ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 495 ਗੂਜਰੀ ਮਹਲਾ ੫ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥ ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥ ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੧॥ {ਪੰਨਾ 495} ਪਦ ਅਰਥ: ਕਾਹੇ = ਕਿਉਂ? ਚਿਤਵਹਿ = ਤੂੰ ਚਿਤਵਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਚਿੰਤਾ-ਫ਼ਿਕਰ ਕਰਦਾ ਹੈਂ। ਜਾ ਆਹਰਿ = ਜਿਸ (ਰਿਜ਼ਕ) ਦੇ ਆਹਰ ਵਿਚ। ਪਰਿਆ = ਪਿਆ ਹੋਇਆ ਹੈਂ। ਸੈਲ = ਪਹਾੜ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ। ਕਰਿ = ਬਣਾ ਕੇ।1। ਮਾਧਉ = {ਮਾ = ਮਾਇਆ। ਧਉ = ਧਵ, ਪਤੀ। ਮਾਇਆ ਦਾ ਪਤੀ} ਹੇ ਪਰਮਾਤਮਾ! ਸਿ = ਉਹ ਬੰਦੇ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਉੱਚਾ ਆਤਮਕ ਦਰਜਾ। ਕਾਸਟ = ਕਾਠ। ਹਰਿਆ = ਹਰੇ।1। ਰਹਾਉ। ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਧਰਿਆ = ਆਸਰਾ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਸੰਭਾਹੇ = {sz>hwX} ਅਪੜਾਂਦਾ ਹੈ। ਮਨ = ਹੇ ਮਨ!।2। ਊਡੈ = ਉੱਡਦੀ ਹੈ। ਊਡਿ = ਉੱਡ ਕੇ। ਸੈ ਕੋਸਾ = ਸੈਂਕੜੇ ਕੋਹ। ਛਰਿਆ = ਛੱਡੇ ਹੋਏ। ਉਨ = ਉਹਨਾਂ ਨੂੰ। ਸਿਮਰਨੁ = ਯਾਦ, ਚੇਤਾ।3। ਨਿਧਾਨ = ਖ਼ਜ਼ਾਨੇ। ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਨ = ਸਿੱਧਿਆਂ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ। ਸਦ = ਸਦਾ। ਬਲਿ = ਸਦਕੇ। ਜਾਈਐ = ਜਾਣਾ ਚਾਹੀਦਾ ਹੈ। ਪਾਰਾਵਰਿਆ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ।4। ਅਰਥ: ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਤੇਰੀ ਸਾਧ ਸੰਗਤਿ ਵਿਚ ਮਿਲਦੇ ਹਨ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਇਉਂ ਹਰੇ (ਆਤਮਕ ਜੀਵਨ ਵਾਲੇ) ਹੋ ਜਾਂਦੇ ਹਨ ਜਿਵੇਂ ਕੋਈ ਸੁੱਕੇ ਰੁੱਖ ਹਰੇ ਹੋ ਜਾਣ।1। ਰਹਾਉ। ਹੇ ਮੇਰੇ ਮਨ! ਤੂੰ (ਉਸ ਰਿਜ਼ਕ ਦੀ ਖ਼ਾਤਰ) ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜੇਹੜਾ (ਰਿਜ਼ਕ ਅਪੜਾਣ ਦੇ) ਆਹਰ ਵਿਚ ਪਰਮਾਤਮਾ ਆਪ ਲੱਗਾ ਪਿਆ ਹੈ। (ਵੇਖ,) ਪਹਾੜਾਂ ਦੇ ਪੱਥਰਾਂ ਵਿਚ (ਪਰਮਾਤਮਾ ਨੇ) ਜੀਵ ਪੈਦਾ ਕੀਤੇ ਹੋਏ ਹਨ ਉਹਨਾਂ ਦਾ ਰਿਜ਼ਕ ਉਸ ਨੇ ਪਹਿਲਾਂ ਹੀ ਤਿਆਰ ਕਰ ਕੇ ਰੱਖ ਦਿੱਤਾ ਹੁੰਦਾ ਹੈ।1। ਹੇ ਮਨ! ਮਾਂ, ਪਿਉ, ਹੋਰ ਲੋਕ, ਪੁੱਤਰ, ਇਸਤ੍ਰੀ = ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ। ਪਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ। ਹੇ ਮਨ! ਤੂੰ (ਰਿਜ਼ਕ ਵਾਸਤੇ) ਕਿਉਂ ਸਹਮ ਕਰਦਾ ਹੈਂ?।2। (ਹੇ ਮਨ! ਵੇਖ, ਕੂੰਜ) ਉੱਡਦੀ ਹੈ, ਤੇ ਉੱਡ ਕੇ (ਆਪਣੇ ਆਲ੍ਹਣੇ ਤੋਂ) ਸੈਂਕੜੇ ਕੋਹ (ਦੂਰ) ਆ ਜਾਂਦੀ ਹੈ, ਉਸ ਦੇ ਬੱਚੇ ਉਸ ਦੇ ਪਿੱਛੇ ਇਕੱਲੇ ਪਏ ਰਹਿੰਦੇ ਹਨ। (ਦੱਸ,) ਉਹਨਾਂ ਬੱਚਿਆਂ ਨੂੰ ਕੌਣ (ਚੋਗਾ) ਖਵਾਂਦਾ ਹੈ? ਕੌਣ ਚੋਗਾ ਚੁਗਾਂਦਾ ਹੈ? (ਕੂੰਜ) ਆਪਣੇ ਮਨ ਵਿਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ (ਪਰਮਾਤਮਾ ਦੀ ਕੁਦਰਤਿ! ਇਸ ਯਾਦ ਨਾਲ ਹੀ ਉਹ ਬੱਚੇ ਪਲਦੇ ਰਹਿੰਦੇ ਹਨ)।