ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 484 ਆਸਾ ॥ ਮੇਰੀ ਬਹੁਰੀਆ ਕੋ ਧਨੀਆ ਨਾਉ ॥ ਲੇ ਰਾਖਿਓ ਰਾਮ ਜਨੀਆ ਨਾਉ ॥੧॥ ਇਨ੍ਹ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥ ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥ ਕਹਤੁ ਕਬੀਰ ਸੁਨਹੁ ਮੇਰੀ ਮਾਈ ॥ ਇਨ੍ਹ੍ਹ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥ {ਪੰਨਾ 484} ਨੋਟ: ਇਸ ਸ਼ਬਦ ਦੇ ਅਰਥ ਕਰਨ ਦੇ ਸੰਬੰਧ ਵਿਚ ਕਈ ਵਿਦਵਾਨ ਸੱਜਣ ਇਉਂ ਲਿਖਦੇ ਹਨ: (1) ਇਸ ਸ਼ਬਦ ਦੀਆਂ ਪਹਿਲੀਆਂ ਚਾਰ ਤੁਕਾਂ ਕਬੀਰ ਜੀ ਦੀ ਮਾਂ ਵੱਲੋਂ ਹਨ ਪਿਛਲੀਆਂ ਦੋ ਕਬੀਰ ਜੀ ਵਲੋਂ ਉੱਤਰ ਹੈ। ਪੂਰਬ ਵਿਚ ਠਾਕਰਾਂ ਨਾਲ ਵਿਆਹੀਆਂ ਹੋਈਆਂ ਮੰਦਰਾਂ ਵਿਚ ਰਹਿੰਦੀਆਂ ਇਸਤ੍ਰੀਆਂ ਨੂੰ ਰਾਮ-ਜਨੀਆਂ ਕਹਿੰਦੇ ਹਨ; ਇਹ ਇਸਤ੍ਰੀਆਂ ਵੇਸਵਾ ਦਾ ਹੀ ਕੰਮ ਕਰਦੀਆਂ ਹਨ। ਸਾਧੂ ਤਾਂ ਕਬੀਰ ਜੀ ਦੀ ਵਹੁਟੀ ਨੂੰ 'ਰਾਮ-ਜਨੀਆ' ਅਰਥਾਤ ਭਗਤਣੀ ਕਹਿ ਕੇ ਬੁਲਾਂਦੇ ਸਨ, ਪਰ ਕਬੀਰ ਜੀ ਦੀ ਮਾਂ 'ਰਾਮ ਜਨੀਆ' ਦਾ ਦੂਜਾ ਅਰਥ ਸਮਝ ਕੇ ਦੁੱਖੀ ਹੁੰਦੀ ਸੀ। (2) ਜੋ ਤਬਦੀਲੀ ਘਰ ਵਿਚ ਆ ਗਈ, ਉਹ ਕਬੀਰ ਜੀ ਦੀ ਮਾਤਾ ਨੂੰ ਪਸੰਦ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਰਦਾ ਰੂਹਾਂ ਨੂੰ ਮੁੜ ਜਿਵਾਉਣ ਲਈ ਸਮਰੱਥ ਹੈ। ਜੀਊਂਦੇ ਲੋਕ ਹੀ ਹੋਰਨਾਂ ਨੂੰ ਜਿਵਾਲ ਸਕਦੇ ਹਨ ਤੇ "ਜੀਵਤੇ ਕਉ ਜੀਵਤਾ ਮਿਲੈ" ਦੇ ਹੁਕਮ-ਅਨੁਸਾਰ ਜੀਊਂਦਿਆਂ ਦੀ ਬਾਣੀ ਵਿਚ ਜੀਊਂਦਿਆਂ ਦੀ ਹੀ ਬਾਣੀ ਰਲ ਸਕਦੀ ਹੈ। ਕਬੀਰ ਜੀ ਦੀ ਮਾਂ ਦੀ ਉਚਾਰੀ ਹੋਈ ਕਿਸੇ ਕਵਿਤਾ ਨੂੰ ਇਹਨਾਂ ਹੰਸ-ਉਡਾਰੀਆਂ ਵਿਚ ਕਿਤੇ ਥਾਂ ਨਹੀਂ ਸੀ ਮਿਲ ਸਕਦੀ। ਭਲਾ ਕੱਚੀਆਂ ਗੱਲਾਂ ਦਾ ਇੱਥੇ ਕੀਹ ਕੰਮ? ਸੋ, ਇਸ ਸ਼ਬਦ ਵਿਚ ਕਬੀਰ ਜੀ ਤੋਂ ਬਿਨਾ ਕਿਸੇ ਹੋਰ ਦੇ ਬੋਲ ਨਹੀਂ ਹੋ ਸਕਦੇ। ਇੱਕ ਗੱਲ ਹੋਰ ਭੀ ਸੋਚਣ ਵਾਲੀ ਹੈ। ਕਬੀਰ ਜੀ ਦੀ ਵਹੁਟੀ ਦਾ ਨਾਮ 'ਲੋਈ' ਸੀ। ਪਰ ਇਹ 'ਧਨੀਆ' ਕੌਣ ਆ ਗਈ? ਕੀ ਕਬੀਰ ਜੀ ਦੀਆਂ ਦੋ ਵਹੁਟੀਆਂ ਸਨ? ਜਦੋਂ ਇਸ ਧੁਰੋਂ ਆਈ ਬਾਣੀ ਨੂੰ ਸਾਖੀਆਂ ਦੇ ਆਸਰੇ ਸਮਝਣ ਤੇ ਆ ਟਿਕੀਏ, ਤਾਂ ਫਿਰ ਕਈ ਕਹਾਣੀਆਂ ਬਣਨ ਲੱਗ ਪੈਂਦੀਆਂ ਹਨ। ਸੰਨ 1924 ਦਾ ਜ਼ਿਕਰ ਹੈ। ਮੈਂ ਤਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੀਤ ਸਕਤ੍ਰ ਸਾਂ। ਅੰਮ੍ਰਿਤਸਰ ਸ਼ਹਿਰ ਵਿਚ ਵੱਸਦੇ ਇਕ ਪੁਰਾਣੇ ਗੁਰਸਿੱਖ ਪ੍ਰਚਾਰਕ ਨਾਲ ਮੇਰੀ ਸਾਂਝ ਬਣ ਗਈ। ਉਹ ਚੰਗੇ ਵਿਦਵਾਨ ਸੱਜਣ ਸਨ। ਇਕ ਦਿਨ ਮੈਨੂੰ ਉਹ ਕਹਿਣ ਲਗੇ ਕਿ ਕਬੀਰ ਜੀ ਨੇ ਦੋ ਵਿਆਹ ਕੀਤੇ ਸਨ, ਪਹਿਲੀ ਬਦਸ਼ਕਲ ਤੇ ਕੁਲੱਛਣੀ ਸੀ, ਉਸ ਨੂੰ ਉਹਨਾਂ ਤਲਾਕ ਦੇ ਦਿੱਤਾ ਸੀ। ਮੈਂ ਇਸ ਵਿਦਵਾਨ ਸੱਜਣ ਜੀ ਦੇ ਮੂੰਹ ਵਲ ਤੱਕਣ ਲਗ ਪਿਆ; ਉਹਨਾਂ ਝੱਟ ਇਹ ਸ਼ਬਦ ਸੁਣਾਇਆ: ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥...... ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥32॥ ਇਸ ਸ਼ਬਦ ਨੰ: 33 ਵਿਚ ਵਰਤੇ ਹੋਏ ਲਫ਼ਜ਼ 'ਮਾਈ, ਬਿਟਵਹਿ, ਬਹੁਰੀਆ' ਨੂੰ ਪੜ੍ਹ ਕੇ ਖਿਆਲ ਬਣ ਗਿਆ ਹੈ ਕਿ ਕਬੀਰ ਦੀ ਮਾਂ ਲਫ਼ਜ਼ 'ਰਾਮ ਜਨੀਆ' ਤੋਂ ਗੁੱਸੇ ਹੋ ਰਹੀ ਹੈ। ਪਰ ਲਫ਼ਜ਼ 'ਮਾਈ' ਤਾਂ ਗੁਰੂ ਗ੍ਰੰਥ ਸਾਹਿਬ ਦੇ ਕਈ ਸ਼ਬਦਾਂ ਵਿਚ ਆਇਆ ਹੈ ਅਤੇ ਪਿਆਰ ਤੇ ਬਿਰਹੋਂ ਦੇ ਵਲਵਲੇ ਦੀ ਟੋਹ ਦੱਸਦਾ ਹੈ। ਹੁਣੇ ਹੀ ਸ਼ਬਦ ਨੰ: 31 ਵਿਚ ਅਸੀਂ ਕਬੀਰ ਜੀ ਦਾ ਆਪਣੇ ਵਾਸਤੇ ਵਰਤਿਆ ਹੋਇਆ ਲਫ਼ਜ਼ 'ਬਹੁਰੀਆ' ਪੜ੍ਹ ਆਏ ਹਾਂ। 'ਹਰਿ ਮੇਰੋ ਪਿਰੁ, ਹਉ ਹਰਿ ਕੀ ਬਹੁਰੀਆ। ' ਕਬੀਰ ਜੀ ਦੀ ਇਸ ਆਪਣੇ ਮੂੰਹੋਂ ਉਚਾਰੀ ਹੋਈ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਕਹਾਣੀ ਦੀ ਲੋੜ ਨਹੀਂ ਪੈਂਦੀ; ਕਬੀਰ ਜੀ ਦੀ ਮਾਂ ਦੇ ਇਹ ਬੋਲ ਉਚਾਰੇ ਫ਼ਰਜ਼ ਕਰ ਕੇ ਲਫ਼ਜ਼ 'ਬਹੁਰੀਆ' ਦਾ ਅਰਥ 'ਨੂੰਹ' ਕਰਨ ਦੀ ਭੀ ਜ਼ਰੂਰਤ ਨਹੀਂ, ਕਿਉਂਕਿ ਉਸ ਦਾ ਨਾਮ 'ਲੋਈ' ਸੀ, ਧਨੀਆ ਨਹੀਂ। ਪਦ ਅਰਥ: ਬਹੁਰੀਆ = ਅੰਞਾਣ ਵਹੁਟੀ, ਮੇਰੀ ਅੰਞਾਣ ਜਿੰਦ-ਰੂਪ ਵਹੁਟੀ। ਕੋ = ਦਾ। ਧਨੀਆ = ਧਨ ਵਾਲੀ, ਧਨ ਨਾਲ ਪਿਆਰ ਕਰਨ ਵਾਲੀ, ਮਾਇਆ ਨਾਲ ਮੋਹ ਕਰਨ ਵਾਲੀ। ਲੇ = ਲੈ ਕੇ, ਆਪਣੇ ਅਸਰ ਹੇਠ ਲਿਆ ਕੇ। ਰਾਮ ਜਨੀਆ = ਰਾਮ ਦੀ ਦਾਸੀ, ਪਰਮਾਤਮਾ ਦੀ ਭਗਤਣੀ।1। ਇਨ੍ਹ੍ਹ = (ਲਫ਼ਜ਼ 'ਨ' ਦੇ ਹੇਠ ਅੱਧਾ 'ਹ' ਹੈ)। ਮੁੰਡੀਅਨ = ਸਾਧੂਆਂ ਨੇ, ਸਤ-ਸੰਗੀਆਂ ਨੇ। ਮੇਰਾ ਘਰੁ = ਉਹ ਘਰ ਜਿਸ ਵਿਚ ਮੇਰੀ 'ਧਨੀਆ' ਰਹਿੰਦੀ ਸੀ, ਉਹ ਹਿਰਦਾ ਰੂਪ ਘਰ ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ। ਧੁੰਧਰਾਵਾ = ਧੁੰਧ ਵਾਲਾ ਕਰ ਦਿੱਤਾ ਹੈ, ਉਜਾੜ ਦਿੱਤਾ ਹੈ, ਮਿੱਟੀ ਵਿਚ ਮਿਲਾ ਦਿੱਤਾ ਹੈ, ਨਾਸ ਕਰ ਦਿੱਤਾ ਹੈ। (ਬਿਟਵਹਿ = ਮੇਰੇ ਅੰਞਾਣ ਬੇਟੇ ਨੂੰ, ਮੇਰੇ ਅੰਞਾਣ ਬਾਲ ਨੂੰ, ਮੇਰੇ ਅੰਞਾਣੇ ਮਨ ਨੂੰ। {ਨੋਟ: ਲਫ਼ਜ਼ 'ਬੇਟਾ' ਅਤੇ 'ਬਿਟਵਾ' ਵਿਚ ਫ਼ਰਕ ਹੈ। 'ਬਿਟਵਾ' ਦਾ ਅਰਥ ਹੈ 'ਅੰਞਾਣ ਬੇਟਾ'}। ਗੁਰੂ ਨਾਨਕ ਸਾਹਿਬ ਨੇ ਭੀ 'ਮਨ' ਨੂੰ 'ਬਾਲਕ' ਆਖਿਆ ਹੈ; ਜਿਵੇਂ: 'ਰਾਜਾ ਬਾਲਕੁ, ਨਗਰੀ ਕਾਚੀ, ਦੁਸਟਾ ਨਾਲਿ ਪਿਆਰੋ। ' {ਬਸੰਤ ਮ: 1 ਬਾਲਕੁ = ਮਨ-ਬਾਲਕ। ਰਮਊਆ = ਰਾਮ ਸਿਮਰਨ ਦੀ ਬਾਣ। ਲਾਵਾ = ਲਾਇਆ, ਲਾ ਦਿੱਤਾ।1। ਰਹਾਉ। ਜਾਤਿ = ਨੀਵੀਂ ਜਾਤ। ਗਵਾਈ = ਮੁਕਾ ਦਿੱਤੀ ਹੈ।2। ਅਰਥ: ਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ)। (ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ)।1। ਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ) , (ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ।1। ਰਹਾਉ। ਕਬੀਰ ਆਖਦਾ ਹੈ– ਹੇ ਮੇਰੀ ਮਾਂ! ਸੁਣ, ਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ)।2।3। 33। ਆਸਾ ॥ ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥ ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥ ਘੂੰਘਟੁ ਕਾਢਿ ਗਈ ਤੇਰੀ ਆਗੈ ॥ ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥ ਘੂੰਘਟ ਕਾਢੇ ਕੀ ਇਹੈ ਬਡਾਈ ॥ ਦਿਨ ਦਸ ਪਾਂਚ ਬਹੂ ਭਲੇ ਆਈ ॥੨॥ ਘੂੰਘਟੁ ਤੇਰੋ ਤਉ ਪਰਿ ਸਾਚੈ ॥ ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥ ਕਹਤ ਕਬੀਰ ਬਹੂ ਤਬ ਜੀਤੈ ॥ ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥ {ਪੰਨਾ 484} ਨੋਟ: ਜਿਵੇਂ ਪਿਛਲੇ ਸ਼ਬਦ ਵਿਚ ਸਾਡੇ ਕਈ ਵਿਦਵਾਨ ਕਬੀਰ ਜੀ ਦੀ ਮਾਂ ਨੂੰ ਆਪਣੀ ਨੂੰਹ ਵਾਸਤੇ ਕਲਪਦੀ ਦੱਸ ਰਹੇ ਹਨ, ਤਿਵੇਂ ਇੱਥੇ ਕਬੀਰ ਜੀ ਆਪ ਆਪਣੀ ਨੂੰਹ ਦੇ ਘੁੰਡ ਕੱਢਣ ਤੇ ਨਾਰਾਜ਼ ਹੁੰਦੇ ਦੱਸੇ ਜਾ ਰਹੇ ਹਨ। ਅਸੀਂ ਲਫ਼ਜ਼ 'ਬਹੁਰੀਆ' ਦਾ ਅਰਥ ਕਰਨ ਲਈ ਕਬੀਰ ਜੀ ਦੇ ਆਪਣੇ ਹੀ ਸ਼ਬਦ ਨੰ: 31 ਦਾ ਆਸਰਾ ਲਵਾਂਗੇ। ਪਦ ਅਰਥ: ਰਹੁ = ਬੱਸ ਕਰ, ਠਹਿਰ। ਰੀ ਬਹੁਰੀਆ = ਹੇ ਮੇਰੀ ਜਿੰਦ-ਰੂਪ ਵਹੁਟੀ! ਜਿਨਿ = ਮਤਾਂ, ਨਾਹ। ਜਿਨਿ ਕਾਢੈ = ਮਤਾਂ ਕੱਢੇ, ਨਾਹ ਕੱਢ। ਘੂੰਘਟੁ = ਘੁੰਡ, ਖਸਮ ਕੋਲੋਂ ਘੁੰਡ, ਖਸਮ-ਪ੍ਰਭੂ ਵਲੋਂ ਪਰਦਾ। ਅੰਤ ਕੀ ਬਾਰ = ਅੰਤ ਵੇਲੇ, ਇਹ ਜੀਵਨ ਖ਼ਤਮ ਹੋਇਆਂ। ਲਹੈਗੀ ਨ ਆਢੈ = ਅੱਧੀ ਦਮੜੀ ਭੀ ਤੈਨੂੰ ਨਹੀਂ ਮਿਲਣੀ, ਤੇਰਾ ਮੁੱਲ ਅੱਧੀ ਦਮੜੀ ਭੀ ਨਹੀਂ ਪੈਣਾ, ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ।1। ਰਹਾਉ। ਉਨ ਕੀ = ਉਹਨਾਂ ਦੀ {ਨੋਟ: ਲਫ਼ਜ਼ 'ਉਨ' ਦੱਸਦਾ ਹੈ ਕਿ ਇਸ ਤੋਂ ਪਹਿਲੀ ਤੁਕ ਵਿਚ ਕਿਸੇ ਇੱਕ ਦਾ ਜ਼ਿਕਰ ਨਹੀਂ ਹੈ, ਬਹੁਤੀਆਂ ਦਾ ਜ਼ਿਕਰ ਹੈ। ਇਸ ਤੁਕ ਵਿਚੋਂ ਕਬੀਰ ਜੀ ਦੇ ਪੁੱਤਰ ਦੀ ਕਿਸੇ ਦੂਜੀ ਵਹੁਟੀ ਦਾ ਖ਼ਿਆਲ ਬਣਾਉਣਾ ਉੱਕਾ ਹੀ ਗ਼ਲਤ ਹੈ}। ਗੈਲਿ = ਵਾਦੀ, ਆਦਤ। ਤੋਹਿ = ਤੈਨੂੰ। ਜਿਨਿ ਲਾਗੈ = ਮਤਾਂ ਲੱਗ ਜਾਏ, ਕਿਤੇ ਪੈ ਨਾਹ ਜਾਏ। ਆਗੈ = ਤੈਥੋਂ ਪਹਿਲਾਂ। ਤੇਰੀ = ਤੇਰੀ ਮੱਤ ਵਾਲੀਆਂ ਕਈ ਜਿੰਦਾਂ। ਘੂੰਘਟ ਕਾਢਿ = ਖਸਮ-ਪ੍ਰਭੂ ਵਲੋਂ ਘੁੰਡ ਕੱਢ ਕੇ, ਖਸਮ-ਪ੍ਰਭੂ ਨੂੰ ਵਿਸਾਰ ਵਿਸਾਰ ਕੇ।1। ਬਡਾਈ = ਵਡਿਆਈ, ਮਾਣ, ਫ਼ਖ਼ਰ, ਇੱਜ਼ਤ, ਲੋਕਾਂ ਵਿਚ ਇੱਜ਼ਤ। ਦਿਨ ਦਸ ਪਾਂਚ = ਪੰਜ ਦਸ ਦਿਨਾਂ ਲਈ ਹੀ। ਬਹੂ = ਇਹ ਜਿੰਦ-ਵਹੁਟੀ, ਇਹ ਜੀਵ-ਇਸਤ੍ਰੀ, ਇਹ ਜੀਵ।