ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 482 ਆਸਾ ॥ ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥ ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥ ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥ ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥ ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥ ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥ {ਪੰਨਾ 482} ਪਦ ਅਰਥ: ਰੈਨੀ = ਕੱਪੜੇ ਰੰਗਣ ਵਾਲੀ ਮੱਟੀ। ਪੁਨ = ਭਲੇ ਗੁਣਾਂ ਨਾਲ, ਪੁੰਨਾਂ ਨਾਲ {ਨੋਟ: ਲਫ਼ਜ਼ 'ਪੁਨਰਪਿ' ਇਕੱਠਾ ਇਕ ਲਫ਼ਜ਼ ਦੀ ਸ਼ਕਲ ਵਿਚ ਕਈ ਵਾਰੀ ਆਇਆ ਹੈ, ਇਹ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦਾ ਜੋੜ ਹੈ : "ਪੁਨ:+ਅਪਿ"। ਪੁਨ: (ਪੁਨਹ) = ਮੁੜ, ਫਿਰ। ਅਪਿ = ਭੀ। ਪਰ ਇੱਥੇ ਇਸ ਸ਼ਬਦ ਵਿਚ ਇਹ ਇੱਕੋ ਲਫ਼ਜ਼ ਨਹੀਂ ਹੈ। ਇੱਥੇ ਮਨ ਨੂੰ ਰੰਗਣ ਦਾ ਜ਼ਿਕਰ ਹੈ, ਅਤੇ ਰੰਗਣ ਵਾਸਤੇ ਲਫ਼ਜ਼ ਹੈ "ਰਪਿ"। 'ਪੁਨ' ਦਾ ਅਰਥ 'ਫਿਰ' ਮੁੜ' ਨਹੀਂ ਹੋ ਸਕਦਾ। ਇਸ ਅਰਥ ਵਿਚ ਲਫ਼ਜ਼ ਦਾ ਜੋੜ 'ਪੁਨਿ' ਹੀ ਸਦਾ ਆਵੇਗਾ, ਵੇਖੋ 'ਰਾਗ ਮਾਲਾ'। ਗੁਰਬਾਣੀ ਵਿਚ ਲਫ਼ਜ਼ 'ਪੁਨਹ' ਹੈ ਜਾਂ 'ਫੁਨਿ'। ਸੋ, ਲਫ਼ਜ਼ 'ਪੁਨ' ਇਹਨਾਂ ਤੋਂ ਵੱਖਰਾ ਲਫ਼ਜ਼ ਹੈ– "ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ"; ਇਥੇ ਲਫ਼ਜ਼ 'ਪੁਨੁ' ਇਕ-ਵਚਨ ਹੈ, ਇਸ ਦਾ ਬਹੁ-ਵਚਨ ਹੈ 'ਪੁਨ'}। ਰਪਿ ਕਰਿ ਹਉ = ਮੈਂ ਰੰਗ ਲਵਾਂਗੀ। ਪਾਚਉ ਤਤ = ਪੰਜਾਂ ਤੱਤਾਂ ਦੇ ਦੈਵੀ ਗੁਣ ("ਜਿਤੁ ਕਾਰਜਿ ਸਤੁ ਸੰਤੋਖ ਦਇਆ ਧਰਮੁ ਹੈ" = ਆਸਾ ਮਹਲਾ 1) , ਦਇਆ ਧਰਮ ਆਦਿਕ ਗੁਣ। ਬਰਾਤੀ = ਮੇਲੀ। ਸਿਉ = ਨਾਲ। ਭਾਵਰਿ = ਫੇਰੇ, ਲਾਵਾਂ। ਲੈ ਹਉ = ਮੈਂ ਲਵਾਂਗੀ। ਤਿਹ ਰੰਗਿ ਰਾਤੀ = ਉਸ ਪਤੀ ਦੇ ਪਿਆਰ ਨਾਲ ਰੰਗੀ ਹੋਈ।1। ਦੁਲਹਨੀ = ਹੇ ਨਵੀਓਂ ਵਹੁਟੀਓ! ਮੰਗਲਚਾਰਾ = ਸ਼ਗਨਾਂ ਦੇ ਗੀਤ, ਸੁਹਾਗ। ਰੀ = ਹੇ! ਲਫ਼ਜ਼ 'ਦੁਲਹਨੀ' ਇਸਤ੍ਰੀ-ਲਿੰਗ ਹੈ, ਇਸ ਵਾਸਤੇ 'ਰੀ' ਵਰਤਿਆ ਹੈ, ਵੇਖੋ ਸ਼ਬਦ "ਕਰਵਤੁ ਭਲਾ......" ਵਿਚ 'ਰੇ ਲੋਈ!'