ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 485 ੴ ਸਤਿਗੁਰ ਪ੍ਰਸਾਦਿ ॥ ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥ ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥ ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥ ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥ ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥ ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥ {ਪੰਨਾ 485} ਪਦ ਅਰਥ: ਪੂਰਕ = ਭਰਪੂਰ। ਜਤ = ਜਿੱਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉੱਧਰ। ਸੋਈ = ਉਹ ਪ੍ਰਭੂ ਹੀ। ਚਿਤ੍ਰ = ਮੂਰਤਾਂ, ਤਸਵੀਰਾਂ। ਬਚਿਤ੍ਰ = ਰੰਗਾ ਰੰਗ ਦੀਆਂ। ਬਿਮੋਹਿਤ = ਚੰਗੀ ਤਰ੍ਹਾਂ ਮੋਹੇ ਜਾਂਦੇ ਹਨ।1। ਸਭੁ = ਹਰ ਥਾਂ। ਸੂਤੁ = ਧਾਗਾ। ਮਣਿ = ਮਣਕੇ। ਸਤ = ਸ਼ਤ, ਸੈਂਕੜੇ। ਸਹੰਸ = ਹਜ਼ਾਰਾਂ। ਓਤਿ ਪੋਤਿ = {Skt. Aoq pRoq = ਉਣਿਆ ਹੋਇਆ, ਪ੍ਰੋਤਾ ਹੋਇਆ} ਉਣੇ ਹੋਏ ਵਿਚ, ਪ੍ਰੋਤੇ ਹੋਏ ਵਿਚ, ਤਾਣੇ ਪੇਟੇ ਵਿਚ।1। ਰਹਾਉ। ਤਰੰਗ = ਲਹਿਰਾਂ, ਠਿੱਲ੍ਹਾਂ। ਫੇਨ = ਝੱਗ। ਬੁਦਬੁਦਾ = ਬੁਲਬੁਲਾ। ਭਿੰਨ = ਵੱਖਰਾ। ਪਰਪੰਚੁ = {Skt. pRpzc} = ਇਹ ਦਿੱਸਦਾ ਤਮਾਸ਼ਾ-ਰੂਪ ਸੰਸਾਰ। ਲੀਲਾ = ਖੇਡ। ਬਿਚਰਤ = ਵਿਚਾਰਿਆਂ। ਆਨ = ਵੱਖਰਾ, ਓਪਰਾ।2। ਮਿਥਿਆ = ਝੂਠਾ। ਭਰਮੁ = ਵਹਿਮ, ਗ਼ਲਤ ਖ਼ਿਆਲ। ਮਨੋਰਥ = ਉਹ ਚੀਜ਼ਾਂ ਜਿਨ੍ਹਾਂ ਦੀ ਖ਼ਾਤਰ ਮਨ ਦੌੜਦਾ ਫਿਰਦਾ ਹੈ। ਸਤਿ = ਸਦਾ ਕਾਇਮ ਰਹਿਣ ਵਾਲੇ। ਸੁਕ੍ਰਿਤ = ਨੇਕੀ। ਮਨਸਾ = ਸਮਝ। ਮਾਨਿਆ = ਪਤੀਜ ਗਿਆ, ਤਸੱਲੀ ਹੋ ਗਈ।3। ਰਚਨਾ = ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ। ਅੰਤਰਿ = ਅੰਦਰ। ਨਿਰੰਤਰਿ = ਇਕ-ਰਸ ਸਭ ਵਿਚ।4। ਅਰਥ: ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ। ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ।1। ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ; ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ।1। ਰਹਾਉ। ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ = ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ, ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ।2। (ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ) ; ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ। ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ)।3। ਨਾਮਦੇਵ ਆਖਦਾ ਹੈ– (ਹੇ ਭਾਈ!) ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ।4।1। ਭਾਵ: ਪਰਮਾਤਮਾ ਆਪਣੀ ਇਸ ਰਚੀ ਸ੍ਰਿਸ਼ਟੀ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਇਹ ਸੂਝ ਪੈਂਦੀ ਹੈ। ਨੋਟ: ਪਰ ਭਗਤ-ਬਾਣੀ ਦੇ ਵਿਰੋਧੀ ਸੱਜਣ ਨੂੰ ਇਸ ਵਿਚ 'ਵੇਦਾਂਤ ਮਤ ਦੀ ਲਿਸ਼ਕ' ਦਿੱਸ ਰਹੀ ਹੈ। ਹਰ ਹਾਲਤ ਵਿਚ ਵਿਰੋਧਤਾ ਜੁ ਕਰਨੀ ਹੋਈ। ਆਸਾ ॥ ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ 485} ਪਦ ਅਰਥ: ਆਨੀਲੇ = ਲਿਆਂਦਾ। ਕੁੰਭ = ਘੜਾ। ਭਰਾਈਲੇ = ਭਰਾਇਆ। ਉਦਕ = ਪਾਣੀ। ਠਾਕੁਰ = {Skt. Twkur = an idol, deity} ਮੂਰਤੀ, ਬੁੱਤ। ਕਉ = ਨੂੰ। ਕਰਉ = ਮੈਂ ਕਰਾਵਾਂ। ਜੀ = ਜੀਵ। ਬੀਠਲੁ = {ivÕTl = one who is at a distance} ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ। ਭੈਲਾ = ਭਇਲਾ {Skt. Bu = to live, exist, stay, abide. ਮਰਾਠੀ ਬੋਲੀ 'ਭੂਤ ਕਾਲ' ਬਣਾਉਣ ਵਾਸਤੇ ਕ੍ਰਿਆ-ਧਾਤੂ ਦੇ ਅਖ਼ੀਰ ਤੇ 'ਲਾ' ਲਗਾਈਦਾ ਹੈ, ਜਿਵੇਂ 'ਆ' ਤੋਂ 'ਆਇਲਾ', 'ਕੁਪ' ਤੋਂ 'ਕੋਪਿਲਾ' ਆਦਿਕ; ਤਿਵੇਂ ਹੀ 'ਭੂ' ਤੋਂ 'ਭਇਲਾ' ਜਾਂ 'ਭੈਲਾ'} ਵੱਸਦਾ ਸੀ, ਮੌਜੂਦ ਸੀ। ਕਾਇ = ਕਾਹਦੇ ਲਈ? ਕਿਉਂ?।1। ਜਤ੍ਰ = ਜਿੱਥੇ। ਜਾਉ = ਮੈਂ ਜਾਂਦਾ ਹਾਂ। ਕੇਲਾ = ਅਨੰਦ, ਚੋਜ ਤਮਾਸ਼ੇ।1। ਰਹਾਉ। ਪਰੋਈਲੇ = ਪਰੋ ਲਈ। ਹਉ = ਮੈਂ। ਬਾਸੁ = ਸੁਗੰਧੀ, ਵਾਸ਼ਨਾ। ਭਵਰਹ = ਭੌਰੇ ਨੇ।2। ਰੀਧਾਈਲੇ = ਰਿੰਨ੍ਹਾ ਲਈ। ਨੈਵੇਦੁ = {Skt. nYvyª = an offering of eatables presented to a deity or idol} ਮੂਰਤੀ ਅੱਗੇ ਖਾਣ ਵਾਲੇ ਪਦਾਰਥ ਦੀ ਭੇਟ। ਬਿਟਾਰਿਓ = ਜੂਠਾ ਕੀਤਾ। ਬਛਰੈ = ਵੱਛੇ ਨੇ।3। ਊਭੈ = ਉਤਾਂਹ। ਈਭੈ = ਹੇਠਾਂ। ਥਨੰਤਰਿ = ਥਾਨ+ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਪ੍ਰਣਵੈ = ਬੇਨਤੀ ਕਰਦਾ ਹੈ। ਮਹੀ = ਧਰਤੀ। ਸਰਬ ਮਹੀ = ਸਾਰੀ ਸ੍ਰਿਸ਼ਟੀ ਵਿਚ।4। ਅਰਥ: ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ) ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ?।1। ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ।1। ਰਹਾਉ। ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ (ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ?।2। ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ (ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ?।3। (ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ। ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ– (ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ।4।2। ਨੋਟ: ਕਿਸੇ ਸਿਆਣੇ ਲਿਖਾਰੀ ਤੇ ਕਵੀ ਦੇ ਖ਼ਿਆਲ ਦੀ ਡੂੰਘਾਈ ਨੂੰ ਸਹੀ ਤਰ੍ਹਾਂ ਸਮਝਣ ਲਈ ਇਹ ਜ਼ਰੂਰੀ ਹੋਇਆ ਕਰਦਾ ਹੈ ਕਿ ਉਸ ਦੇ ਵਰਤੇ ਲਫ਼ਜ਼ਾਂ ਦੇ ਭਾਵ ਨੂੰ ਉਸ ਦੇ ਆਪਣੇ ਰਚਨਾ-ਭੰਡਾਰ ਵਿਚੋਂ ਗਹੁ ਨਾਲ ਵੇਖਿਆ ਜਾਏ। ਕਈ ਵਾਰੀ ਉਸ ਦੇ ਆਪਣੇ ਵਰਤੇ ਲਫ਼ਜ਼ਾਂ ਦੀ ਚੋਣ ਵਿਚ ਖ਼ਾਸ ਭੇਦ ਹੋਇਆ ਕਰਦਾ ਹੈ, ਇਹ ਗੱਲ ਸੁੱਟ ਪਾਣ ਵਾਲੀ ਨਹੀਂ ਹੋਇਆ ਕਰਦੀ। ਇਸ ਸ਼ਬਦ ਵਿਚ ਵੇਖੋ ਲਫ਼ਜ਼ 'ਠਾਕੁਰ' ਤੇ 'ਬੀਠਲ' ਦੀ ਵਰਤੋਂ। ਜਿੱਥੇ 'ਇਸ਼ਨਾਨ ਪੂਜਾ ਨੈਵੇਦ' ਦਾ ਜ਼ਿਕਰ ਹੈ, ਉੱਥੇ ਲਫ਼ਜ਼ 'ਠਾਕੁਰ' ਵਰਤਿਆ ਹੈ, ਪਰ ਜਿੱਥੇ ਸਰਬ-ਵਿਆਪਕਤਾ ਦੱਸੀ ਹੈ ਉੱਥੇ 'ਬੀਠਲ' ਲਿਖਿਆ ਹੈ। ਮੂਰਤੀ ਦਾ ਜ਼ਿਕਰ ਤਿੰਨ ਵਾਰੀ ਕੀਤਾ ਹੈ, ਤਿੰਨੇ ਹੀ ਵਾਰੀ ਉਸ ਨੂੰ 'ਠਾਕੁਰ' ਹੀ ਆਖਿਆ ਹੈ ਤੇ 'ਬੀਠਲ' ਦਾ ਨਾਮ ਸਰਬ-ਵਿਆਪਕ ਪਰੀਪੂਰਨ ਪਰਮਾਤਮਾ ਨੂੰ ਦਿੱਤਾ ਹੈ। ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਤੋਂ ਅਸਾਂ ਇਹ ਯਕੀਨ ਨਹੀਂ ਬਣਾਉਣਾ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ; ਨਾਮਦੇਵ ਜੀ ਦਾ ਬੀਠਲੁ ਅਸਾਂ ਨਾਮਦੇਵ ਜੀ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ ਕਿ ਕਿਹੋ ਜਿਹਾ ਹੈ; ਉਹ ਬੀਠਲ ਹੈ 'ਥਾਨ ਥਨੰਤਰਿ'। ਭਾਵ: ਮੂਰਤੀ-ਪੂਜਾ ਦਾ ਖੰਡਨ; ਸਰਬ-ਵਿਆਪਕ ਪ੍ਰਭੂ ਦੀ ਭਗਤੀ ਦਾ ਉਪਦੇਸ਼। ਆਸਾ ॥ ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥ ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥ ਰਾਂਗਨਿ ਰਾਂਗਉ ਸੀਵਨਿ ਸੀਵਉ ॥ ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥ ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥੩॥ ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥ {ਪੰਨਾ 485} ਪਦ ਅਰਥ: ਗਜੁ = (ਕੱਪੜਾ ਮਿਣਨ ਵਾਲਾ) ਗਜ਼। ਕਾਤੀ = ਕੈਂਚੀ। ਮਪਿ ਮਪਿ = ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ। ਕਾਟਉ = ਮੈਂ ਕੱਟ ਰਿਹਾ ਹਾਂ। ਫਾਸੀ = ਫਾਹੀ।1। ਕਹਾ ਕਰਉ = ਮੈਂ ਕੀਹ (ਪਰਵਾਹ) ਕਰਦਾ ਹਾਂ? ਮੈਨੂੰ ਪਰਵਾਹ ਨਹੀਂ। ਪਾਤੀ = ਗੋਤ। ਜਾਤੀ = (ਆਪਣੀ ਨੀਵੀਂ) ਜ਼ਾਤ।1। ਰਹਾਉ। ਰਾਂਗਨਿ = ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ। ਰਾਂਗਉ = ਮੈਂ ਰੰਗਦਾ ਹਾਂ। ਸੀਵਨਿ = ਸੀਊਣ, ਨਾਮ ਦੀ ਸੀਊਣ। ਸੀਵਉ = ਮੈਂ ਸੀਊਂਦਾ ਹਾਂ। ਘਰੀਅ = ਇਕ ਘੜੀ ਭੀ। ਨ ਜੀਵਉ = ਮੈਂ ਜੀਊ ਨਹੀਂ ਸਕਦਾ।2। ਕਰਉ = ਮੈਂ ਕਰਦਾ ਹਾਂ। ਗਾਵਉ = ਮੈਂ ਗਾਉਂਦਾ ਹਾਂ। ਧਿਆਵਉ = ਮੈਂ ਧਿਆਉਂਦਾ ਹਾਂ।3। ਸੁਇਨੇ ਕੀ ਸੂਈ = ਗੁਰੂ ਦਾ ਸ਼ਬਦ-ਰੂਪ ਕੀਮਤੀ ਸੂਈ। ਰੁਪਾ = ਚਾਂਦੀ। ਰੁਪੇ ਕਾ ਧਾਗਾ = (ਗੁਰ-ਸ਼ਬਦ ਦੀ ਬਰਕਤਿ ਨਾਲ) ਸ਼ੁੱਧ ਨਿਰਮਲ ਹੋਈ ਬ੍ਰਿਤੀ-ਰੂਪ ਧਾਗਾ।4। ਨੋਟ: ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਏ ਹਨ– ਵੇਖੋ, 'ਚਮਰਟਾ ਗਾਠਿ ਨ ਜਨਈ'। ਭਗਤ ਕਬੀਰ ਨੂੰ ਜੁਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜੁਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ = ਵੇਖੋ, 'ਕੋਰੀ ਕੋ ਕਾਹੂ ਮਰਮੁ ਨ ਜਾਨਾ'। ਇਸ ਸ਼ਬਦ ਵਿਚ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਕਹਿ ਰਹੇ ਹਨ ਕਿ ਤੁਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹੁਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ। ਅਰਥ: ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ। ਰਹਾਉ। ਮੇਰਾ ਮਨ ਗਜ਼ (ਬਣ ਗਿਆ ਹੈ) , ਮੇਰੀ ਜੀਭ ਕੈਂਚੀ (ਬਣ ਗਈ ਹੈ) , (ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ।1। (ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ।2। ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ।3। ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ।4।