3। (ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ) = ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ, ਹੇ ਨਾਨਕ! ਉਸ ਪਰਮਾਤਮਾ ਤੋਂ ਸਦਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ (ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ!) ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।4।1। ਗੂਜਰੀ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥ ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥ ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥ ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥ ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥ {ਪੰਨਾ 495} ਪਦ ਅਰਥ: ਕਿਰਿਆਚਾਰ = ਕਿਰਿਆ ਆਦਾਰ, ਧਾਰਮਿਕ ਰਸਮਾਂ ਦਾ ਕਰਨਾ, ਕਰਮ ਕਾਂਡ। ਕਰਹਿ = ਕਰਦੇ ਹਨ। ਖਟੁ = ਛੇ। ਖਟੁ ਕਰਮਾ = ਛੇ ਧਾਰਮਿਕ ਕੰਮ (ਇਸ਼ਨਾਨ, ਸੰਧਿਆ, ਜਪ, ਹੋਮ, ਅਤਿਥੀ-ਪੂਜਾ, ਦੇਵ-ਪੂਜਾ)। ਇਤੁ = ਇਸ ਆਹਰ ਵਿਚ। ਸੰਸਾਰੀ = ਦੁਨੀਆਦਾਰ।1। ਠਾਕੁਰ = ਹੇ ਠਾਕੁਰ! ਧਾਰੀ = ਧਾਰਿ, ਧਾਰ ਕੇ। ਕੋਟਿ = ਕ੍ਰੋੜਾਂ। ਮਧੇ = ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਬਿਉਹਾਰੀ = ਵਪਾਰੀ, ਸੌਦੇ-ਬਾਜ਼, ਮਤਲਬੀ।1। ਰਹਾਉ। ਸਭਿ = ਸਾਰੇ। ਸੋਧੇ = ਵਿਚਾਰੇ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਕੋਊ = ਕੋਈ ਭੀ। ਕਰਿ ਬੀਚਾਰੀ = ਵਿਚਾਰ ਕਰ ਕੇ।2। ਅਠਸਠਿ = ਅਠਾਹਠ। ਮਜਨੁ = ਇਸ਼ਨਾਨ, ਚੁੱਭੀ। ਭ੍ਰਮਿ = ਭੌਂ ਭੌਂ ਕੇ। ਧਰ = ਧਰਤੀ। ਸੋਚ = ਸੁਚ, ਸਰੀਰਕ ਪਵਿਤ੍ਰਤਾ। ਕਰਹਿ = ਕਰਦੇ ਹਨ। ਅੰਧਿਆਰੀ = ਹਨੇਰਾ।3। ਧਾਵਤ = ਭੌਂਦਿਆਂ। ਧਾਇਓ = ਭੌਂ ਲਿਆ। ਅਬ = ਹੁਣ। ਹਰਿਦੁਆਰੀ = ਹਰਿ ਦੁਆਰਿ, ਹਰੀ ਦੇ ਦਰ ਤੇ। ਮੇਟਿ = ਮਿਟਾ ਕੇ। ਬੁਧਿ = (ਸੁਚੱਜੀ) ਅਕਲ। ਪਰਗਾਸੀ = ਰੌਸ਼ਨ ਕਰ ਦਿੱਤੀ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਾਰੀ = ਪਾਰ ਲੰਘਾ ਲੈਂਦਾ ਹੈ।4। ਅਰਥ: ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ। (ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ)।1। ਰਹਾਉ। ਹੇ ਭਾਈ! ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ। ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ।1। ਹੇ ਭਾਈ! ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਹੇ ਭਾਈ! ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ)।2। ਹੇ ਭਾਈ! ਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ, ਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ।3। ਹੇ ਨਾਨਕ! (ਆਖ–) ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।4।1।