ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 493

ੴ ਸਤਿਗੁਰ ਪ੍ਰਸਾਦਿ ॥ ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥ ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥ ਜਿਨ੍ਹ੍ਹ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥ ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥ {ਪੰਨਾ 493}

ਪਦ ਅਰਥ: ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਪੁਰਖਾ = ਹੇ ਮਹਾ ਪੁਰਖ! ਹਉ = ਮੈਂ। ਬਿਨਉ = {ivnX} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਕੀਰੇ = ਕੀੜੇ। ਕਿਰਮ = ਨਿੱਕੇ ਜਿਹੇ ਕੀੜੇ।1।

ਮੋ ਕਉ = ਮੈਨੂੰ। ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸਿਫ਼ਤਿ-ਸਾਲਾਹ। ਰਹਰਾਸਿ = ਰਾਹ ਦੀ ਪੂੰਜੀ।1। ਰਹਾਉ।

ਜਿਨ = ਜਿਨ੍ਹਾਂ ਨੂੰ {ਬਹੁ-ਵਚਨ}। ਤ੍ਰਿਪਤਾਸਹਿ = ਰੱਜ ਜਾਂਦੇ ਹਨ {ਬਹੁ-ਵਚਨ}।2।

ਜਮ ਪਾਸਿ = ਜਮ ਦੇ ਕੋਲ, ਜਮ ਦੇ ਵੱਸ ਵਿਚ। ਧ੍ਰਿਗੁ = ਫਿਟਕਾਰ-ਜੋਗ। ਜੀਵਾਸਿ = ਅਗਾਂਹ ਦਾ ਜੀਊਣ।3।

ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਲਿਖਾਸਿ = ਲੇਖ। ਜਿਤੁ = ਜਿਸ ਦੀ ਰਾਹੀਂ।4।

ਅਰਥ: ਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼। (ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ।1। ਰਹਾਉ।

ਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ। ਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ। ਤੇਰੀ ਸਰਨ ਆਇਆ ਹਾਂ। ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ।1।

ਹੇ ਭਾਈ! ਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ। ਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ।2।

ਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ। ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ।3।

ਹੇ ਭਾਈ! ਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ। ਹੇ ਨਾਨਕ! (ਆਖ–) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ।4।1।

ਗੂਜਰੀ ਮਹਲਾ ੪ ॥ ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥ ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥ ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥ ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥ ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥ ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥ {ਪੰਨਾ 492-493}

ਪਦ ਅਰਥ: ਗੋਵਿੰਦੁ = ਪ੍ਰਿਥਵੀ ਦਾ ਰਾਖਾ। ਮਨਿ = ਮਨ ਵਿਚ। ਮਿਲਿ = ਮਿਲ ਕੇ। ਸਬਦਿ = ਸ਼ਬਦ ਵਿਚ। ਮੋਹੈ– ਮੋਹ ਰਿਹਾ ਹੈ। ਦੇਇ = ਦੇਂਦਾ ਹੈ। ਓਹੈ– ਉਹੀ।1।

ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਸੋਹੈ– ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।1। ਰਹਾਉ।

ਸਾਗਰ = ਸਮੁੰਦਰ। ਕਉਲਾ = ਲੱਛਮੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਲਾਗੈ = ਲੱਗਦੀ ਹੈ। ਪਗਿ ਓਹੈ– ਉਸ ਦੇ ਪੈਰ ਵਿਚ। ਆਧਾਰਾ = ਆਸਰਾ। ਨਾਮੇ = ਨਾਮਿ, ਨਾਮ ਵਿਚ (ਜੁੜ ਕੇ)।2।

ਦੁਰਮਤਿ = ਭੈੜੀ ਮਤਿ ਵਾਲੇ। ਰੋਹੈ– ਰੋਹ, ਕ੍ਰੋਧ। ਕਾਗ = ਕਾਂ। ਤ੍ਰਿਪਤੈ = ਰੱਜਦਾ ਹੈ। ਖਾਇ = ਖਾ ਕੇ। ਮੁਖਿ = ਮੂੰਹ ਵਿਚ।3।

ਅੰਮ੍ਰਿਤਸਰੁ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ। ਸਤਿਵਾਦੀ = ਸਦਾ-ਥਿਰ ਹਰੀ ਦਾ ਨਾਮ ਉਚਾਰਨ ਵਾਲਾ। ਜਿਤੁ = ਜਿਸ ਵਿਚ। ਨਾਤੈ = ਇਸ਼ਨਾਨ ਕੀਤਿਆਂ। ਹੋਹੈ– ਹੋ ਜਾਂਦਾ ਹੈ। ਧੋਹੈ– ਧੋਂਦਾ ਹੈ।4।