3। ਭਾਵ: ਸਿਮਰਨ ਦੀ ਵਡਿਆਈ = ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦੁਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ। ਉਸ ਦੀ ਚਿੱਤ-ਬ੍ਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ। ਆਸਾ ॥ ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥ ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥ ਸਿੰਘਚ ਭੋਜਨੁ ਜੋ ਨਰੁ ਜਾਨੈ ॥ ਐਸੇ ਹੀ ਠਗਦੇਉ ਬਖਾਨੈ ॥੨॥ ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥ ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥ {ਪੰਨਾ 485} ਪਦ ਅਰਥ: ਕੁੰਚ = ਕੁੰਜ, ਉਪਰਲੀ ਪਤਲੀ ਖਲੜੀ। ਬਿਖੁ = ਜ਼ਹਿਰ। ਉਦਕ = ਪਾਣੀ। ਮਾਹਿ = ਵਿਚ। ਬਗੁ = ਬਗਲਾ। ਧਿਆਨੁ ਮਾਡੈ = ਧਿਆਨ ਜੋੜਦਾ ਹੈ।1। ਜਪੰਨਾ ਕੀਜੈ = ਜਾਪ ਕਰੀਦਾ ਹੈ। ਜਬ ਤੇ = ਜਦ ਤਕ। ਸੁਧੁ = ਪਵਿੱਤਰ। ਰਹਾਉ। ਸਿੰਘਚ = {ਸਿੰਘ-ਚ} ਸ਼ੇਰ ਦਾ, ਸ਼ੇਰ ਵਾਲਾ, ਨਿਰਦਇਤਾ ਵਾਲਾ। ਐਸੇ = ਅਜਿਹੇ (ਬੰਦੇ) ਨੂੰ। ਠਗ ਦੇਉ = ਠੱਗਾਂ ਦਾ ਦੇਵ, ਠੱਗਾਂ ਦਾ ਗੁਰੂ, ਵੱਡਾ ਠੱਗ। ਬਖਾਨੈ = (ਜਗਤ) ਆਖਦਾ ਹੈ।2। ਨਾਮੇ ਕੇ ਸੁਆਮੀ = ਨਾਮਦੇਵ ਦੇ ਮਾਲਕ ਪ੍ਰਭੂ ਨੇ; ਹੇ ਨਾਮਦੇਵ! ਤੇਰੇ ਪਰਮਾਤਮਾ ਨੇ। ਲਾਹਿਲੇ = ਲਾਹ ਦਿੱਤਾ ਹੈ, ਮੁਕਾ ਦਿੱਤਾ ਹੈ। ਰੇ = ਹੇ ਭਾਈ! ਦਗਰਾ = ਪੱਥਰ {ਮਰਾਠੀ}। ਰੇ ਦਗਰਾ = ਹੇ ਪੱਥਰ-ਚਿੱਤ!।3। ਅਰਥ: ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ; ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ)।1। ਹੇ ਭਾਈ! ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ, ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ?। ਰਹਾਉ। ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ।2। ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ। ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ)।3।4। ਸ਼ਬਦ ਦਾ ਭਾਵ: ਉਸੇ ਮਨੁੱਖ ਦੀ ਬੰਦਗੀ ਥਾਂਇ ਪੈ ਸਕਦੀ ਹੈ, ਜੋ ਰੋਜ਼ੀ ਕਮਾਣ ਵਿਚ ਭੀ ਕੋਈ ਵਲ-ਛਲ ਨਹੀਂ ਕਰਦਾ ਅਤੇ ਕਿਸੇ ਦਾ ਹੱਕ ਨਹੀਂ ਮਾਰਦਾ। ਨੋਟ: ਇੱਥੇ ਧਾਰਮਿਕ ਪਖੰਡ (ਵਿਖਾਵੇ) ਦੀ ਨਿਖੇਧੀ ਕੀਤੀ ਗਈ ਹੈ। ਵੇਖੋ ਬੇਣੀ ਜੀ = 'ਤਨਿ ਚੰਦਨੁ ਮਸਤਕਿ ਪਾਤੀ'। |
Sri Guru Granth Darpan, by Professor Sahib Singh |