ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 491

ਗੂਜਰੀ ਮਹਲਾ ੩ ॥ ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥ ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥ ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥ ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥ ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥ {ਪੰਨਾ 491}

ਪਦ ਅਰਥ: ਸਭੁ ਕੋ = ਹਰੇਕ ਜੀਵ। ਕਹੈ– (ਜੀਭ ਨਾਲ) ਆਖਦਾ ਹੈ। ਨ ਹੋਈ = (ਸਫਲਤਾ) ਨਹੀਂ ਹੁੰਦੀ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਕੋਇ = ਕੋਈ ਮਨੁੱਖ।1।

ਅੰਤਰਿ = ਹਿਰਦੇ ਵਿਚ। ਜਿਸੁ ਅੰਤਰਿ = ਜਿਸ ਮਨੁੱਖ ਦੇ ਅੰਦਰ। ਤਿਸੁ = ਉਸ ਮਨੁੱਖ ਨੂੰ। ਕਰਹਿ = (ਉਹ ਮਨੁੱਖ) ਕਰਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਚੀਤਿ = ਚਿੱਤ ਵਿਚ।1। ਰਹਾਉ।

ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਹਾਹਿ = ਅਖਵਾਂਦੇ ਹਨ। ਨ ਚੁਕਈ = ਨਾ ਚੁਕੈ, ਨਹੀਂ ਮੁੱਕਦੀ। ਅੰਤਿ = ਅੰਤ ਵੇਲੇ। ਗਏ = ਜਦੋਂ ਚੱਲ ਪਏ। ਪਛੁਤਾਹਿ = (ਤਦੋਂ) ਪਛੁਤਾਂਦੇ ਹਨ।2।

ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖੋ। ਵੇਖੋ 'ਗੁਰਬਾਣੀ ਵਿਆਕਰਣ'}।

ਦੁਬਿਧਾ = ਦੁ-ਚਿੱਤਾ-ਪਨ; ਮਨ ਦਾ ਖਿੰਡਾਉ। ਦੇਇ = ਦੇਂਦਾ ਹੈ।3।

ਕਰਮੁ = ਬਖ਼ਸ਼ਸ਼। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਭੇਟੈ = ਮਿਲ ਪੈਂਦਾ ਹੈ।4।

ਅਰਥ: (ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ, ਪਰਮਾਤਮਾ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ। (ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ) ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ।1। ਰਹਾਉ।

(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ, (ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੁੰਦੀ। ਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ।1।

(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ (ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ।2।

(ਹੇ ਭਾਈ!) ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ, ਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੁੰਦਾ (ਉਹ ਮਾਇਆ ਦੇ ਮੋਹ ਵਿਚ ਭਟਕਦਾ ਰਹਿੰਦਾ ਹੈ) ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ।3।

(ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ। (ਪਰ ਉਂਞ) ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝਦਾ ਹੈ। ਹੇ ਨਾਨਕ! (ਆਖ–) ਜਦੋਂ ਜੇਹੜਾ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ।4। 4।6।

ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥ ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥ ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥ ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥ ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥ {ਪੰਨਾ 491}

ਪਦ ਅਰਥ: ਨਿਹਚਲ = ਅਡੋਲ। ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਨਿਰਮਲੁ = ਪਵਿਤ੍ਰ। ਜਿ = ਜਿਹੜਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ।1।

ਚੇਤਿ = ਚੇਤੇ ਕਰ, ਸਿਮਰ। ਅਚੇਤ = ਹੇ ਗ਼ਾਫ਼ਲ! ਇਛਹਿ = ਤੂੰ ਚਾਹੇਂਗਾ। ਪਾਵਹਿ = ਤੂੰ ਪ੍ਰਾਪਤ ਕਰੇਂਗਾ। ਪੀਵਤ ਰਹਹਿ = (ਜੇ) ਤੂੰ ਪੀਂਦਾ ਰਹੇਂਗਾ।1। ਰਹਾਉ।

ਭੇਟੇ = ਮਿਲ ਪਏ। ਪਾਰਸੁ = ਲੋਹੇ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪੂਜ = ਆਦਰ-ਮਾਣ। ਦੀਖਿਆ = ਸਿੱਖਿਆ। ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।2।

ਹੋਵਈ = ਹੋਵਏ, ਹੋਵੈ, ਹੁੰਦੀ। ਮਾਰਗਿ = (ਸਹੀ) ਰਸਤੇ ਉਤੇ।3।

ਨਦਰੀ = ਮੇਹਰ ਦੀ ਨਜ਼ਰ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਵਰਤਾਏ = ਵੰਡਦਾ ਹੈ, ਵਸਾਂਦਾ ਹੈ।4।