2। ਤਉ ਪਰਿ = ਤਦੋਂ ਹੀ। ਕੂਦਹਿ ਨਾਚੈ = (ਹੇ ਜਿੰਦੇ) = ਜੇ ਤੂੰ ਕੁੱਦੇਂ ਤੇ ਨੱਚੇਂ, ਜੇ ਤੇਰੇ ਅੰਦਰ ਉਤਸ਼ਾਹ ਪੈਦਾ ਹੋਵੇ, ਜੇ ਤੇਰੇ ਅੰਦਰ ਖਿੜਾਉ ਪੈਦਾ ਹੋਵੇ।3। ਬਹੂ = ਜਿੰਦ ਵਹੁਟੀ।4। ਅਰਥ: ਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ) ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ)।1। ਰਹਾਉ। ਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ, (ਵੇਖੀਂ!) ਕਿਤੇ ਉਹਨਾਂ ਵਾਲੀ ਵਾਦੀ ਤੈਨੂੰ ਨਾਹ ਪੈ ਜਾਏ।1। (ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ) ਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ)।2। (ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ) , ਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ।3। ਕਬੀਰ ਆਖਦਾ ਹੈ– ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ ਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ।4।1। 34। ਆਸਾ ॥ ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥ ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥ ਜਉ ਤਨੁ ਚੀਰਹਿ ਅੰਗੁ ਨ ਮੋਰਉ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥ ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥ ਕਹਤੁ ਕਬੀਰੁ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥ {ਪੰਨਾ 484} ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਵਿਦਵਾਨ ਸੱਜਣ ਆਮ ਤੌਰ ਤੇ ਇਕ ਅਜੀਬ ਜਿਹੀ ਕਹਾਣੀ ਇਉਂ ਲਿਖ ਰਹੇ ਹਨ: (1) ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁਧ ਅੜੀ ਰਹੀ, ਫਿਰ ਖਿਮਾ ਮੰਗਦੀ ਹੈ, ਪਰ ਕਬੀਰ ਜੀ ਨਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉੱਤੇ ਇਤਬਾਰ ਨਹੀਂ ਰਿਹਾ। (2) ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਨਾਲ ਸੇਵਾ ਨ ਕਰਨ ਤੇ ਕਬੀਰ ਜੀ ਰੰਜ ਹੋ ਕੇ ਬਹਿ ਗਏ। ਲੋਈ ਨੇ ਇਹ ਬੇਨਤੀ ਕੀਤੀ; ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ, ਬਾਕੀ ਲੋਈ ਜੀ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਹ ਐਸੇ ਆਤਮਕ ਵਲਵਲੇ ਹਨ, ਜੋ ਹਰੇਕ ਸਿੱਖ ਦੇ ਅੰਦਰ ਉੱਠਣੇ ਜ਼ਰੂਰੀ ਹਨ। ਇੱਥੇ ਕਿਸੇ ਐਸੀਆਂ ਹੋ ਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ, ਜੋ ਹੁਣ ਸਾਡੇ ਜੀਵਨ ਵਿਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਣੀ ਵਿਚ ਜੀਵਨ ਦੇ ਉਹ ਤਰੰਗ ਤੇ ਉਹ ਨਿਯਮ ਦਿੱਤੇ ਹਨ, ਜੋ, ਜਦ ਤਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉਤੇ ਢੁਕਦੇ ਰਹਿਣਗੇ, ਤੇ ਹਨੇਰੇ ਵਿਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ। ਜੇ ਕੋਈ ਸ਼ਬਦ ਐਸ ਵੇਲੇ ਮਨੁੱਖਾ-ਜੀਵਨ ਵਿਚ ਠੀਕ ਫਬਵਾਂ ਨਹੀਂ ਜਾਪਦਾ, ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਬੀਤੀ ਕਹਾਣੀ ਜੋੜ ਕੇ ਘਰ ਪੂਰਾ ਨਹੀਂ ਕੀਤਾ ਜਾ ਸਕੇਗਾ। ਪੂਰਨ ਸ਼ਰਧਾ ਵਾਲੇ ਸਿੱਖ ਦੇ ਅੰਦਰ ਇਹ ਖ਼ਿਆਲ ਉੱਠਣਾ ਕੁਦਰਤੀ ਹੈ ਕਿ ਐਸ ਵੇਲੇ ਇਹ ਸ਼ਬਦ ਮੈਨੂੰ ਕੀਹ ਚਾਨਣ ਦੇ ਰਿਹਾ ਹੈ। ਇਸ ਉੱਪਰ-ਦਿੱਤੀ ਕਹਾਣੀ ਵਿਚੋਂ ਇੱਕੋ ਗੱਲ ਪਰਤੱਖ ਦਿੱਸਦੀ ਹੈ ਕਿ ਲੋਈ ਉੱਤੇ ਉਹਨਾਂ ਦੇ ਪਤੀ ਭਗਤ ਕਬੀਰ ਜੀ ਗੁੱਸੇ ਹੋ ਗਏ, ਮਾਈ ਲੋਈ ਨੇ ਮਨਾਣ ਲਈ ਬੜੇ ਤਰਲੇ ਲਏ, ਪਰ ਕਬੀਰ ਜੀ ਨਾਹ ਹੀ ਮੰਨੇ। ਘਰਾਂ ਵਿਚ, ਕਹਿੰਦੇ ਹਨ, ਭਾਂਡੇ ਭੀ ਠਹਿਕ ਪੈਂਦੇ ਹਨ; ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਵਹੁਟੀ ਖਸਮ ਕਦੇ ਭੀ ਆਪੋ ਵਿਚ ਨਰਾਜ਼ ਨਾਹ ਹੁੰਦੇ ਹੋਣ। ਤਾਂ, ਕੀ ਇਸ ਸ਼ਬਦ ਨੇ ਇਹੀ ਸਾਡੀ ਅਗਵਾਈ ਕਰਨੀ ਹੈ, ਕਿ ਜੇ, ਇਕ ਵਾਰੀ ਵਹੁਟੀ ਉੱਤੇ ਗੁੱਸੇ ਹੋ ਪਏ, ਉਹ ਵਿਚਾਰੀ ਪਈ ਤਰਲੇ ਕਰੇ ਅਸਾਂ ਉਸ ਉੱਤੇ ਮੁੜ ਇਤਬਾਰ ਕਰਨਾ ਹੀ ਨਹੀਂ? ਤਾਂ ਫਿਰ, ਅਜਿਹੇ ਘਰਾਂ ਦੀ ਵੱਸੋਂ ਕਿਹੋ ਜਿਹੀ ਬਣ ਜਾਇਗੀ? ਸਿੱਖ ਧਰਮ ਦੇ ਇਤਿਹਾਸ ਵਿਚ ਅਜੇ ਤਕ ਕਿਤੇ ਇਹ ਗੱਲ ਲਿਖੀ ਨਹੀਂ ਮਿਲਦੀ ਕਿ ਸਤਿਗੁਰੂ ਜੀ ਨੇ ਮਾਈ ਲੋਈ ਨੂੰ ਭਗਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਸੀ। ਤਾਂ ਫਿਰ, ਮਾਈ ਲੋਈ ਦੀ ਕੋਈ ਕਵਿਤਾ ਬਾਣੀ ਦਾ ਦਰਜਾ ਨਹੀਂ ਰੱਖ ਸਕਦੀ ਸੀ। ਜਿਸ ਇਸਤ੍ਰੀ ਉੱਤੇ ਉਸ ਦਾ ਆਪਣਾ ਹੀ ਪਤੀ ਬੇਪ੍ਰਤੀਤੀ ਜ਼ਾਹਰ ਕਰ ਰਿਹਾ ਦੱਸਿਆ ਜਾਂਦਾ ਹੈ, ਉਸ ਦੇ ਲਫ਼ਜ਼ ਰੱਬੀ-ਜੋਤ ਦੇ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਸਨ ਹੋ ਸਕਦੇ। ਕਿਸੇ ਭੀ ਸ਼ਬਦ ਨੂੰ ਸਮਝਣ ਲਈ ਸਾਖੀਆਂ ਦਾ ਆਸਰਾ ਲੈਣਾ ਕਈ ਵਾਰੀ ਕੁਰਾਹੇ ਪਾ ਸਕਦਾ ਹੈ, ਜਿਵੇਂ ਕਿ ਇਸ ਸ਼ਬਦ ਬਾਰੇ ਪਰਤੱਖ ਦਿੱਸ ਰਿਹਾ ਹੈ। ਅਸਲ ਵਿਚ ਇੱਥੇ ਕੋਈ ਭੀ ਝਗੜਾ ਕਬੀਰ ਜੀ ਦਾ ਮਾਈ ਲੋਈ ਨਾਲ ਨਹੀਂ ਹੋ ਰਿਹਾ। ਕਬੀਰ ਜੀ ਨੇ ਲਫ਼ਜ਼ 'ਲੋਈ' ਹੋਰ ਭੀ ਕਈ ਸ਼ਬਦਾਂ ਵਿਚ ਵਰਤਿਆ ਹੈ, ਪਰ ਹਰ ਥਾਂ ਉਸ ਨੂੰ 'ਮਾਈ ਲੋਈ' ਸਮਝਣਾ ਭਾਰੀ ਭੁੱਲ ਹੈ। ਇਸ ਸ਼ਬਦ ਵਿਚ ਵਰਤਿਆ ਲਫ਼ਜ਼ 'ਲੋਈ' ਕਿਸੇ ਜ਼ਨਾਨੀ ਵਾਸਤੇ ਹੈ ਜਾਂ ਕਿਸੇ 'ਪੁਲਿੰਗ ਪਦਾਰਥ' ਬਾਰੇ, ਇਹ ਨਿਰਨਾ ਲਫ਼ਜ਼ 'ਰੇ' ਤੋਂ ਹੋ ਰਿਹਾ ਹੈ। 