।1। ਰਹਾਉ। ਨਾਭਿ = ਧੁੰਨੀ, ਜਿਥੋਂ ਤਕ ਸਾਹ ਲੈਣ ਲੱਗਿਆਂ ਪ੍ਰਾਣ (ਹਵਾ) ਅੱਪੜਦੇ ਮੰਨੇ ਗਏ ਹਨ। ਬੇਦੀ = ਵੇਦੀ, ਚਾਰ ਡੰਡੇ ਚੌਰਸ ਥਾਂ ਦੀਆਂ ਨੁੱਕਰਾਂ ਵਿਚ ਗੱਡ ਕੇ ਇਸ ਵਿਚ ਦੋ ਟੋਕਰੇ (ਖਾਰੇ) ਮੂਧੇ ਰੱਖ ਕੇ ਉਹਨਾਂ ਉੱਤੇ ਵਿਆਹ ਵੇਲੇ ਕੁੜੀ ਮੁੰਡੇ ਨੂੰ ਬਿਠਾਉਂਦੇ ਹਨ। ਨਾਭਿ...ਲੇ = ਮੈਂ ਆਪਣੀ ਧੁੰਨੀ-ਰੂਪ ਕੌਲ ਫੁੱਲ ਵਿਚ ਵੇਦੀ ਗੱਡ ਲਈ ਹੈ; ਮੈਂ ਸੁਆਸ ਸੁਆਸ ਦੀ ਰਾਹੀਂ ਆਪਣੀ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜ ਲਈ ਹੈ– ਇਹ ਮੇਰੇ ਵਿਆਹ ਦੀ ਵੇਦੀ ਬਣੀ ਹੈ। ਬ੍ਰਹਮ ਗਿਆਨ = ਪਰਮਾਤਮਾ ਦੀ ਜਾਣ-ਪਛਾਣ ਗੁਰੂ ਦਾ ਸ਼ਬਦ ਜੋ ਪਰਮਾਤਮਾ ਦੀ ਜਾਣ-ਪਛਾਣ ਕਰਾਉਂਦਾ ਹੈ। ਉਚਾਰਾ = (ਇਹ ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ। ਸੋ = ਵਰਗਾ। ਦੂਲਹੁ = ਲਾੜਾ। ਅਸ ਬਡ = ਅਜਿਹੇ ਵੱਡੇ। ਭਾਗ = ਕਿਸਮਤ।2। ਕੋਟਿ ਤੇਤੀਸ = ਤੇਤੀ ਕ੍ਰੋੜ। ਉਜਾਨਾਂ = {Skt. ਉਦ+ਯਾਨ} ਬਿਬਾਣ। ਸੁਰਿ ਨਰ = ਦੈਵੀ ਗੁਣਾਂ ਵਾਲੇ ਬੰਦੇ। ਆਏ ਉਜਾਨਾਂ = ਬਿਬਾਣਾਂ ਵਿਚ ਚੜ੍ਹ ਕੇ ਆਏ ਹਨ, ਉੱਚੀਆਂ ਉਡਾਰੀਆਂ ਲਾਉਣ ਵਾਲੇ ਆਏ ਹਨ, ਪ੍ਰਭੂ ਚਰਨਾਂ ਵਿਚ ਜੁੜਨ ਵਾਲੇ ਆਏ ਹਨ। ਸੁਰਿ ਨਰ, ਮੁਨਿ ਜਨ, ਕੋਟਿ ਤੇਤੀਸ = ਸਤਸੰਗੀ। ਪੁਰਖ = ਖਸਮ। ਕਉਤਕ = ਕਾਰਜ, ਵਿਆਹ ਦੀ ਰਸਮ।3। ਅਰਥ: ਹੇ ਨਵੀਓਂ ਵਹੁਟੀਓ! (ਪ੍ਰਭੂ-ਪ੍ਰੀਤ ਵਿਚ ਰੰਗੇ ਹੋਏ ਗਿਆਨ-ਇੰਦ੍ਰਿਓ!) ਤੁਸੀ ਮੁੜ ਮੁੜ ਸੁਹਾਗ ਦੇ ਗੀਤ ਗਾਓ, (ਕਿਉਂਕਿ) ਮੇਰੇ (ਹਿਰਦੇ-) ਘਰ ਵਿਚ ਮੇਰਾ ਪਤੀ (ਜਗਤ ਦਾ) ਮਾਲਕ-ਪਰਮਾਤਮਾ ਆਇਆ ਹੈ।1। ਰਹਾਉ। ਮੈਂ ਆਪਣੇ ਸਰੀਰ ਨੂੰ (ਆਪਣਾ ਮਨ ਰੰਗਣ ਲਈ) ਰੰਗਣ ਵਾਲਾ ਭਾਂਡਾ ਬਣਾਇਆ ਹੈ, (ਭਾਵ, ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ)। ਮਨ ਨੂੰ ਮੈਂ ਭਲੇ ਗੁਣਾਂ (ਦੇ ਰੰਗ) ਨਾਲ ਰੰਗਿਆ ਹੈ, (ਇਸ ਕੰਮ ਵਿਚ ਸਹਾਇਤਾ ਕਰਨ ਲਈ) ਦਇਆ ਧਰਮ ਆਦਿਕ ਦੈਵੀ ਗੁਣਾਂ ਨੂੰ ਮੈਂ ਮੇਲੀ (ਜਾਂਞੀ) ਬਣਾਇਆ ਹੈ। ਹੁਣ ਮੈਂ ਜਗਤ-ਪਤੀ ਪਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ, ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿਚ ਰੰਗਿਆ ਗਿਆ ਹੈ।