2। ਗੂਜਰੀ ਮਹਲਾ ੫ ॥ ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥ ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥ ਮਾਈ ਖਾਟਿ ਆਇਓ ਘਰਿ ਪੂਤਾ ॥ ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥ ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥ ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥ ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥ ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥੩॥ ਖਾਵਹੁ ਖਰਚਹੁ ਤੋਟਿ ਨ ਆਵੈ ਹਲਤ ਪਲਤ ਕੈ ਸੰਗੇ ॥ ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥ {ਪੰਨਾ 495-496} ਪਦ ਅਰਥ: ਜਾਪ = ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦੇ ਜਾਪ। ਤਾਪ = ਧੂਣੀਆਂ ਤਪਾਣੀਆਂ। ਭਾਇਆ = ਚੰਗਾ ਲੱਗਾ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਬਿਸਰਉ = ਮੈਂ ਨਹੀਂ ਭੁਲਾਂਦਾ, ਬਿਸਰਉਂ। ਤੇ = ਤੋਂ।1। ਮਾਈ = ਹੇ ਮਾਂ! ਖਾਟਿ = ਖੱਟ ਕੇ। ਚਲਤੇ = ਤੁਰਦਿਆਂ। ਬੈਸੇ = ਬੈਠਿਆਂ। ਸੂਤਾ = ਸੁੱਤਿਆਂ।1। ਰਹਾਉ। ਸੰਗਿ = ਨਾਲ। ਲਾਇ ਧਿਆਨਾ = ਸੁਰਤਿ ਜੋੜਦਾ ਹੈ। ਤੁਲਹਾ = ਲੱਕੜਾਂ ਬੰਨ੍ਹ ਕੇ ਨਦੀ ਪਾਰ ਕਰਨ ਲਈ ਬਣਾਇਆ ਹੋਇਆ ਗੱਠਾ। ਤਾਰਿ = ਤਾਰੇ, ਪਾਰ ਲੰਘਾ ਦੇਂਦਾ ਹੈ। ਪਰਾਨਾ = ਪਾਰਲੇ ਪਾਸੇ।2। ਵਿਸਾਰੀ = ਭੁਲਾ ਦਿੱਤੀ। ਧਨਿ = ਧਨ ਨੇ। ਧੋਖਾ = ਫ਼ਿਕਰ। ਲਾਹਿਆ = ਦੂਰ ਕਰ ਦਿੱਤਾ। ਤੇ = ਤੋਂ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਨਿਧਿ = ਖ਼ਜ਼ਾਨਾ। ਨਵ = ਨੌ। ਹਾਥਿ ਚਰਿਓ = ਹੱਥ ਆ ਗਿਆ, ਮਿਲ ਗਿਆ। ਥੋਕ = ਪਦਾਰਥ।3। ਤੋਟਿ = ਕਮੀ। ਹਲਤ = ਇਹ ਲੋਕ। ਪਲਤ = ਪਰਲੋਕ। ਲਾਦਿ = ਲੱਦ ਕੇ। ਗੁਰਿ = ਗੁਰੂ ਨੇ। ਰੰਗੇ = ਰੰਗਿ, ਰੰਗ ਲਵੋ।4। ਅਰਥ: ਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ, ਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ।1। ਰਹਾਉ। ਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ। ਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤਿ ਵਿਚ (ਰਹਿ ਕੇ) ਲੱਭਾ ਹੈ।1। ਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤਿ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ,) ਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ।2। ਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ। ਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ।3। ਹੇ ਮਾਂ! ਗੁਰੂ ਨੇ (ਮੈਨੂੰ) ਨਾਨਕ ਨੂੰ ਨਾਮ-ਧਨ ਦਾ ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ, (ਤੇ ਆਖਿਆ ਹੈ–) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ, ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ।4।2।3। |
Sri Guru Granth Darpan, by Professor Sahib Singh |