ਅਰਥ: ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ।1। ਰਹਾਉ।

ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ।1।

ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ) , ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ। ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ।2।

(ਪਰ, ਹੇ ਭਾਈ!) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ। ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ।3।

ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੁੰਦਾ (ਆਤਮਕ ਜੀਵਨ ਦੀ ਦਾਤਿ ਨਹੀਂ ਮਿਲਦੀ)। ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ। ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪਰਮਾਤਮਾ (ਜਿਸ ਮਨੁੱਖ ਨੂੰ) ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ।4।5।7।

ਗੂਜਰੀ ਮਹਲਾ ੩ ਪੰਚਪਦੇ ॥ ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥ ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥ ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥ ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥ ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥ ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥ ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥ ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥ ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥ ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥ {ਪੰਨਾ 491}

ਪਦ ਅਰਥ: ਊਪਜੈ = ਪੈਦਾ ਹੁੰਦੀ ਹੈ। ਜਾਇ = ਚਲੀ ਜਾਂਦੀ ਹੈ। ਸਤਿਗੁਰ ਮਿਲਿਐ = ਜੇ ਗੁਰੂ ਨੂੰ ਮਿਲ ਪਈਏ। ਸੋਝੀ = ਸਮਝ।1।

ਮੰਨਿ = ਮਨ ਵਿਚ। ਥਿਰੁ = ਅਡੋਲ। ਭਰਮੁ = ਭਟਕਣਾ।1। ਰਹਾਉ।

ਕਿਲਵਿਖ = ਪਾਪ। ਪੰਚਭੂ = (ਕਾਮਾਦਿਕ) ਪੰਜਾਂ ਦੇ ਵੱਸ ਵਿਚ ਆਏ ਹੋਏ ਨੂੰ। ਵਸਿ = ਵੱਸ ਵਿਚ।2।

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ। ਬੁਝਈ = ਬੁਝਏ, ਬੁਝੈ, ਸਮਝਦਾ।3।

ਸਭਿ = ਸਾਰੇ। ਸਤਿਗੁਰਿ = ਗੁਰੂ ਨੇ। ਅਠਸਠਿ = {ਅੱਠ ਅਤੇ ਸੱਠ} ਅਠਾਹਠ। ਸੰਗਿ = ਨਾਲ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ।4।

ਹੁਕਮੁ = ਰਜ਼ਾ। ਏਕੁ = ਇਕ ਪਰਮਾਤਮਾ ਹੀ। ਮਨਿ = ਮਨ ਵਿਚ। ਸਚੁ = ਅਟੱਲ। ਸਚੇ = ਸਦਾ-ਥਿਰ ਹਰੀ ਵਿਚ।5।

ਅਰਥ: ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ। ਹੇ ਭਾਈ! ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ। ਜਦੋਂ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ, ਗੁਰ-ਸ਼ਬਦ ਦੀ ਬਰਕਤਿ ਨਾਲ) ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ।1। ਰਹਾਉ।

ਹੇ ਭਾਈ! ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁਚੱਜੀ ਅਕਲ ਪੈਦਾ ਹੁੰਦੀ ਹੈ, ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਨਾਹ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹੈ ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ।1।

ਹੇ ਭਾਈ! ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ। ਜੇ ਤੂੰ (ਪ੍ਰਭੂ-ਚਰਨਾਂ ਦੀ ਬਰਕਤਿ ਨਾਲ) ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ।2।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਇਹ ਮਨ (ਸਦਾ) ਮੂਰਖ (ਹੀ ਟਿਕਿਆ ਰਹਿੰਦਾ) ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੀ) ਰਤਾ ਭੀ ਸਮਝ ਨਹੀਂ ਪੈਂਦੀ। ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ।3।

ਹੇ ਭਾਈ! ਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ, ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ (ਉਹਨਾਂ ਵਾਸਤੇ ਇਹ ਮਨ ਹੀ ਕਾਂਸ਼ੀ ਹੈ)।4।

ਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ। (ਉਹ ਮਨੁੱਖ ਸਦਾ ਇਉਂ ਯਕੀਨ ਰੱਖਦਾ ਹੈ ਤੇ ਆਖਦਾ ਹੈ– ਹੇ ਪ੍ਰਭੂ!) ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ। (ਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।5।6।8।

ਨੋਟ: ਇਹ ਸ਼ਬਦ ਅਤੇ ਅਗਲਾ ਸ਼ਬਦ ਦੋਵੇਂ ਪੰਜ ਪੰਜ ਬੰਦਾਂ ਵਾਲੇ ਹਨ।

TOP OF PAGE

Sri Guru Granth Darpan, by Professor Sahib Singh