1। ਸੁਆਸ ਸੁਆਸ ਉਸ ਦੀ ਯਾਦ ਵਿਚ ਗੁਜ਼ਾਰਨ ਨੂੰ ਮੈਂ (ਵਿਆਹ ਲਈ) ਵੇਦੀ ਬਣਾ ਲਿਆ ਹੈ, ਸਤਿਗੁਰੂ ਦਾ ਸ਼ਬਦ ਜੋ ਪ੍ਰਭੂ-ਪਤੀ ਨਾਲ ਜਾਣ-ਪਛਾਣ ਕਰਾਉਂਦਾ ਹੈ (ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ। ਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ।2। ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਣ ਵਾਲੇ ਮੇਰੇ ਸਤਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ। ਕਬੀਰ ਆਖਦਾ ਹੈ– ਮੈਨੂੰ ਹੁਣ ਇਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ।3।2। 24। ਨੋਟ: ਇਸ ਸ਼ਬਦ ਵਿਚ ਕਬੀਰ ਜੀ ਨੇ ਕਈ ਗੱਲਾਂ ਇਸ਼ਾਰੇ-ਮਾਤ੍ਰ ਆਖੀਆਂ ਹਨ; ਜਿਵੇਂ, ਪ੍ਰਭੂ-ਪਤੀ ਦੀ ਮਿਹਰ, ਤੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ। ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਗੂੜ ਖ਼ਿਆਲਾਂ ਨੂੰ ਸਪੱਸ਼ਟ ਲਫ਼ਜ਼ਾਂ ਵਿਚ ਦੱਸ ਦਿੱਤਾ ਹੈ। "ਪਾਚਉ ਤਤ ਬਰਾਤੀ" ਵਿਚ ਭੀ ਸਿਰਫ਼ ਰਮਜ਼ ਹੀ ਦਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ– "ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ" ਇਸ ਵਿਆਹ-ਕਾਜ ਲਈ ਸਤ ਸੰਤੋਖ ਦਇਆ ਧਰਮ ਦੀ ਲੋੜ ਪੈਂਦੀ ਹੈ)। ਉਹ ਸ਼ਬਦ ਇਸੇ ਹੀ ਰਾਗ ਵਿਚ ਇਉਂ ਹੈ: ਆਸਾ ਮਹਲਾ 1 ॥ ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ ਖੇਲੁ ਦੇਖਿ ਮਨਿ ਅਨਦੁ ਭਇਆ, ਸਹੁ ਵੀਆਹਣ ਆਇਆ ॥1॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥1॥ਰਹਾਉ॥ ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ, ਆਪੁ ਗਇਆ ਮਨੁ ਮਾਨਿਆ ॥2॥ ਆਪਣਾ ਕਾਰਜੁ ਆਪਿ ਸਵਾਰੇ, ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ, ਗੁਰਮੁਖਿ ਬੂਝੈ ਕੋਈ ॥3॥ ਭਨਤਿ ਨਾਨਕੁ, ਸਭਨਾ ਕਾ ਪਿਰੁ ਏਕੋ ਸੋਇ ॥ ਜਿਸ ਨੋ ਨਦਰਿ ਕਰੇ, ਸਾ ਸੋਹਾਗਣਿ ਹੋਇ ॥4॥10॥ ਦੋਹਾਂ ਸ਼ਬਦਾਂ ਦੀਆਂ 'ਰਹਾਉ' ਦੀਆਂ ਤੁਕਾਂ ਪੜ੍ਹ ਕੇ ਵੇਖੋ। ਸਾਫ਼ ਜਾਪਦਾ ਹੈ ਕਿ ਇਹ ਸ਼ਬਦ ਉਚਾਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪਾਸ ਭਗਤ ਕਬੀਰ ਜੀ ਦਾ ਇਹ ਸ਼ਬਦ ਮੌਜੂਦ ਹੈ। ਤੇ, ਜੋ ਜੋ ਰੱਬੀ ਰਾਹ ਦੀਆਂ ਗੱਲਾਂ ਉਹਨਾਂ ਇਸ਼ਾਰੇ ਨਾਲ ਆਖੀਆਂ ਹਨ, ਸਤਿਗੁਰੂ ਜੀ ਨੇ ਵਿਸਥਾਰ ਨਾਲ ਦੱਸ ਦਿੱਤੀਆਂ ਹਨ। ਦੋਵੇਂ ਸ਼ਬਦ ਇਕੋ ਹੀ ਰਾਗ ਵਿਚ ਹਨ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸਤਿਗੁਰੂ ਜੀ ਕਬੀਰ ਜੀ ਦੇ ਇਸ ਸ਼ਬਦ ਨੂੰ ਆਪਣੀ ਬਾਣੀ ਦੇ ਨਾਲ ਸਾਂਭ ਕੇ ਰੱਖਣਾ ਚਾਹੁੰਦੇ ਸਨ। ਆਸਾ ॥ ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥ ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥ ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥ ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥ ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥ ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥ ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥ ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥ {ਪੰਨਾ 482} ਪਦ ਅਰਥ: ਸਾਸੁ = ਸੱਸ, ਅਵਿੱਦਿਆ, ਮਾਇਆ। ਸਸੁਰ = ਸਹੁਰਾ, ਦੇਹ-ਅੱਧਿਆਸ, ਸਰੀਰ ਦਾ ਮੋਹ। ਜੇਠ = (ਭਾਵ,) ਮੌਤ। ਜੇਠ ਕੇ ਨਾਮਿ = ਮੌਤ ਦੇ ਨਾਮ ਤੋਂ, ਮੌਤ ਦਾ ਨਾਮ ਸੁਣ ਕੇ ਹੀ। ਰੇ = ਹੇ ਵੀਰ! ਡਰਉ = ਮੈਂ ਡਰਦੀ ਹਾਂ। ਨਨਦ = ਨਿਨਾਣਾਂ ਨੇ, ਇੰਦ੍ਰੀਆਂ ਨੇ। ਗਹੇਲੀ = ਗਹਿ ਲਈ ਹਾਂ, ਮੈਨੂੰ ਫੜ ਲਿਆ ਹੈ। ਬਿਰਹਿ = ਵਿਛੋੜੇ ਵਿਚ। ਜਰਉ = ਜਰਉਂ, ਮੈਂ ਸੜ ਰਹੀ ਹਾਂ।1। ਬਉਰੀ = ਕਮਲੀ। ਰਹਨਿ ਰਹਉ = ਜ਼ਿੰਦਗੀ ਗੁਜ਼ਾਰਾਂ। ਰਮਤੁ = ਖੇਡਦਾ ਹੈ, ਵੱਸਦਾ ਹੈ। ਨੈਨ = ਅੱਖਾਂ ਨਾਲ। ਨਹੀ ਪੇਖਉ = ਮੈਂ ਨਹੀਂ ਵੇਖ ਸਕਦੀ। ਕਾ ਸਿਉ = ਕਿਸ ਨੂੰ?।1। ਰਹਾਉ। ਬਾਪੁ = {Skt. vpus` = body} ਸਰੀਰ। ਸਾਵਕਾ = {Skt. s = to be born} ਨਾਲ ਜੰਮਿਆ ਹੋਇਆ। ਮਤਵਾਰੀ = ਮਤਵਾਲੀ, ਝੱਲੀ। ਸਦ = ਸਦਾ। ਸੰਗਿ = ਨਾਲ। ਬਡੇ ਭਾਈ ਕੈ ਸੰਗਿ = ਵੱਡੇ ਭਰਾ (ਗਿਆਨ) ਨਾਲ। ਜਬ ਹੋਤੀ = ਜਦੋਂ ਮੈਂ ਹੁੰਦੀ ਸਾਂ, ਮਾਂ ਦੇ ਪੇਟ ਵਿਚ ਜਦੋਂ ਵੱਡੇ ਭਰਾ ਨਾਲ ਸਾਂ। ਤਬ = ਤਦੋਂ। ਹਉ = ਮੈਂ। ਨਾਹ = ਖਸਮ।