'ਰੇ' ਸਦਾ ਹੀ ਪੁਲਿੰਗ ਵਾਸਤੇ ਹੁੰਦਾ ਹੈ, ਤੇ, 'ਰੀ' ਇਸਤ੍ਰੀ-ਲਿੰਗ ਵਾਸਤੇ। ਜਿਵੇਂ: ਰੇ = ਪੁਲਿੰਗ ਵਾਸਤੇ: (1) "ਰੇ ਨਰ ਗਰਭ ਕੁੰਡਲ ਜਬ ਆਛਤ......। " (2) "ਕਾਹੇ ਰੇ ਨਰ ਗਰਬੁ ਕਰਤੁ ਹਹੁ......। " (3) "ਰੇ ਨਰ ਕਾਹੇ ਪਪੋਰਹੁ ਦੇਹੀ......। " (4) "ਕਹਤ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ। ਕਿਆ ਕਾਂਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ। " {ਧਨਾਸਰੀ ਕਬੀਰ ਜੀ (5) "ਲੰਕਾ ਸਾ ਕੋਟੁ ਸਮੁੰਦ ਸੀ ਖਾਈ.......। ਕਹਤ ਕਬੀਰ ਸੁਨਹੁ ਰੇ ਲੋਈ। ਰਾਮ ਨਾਮ ਬਿਨੁ ਮੁਕਤਿ ਨ ਹੋਈ।5।8। " {ਆਸਾ 'ਰੀ' = ਇਸਤ੍ਰੀ-ਵਾਸਤੇ: (1) ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ......। 34। {ਆਸਾ ਕਬੀਰ ਜੀ (2) ਗਾਉ ਗਾਉ ਰੀ ਦੁਲਹਨੀ ਮੰਗਲਚਾਰਾ......।2।4। {ਆਸਾ ਕਬੀਰ ਜੀ (3) ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ......।2। {ਗੂਜਰੀ ਤ੍ਰਿਲੋਚਨ ਜੀ (4) ਰੀ ਬਾਈ ਬੇਢੀ ਦੇਣੁ ਨਾ ਜਾਈ......। {ਸੋਰਠਿ ਨਾਮਦੇਵ ਜੀ ਸਤਿਗੁਰੂ ਨਾਨਕ ਦੇਵ ਜੀ ਨੇ ਭੀ ਲਫ਼ਜ਼ 'ਲੋਈ' ਆਪਣੀ ਬਾਣੀ ਵਿਚ ਵਰਤਿਆ ਹੈ, ਤੇ ਇਸ ਦਾ ਅਰਥ ਹੈ 'ਜਗਤ'; ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ "ਲੋਈ" ॥ ਜੋਗ ਜੁਗਤਿ ਜਗਜੀਵਨੁ ਸੋਈ ॥15॥ ਲੋਈ = ਜਗਤ। {ਰਾਮਕਲੀ ਮਹਲਾ 1 ਦੱਖਣੀ, ਓਅੰਕਾਰ ਪਦ ਅਰਥ: ਕਰਵਤੁ = {Skt. kvL>} ਆਰਾ। ਕਰਵਟ = ਪਿੱਠ।1। ਹਉ ਵਾਰੀ = ਮੈਂ ਤੈਥੋਂ ਸਦਕੇ। ਪਿਆਰੇ = ਹੇ ਪਿਆਰੇ ਪ੍ਰਭੂ।1। ਰਹਾਉ। ਅੰਗੁ = ਸਰੀਰ। ਨ ਮੋਰਉ = ਮੈਂ ਪਿਛਾਂਹ ਨਾਹ ਹਟਾਵਾਂਗਾ, ਮੈਂ ਨਹੀਂ ਮੋੜਾਂਗਾ। ਪਿੰਡੁ ਪਰੈ = ਜੇ ਮੇਰਾ ਸਰੀਰ ਢਹਿ ਭੀ ਪਏਗਾ, ਜੇ ਸਰੀਰ ਨਾਸ ਭੀ ਹੋ ਜਾਇਗਾ।2। ਬੀਚੁ = ਵਿੱਥ। ਤੁਮਹਿ = ਤੂੰ ਹੀ। ਸੋਈ = ਉਹੀ।3। ਰੇ ਲੋਈ = ਹੇ ਲੋਕ! ਹੇ ਜਗਤ! ਹੇ ਦੁਨੀਆ ਦੇ ਮੋਹ!।4। ਅਰਥ: ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ; ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ)।1। ਰਹਾਉ। ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ) ; (ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ)।1। ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ; ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ।2। ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ, ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ।3। (ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ– ਸੁਣ, ਹੇ ਜਗਤ! (ਹੇ ਜਗਤ ਦੇ ਮੋਹ!) ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ)।4।2। 35। ਸ਼ਬਦ ਦਾ ਭਾਵ: ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ, ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ। 35। ਆਸਾ ॥ ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥ ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥ ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥ ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥ ਧਰਨਿ ਅਕਾਸ ਕੀ ਕਰਗਹ ਬਨਾਈ ॥ ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥ ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥ ਜੋਲਾਹੇ ਘਰੁ ਅਪਨਾ ਚੀਨ੍ਹ੍ਹਾਂ ਘਟ ਹੀ ਰਾਮੁ ਪਛਾਨਾਂ ॥੩॥ ਕਹਤੁ ਕਬੀਰੁ ਕਾਰਗਹ ਤੋਰੀ ॥ ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥ {ਪੰਨਾ 484} ਨੋਟ: ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜਾਤ ਦੇ ਜੁਲਾਹ। ਬ੍ਰਾਹਮਣ ਦੀ ਨਜ਼ਰ ਵਿਚ ਉਹ ਇਕ ਸ਼ੂਦਰ ਸਨ, ਜਿਸ ਨੂੰ ਸ਼ਾਸਤ੍ਰ ਭਜਨ ਕਰਨ ਦੀ ਆਗਿਆ ਨਹੀਂ ਦੇਂਦੇ। ਫਿਰ, ਉਹ ਲੋਕ ਤਾਂ ਡੁੱਬੇ ਪਏ ਮੂਰਤੀ ਪੂਜਾ-ਵਿਚ, ਤੇ ਕਬੀਰ ਜੀ ਹਰਿ-ਸਿਮਰਨ ਦੀ ਮੌਜ ਵਿਚ ਮਗਨ। ਉਹਨਾਂ ਨੂੰ ਇਹ ਗੱਲ ਕਿਵੇਂ ਭਾਵੇ? ਉਹਨਾਂ ਲਈ ਇਹ ਕੁਦਰਤੀ ਸੀ ਕਿ ਕਬੀਰ ਜੀ ਨੂੰ 'ਜੁਲਾਹ, ਜੁਲਾਹ' ਆਖ ਆਖ ਕੇ ਆਪਣੇ ਦਿਲ ਦਾ ਸਾੜ ਕੱਢਣ। ਕਬੀਰ ਜੀ ਇਹਨਾਂ ਦੀ ਇਸ ਨਫ਼ਰਤ ਨੂੰ ਮਖ਼ੋਲ ਕਰਦੇ ਹਨ ਕਿ ਇਕੱਲਾ ਮੈਂ ਹੀ ਜੁਲਾਹ ਨਹੀਂ, ਪਰਮਾਤਮਾ ਭੀ ਜੁਲਾਹ ਹੀ ਹੈ। ਵੇਖੋ ਰਵਿਦਾਸ ਜੀ ਦਾ ਸ਼ਬਦ ਸੋਰਠਿ ਰਾਗ ਵਿਚ = "ਚਮਰਟਾ ਗਾਠਿ ਨ ਜਨਈ"। ਪਦ ਅਰਥ: ਕੋਰੀ = ਜੁਲਾਹ। ਕੋ = ਦਾ। ਮਰਮੁ = ਭੇਤ। ਕਾਹੂ = ਕਿਸੇ ਨੇ। ਆਨਿ = ਲਿਆ ਕੇ, ਪੈਦਾ ਕਰ ਕੇ।1। ਰਹਾਉ। ਜਬ = ਜਿਤਨਾ ਚਿਰ। ਸੁਨਿ ਲੇ = ਸੁਣ ਲਏ। ਤਬ = ਉਨਾ ਚਿਰ। ਪਸਰਿਓ = ਤਣ ਲਿਆ।1। ਧਰਨਿ = ਧਰਤੀ। ਕਰਗਹ = ਕੰਘੀ, ਕੱਪੜਾ ਉਣਨ ਵੇਲੇ ਜੋ ਅਗਾਂਹ ਪਿਛਾਂਹ ਕਰਦੀ ਹੈ, ਇਸ ਨੂੰ ਜੁਲਾਹ ਵਾਰੀ ਵਾਰੀ ਹਰੇਕ ਹੱਥ ਵਿਚ ਰੱਖਦਾ ਹੈ। ਸਾਥ = ਜੁਲਾਹੇ ਦੀਆਂ ਨਾਲਾਂ।2। ਪਾਈ ਜੋਰਿ = ਪਊਇਆਂ ਦੀ ਜੋੜੀ ਜਿਨ੍ਹਾਂ ਉੱਤੇ ਦੋਵੇਂ ਪੈਰ ਰੱਖ ਕੇ ਜੁਲਾਹ ਵਾਰੋ-ਵਾਰੀ ਹਰੇਕ ਪੈਰ ਨੂੰ ਦੱਬ ਕੇ ਕੱਪੜਾ ਉਣਦਾ ਹੈ। ਬਾਤ ਇਕ = ਇਹ ਜਗਤ-ਖੇਡ। ਤਹ = ਉਸ ਜੁਲਾਹੇ ਵਿਚ। ਤਾਂਤੀ = ਜੁਲਾਹ। ਤਾਂਤੀ ਮਨੁ = (ਮੈਂ) ਜੁਲਾਹੇ ਦਾ ਮਨ। ਘਰੁ = ਸਰੂਪ। ਚੀਨ੍ਹ੍ਹਾ = ਪਛਾਣ ਲਿਆ ਹੈ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ।3। ਕਾਰਗਹ = (ਜਗਤ-ਰੂਪ) ਕੰਘੀ। ਤੋਰੀ = ਤੋੜ ਦਿੱਤੀ, ਤੋੜ ਦੇਂਦਾ ਹੈ। ਸੂਤੈ = ਸੂਤਰ ਵਿਚ।4। ਅਰਥ: (ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ, ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ)।1। (ਤੁਸੀ ਸਾਰੇ ਮੈਨੂੰ 'ਜੁਲਾਹ ਜੁਲਾਹ' ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ, ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ।1। ਰਹਾਉ। (ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ, ਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ।2। ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ। ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ।3। ਕਬੀਰ ਆਖਦਾ ਹੈ– ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ ਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ)।4।3। 36। ਆਸਾ ॥ ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥ ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥ {ਪੰਨਾ 484} ਪਦ ਅਰਥ: ਅੰਤਰਿ = ਮਨ ਵਿਚ। ਮੈਲੁ = ਵਿਕਾਰਾਂ ਦੀ ਮੈਲ। ਪਤੀਣੇ = ਪਤੀਜਣ ਨਾਲ।1। ਦੇਵਾ = ਪ੍ਰਕਾਸ਼-ਰੂਪ। ਨਾਵਣੁ = ਇਸ਼ਨਾਨ।1। ਰਹਾਉ। ਮਜਨਿ = ਇਸ਼ਨਾਨ ਨਾਲ, ਚੁੱਭੀ ਨਾਲ। ਗਤਿ = ਮੁਕਤੀ। ਨਾਵਹਿ = ਨ੍ਹਾਉਂਦੇ ਹਨ।2। ਕਠੋਰੁ = ਕਰੜਾ, ਕੋਰਾ। ਨ ਬਾਂਚਿਆ ਜਾਈ = ਬਚਿਆ ਨਹੀਂ ਜਾ ਸਕਦਾ। ਹਾੜੰਬੈ = ਮਗਹਰ ਦੀ ਕਲਰਾਠੀ ਧਰਤੀ ਵਿਚ। ਸੈਨ = ਸੈਨਾ, ਪਰਜਾ, ਲੁਕਾਈ।3। ਰੈਨਿ = ਰਾਤ। ਤਹਾ = ਉਸ ਆਤਮਕ ਅਵਸਥਾ ਵਿਚ। ਬਸੈ = ਵੱਸਦਾ ਹੈ, ਜੀਵ ਨੂੰ ਮਿਲਦਾ ਹੈ। ਕਹਿ = ਕਹੇ, ਆਖਦਾ ਹੈ। ਨਰ = ਹੇ ਮਨੁੱਖ!।4। ਅਰਥ: ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ; (ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ।1। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।1। ਰਹਾਉ। ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।2। ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ। (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ।3। ਕਬੀਰ ਆਖਦਾ ਹੈ– ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ। ਉਹ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)।4। 4। 37। |
Sri Guru Granth Darpan, by Professor Sahib Singh |