ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 481 ਆਸਾ ॥ ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ ॥ ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ ਕਊਆ ਕਹਾ ਕਪੂਰ ਚਰਾਏ ॥ ਕਹ ਬਿਸੀਅਰ ਕਉ ਦੂਧੁ ਪੀਆਏ ॥੨॥ ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥ {ਪੰਨਾ 481} ਪਦ ਅਰਥ: ਕਹਾ = ਕੀਹ ਲਾਭ? ਕੋਈ ਲਾਭ ਨਹੀਂ ਹੁੰਦਾ। ਸੁਆਨ = ਕੁੱਤਾ। ਸਾਕਤ = ਰੱਬ ਤੋਂ ਟੁੱਟਾ ਹੋਇਆ ਜੀਵ। ਪਹਿ = ਪਾਸ, ਕੋਲ।1। ਰਮੇ ਰਮਿ ਰਹੀਐ = ਸਦਾ ਸਿਮਰਦੇ ਰਹੀਏ। ਭੂਲਿ = ਭੁੱਲ ਕੇ, ਕਦੇ ਭੀ। ਕਹੀਐ = ਸਿਮਰਨ ਦਾ ਉਪਦੇਸ਼ ਕਰੀਏ।1। ਰਹਾਉ। ਕਪੂਰ = ਮੁਸ਼ਕ-ਕਾਫ਼ੂਰ। ਚਰਾਏ = ਖੁਆਇਆਂ। ਕਹ = ਕੀਹ ਲਾਭ? ਬਿਸੀਅਰ = ਸੱਪ।2। ਬਿਬੇਕ ਬੁਧਿ = ਚੰਗਾ-ਮੰਦਾ ਪਰਖਣ ਦੀ ਅਕਲ। ਪਰਸਿ = ਛੋਹ ਕੇ। ਕੰਚਨੁ = ਸੋਨਾ। ਸੋਈ = ਉਹੀ ਲੋਹਾ।3। ਧੁਰਿ = ਧੁਰ ਤੋਂ, ਮੁੱਢ ਤੋਂ, ਜੀਵ ਦੇ ਕੀਤੇ ਕਰਮਾਂ ਅਨੁਸਾਰ।4। ਨੀਮੁ = ਨਿੰਮ ਦਾ ਬੂਟਾ। ਸਿੰਚਾਈ = ਪਾਣੀ ਦੇਈਏ। ਉਆ ਕੋ = ਉਸ ਨਿੰਮ ਦੇ ਬੂਟੇ ਦਾ। ਸਹਜੁ = ਜਮਾਂਦਰੂ ਸੁਭਾਉ।5। ਅਰਥ: (ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ, ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ।1। (ਹੇ ਭਾਈ! ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ।1। ਰਹਾਉ। ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ, ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ)।2। ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ, ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ।3। ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ, ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ।4। ਕਬੀਰ ਆਖਦਾ ਹੈ– ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ, ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ।5।7। 