) ਇਹ (ਸੱਪਣੀ ਮਨੁੱਖ ਦੇ ਮਨ ਵਿਚ) ਵੱਸਦੀ ਹੈ। ਸਰੀਰਾ = ਸਰੀਰਾਂ ਵਿਚ। ਸਹਜਿ = ਸਹਿਜ ਵਿਚ, ਸੱਪਣੀ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ।5।

ਅਰਥ: ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ, ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ।1।

ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ) , ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ।1। ਰਹਾਉ।

ਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ। ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ।2।

(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ। ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ।3।

ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ; ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ।4।

ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ। ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ।5।6। 19।

TOP OF PAGE

Sri Guru Granth Darpan, by Professor Sahib Singh