ਅਰਥ: ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। (ਹੇ ਭਾਈ!) ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।1। ਰਹਾਉ।

ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ। ਹੇ ਭਾਈ! ਗੋਵਿੰਦ ਦਾ ਭਜਨ ਕਰੋ, ਹੇ ਭਾਈ! ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ।1।

ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।2।

ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ। ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ।3।

ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ।4।2।

ਗੂਜਰੀ ਮਹਲਾ ੪ ॥ ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥ ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥ ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥ ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥ ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥ ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥ ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥ ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥ ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥ {ਪੰਨਾ 493}

ਪਦ ਅਰਥ: ਹਰਿ ਜਨ = ਪਰਮਾਤਮਾ ਦੇ ਭਗਤ। ਮੁਖਿ = ਮੂੰਹੋਂ। ਬੋਲਹਿ = ਬੋਲਦੇ ਹਨ। ਪਰ ਉਪਕਾਰੇ = ਦੂਜਿਆਂ ਦੀ ਭਲਾਈ ਕਰਨ ਲਈ। ਸੇਤੀ = ਨਾਲ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।1।

ਰਾਮ = ਹੇ ਰਾਮ! ਮੇਲਿ = ਮਿਲਾਅ। ਗੁਰਿ = ਗੁਰੂ ਨੇ।1। ਰਹਾਉ।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਅਧਾਰੇ = ਆਸਰਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭੰਡਾਰੇ = ਖ਼ਜ਼ਾਨੇ।2।

ਤੇ = ਉਹ ਬੰਦੇ। ਜਮਿ = ਜਮ ਨੇ, ਆਤਮਕ ਮੌਤ ਨੇ। ਸੇ = ਉਹ ਬੰਦੇ। ਕੂਕਰ = ਕੁੱਤੇ। ਸੂਕਰ = ਸੂਅਰ। ਗਰਧਭ = ਖੋਤੇ। ਪਵਹਿ = ਪੈਂਦੇ ਹਨ। ਦਯਿ = ਪਿਆਰੇ ਪ੍ਰਭੂ ਨੇ। ਮਾਰੇ = ਆਤਮਕ ਮੌਤੇ ਮਾਰੇ ਹੋਏ ਹਨ। ਹਤਿਆਰੇ = ਨਿਰਦਈ।3।

ਲੇਹੁ ਉਬਾਰੇ = ਬਚਾ ਲੈ। ਭਾਵੈ = ਪਸੰਦ ਆਉਂਦਾ ਹੈ।4।

ਅਰਥ: ਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ। ਹੇ ਭਾਈ! ਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ। ਮੈਨੂੰ ਪਾਪੀ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹੁੰਦੇ ਹਨ, ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ। ਜੇਹੜਾ ਮਨੁੱਖ ਸੰਤ ਜਨਾਂ ਦੇ ਉੱਤਮ ਬਚਨ ਸਰਧਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ, ਪਰਮਾਤਮਾ ਕਿਰਪਾ ਕਰ ਕੇ ਉਸ ਨੂੰ (ਭਵ-ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ।1।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ, ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪ੍ਰਾਪਤ ਕਰ ਲੈਂਦਾ ਹਨ, ਗੁਰੂ ਦੀ ਮਤਿ ਉਤੇ ਤੁਰਿਆਂ (ਉਹਨਾਂ ਦੇ ਅੰਦਰ) ਪ੍ਰਭੂ-ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ।2।

ਪਰ ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ। ਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ।3।

ਹੇ ਨਾਨਕ! (ਆਖ–) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ। ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।4।3।

ਗੂਜਰੀ ਮਹਲਾ ੪ ॥ ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥ ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥ ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥ ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥ ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥ ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥ ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥ ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥ ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥ {ਪੰਨਾ 493}

ਪਦ ਅਰਥ: ਲਾਵਹੁ = ਜੋੜੋ। ਹਉ = ਮੈਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਧਿਆਈ = ਮੈਂ ਸਿਮਰਦਾ ਰਹਾਂ। ਸਭਿ = ਸਾਰੇ। ਨਿਧਾਨ = ਖ਼ਜ਼ਾਨੇ। ਜਿਤੁ ਜਪੀਐ = ਜਿਸ ਦਾ ਨਾਮ ਜਪਿਆਂ। ਲਹਿ ਜਾਈ = ਲਹਿ ਜਾਂਦੀ ਹੈ।1।

ਮਨ = ਹੇ ਮਨ! ਸਖਾ = ਮਿੱਤਰ। ਭਾਈ = ਭਰਾ। ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਅੰਤਿ = ਆਖ਼ਰ ਵੇਲੇ।1। ਰਹਾਉ।

ਪ੍ਰਭੂ = ਮਾਲਕ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਲੋਚ = ਤਾਂਘ। ਮਨਿ = ਮਨ ਵਿਚ। ਮੈ ਤਨਿ = ਮੇਰੇ ਹਿਰਦੇ ਵਿਚ। ਸੇਤੀ = ਨਾਲ। ਪ੍ਰਭਿ = ਪ੍ਰਭੂ ਨੇ।2।

ਪੁੰਨਿ = {puNX} ਭਲੇ ਕਰਮ, ਚੰਗੀ ਕਿਸਮਤਿ। ਧ੍ਰਿਗੁ = ਫਿਟਕਾਰ-ਜੋਗ। ਬਿਰਥਾ = ਵਿਅਰਥ। ਰਸ ਕਸ = ਕਈ ਕਿਸਮ ਦੇ ਪਦਾਰਥ। ਮੁਖਿ = ਮੂੰਹ ਉੱਤੇ। ਥੁਕ ਪਾਈ = ਥੁਕਦੀ ਹੈ, ਫਿਟਕਾਰ ਪਾਂਦੀ ਹੈ।3।

ਤਿਨ = ਉਹਨਾਂ ਨੂੰ। ਦੇ = ਦੇਂਦਾ ਹੈ। ਕਉ = ਨੂੰ। ਗਲਿ = ਗਲ ਨਾਲ। ਲਾਈ = ਲਾਇ, ਲਾ ਕੇ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ। ਮੈਂ ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ। ਆਖ਼ਰ ਵੇਲੇ ਪਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਨਾਮ ਹੀ ਸੁਰਖ਼ਰੂ ਕਰਾਂਦਾ ਹੈ।1। ਰਹਾਉ।

ਹੇ ਪ੍ਰਭੂ! ਮੇਰੇ ਉੱਤੇ ਦਇਆਵਾਨ ਹੋਹੁ, ਮੇਰਾ ਮਨ (ਆਪਣੇ ਚਰਨਾਂ ਵਿਚ) ਜੋੜੀ ਰੱਖ, ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਹਰਾਂ। ਹੇ ਮੇਰੇ ਮਨ! ਸਾਰੇ ਸੁਖ ਸਾਰੇ ਖ਼ਜ਼ਾਨੇ ਉਸ ਪਰਮਾਤਮਾ ਦੇ ਹੀ ਪਾਸ ਹਨ, ਜਿਸ ਦਾ ਨਾਮ ਜਪਿਆਂ ਸਾਰੇ ਦੁੱਖ (ਦੂਰ ਹੋ ਜਾਂਦੇ ਹਨ) , (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ।1।

ਹੇ ਹਰੀ! ਤੂੰ ਆਪ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਸਭਨਾਂ ਦਾ) ਮਾਲਕ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਤੂੰ ਆਪ ਹੀ ਮੇਹਰ ਕਰ ਕੇ ਮੇਰੇ ਮਨ ਵਿਚ ਆਪਣੀ ਭਗਤੀ ਦੀ ਤਾਂਘ ਪੈਦਾ ਕੀਤੀ ਹੋਈ ਹੈ। ਹੇ ਭਾਈ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ। ਪਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਹੈ।2।

ਹੇ ਭਾਈ! ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਫਿਟਕਾਰ-ਜੋਗ ਹੋ ਜਾਂਦਾ ਹੈ; ਨਾਮ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ। ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ, ਦੁੱਖ ਹੀ ਸਹੇੜਦਾ ਹੈ, ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਲੁਕਾਈ ਉਸ ਨੂੰ ਫਿਟਕਾਰਾਂ ਹੀ ਪਾਂਦੀ ਹੈ।3।

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੀ ਹਜ਼ੂਰੀ ਵਿਚ ਆਦਰ-ਮਾਣ ਦੇਂਦਾ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕ ਨੂੰ 'ਧੰਨ ਧੰਨ' ਆਖਦਾ ਹੈ, 'ਸਾਬਾਸ਼' ਆਖਦਾ ਹੈ, ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4। 4।

ਗੂਜਰੀ ਮਹਲਾ ੪ ॥ ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥ ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥ ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥ ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥ ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍ਹ੍ਹ ਵਚਨ ਗੁਰੂ ਸਤਿਗੁਰ ਮਨਿ ਭਾਇਆ ॥ ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥ ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥ ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥ ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥ ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥ {ਪੰਨਾ 493-494}