20। ਸ਼ਬਦ ਦਾ ਭਾਵ = ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪੁਰਾਣੀਆਂ ਲੀਹਾਂ ਵਿਚ ਤੁਰਿਆ ਜਾ ਰਿਹਾ ਹੈ। ਸੋ, ਕਿਸੇ ਨੂੰ ਦਿੱਤੀ ਹੋਈ ਸਿੱਖਿਆ ਕੋਈ ਕਾਟ ਨਹੀਂ ਕਰਦੀ। ਪਰ, ਜੇ ਵਿਕਾਰੀ ਬੰਦਾ ਕਿਸੇ ਸਬੱਬ ਸਾਧ-ਸੰਗਤ ਵਿਚ ਆ ਜਾਏ, ਉੱਥੇ ਸਹਿਜੇ ਸਹਿਜੇ ਨਵੀਂ ਘਸਰ ਲੱਗਣ ਨਾਲ ਪੁਰਾਣੇ ਮੰਦੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਹਨ, ਤੇ ਆਖ਼ਰ ਮਨੁੱਖ ਸੁੱਧ ਸੋਨਾ ਬਣ ਜਾਂਦਾ ਹੈ। 20। ਆਸਾ ॥ ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ ॥੧॥ ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਿਹ ਰਾਵਨ ਘਰ ਦੀਆ ਨ ਬਾਤੀ ॥੨॥ ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥੩॥ ਗੁਰਮਤਿ ਰਾਮੈ ਨਾਮਿ ਬਸਾਈ ॥ ਅਸਥਿਰੁ ਰਹੈ ਨ ਕਤਹੂੰ ਜਾਈ ॥੪॥ ਕਹਤ ਕਬੀਰ ਸੁਨਹੁ ਰੇ ਲੋਈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ {ਪੰਨਾ 481} ਪਦ ਅਰਥ: ਸਾ = ਵਰਗਾ। ਸੀ = ਵਰਗੀ। ਕੋਟੁ = ਕਿਲ੍ਹਾ। ਖਾਈ = ਖ਼ਾਲੀ ਜੋ ਚੌੜੀ ਤੇ ਡੂੰਘੀ ਪੁੱਟ ਕੇ ਕਿਲ੍ਹਿਆਂ ਦੇ ਦੁਆਲੇ ਬਣਾਈ ਜਾਂਦੀ ਹੈ ਤੇ ਕਿਲ੍ਹੇ ਦੀ ਹਿਫ਼ਾਜ਼ਤ ਲਈ ਪਾਣੀ ਨਾਲ ਭਰੀ ਰੱਖੀਦੀ ਹੈ। ਘਰ ਖਬਰਿ = ਘਰ ਦੀ ਖ਼ਬਰ, ਘਰ ਦਾ ਨਾਮ-ਨਿਸ਼ਾਨ। ਨ ਪਾਈ = ਨਹੀਂ ਲੱਭਦਾ।1। ਮਾਗਉ = ਮੈਂ ਮੰਗਾਂ। ਦੇਖਤ ਨੈਨ = ਅੱਖੀ ਵੇਖਦਿਆਂ, ਸਾਡੇ ਸਾਹਮਣੇ। ਜਾਈ = ਜਾ ਰਿਹਾ ਹੈ, ਨਾਸ ਹੋ ਰਿਹਾ ਹੈ।1। ਰਹਾਉ। ਨਾਤੀ = ਪੋਤਰੇ। ਦੀਆ = ਦੀਵਾ। ਬਾਤੀ = ਵੱਟੀ।2। ਜਾ ਕੇ = ਜਿਸ ਦੇ ਘਰ। ਤਪਤ ਰਸੋਈ = ਰਸੋਈ ਤਪਾਉਂਦੇ ਹਨ, ਰੋਟੀ ਤਿਆਰ ਕਰਦੇ ਹਨ। ਬੈਸੰਤਰੁ = ਅੱਗ। ਧੋਈ = ਧੋਂਦਾ ਹੈ।3। ਨਾਮਿ = ਨਾਮ ਵਿਚ। ਨ ਕਤਹੂੰ = ਕਿਤੇ ਹੋਰਥੈ ਨਹੀਂ।4। ਰੇ ਲੋਈ = ਹੇ ਲੋਕ! ਹੇ ਜਗਤ! {ਨੋਟ: ਲਫ਼ਜ਼ 'ਰੇ' ਪੁਲਿੰਗ ਹੈ, ਇਸ ਵਾਸਤੇ ਲਫ਼ਜ਼ 'ਲੋਈ' ਭੀ ਪੁਲਿੰਗ ਹੀ ਹੈ। ਵੇਖੋ ਇਸੇ ਹੀ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: 35}। ਮੁਕਤਿ = ਜਗਤ ਦੀ ਮਾਇਆ ਦੇ ਮੋਹ ਤੋਂ ਖ਼ਲਾਸੀ।5। ਅਰਥ: ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ; ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ।1। ਰਹਾਉ। ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ, ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ।1। ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ) , ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ।2। (ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ, ਜਿਸ ਦੇ ਕੱਪੜੇ ਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ)।3। (ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ, ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ।4। ਕਬੀਰ ਆਖਦਾ ਹੈ– ਸੁਣੋ, ਹੇ ਜਗਤ ਦੇ ਲੋਕੋ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ)।5।8। 21। ਨੋਟ: ਲੋਕਾਂ ਦੇ ਜੋ ਆਮ ਖ਼ਿਆਲ ਰਾਵਣ ਦੇ ਵਡੱਪਣ ਬਾਬਤ ਬਣੇ ਹੋਏ ਸਨ, ਉਹਨਾਂ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਜੋ ਰਾਵਣ ਤੁਹਾਡੇ ਖ਼ਿਆਲ ਅਨੁਸਾਰ ਇਤਨਾ ਬਲੀ, ਧਨੀ ਤੇ ਪਰਵਾਰ ਵਾਲਾ ਸੀ, ਉਸ ਦਾ ਭੀ ਹੁਣ ਕਿਤੇ ਨਾਮ-ਨਿਸ਼ਾਨ ਨਹੀਂ ਰਹਿ ਗਿਆ। ਰਾਵਣ ਦੇ ਇਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰੇ ਸਚਮੁਚ ਹੈਸਨ ਜਾਂ ਨਹੀਂ, ਕਬੀਰ ਜੀ ਨੂੰ ਇਸ ਨਾਲ ਕੋਈ ਗ਼ਰਜ਼ ਨਹੀਂ ਹੈ। ਆਸਾ ॥ ਪਹਿਲਾ ਪੂਤੁ ਪਿਛੈਰੀ ਮਾਈ ॥ ਗੁਰੁ ਲਾਗੋ ਚੇਲੇ ਕੀ ਪਾਈ ॥੧॥ ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ ਜਲ ਕੀ ਮਛੁਲੀ ਤਰਵਰਿ ਬਿਆਈ ॥ ਦੇਖਤ ਕੁਤਰਾ ਲੈ ਗਈ ਬਿਲਾਈ ॥੨॥ ਤਲੈ ਰੇ ਬੈਸਾ ਊਪਰਿ ਸੂਲਾ ॥ ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ ਘੋਰੈ ਚਰਿ ਭੈਸ ਚਰਾਵਨ ਜਾਈ ॥ ਬਾਹਰਿ ਬੈਲੁ ਗੋਨਿ ਘਰਿ ਆਈ ॥੪॥ ਕਹਤ ਕਬੀਰ ਜੁ ਇਸ ਪਦ ਬੂਝੈ ॥ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ ਬਾਈਸ ਚਉਪਦੇ ਤਥਾ ਪੰਚਪਦੇ {ਪੰਨਾ 481} ਪਦ ਅਰਥ: ਪਹਿਲਾ = ਪਹਿਲਾਂ। ਪੂਤੁ = ਪਵਿੱਤਰ (ਪ੍ਰਭੂ ਦੀ ਅੰਸ) ਸੀ। ਮਾਈ = ਮਾਇਆ ਵੀ, ਮਾਇਆ ਦੇ ਅਸਰ ਵਾਲਾ। ਗੁਰੁ = ਜੀਵ (ਜੋ ਵੱਡੇ ਅਸਲੇ ਵਾਲਾ ਸੀ)। ਚੇਲੇ ਕੀ ਪਾਈ = ਮਨ-ਰੂਪ ਚੇਲੇ ਦੀ ਪੈਰੀਂ।1। ਸਿੰਘੁ = ਸ਼ੇਰ, ਨਿਡਰ ਅਸਲੇ ਵਾਲਾ ਜੀਵ। ਗਾਈ = ਗਾਈਆਂ, ਇੰਦ੍ਰੀਆਂ। ਚਰਾਵਤ = ਚਾਰ ਰਿਹਾ ਹੈ, ਸੰਤੁਸ਼ਟ ਕਰ ਰਿਹਾ ਹੈ।