2। ਪੰਚ ਕੋ = ਪੰਜ ਕਾਮਾਦਿਕਾਂ ਦਾ। ਬਾਧਿਆ = ਬੱਝਾ ਹੋਇਆ।3। ਅਰਥ: ਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ? ਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ।1। ਰਹਾਉ। ਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ)। ਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ।1। ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ) , ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ। ਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ।2। ਕਬੀਰ ਆਖਦਾ ਹੈ– (ਬੱਸ! ਇਸੇ ਤਰ੍ਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ। ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ। ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ।3। ਨੋਟ: ਕਵਿਤਾ ਦੇ ਦ੍ਰਿਸ਼ਟੀਕੋਣ ਤੋਂ, ਇਹ ਸ਼ਬਦ ਪੜ੍ਹਨ ਵਾਲੇ ਦੇ ਦਿਲ ਨੂੰ ਡੂੰਘੀ ਧ੍ਰੂਰ ਪਾਂਦਾ ਹੈ। ਮਾਇਆ-ਵੇੜ੍ਹੀ ਜਿੰਦ ਦੀ ਇਹ ਇਕ ਬੜੀ ਦਰਦਨਾਕ ਕਹਾਣੀ ਹੈ। ਦਰਦਾਂ ਦੇ ਮਹਿਰਮ ਸਤਿਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਤੋਂ ਇਹ ਸ਼ਬਦ ਭਲਾ ਕਿਵੇਂ ਖੁੰਝ ਸਕਦਾ ਸੀ? ਸਾਰੀ ਦਰਦਨਾਕ ਕਹਾਣੀ ਦੇ ਅਖ਼ੀਰ ਤੇ ਅੱਪੜ ਕੇ ਹੀ ਅੱਧੀ ਤੁਕ ਵਿਚ "ਸੁਖ" ਦਾ ਸਾਹ ਆਉਂਦਾ ਹੈ। ਇਤਨੀ ਵੱਡੀ ਦਰਦਨਾਕ ਕਹਾਣੀ ਦਾ ਇਲਾਜ ਕਬੀਰ ਜੀ ਨੇ ਤਾਂ ਇਕ ਰਮਜ਼ ਜਿਹੀ ਵਿਚ ਹੀ ਦੱਸ ਕੇ ('ਰਾਮ ਰਮਤ' ਆਖ ਕੇ) ਬੱਸ ਕਰ ਦਿੱਤੀ; ਪਰ ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਲਾਜ ਨੂੰ ਪਰਹੇਜ਼ ਸਮੇਤ ਵਿਸਥਾਰ ਨਾਲ ਇਉਂ ਬਿਆਨ ਕਰ ਦਿੱਤਾ ਹੈ: ਆਸਾ ਮਹਲਾ 1 ॥ ਕਾਚੀ ਗਾਗਰਿ ਦੇਹ ਦੁਹੇਲੀ, ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ, ਬਿਨੁ ਹਰਿ ਗੁਰ ਪਾਰਿ ਨ ਪਾਈ ॥1॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ, ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ, ਤਿਸੁ ਬਖਸੇ ਜਿਸੁ ਨਦਰਿ ਕਰੇ ॥1॥ਰਹਾਉ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥2॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ, ਤੁਮ ਸਾ ਮੀਤੁ ਨ ਅਵਰੁ ਕੋਈ ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ, ਦੁਖੁ ਸੁਖੁ ਦੇਵਹਿ ਕਰਹਿ ਸੋਈ ॥3॥ ਆਸਾ ਮਨਸਾ ਦੋਊ ਬਿਨਾਸਤ, ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ, ਸੰਤ ਸਭਾ ਕੀ ਓਟ ਲਹੀ ॥4॥ ਗਿਆਨ ਧਿਆਨ ਸਗਲੇ ਸਭਿ ਜਪ ਤਪ, ਜਿਸੁ ਹਰਿ ਹਿਰਦੈ ਅਲਖ ਅਭੇਦਾ ॥ ਨਾਨਕ ਰਾਮ ਨਾਮਿ ਮਨੁ ਰਾਤਾ, ਗੁਰਮਤਿ ਪਾਏ ਸਹਜ ਸੇਵਾ ॥5॥22॥ ਕਬੀਰ ਜੀ ਦੇ ਸ਼ਬਦ ਵਿਚ 'ਸਖੀ ਸਹੇਲੀ' ਕਿਸ ਨੂੰ ਆਖਿਆ ਹੈ? ਇਸ ਦਾ ਹੱਲ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਦੂਜੇ ਬੰਦ ਵਿਚ ਹੈ: 'ਸਖੀ ਸਾਜਨੀ ਕੇ ਹਉ ਚਰਨ ਸਰੇਵਉ' (ਭਾਵ, ਸਤਸੰਗੀ)। ਕਬੀਰ ਜੀ ਨੇ ਤਾਂ 'ਸਾਸੁ' ਦੇ ਸਾਰੇ ਹੀ ਪਰਵਾਰ ਦਾ ਹਾਲ ਦੱਸ ਕੇ ਦੁੱਖਾਂ ਦੀ ਲੰਮੀ ਕਹਾਣੀ ਬਿਆਨ ਕੀਤੀ ਹੈ, ਪਰ ਸਤਿਗੁਰੂ ਜੀ ਨੇ ਉਸ 'ਸਾਸੁ ਬੁਰੀ' ਦਾ ਥੋੜਾ ਜਿਹਾ ਜ਼ਿਕਰ ਕਰ ਕੇ ਉਸ ਦੇ ਤੇ ਉਸ ਦੇ ਪਰਵਾਰ ਦੇ ਪੰਜੇ ਵਿਚੋਂ ਨਿਕਲਣ ਦਾ ਰਸਤਾ ਵਿਖਾਣ ਤੇ ਜ਼ੋਰ ਦਿੱਤਾ ਹੈ। ਆਸਾ ॥ ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਤੁਮ੍ਹ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥ ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥ ਤੂੰ ਬਾਮ੍ਹ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮ੍ਹ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥ {ਪੰਨਾ 482} ਪਦ ਅਰਥ: ਹਮ ਘਰਿ = ਅਸਾਡੇ ਘਰ ਵਿਚ। ਤਨਹਿ = ਅਸੀਂ ਤਣਦੇ ਹਾਂ। ਕੰਠਿ = ਗਲ ਵਿਚ। ਤਉ = ਤਾਂ। ਪੜਹੁ = (ਜੀਭ ਨਾਲ ਹੀ) ਉਚਾਰਦੇ ਹੋ। ਰਿਦੈ = ਹਿਰਦੇ ਵਿਚ।