ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 494 ਗੂਜਰੀ ਮਹਲਾ ੪ ॥ ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥ ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥ ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥ ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥ ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥ ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥ ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥ ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥ ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥ {ਪੰਨਾ 494} ਪਦ ਅਰਥ: ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਜਿਨਿ = ਜਿਸ ਮਨੁੱਖ ਨੇ। ਮੋ ਕਉ = ਮੈਨੂੰ। ਕਰਿ = ਕਰ ਕੇ। ਸੀਤਲੁ = ਠੰਢਾ, ਸ਼ਾਂਤ। ਹਰਿਆ = ਹਰਾ, ਆਤਮਕ ਜੀਵਨ ਵਾਲਾ।1। ਦ੍ਰਿੜਾਵੈ = ਹਿਰਦੇ ਵਿਚ ਪੱਕਾ ਕਰ ਦੇਵੇ। ਦੇਵਾ = ਦੇਵਾਂ, ਮੈਂ ਦੇ ਦਿਆਂ।1। ਰਹਾਉ। ਧੀਰਜੁ = ਹੌਸਲਾ। ਹਰਿ ਨਾਮੈ = ਹਰਿ-ਨਾਮ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਮੁਖਿ = ਮੂੰਹ ਵਿਚ।2। ਜਿਤੁ = ਜਿਸ ਦੀ ਰਾਹੀਂ। ਜਿਨ = ਜਿਨ੍ਹਾਂ ਨੇ। ਮੁਏ = ਆਤਮਕ ਮੌਤੇ ਮਰ ਗਏ। ਮਰਿ ਜਾਵੈ = ਆਤਮਕ ਮੌਤੇ ਮਰ ਜਾਂਦਾ ਹੈ।3। ਆਨਦ ਮੂਲੁ = ਆਨੰਦ ਦਾ ਮੂਲ, ਆਨੰਦ ਦਾ ਸੋਮਾ। ਜਗ ਜੀਵਨ = ਹੇ ਜਗਤ ਦੇ ਜੀਵਨ ਹਰੀ! ਧਿਆਵੈ = ਧਿਆਨ ਧਰਦਾ ਹੈ। ਜੀਅ ਸਭਿ = ਸਾਰੇ ਜੀਵ। ਗੁਰਮੁਖਿ = ਗੁਰੂ ਦੀ ਰਾਹੀਂ। ਬਖਸਿ = ਬਖ਼ਸ਼ ਕੇ।4। ਅਰਥ: ਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ, ਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ। (ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ। (ਹੇ ਭਾਈ!) ਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ।1। ਹੇ ਭਾਈ! ਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਹੇ ਭਾਈ! ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ।2। ਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ। ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ।3। ਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ) ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4।6। ੴ ਸਤਿਗੁਰ ਪ੍ਰਸਾਦਿ ॥ ਗੂਜਰੀ ਮਹਲਾ ੪ ਘਰੁ ੩ ॥ ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥ ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥ ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਵਿਚੇ ਗ੍ਰਿਸਤ ਉਦਾਸ ਰਹਾਈ ॥੨॥ ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥ ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥ ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਸੋ ਹਮ ਕਰਹ ਜੁ ਆਪਿ ਕਰਾਏ ॥੪॥ ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥ {ਪੰਨਾ 494} ਪਦ ਅਰਥ: ਸਭਿ = ਸਾਰੇ। ਕੀਏ = ਪੈਦਾ ਕੀਤੇ ਹੋਏ। ਕਉ = ਵਾਸਤੇ, ਨੂੰ। ਸਨਬੰਧੁ = (ਆਪੋ ਵਿਚ ਦਾ) ਜੋੜ, ਰਿਸ਼ਤਾ।1। ਸਭੁ = ਸਾਰਾ। ਰਹਿਓ = ਕੰਮ ਨਹੀਂ ਕਰਦਾ, ਨਹੀਂ ਚੱਲਦਾ। ਬੀਰ = ਹੇ ਵੀਰ! ਵਸਿ = ਵੱਸ ਵਿਚ।1। ਰਹਾਉ। ਸਰਧਾ = ਪ੍ਰੀਤਿ। ਵਿਚੇ = ਵਿਚ ਹੀ। ਉਦਾਸ = ਨਿਰਲੇਪ। ਰਹਾਈ = ਰੱਖਦਾ ਹੈ।2। ਸਿਉ = ਨਾਲ। ਭਾਈ = ਚੰਗਾ ਲੱਗਦਾ ਹੈ।3। ਜਿਤੁ ਕਾਰੈ = ਜਿਸ ਕਾਰ ਵਿਚ। ਕੰਮਿ = ਕੰਮ ਵਿਚ। ਹਮ = ਸਾਨੂੰ। ਕਰਹ = ਅਸੀਂ ਕਰਦੇ ਹਾਂ।4। ਪ੍ਰਭ ਭਾਈ = ਪ੍ਰਭੂ ਨੂੰ ਪਸੰਦ ਆਉਂਦੀ ਹੈ। ਤੇ ਜਨ = ਉਹ ਬੰਦੇ। ਲਿਵ = ਲਗਨ।5। ਅਰਥ: ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ। ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ।1। ਰਹਾਉ। ਹੇ ਭਾਈ! ਮਾਂ, ਪਿਉ, ਪੁੱਤਰ = ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ। ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ)।1। ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ, ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ।2। ਹੇ ਭਾਈ! ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ।3। ਹੇ ਭਾਈ! ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ, ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ।4। ਹੇ ਨਾਨਕ! (ਆਖ– ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ।5।1।7। 16। ਨੋਟ: ਮ: 4 ਦਾ 'ਘਰੁ 3' ਵਿਚ ਇਕ ਸ਼ਬਦ ਹੈ– ਅੰਕ 1। ਮ: 4 ਦੇ ਗੂਜਰੀ ਰਾਗ ਵਿਚ ਸੱਤ ਸ਼ਬਦ ਹਨ– ਅੰਕ 7।
ਮ: 1 ਦੇ = 2 |
![]() |
![]() |
![]() |
![]() |
Sri Guru Granth Darpan, by Professor Sahib Singh |