1। ਰਹਾਉ। ਜਲ ਕੀ ਮਛੁਲੀ = ਪਾਣੀ ਦੇ ਆਸਰੇ ਜੀਊਣ ਵਾਲੀ ਮੱਛੀ, ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ। ਤਰਵਰਿ = ਰੁੱਖ ਉੱਤੇ, ਇਸ ਸੰਸਾਰ ਵਿਚ ਜਿੱਥੇ ਵਸੇਬਾ ਇਉਂ ਹੀ ਹੈ ਜਿਵੇਂ ਪੰਛੀਆਂ ਦਾ ਰੁੱਖ ਉੱਤੇ। ਬਿਆਈ = ਸੂ ਪਈ, ਰੁੱਝ ਗਈ। ਕੁਤਰਾ = ਕਤੂਰੇ ਨੂੰ, ਸੰਤੋਖ ਨੂੰ {ਨੋਟ: ਕੁੱਤੇ ਦਾ ਸੰਤੋਖ ਵਾਲਾ ਸੁਭਾਵ ਪ੍ਰਸਿੱਧ ਹੈ}। ਬਿਲਾਈ = ਬਿੱਲੀ, ਤ੍ਰਿਸ਼ਨਾ।2। ਰੇ = ਹੇ ਭਾਈ! ਤਲੈ = ਹੇਠਲੇ ਪਾਸੇ। ਬੈਸਾ = ਟਹਿਣੀਆਂ, ਸ਼ਾਖਾਂ (ਰਾਜਪੁਰੇ ਅੰਬਾਲੇ ਵਲ ਦੀ ਬੋਲੀ)। ਬੈਸਾ ਤਲੈ = ਟਹਿਣੀਆਂ (ਆਪਣੇ ਪੈਰਾਂ ਦੇ) ਹੇਠ ਕਰ ਲਈਆਂ, ਸੰਸਾਰਕ ਪਸਾਰੇ ਨੂੰ ਆਸਰਾ ਬਣਾ ਲਿਆ। ਸੂਲਾ = ਸੂਲ, ਮੁੱਢ, ਅਸਲੀ ਮੂਲ-ਪ੍ਰਭੂ। ਊਪਰਿ = ਉਤਾਂਹ, ਬਾਹਰ ਕੱਢ ਦਿੱਤਾ। ਪੇਡਿ = ਤਨ ਉੱਤੇ।3। ਚਰਿ = ਚੜ੍ਹ ਕੇ। ਘੋਰੈ = ਮਨ-ਘੋੜੇ ਉੱਤੇ। ਭੈਸ = ਮੱਝਾਂ, ਵਾਸ਼ਨਾ। ਬੈਲੁ = ਬਲਦ (ਦਾ ਧੀਰਜ ਵਾਲਾ ਸੁਭਾਉ)। ਗੋਨਿ = (ਤ੍ਰਿਸ਼ਨਾ ਦੀ) ਛੱਟ। ਘਰਿ = ਹਿਰਦੇ-ਘਰ ਵਿਚ।4। ਪਦ = ਅਵਸਥਾ। ਬੂਝੈ = ਸਮਝ ਲਏ।4। ਅਰਥ: ਹੇ ਭਾਈ! ਸੁਣੋ ਇਕ ਅਚਰਜ ਖੇਡ (ਜੋ ਜਗਤ ਵਿਚ ਵਰਤ ਰਹੀ ਹੈ) ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦ੍ਰਿਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਮਾਨੋ, ਸ਼ੇਰ ਗਾਈਆਂ ਚਾਰਦਾ ਫਿਰਦਾ ਹੈ।1। ਰਹਾਉ। ਇਹ ਜੀਵਾਤਮਾ ਤਾਂ ਪਵਿੱਤਰ (ਪਰਮਾਤਮਾ ਦੀ ਅੰਸ) ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ, ਤੇ ਵੱਡੇ ਅਸਲੇ ਵਾਲਾ ਜੀਵ (ਆਪਣੇ ਹੀ ਬਣਾਏ ਹੋਏ) ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ (ਭਾਵ, ਮਨ ਦੇ ਪਿੱਛੇ ਤੁਰਨ ਲੱਗ ਪਿਆ)।1। ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿਚ ਰੁੱਝ ਗਈ ਹੈ, ਤ੍ਰਿਸ਼ਨਾ-ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ।2। ਹੇ ਭਾਈ! ਇਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ-ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ। ਹੁਣ ਇਹੋ ਜਿਹੇ (ਜੀਵ-ਰੁੱਖ) ਦੇ ਪੇੜ ਨੂੰ ਫੁੱਲ ਫਲ ਭੀ ਅਜਿਹੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ।3। (ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ) ਵਾਸ਼ਨਾ-ਭੈਂਸ ਮਨ-ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ। (ਹੁਣ ਹਾਲਤ ਇਹ ਬਣ ਗਈ ਹੈ ਕਿ) ਧੀਰਜ-ਰੂਪ ਬਲਦ ਬਾਹਰ ਨਿਕਲ ਗਿਆ ਹੈ (ਭਾਵ, ਧੀਰਜ ਨਹੀਂ ਰਹਿ ਗਈ) , ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ।4। ਕਬੀਰ ਆਖਦਾ ਹੈ– ਜੋ ਮਨੁੱਖ ਇਸ (ਵਾਪਰਨ ਵਾਲੀ) ਹਾਲਤ ਨੂੰ ਸਮਝ ਲੈਂਦਾ ਹੈ, ਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ (ਤੇ, ਉਹ ਇਸ ਤ੍ਰਿਸ਼ਨਾ-ਜਾਲ ਵਿਚ ਨਹੀਂ ਫਸਦਾ)।5।9। 22। ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ੴ ਸਤਿਗੁਰ ਪ੍ਰਸਾਦਿ ॥ ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥ ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥ {ਪੰਨਾ 481} ਪਦ ਅਰਥ: ਬਿੰਦੁ ਤੇ = ਬਿੰਦ ਤੋਂ, ਇਕ ਬੂੰਦ ਤੋਂ। ਜਿਨਿ = ਜਿਸ (ਪ੍ਰਭੂ) ਨੇ। ਪਿੰਡੁ = ਸਰੀਰ। ਅਗਨਿ ਕੁੰਡ = ਅੱਗ ਦੇ ਕੁੰਡ ਵਿਚ। ਰਹਾਇਆ = ਰੱਖਿਆ; ਬਚਾ ਰੱਖਿਆ। ਮਾਸ = ਮਹੀਨੇ। ਮਾਤਾ ਉਦਰਿ = ਮਾਂ ਦੇ ਪੇਟ ਵਿਚ। ਬਹੁਰਿ = ਮੁੜ, ਉਸ ਤੋਂ ਪਿੱਛੋਂ (ਭਾਵ, ਜਨਮ ਲੈਣ ਤੇ)। ਲਾਗੀ = ਆ ਦਬਾਇਆ।1। ਕਾਹੇ ਕਉ = ਕਿਸ ਵਾਸਤੇ, ਕਿਉਂ? ਲੋਭਿ = ਲੋਭ ਵਿਚ। ਖੋਇਆ = ਗਵਾ ਲਿਆ ਹੈ। ਪੂਰਬ = ਪਿਛਲਾ। ਭੂਮਿ = ਧਰਤੀ (ਸਰੀਰ-ਰੂਪ)। ਜਨਮਿ = ਜਨਮ ਵਿਚ।1। ਰਹਾਉ। ਬਿਰਧਿ = ਬੁੱਢਾ। ਹੋਨਾ ਸੋ ਹੋਇਆ = ਬੀਤਿਆ ਸਮਾ ਮੁੜ ਹੱਥ ਨਹੀਂ ਆਉਂਦਾ। ਝੋਟ = ਜੂੜਾ, ਕੇਸ। ਤਬਹਿ = ਤਦੋਂ।2। ਨਿਹਾਰੈ = ਤੱਕਦਾ ਹੈ। ਸਾਸਾ = ਸਾਹ। ਬਾਜੀਗਰੀ = ਨਟ ਦੀ ਖੇਡ। ਚੇਤਿ = ਯਾਦ ਕਰ, ਪ੍ਰਭੂ ਦੀ ਬੰਦਗੀ ਕਰ। ਢਾਲਿ ਪਾਸਾ = ਪਾਸਾ ਸੁੱਟ।3। ਅਰਥ: ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ, ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ।1। ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ? ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ?।1। ਰਹਾਉ। ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ। ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ?।2। (ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ। ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ)।3।1। 23। |
Sri Guru Granth Darpan, by Professor Sahib Singh |