1। ਬਿਸਨੁ ਨਾਰਾਇਨ, ਗੋਬਿੰਦਾ = ਪਰਮਾਤਮਾ। ਬਸਹਿ = ਵੱਸ ਰਹੇ ਹਨ। ਜਮ ਦੁਆਰ = ਜਮਾਂ ਦੇ ਦਰ ਤੇ, ਧਰਮਰਾਜ ਦੇ ਬੂਹੇ ਤੇ, ਪ੍ਰਭੂ ਦੀ ਹਜ਼ੂਰੀ ਵਿਚ। ਮੁਕੰਦਾ ਪੂਛਸਿ = ਜਦੋਂ ਮੁਕੰਦ ਪੁੱਛਸੀ, ਜਦੋਂ ਪ੍ਰਭੂ ਪੁੱਛੇਗਾ। ਬਵਰੇ = ਹੇ ਕਮਲੇ! ਕਹਸਿ = ਕਹਿਸੇਂ ਉੱਤਰ ਦੇਵੇਂਗਾ।1। ਰਹਾਉ। ਗੋਰੂ = ਗਾਈਆਂ। ਗੁਆਰ = ਗੁਪਾਲ, ਗੁਆਲੇ, ਗਾਈਆਂ ਦੇ ਰਾਖੇ। ਜਨਮ ਜਨਮ = ਕਈ ਜਨਮਾਂ ਤੋਂ। ਪਾਰਿ ਉਤਾਰਿ = ਪਾਰ ਲੰਘਾ ਕੇ। ਚਰਾਇਹੁ = ਤੁਸਾਂ ਸਾਨੂੰ ਚਾਰਿਆ, ਤੁਸਾਂ ਸਾਨੂੰ (ਆਤਮਕ) ਖ਼ੁਰਾਕ ਦਿੱਤੀ। ਕੈਸੇ = ਕਿਹੋ ਜਿਹੇ? ਨਕਾਰੇ ਹੀ।2। ਨੋਟ: ਜੇ ਕਬੀਰ ਜੀ ਮੁਸਲਮਾਨ ਹੁੰਦੇ, ਤਾਂ ਬ੍ਰਾਹਮਣਾਂ ਨੂੰ ਇਹ ਨਾਹ ਆਖਦੇ ਕਿ ਤੁਸੀ ਸਾਡੇ ਰਾਖੇ ਬਣੇ ਆ ਰਹੇ ਹੋ। ਮੁਸਲਮਾਨ ਦਾ ਕਿਸੇ ਬ੍ਰਾਹਮਣ ਨਾਲ ਕੋਈ ਧਾਰਮਿਕ ਸੰਬੰਧ ਨਹੀਂ ਸੀ ਹੋ ਸਕਦਾ। ਪੱਕੀ ਗੱਲ ਇਹੀ ਹੈ ਕਿ ਕਬੀਰ ਜੀ ਹਿੰਦੂ ਜੁਲਾਹੇ ਦੇ ਘਰ ਵਿਚ ਜੰਮੇ-ਪਲੇ ਸਨ। ਕਾਸੀਕ = ਕਾਂਸ਼ੀ ਦਾ। ਜੁਲਹਾ = ਜੁਲਾਹ। ਮੋਰ = ਮੇਰੀ। ਗਿਆਨਾ = ਵਿਚਾਰ ਦੀ ਗੱਲ। ਜਾਚੇ = ਮੰਗਦੇ ਹੋ। ਭੂਪਤਿ = ਰਾਜੇ।3। ਅਰਥ: (ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀਂ ਨਿੱਤ ਤਾਣਾ ਤਣਦੇ ਹਾਂ। (ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ।1। ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ। ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ (ਕਿ ਕੀਹ ਕਰਦਾ ਰਿਹਾ ਇੱਥੇ ਸਾਰੀ ਉਮਰ) ?।1। ਰਹਾਉ। ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ। ਪਰ ਤੁਸੀ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ)।2। (ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ) , ਤੇ ਮੈਂ (ਜਾਤ ਦਾ) ਜੁਲਾਹ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)। ਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀਹ ਹੋ) , ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ।3।4। 26। ਆਸਾ ॥ ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥ ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥ ਬਾਬਾ ਮਾਇਆ ਮੋਹ ਹਿਤੁ ਕੀਨ੍ਹ੍ਹ ॥ ਜਿਨਿ ਗਿਆਨੁ ਰਤਨੁ ਹਿਰਿ ਲੀਨ੍ਹ੍ਹ ॥੧॥ ਰਹਾਉ ॥ ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥ ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥ ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥ ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥ {ਪੰਨਾ 482} ਪਦ ਅਰਥ: ਜਗਿ = ਜਗਤ ਵਿਚ। ਜੀਵਨੁ = ਜ਼ਿੰਦਗੀ, ਉਮਰ। ਸਮਾਨੰ = ਵਰਗਾ, ਬਰਾਬਰ। ਸਾਚੁ = ਸਦਾ-ਥਿਰ ਰਹਿਣ ਵਾਲਾ। ਗਾਠਿ = ਗੰਢ। ਨਿਧਾਨੰ = ਖ਼ਜ਼ਾਨਾ।1। ਹਿਤੁ = ਪਿਆਰ। ਜਿਨਿ = ਜਿਸ (ਮੋਹ-ਪਿਆਰ) ਨੇ। ਹਿਰਿ ਲੀਨ੍ਹ੍ਹ = ਚੁਰਾ ਲਿਆ ਹੈ।1। ਰਹਾਉ। ਨੈਨ = ਅੱਖਾਂ ਨਾਲ। ਉਰਝੈ = ਫਸਦਾ ਹੈ। ਪਸੁ = ਮੂਰਖ। ਕਾਲ ਫਾਸ = ਮੌਤ ਦੀ ਫਾਹੀ। ਨ ਚੇਤੈ = ਚੇਤੇ ਨਹੀਂ ਰੱਖਦਾ। ਕਨਿਕ = ਸੋਨਾ। ਕਾਮਿਨਿ = ਇਸਤ੍ਰੀ।2। ਪਰਹਰਿ = ਛੱਡ। ਤਰਨ = (Skt. qrix) ਬੇੜੀ, ਜਹਾਜ਼। ਸੋਇ = ਉਹ ਪ੍ਰਭੂ। ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ-ਪ੍ਰਭੂ। ਦੁਤੀਅ = ਦੂਜਾ, ਬਰਾਬਰ ਦਾ।3। ਨੋਟ: ਪਹਿਲੀ ਤੁਕ ਦੇ ਲਫ਼ਜ਼ 'ਜਗਿ ਜੀਵਨੁ' ਅਤੇ ਅਖ਼ੀਰਲੀ ਤੁਕ ਦੇ 'ਜਗਜੀਵਨੁ' ਦਾ ਫ਼ਰਕ ਗਹੁ ਨਾਲ ਵੇਖਣ ਦੀ ਲੋੜ ਹੈ। ਅਰਥ: ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ। ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ।1। ਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ, ਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ।1। ਰਹਾਉ। ਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ। (ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ।2। ਕਬੀਰ ਆਖਦਾ ਹੈ– (ਹੇ ਭਾਈ! ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ, ਅਤੇ ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।3।5। 27। |
Sri Guru Granth Darpan, by Professor Sahib Singh |