ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 483 ਆਸਾ ॥ ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥ ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥ ਅਬ ਮੋਹਿ ਨਾਚਨੋ ਨ ਆਵੈ ॥ ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥ ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥ ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥ ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥ ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥ {ਪੰਨਾ 483} ਪਦ ਅਰਥ: ਬਹੁਤੇਰੇ ਰੂਪ = ਕਈ ਜੂਨਾਂ। ਤਾਗਾ = (ਮੋਹ ਦਾ) ਧਾਗਾ। ਤੰਤੁ = (ਮੋਹ ਦੀ) ਤਾਰ। ਸਾਜੁ = (ਮੋਹ ਦਾ ਸਾਰਾ) ਅਡੰਬਰ। ਬਸਿ = ਵੱਸ ਵਿਚ।1। ਮੋਹਿ = ਮੈਨੂੰ। ਨਾਚਨੋ = ਮਾਇਆ ਦੇ ਹੱਥਾਂ ਉੱਤੇ ਨੱਚਣਾ। ਮੰਦਰੀਆ = ਢੋਲਕੀ।1। ਰਹਾਉ। ਫੂਟੀ = ਟੁੱਟ ਗਈ ਹੈ।2। ਸਰਬ ਭੂਤ = ਸਾਰੇ ਜੀਵਾਂ ਵਿਚ। ਬਾਦ ਬਿਬਾਦਾ = ਝਗੜੇ, ਵੈਰ-ਵਿਰੋਧ। ਪਰਸਾਦਾ = ਕਿਰਪਾ, ਦਇਆ।3। ਅਰਥ: (ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ, ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ।1। ਰਹਾਉ। (ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ, ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ।1। (ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ, ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ। (ਮੁੱਕਦੀ ਗੱਲ) , ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ।2। ਕਬੀਰ ਆਖਦਾ ਹੈ– ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ, ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।3।6। 28। ਨੋਟ: ਇਸ ਸ਼ਬਦ ਨੂੰ ਕਬੀਰ ਜੀ ਦੇ ਇਸੇ ਰਾਗ ਵਿਚ ਦਿੱਤੇ ਸ਼ਬਦ ਨੰ: 18 ਨਾਲ ਰਲਾ ਕੇ ਪੜ੍ਹੋ। ਸ਼ਬਦ ਨੰ: 18 ਨੂੰ ਸਮਝਣ ਵਿਚ ਬੜੀ ਸਹਾਇਤਾ ਦੇਵੇਗਾ। ਆਸਾ ॥ ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥ ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥ ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥ ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥ ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥ ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥ ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥ ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥ {ਪੰਨਾ 483} ਪਦ ਅਰਥ: ਧਰੈ = ਰੱਖਦਾ ਹੈ। ਮਨਾਵੈ = ਮੰਨਤ ਮੰਨਦਾ ਹੈ। ਮਨਾਵੈ ਅਲਹੁ = ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ। ਸੁਆਦਤਿ = ਸੁਆਦ ਦੀ ਖ਼ਾਤਰ। ਸੰਘਾਰੈ = ਮਾਰਦਾ ਹੈ। ਆਪਾ ਦੇਖਿ = ਆਪਣੇ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ। ਅਵਰ ਨਹੀ ਦੇਖੈ = ਹੋਰਨਾਂ ਦੇ ਸੁਆਰਥ ਨੂੰ ਨਹੀਂ ਵੇਖਦਾ।1। ਕਾਜੀ = ਹੇ ਕਾਜ਼ੀ! ਤੋਹੀ ਮਹਿ = ਤੇਰੇ ਵਿਚ ਭੀ। ਤੇਰਾ = ਤੇਰਾ ਸਾਹਿਬ। ਖਬਰਿ ਨ ਕਰਹਿ = ਤੂੰ ਸਮਝਦਾ ਨਹੀਂ। ਦੀਨ ਕੇ ਬਉਰੇ = ਮਜ਼ਹਬ (ਦੀ ਸ਼ਰਹ) ਵਿਚ ਕਮਲੇ ਹੋਏ, ਹੇ ਕਾਜ਼ੀ! ਅਲੇਖੈ = ਅ-ਲੇਖੈ, ਕਿਸੇ ਲੇਖੇ ਵਿਚ ਨਹੀਂ ਆਇਆ, ਕੋਈ ਲਾਭ ਨਹੀਂ ਹੋਇਆ।1। ਰਹਾਉ। ਸਾਚੁ = ਸਦਾ ਕਾਇਮ ਰਹਿਣ ਵਾਲਾ। ਕਤੇਬ = ਪੱਛਮੀ ਮਤਾਂ ਦੀਆਂ ਕਿਤਾਬਾਂ (ਕੁਰਾਨ, ਤੌਰੇਤ, ਅੰਜੀਲ, ਜ਼ੰਬੂਰ)। ਨਹੀ ਕੋਈ = (ਉਸ ਪ੍ਰਭੂ ਦੀ ਜੋਤਿ ਤੋਂ ਬਿਨਾ) ਕੋਈ ਨਹੀਂ ਜੀ ਸਕਦਾ। ਨਾਹੀ ਕਛੁ = ਕੋਈ (ਆਤਮਕ) ਲਾਭ ਨਹੀਂ। ਖਬਰਿ = ਸੂਝ, ਗਿਆਨ।2। ਗੈਬੁ = ਲੁਕਿਆ ਹੋਇਆ। ਪੁਕਾਰੀ = ਪੁਕਾਰਿ, ਉੱਚੀ ਕੂਕ ਕੇ।3। ਅਰਥ: ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ। ਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ।1। ਰਹਾਉ। (ਹੇ ਭਾਈ! ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ। ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ।1। ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ, ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ।2। ਹੇ ਕਾਜ਼ੀ! ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ) , ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ, ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ।3।7। 29। ਆਸਾ ॥ ਤਿਪਦਾ ॥ ਇਕਤੁਕਾ ॥ ਕੀਓ ਸਿੰਗਾਰੁ ਮਿਲਨ ਕੇ ਤਾਈ ॥ ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥ ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥ ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥ ਧਨ ਪਿਰ ਏਕੈ ਸੰਗਿ ਬਸੇਰਾ ॥ ਸੇਜ ਏਕ ਪੈ ਮਿਲਨੁ ਦੁਹੇਰਾ ॥੨॥ ਧੰਨਿ ਸੁਹਾਗਨਿ ਜੋ ਪੀਅ ਭਾਵੈ ॥ ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥ {ਪੰਨਾ 483} ਪਦ ਅਰਥ: ਕੇ ਤਾਈ = ਦੀ ਖ਼ਾਤਰ। ਗੁਸਾਈ = ਧਰਤੀ ਦਾ ਖਸਮ।1। ਮੇਰੋ = ਮੇਰਾ। ਪਿਰੁ = ਪਤੀ। ਹਉ = ਮੈਂ। ਬਹੁਰੀਆ = Skt.1. wife. 2. a bride, 3. a daughter-in-law. vDutI = 1. a young woman, 2. a daughter-in-law. ਇਸ ਤੋਂ ਪੰਜਾਬੀ ਲਫ਼ਜ਼ ਹੈ ਵਹੁਟੀ} ਲਫ਼ਜ਼ 'ਬਹੂ' ਸੰਸਕ੍ਰਿਤ ਦਾ ਲਫ਼ਜ਼ 'ਵਧੂ' ਹੈ ਇਸ ਦੇ ਅਰਥ = (1) ਵਹੁਟੀ, (2) ਨੂੰਹ। ਪਰ ਇਸ ਸ਼ਬਦ ਵਿਚ ਇਸ ਦਾ ਸਾਫ਼ ਅਰਥ 'ਵਹੁਟੀ' ਹੀ ਹੈ}। ਬਹੁਰੀਆ = ਅੰਞਾਣ ਜਿਹੀ ਵਹੁਟੀ, ਅੰਞਾਣ ਇਸਤ੍ਰੀ। ਤਨਕ = ਛੋਟੀ ਜਿਹੀ। ਲਹੁਰੀਆ = ਅੰਞਾਣੀ ਬਾਲੜੀ।1। ਰਹਾਉ। ਧਨ = ਇਸਤ੍ਰੀ। ਪਿਰ = ਖਸਮ ਦਾ। ਬਸੇਰਾ = ਵਸੇਬਾ। ਸੇਜ = ਹਿਰਦਾ-ਰੂਪ ਸੇਜ। ਦੁਹੇਰਾ = ਮੁਸ਼ਕਲ, ਔਖਾ। ਪੈ = ਪਰੰਤੂ।2। ਧੰਨਿ = ਭਾਗਾਂ ਵਾਲੀ। ਸੁਹਾਗਨਿ = ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ। ਪੀਅ = ਖਸਮ ਨੂੰ। ਕਹਿ = ਕਹੇ, ਆਖਦਾ ਹੈ।3। ਨੋਟ: ਕਬੀਰ ਜੀ ਨੇ ਇਸ ਸ਼ਬਦ ਵਿਚ ਕਈ ਗੱਲਾਂ ਇਸ਼ਾਰੇ-ਮਾਤ੍ਰ ਹੀ ਦੱਸੀਆਂ ਹਨ– (1) 'ਮੈ ਤਨਕ ਲਹੁਰੀਆ' ਵਿਚ ਸਿਰਫ਼ ਇਸ਼ਾਰਾ ਹੀ ਕੀਤਾ ਹੈ; ਪਰ ਉਹ ਅੰਞਾਣਪੁਣਾ ਕਿਹੜਾ ਹੈ, ਉਹ ਵਿਸਥਾਰ ਨਾਲ ਨਹੀਂ ਦੱਸਿਆ। (2) 'ਮਿਲਨੁ ਦੁਹੇਰਾ' ਕਿਉਂ ਹੈ– ਇਹ ਗੱਲ ਭੀ ਲਫ਼ਜ਼ 'ਤਨਕ ਲਹੁਰੀਆ' ਵਿਚ ਹੀ ਗੁਪਤ ਰੱਖੀ ਹੈ। (3) 'ਪੀਅ ਭਾਵੈ' = ਪਰ ਕਿਵੇਂ ਪਤੀ ਨੂੰ ਭਾਵੇ, ਇਹ ਖ਼ਿਆਲ ਭੀ ਖੋਹਲਿਆ ਨਹੀਂ ਹੈ। ਇਹ ਸਾਰੀਆਂ ਗੂਝ ਗੱਲਾਂ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੇ ਆਸਾ ਰਾਗ ਵਿਚ ਹੀ ਦਿੱਤੇ ਹੋਏ ਹੇਠ-ਲਿਖੇ ਦੋ ਸ਼ਬਦ ਗਹੁ ਨਾਲ ਪੜ੍ਹੋ: ਆਸਾ ਮਹਲਾ 1 ॥ ਏਕ ਨ ਭਰੀਆ, ਗੁਣ ਕਰਿ ਧੋਵਾ ॥ ਮੇਰਾ ਸਹੁ ਜਾਗੈ, ਹਉ ਨਿਸਿ ਭਰਿ ਸੋਵਾ ॥1॥ ਇਉ ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ, ਹਉ ਨਿਸਿ ਭਰਿ ਸੋਵਾ ॥1॥ਰਹਾਉ॥ ਆਸ ਪਿਆਸੀ ਸੇਜੈ ਆਵਾ ॥ ਆਗੈ ਸਹ ਭਾਵਾ, ਕਿ ਨ ਭਾਵਾ ॥2॥ ਕਿਆ ਜਾਨਾ, ਕਿਆ ਹੋਇਗਾ ਰੀ ਮਾਈ ॥ ਹਰਿ ਦਰਸਨ ਬਿਨੁ, ਰਹਨੁ ਨ ਜਾਈ ॥1॥ਰਹਾਉ॥ ਪ੍ਰੇਮ ਨ ਚਾਖਿਆ, ਮੇਰੀ ਤਿਸ ਨ ਬੁਝਾਨੀ ॥ ਗਇਆ ਸੁ ਜੋਬਨੁ, ਧਨ ਪਛੁਤਾਨੀ ॥3॥ ਅਜੈ ਸੁ ਜਾਗਉ ਆਸ ਪਿਆਸੀ ॥ ਭਈਲੇ ਉਦਾਸੀ, ਰਹਉ ਨਿਰਾਸੀ ॥1॥ਰਹਾਉ॥ ਹਉਮੈ ਖੋਇ ਕਰੇ ਸੀਗਾਰੁ ॥ ਤਉ ਕਾਮਣਿ ਸੇਜੈ ਰਵੈ ਭਤਾਰੁ ॥4॥ ਤਉ ਨਾਨਕ ਕੰਤੈ ਮਨਿ ਭਾਵੈ ॥ ਛੋਡਿ ਵਡਾਈ ਅਪਣੇ ਖਸਮ ਸਮਾਵੈ ॥1॥ਰਹਾਉ॥26॥ ਆਸਾ ਮਹਲਾ 1 ॥ ਪੇਵਕੜੈ ਧਨ ਖਰੀ ਇਆਣੀ ॥ ਤਿਸੁ ਸਹ ਕੀ ਮੈ ਸਾਰ ਨ ਜਾਣੀ ॥1॥ ਸਹੁ ਮੇਰਾ ਏਕੁ, ਦੂਜਾ ਨਹੀ ਕੋਈ ॥ ਨਦਰਿ ਕਰੇ ਮੇਲਾਵਾ ਹੋਈ ॥1॥ਰਹਾਉ॥ ਸਾਹੁਰੜੈ ਧਨ ਸਾਚੁ ਪਛਾਣਿਆ ॥ ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥2॥ ਗੁਰ ਪਰਸਾਦੀ ਐਸੀ ਮਤਿ ਆਵੈ ॥ ਤਾਂ ਕਾਮਣਿ ਕੰਤੈ ਮਨਿ ਭਾਵੈ ॥3॥ ਕਹਤੁ ਨਾਨਕੁ, ਭੈ ਭਾਵ ਕਾ ਕਰੇ ਸੀਗਾਰੁ ॥ ਸਦ ਹੀ ਸੇਜੈ ਰਵੈ ਭਤਾਰੁ ॥4॥27॥ ਇਹਨਾਂ ਤਿੰਨਾਂ ਹੀ ਸ਼ਬਦਾਂ ਨੂੰ ਇਕੱਠਿਆਂ ਦੋ-ਚਾਰ ਵਾਰੀ ਗਹੁ ਨਾਲ ਪੜ੍ਹੋ। ਕਿਤਨੇ ਹੀ ਸਾਂਝੇ ਲਫ਼ਜ਼ ਹਨ, ਕਿਆ ਸੁੰਦਰ ਮਿਲਵੇਂ ਖ਼ਿਆਲ ਹਨ। ਜਿਹੜੀਆਂ ਗੱਲਾਂ ਕਬੀਰ ਜੀ ਨੇ ਇੱਕ ਲਫ਼ਜ਼ 'ਲਹੁਰੀਆ' ਵਿਚ ਗੁਪਤ ਰੱਖ ਦਿੱਤੀਆਂ ਹਨ, ਉਹ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋ ਸ਼ਬਦਾਂ ਵਿਚ ਸਮਝਾ ਦਿੱਤੀਆਂ ਹਨ। ਇਉਂ ਪਿਆ ਜਾਪਦਾ ਹੈ ਜਿਵੇਂ ਦੋਵੇਂ ਰੱਬੀ ਆਸ਼ਿਕ ਪਿਆਰ ਤੇ ਬਿਰਹੋਂ ਦੇ ਵਲਵਲੇ ਵਿਚ ਇੱਕ ਦੂਜੇ ਅੱਗੇ ਆਪੋ-ਆਪਣਾ ਦਿਲ ਖੋਲ੍ਹ ਕੇ ਰੱਖ ਰਹੇ ਹਨ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਭਗਤ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਇਕੱਠੀ ਕੀਤੀ ਸੀ ਤੇ ਆਪਣੇ ਸ਼ਬਦਾਂ ਨਾਲ ਆਪਣੇ ਸਿੱਖਾਂ ਲਈ ਸਾਂਭ ਰੱਖਣ ਵਾਸਤੇ ਲਿਆਂਦੀ ਸੀ। ਅਰਥ: ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ (ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ।1। ਰਹਾਉ। ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ, ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ।1। (ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ, ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ।2। ਕਬੀਰ ਆਖਦਾ ਹੈ– ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ, ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ।3।8। 30। ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥ ਹਰਿ ਕੀ ਕਥਾ ਅਨਾਹਦ ਬਾਨੀ ॥ ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥ {ਪੰਨਾ 483} ਪਦ ਅਰਥ: ਹੀਰੈ = (ਜੀਵ-ਆਤਮਾ ਰੂਪ) ਹੀਰੇ ਨੇ। ਹੀਰਾ = ਪਰਮਾਤਮਾ-ਹੀਰਾ। ਬੇਧਿ = ਵਿੰਨ੍ਹ ਕੇ। ਪਵਨ ਮਨੁ = ਪਵਨ ਵਰਗਾ ਚੰਚਲ ਮਨ (ਵੇਖੋ ਕਬੀਰ ਜੀ ਦਾ ਸ਼ਬਦ ਨੰ: 10 ਰਾਗ ਸੋਰਠਿ ਵਿਚ: 'ਸੰਤਹੁ ਮਨ ਪਵਨੈ ਸੁਖੁ ਬਨਿਆ। ਕਿਛੂ ਜੋਗੁ ਪਰਾਪਤਿ ਗਨਿਆ)। ਸਹਜੇ = ਸਹਜ ਅਵਸਥਾ ਵਿਚ ਜਿੱਥੇ ਮਨ ਡੋਲਦਾ ਨਹੀਂ। ਸਗਲ ਜੋਤਿ = ਸਾਰੀਆਂ ਜੋਤਾਂ, ਸਾਰੇ ਜੀਅ-ਜੰਤ। ਇਨਿ ਹੀਰੈ = ਇਸ ਪ੍ਰਭੂ-ਲਾਲ ਨੇ। ਮੈ ਪਾਈ = ਇਹ ਗੱਲ ਮੈਂ ਲੱਭੀ ਹੈ। ਬੇਧੀ = ਵਿੰਨ੍ਹ ਲਈਆਂ ਹਨ।1। ਹੰਸੁ ਹੁਇ = ਜੋ ਜੀਵ ਹੰਸ ਬਣ ਜਾਂਦਾ ਹੈ। ਲੇਇ ਪਛਾਨੀ = ਪਛਾਣ ਲੈਂਦਾ ਹੈ। ਅਨਾਹਦ = ਇੱਕ-ਰਸ, ਸਦਾ। ਰਹਾਉ। ਅਸ = ਐਸਾ, ਉਹ। ਗੁਰ ਗਮ = ਪਹੁਚ ਵਾਲੇ ਗੁਰੂ ਨੇ।2। ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ)।1। ਰਹਾਉ। ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ। ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ– ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ।1। ਕਬੀਰ ਆਖਦਾ ਹੈ– ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ, ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ।2।1। 31। ਆਸਾ ॥ ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ ॥ ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ ॥ ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥ {ਪੰਨਾ 483} ਪਦ ਅਰਥ: ਪਹਿਲੀ = ਮੇਰੇ ਮਨ ਦੀ ਪਹਿਲੀ ਬਿਰਤੀ। ਕਰੂਪਿ = ਭੈੜੇ ਰੂਪ ਵਾਲੀ। ਕੁਜਾਤਿ = ਭੈੜੇ ਅਸਲੇ ਵਾਲੀ, ਚੰਦਰੇ ਘਰ ਦੀ ਜੰਮੀ ਹੋਈ। ਕੁਲਖਨੀ = ਭੈੜੇ ਲੱਛਣਾਂ ਵਾਲੀ। ਪੇਈਐ = ਪੱਕੇ ਘਰ ਵਿਚ, ਇਸ ਲੋਕ ਵਿਚ। ਬੁਰੀ = ਭੈੜੀ, ਭੈੜੀਆਂ ਵਾਦੀਆਂ ਵਾਲੀ। ਅਬ ਕੀ = ਹੁਣ ਵਾਲੀ ਬਿਰਤੀ। ਸਰੂਪਿ = ਸੁਹਣੇ ਰੂਪ ਵਾਲੀ। ਸੁਜਾਨਿ = ਸੁਹਣੀ ਅਕਲ ਵਾਲੀ, ਸਿਆਣੀ। ਸੁਲਖਨੀ = ਸੁਹਣੇ ਲੱਛਣਾਂ ਵਾਲੀ। ਉਦਰਿ = ਉਦਰ ਵਿਚ, ਪੇਟ ਵਿਚ, ਆਪਣੇ ਅੰਦਰ। ਧਰੀ = ਮੈਂ ਟਿਕਾ ਲਈ ਹੈ।1। ਭਲੀ ਸਰੀ = ਭਲਾ ਹੋਇਆ, ਚੰਗੀ ਗੱਲ ਹੋਈ। ਬਰੀ = ਵਰੀ ਹੋਈ, ਵਿਆਹੀ ਹੋਈ, ਸ੍ਵੀਕਾਰ ਕੀਤੀ ਹੋਈ, ਚੁਣੀ ਹੋਈ, ਪਸੰਦ ਕੀਤੀ ਹੋਈ। ਜੁਗੁ ਜੁਗੁ = ਸਦਾ ਹੀ। ਜੀਵਉ = ਜੀਊਂਦੀ ਰਹੇ, ਰੱਬ ਕਰ ਕੇ ਜੀਊਂਦੀ ਰਹੇ {ਨੋਟ: ਵਿਆਕਰਣ ਅਨੁਸਾਰ ਲਫ਼ਜ਼ 'ਜੀਵਉ' ਹੁਕਮੀ ਭਵਿੱਖਤ, ਅੱਨ-ਪੁਰਖ ਹੈ, ਇਕ-ਵਚਨ ਹੈ, ਜਿਵੇਂ = 'ਭਿਜਉ ਸਿਜਉ ਕੰਮਲੀ ਅਲਹ ਵਰਸਉ ਮੇਹੁ' ਵਿਚ ਲਫ਼ਜ਼ 'ਭਿਜਉ, ਸਿਜਉ' ਅਤੇ 'ਵਰਸਉ' ਹਨ}। ਧਰੀ = ਸਾਂਭੀ ਹੋਈ।1। ਰਹਾਉ। ਕਹੁ = ਆਖ। ਲਹੁਰੀ = ਛੋਟੀ, ਗਰੀਬਣੀ, ਗਰੀਬੜੇ ਸੁਭਾਵ ਵਾਲੀ ਬਿਰਤੀ। ਬਡੀ = ਅਹੰਕਾਰ ਵਾਲੀ ਬਿਰਤੀ। ਸੁਹਾਗੁ = ਚੰਗੀ ਕਿਸਮਤ, ਜ਼ੋਰ, ਦਬਾਉ, ਜਬਾ। ਟਰਿਓ = ਟਲ ਗਿਆ ਹੈ, ਮੁੱਕ ਗਿਆ ਹੈ। ਜੇਠੀ = ਬਡੀ, ਅਹੰਕਾਰਨ ਬਿਰਤੀ। ਅਉਰੁ ਧਰਿਓ = ਕੋਈ ਹੋਰ ਲੱਭ ਲਿਆ ਹੈ।2। ਅਰਥ: ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ। ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ।1। ਰਹਾਉ। ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ। ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ।1। ਹੇ ਕਬੀਰ! ਆਖ– ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ। ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ।2। 2। 32। |
Sri Guru Granth Darpan, by Professor Sahib Singh |