ਪਦ ਅਰਥ: ਗੁਰਮਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਸਖੀ ਸਹੇਲੀ ਮੇਰੀ = ਹੇ ਮੇਰੀ ਸਖੀਹੋ ਸਹੇਲੀਹੋ! ਮੋ ਕਉ = ਮੈਨੂੰ। ਪ੍ਰਾਨ ਜੀਵਾਇਆ = ਜਿਵਾਲਣ ਵਾਲਾ, ਆਤਮਕ ਜੀਵਨ ਦੇਣ ਵਾਲਾ! ਹਮ ਹੋਵਹ = ਅਸੀਂ ਹੋਵਾਂਗੇ, ਮੈਂ ਹੁੰਦਾ ਹਾਂ। ਲਾਲੇ = ਦਾਸ। ਗੋਲੇ = ਗ਼ੁਲਾਮ। ਅਨਦਿਨੁ = ਹਰ ਰੋਜ਼, ਹਰ ਵੇਲੇ।1।

ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਬਿਰਹੁ = ਪ੍ਰੇਮ, ਲਗਨ। ਪਗ = ਪੈਰ। ਸਖਾ = ਮਿੱਤਰ।1। ਰਹਾਉ।

ਵਚਨ ਗੁਰੂ = ਗੁਰੂ ਦੇ ਬਚਨ। ਭਾਇਆ = ਚੰਗੇ ਲੱਗਦੇ। ਨਿਰਬਾਣੀ = ਨਿਰਲੇਪ। ਨਿਰਬਾਣ ਪਦੁ = ਵਾਸਨਾ-ਰਹਿਤ ਆਤਮਕ ਦਰਜਾ।2।

ਸੰਗੁ = ਮੇਲ, ਸਾਥ। ਜਮਿ = ਜਮ ਨੇ, ਆਤਮਕ ਮੌਤ ਨੇ।3।

ਜਨੁ ਨਾਨਕੁ ਬੋਲੇ = ਦਾਸ ਨਾਨਕ ਬੋਲਦਾ ਹੈ। ਗੁਣ ਬਾਣੀ = ਪਰਮਾਤਮਾ ਦੇ ਗੁਣਾਂ ਨਾਲ ਭਰੀ ਬਾਣੀ। ਨਾਮਿ = ਨਾਮ ਵਿਚ।4।

ਅਰਥ: ਹੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ! ਹੇ ਮੇਰੀ ਸਖੀ ਸਹੇਲੀਹੋ! ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ। ਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ।1।

ਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! (ਮੇਰੇ ਚੰਗੇ ਭਾਗਾਂ ਨੂੰ ਪਰਮਾਤਮਾ ਨੇ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ। ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ।1। ਰਹਾਉ।

ਹੇ ਭਰਾਵੋ! ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਤਦੋਂ ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਮਿਲਾਪ ਕਰਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੇ ਬਚਨ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ। ਗੁਰੂ ਦੇ ਉਹ ਪਿਆਰੇ ਸਿੱਖ ਵੱਡੇ ਭਾਗਾਂ ਵਾਲੇ ਹਨ ਜੇਹੜੇ ਨਿਰਲੇਪ ਪਰਮਾਤਮਾ ਨੂੰ ਮਿਲ ਕੇ ਵਾਸ਼ਨਾ-ਰਹਿਤ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ।2।

ਹੇ ਭਰਾਵੋ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਮਿੱਠਾ ਨਾਮ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਉਹਨਾਂ ਨੂੰ ਸਤਿਗੁਰੂ ਦੀ ਸਾਧ ਸੰਗਤਿ ਭੀ ਪਿਆਰੀ ਲੱਗਦੀ ਹੈ।

ਪਰ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੀ ਸੰਗਤਿ ਦਾ ਸਾਥ ਪਸੰਦ ਨਹੀਂ ਆਉਂਦਾ, ਉਹ ਬਦ-ਕਿਸਮਤ ਰਹਿ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਆਤਮਕ ਮੌਤ ਨੇ ਸਮੂਲਚਾ ਖਾ ਲਿਆ ਹੁੰਦਾ ਹੈ।3।

ਹੇ ਭਰਾਵੋ! ਜਦੋਂ ਦਇਆਵਾਨ ਪਰਮਾਤਮਾ ਆਪ ਕਿਸੇ ਮਨੁੱਖ ਉਤੇ ਦਇਆ ਕਰਦਾ ਹੈ, ਤਦੋਂ ਉਹ ਆਪ ਹੀ ਉਸ ਮਨੁੱਖ ਨੂੰ ਗੁਰੂ ਦੀ ਰਾਹੀਂ ਮਿਲਾਇਆ ਹੋਇਆ ਮਿਲ ਪੈਂਦਾ ਹੈ। ਦਾਸ ਨਾਨਕ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗੁਰਬਾਣੀ ਹੀ (ਨਿੱਤ) ਉਚਾਰਦਾ ਹੈ। ਗੁਰਬਾਣੀ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।4।5।

TOP OF PAGE

Sri Guru Granth Darpan, by Professor Sahib Singh