ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 492

ਗੂਜਰੀ ਮਹਲਾ ੩ ਤੀਜਾ ॥ ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥ ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥ ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥ ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥ ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥ ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥ ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥ ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥ ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥ ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥ ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥ ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥ {ਪੰਨਾ 492}

ਨੋਟ: ਸਿਰਲੇਖ ਦਾ ਅੰਕ "3 ਤੀਜਾ" ਧਿਆਨ ਨਾਲ ਵੇਖੋ। ਇਹ ਇਸ਼ਾਰੇ ਮਾਤ੍ਰ ਹਿਦਾਇਤ ਹੈ ਕਿ 'ਮਹਲਾ 1, 2, 3, 4, ਆਦਿਕ ਦੇ ਅੰਕ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਆਦਿਕ ਪੜ੍ਹਨਾ ਹੈ। {ਪੰਨਾ 492}

ਪਦ ਅਰਥ: ਨਿਧਾਨੁ = ਖ਼ਜ਼ਾਨਾ। ਪੰਡਿਤ = ਹੇ ਪੰਡਿਤ! ਸਿਖੁ = (ਇਸ ਨਾਮ ਨੂੰ) ਸਮਝ। ਸਚੁ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ (ਪਰਮਾਤਮਾ) ਹੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਪੜਹਿ = ਤੂੰ ਪੜ੍ਹਦਾ ਹੈਂ।1।

ਸਬਦਿ = ਸ਼ਬਦ ਦੀ ਰਾਹੀਂ। ਰਸਨਾ = ਜੀਭ (ਨਾਲ)। ਨਿਰਮਲੁ = ਪਵਿਤ੍ਰ।1। ਰਹਾਉ।

ਸੰਤੋਖੀਐ = ਸੰਤੋਖ ਹਾਸਲ ਕਰਦਾ ਹੈ। ਪਰ ਘਰਿ = ਪਰਾਏ ਘਰ ਵਿਚ, ਕਿਸੇ ਹੋਰ ਆਸਰੇ ਦੀ ਭਾਲ ਵਿਚ।2।

ਬਦਨੀ = ਮੂੰਹ ਨਾਲ {ਵਦਨ = ਮੂੰਹ}। ਕਥਨੀ ਬਦਨੀ = ਮੂੰਹ ਨਾਲ ਹੀ ਕੀਤੀਆਂ ਗੱਲਾਂ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਘਟਿ = ਹਿਰਦੇ ਵਿਚ।3।

ਸੁਣਿ = ਸੁਣ ਕੇ। ਨ ਬੁਝਈ = ਨ ਬੁਝਹਿ, ਤੂੰ ਨਹੀਂ ਸਮਝਦਾ। ਬਾਰੋ ਬਾਰ = ਮੁੜ ਮੁੜ। ਆਪੁ = ਆਪਣੇ ਆਪ ਨੂੰ। ਪਛਾਣਈ = ਪਛਾਣਏ, ਪਛਾਣਦਾ। ਸਚਿ = ਸਦਾ-ਥਿਰ ਪ੍ਰਭੂ ਵਿਚ।4।

ਡਹਕਾਇਆ = ਭਟਕਣਾ ਵਿਚ ਪਾਇਆ। ਤਿਸੁ ਭਾਵੈ = ਉਸ ਪ੍ਰਭੂ ਨੂੰ ਭਾਉਂਦਾ ਹੈ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}।5।

ਅਰਥ: ਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ। ਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ੍ਰ ਹੋ ਜਾਇਗਾ।1। ਰਹਾਉ।

ਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ। ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ। ਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ।1।

ਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ। (ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ)।2।

ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ। ਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੁੰਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ।3।

ਹੇ ਪੰਡਿਤ! ਸ਼ਾਸਤ੍ਰਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ। ਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ।4।

(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ। ਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ)।5।7।9।

TOP OF PAGE

Sri Guru Granth Darpan, by Professor Sahib Singh