ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 496 ਗੂਜਰੀ ਮਹਲਾ ੫ ॥ ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥੧॥ ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ ਸਤਿਗੁਰੁ ਤੁਮ੍ਹ੍ਹ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥ ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥੨॥ ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥੩॥ ਭਵਰੁ ਤੁਮ੍ਹ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥੪॥੩॥੪॥ {ਪੰਨਾ 496} ਪਦ ਅਰਥ: ਸਭਿ = ਸਾਰੇ। ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ {nÓXiNq}। ਉਧਾਰੋ = ਉਧਾਰ, ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ। ਸਦ = ਸਦਾ। ਪਾਰੋ = ਪਾਰਲਾ ਬੰਨਾ।1। ਪੂਤਾ = ਹੇ ਪੁੱਤਰ! ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਇਸ ਨੂੰ 'ਬਿਸਰਉਂ ਨਹੀਂ ਪੜ੍ਹਨਾ}। ਨ ਬਿਸਰਉ = ਕਿਤੇ ਵਿਸਰ ਨਾਹ ਜਾਏ। ਜਗਦੀਸ = ਜਗਤ ਦਾ ਮਾਲਕ।1। ਰਹਾਉ। ਸੰਗਿ = ਨਾਲ। ਕਾਪੜੁ = ਕੱਪੜਾ। ਪਤਿ = ਇੱਜ਼ਤ। ਨੀਤਿ = ਸਦਾ, ਨਿੱਤ।2। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜੀਵਹੁ = ਉੱਚਾ ਜੀਵਨ ਪ੍ਰਾਪਤ ਕਰੀ ਰੱਖੋ। ਅਨੰਤਾ = ਬੇਅੰਤ। ਨ ਬਿਆਪੈ = ਜ਼ੋਰ ਨਾਹ ਪਾ ਸਕੇ।3। ਹੋਵਉ = {ਲਫ਼ਜ਼ 'ਬਿਸਰਉ' ਵਾਂਗ ਹੀ} ਹੋ ਜਾਏ। ਹੋਹੁ = {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ} ਹੋ ਜਾਣ। ਚਾਤ੍ਰਿਕ = ਪਪੀਹਾ। ਬੂੰਦਹਿ ਮਉਲਾ = ਵਰਖਾ ਦੀ ਕਣੀ ਨਾਲ ਖਿੜਦਾ ਹੈ।4। ਅਰਥ: ਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ– ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ।1। ਰਹਾਉ। ਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ।1। ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ, (ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ।2। ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ, ਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ।3। ਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ। ਹੇ ਨਾਨਕ! (ਆਖ–) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ।4।3।4। ਗੂਜਰੀ ਮਹਲਾ ੫ ॥ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ ਸਿਆਨਪ ਕਾਹੂ ਕਾਮਿ ਨ ਆਤ ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥ {ਪੰਨਾ 496} ਪਦ ਅਰਥ: ਮਤਾ = ਸਲਾਹ। ਪਛਮ ਕੈ ਤਾਈ = ਪੱਛਮ ਵਲ ਜਾਣ ਵਾਸਤੇ। ਕੈ ਤਾਈ = ਦੇ ਵਾਸਤੇ। ਥਾਪਿ = ਸਾਜ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਹਾਥਿ = ਹੱਥ ਵਿਚ। ਮਤਾਤ = ਮਤਾਂਤ, ਸਲਾਹਾਂ ਦਾ ਅੰਤ, ਫ਼ੈਸਲਾ।1। ਕਾਹੂ ਕਾਮਿ = ਕਿਸੇ ਕੰਮ ਵਿਚ। ਅਨਰੂਪਿਓ = ਮਿਥ ਲਈ, ਠਾਠ ਲਈ। ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਹੋਇ ਰਹੀ = ਹੋ ਕੇ ਰਹਿੰਦੀ ਹੈ, ਜ਼ਰੂਰ ਹੁੰਦੀ ਹੈ।1। ਰਹਾਉ। ਮਨਸਾ = ਕਾਮਨਾ, ਇੱਛਾ। ਬੀਚੇ = ਵਿੱਚੇ ਹੀ। ਨਿਕਸੇ = ਨਿਕਲ ਜਾਂਦੇ ਹਨ। ਸਾਸ = ਸਾਹ। ਲਸਕਰ = ਫ਼ੌਜਾਂ। ਨੇਬ = ਨਾਇਬ, ਅਹਿਲਕਾਰ। ਖਵਾਸ = ਚੋਬ-ਦਾਰ। ਤਿਆਗੇ = ਤਿਆਗਿ, ਛੱਡ ਕੇ। ਜਮ ਪੁਰਿ = ਪਰਲੋਕ ਵਿਚ।2। ਅਨੰਨਿ = {AnNX} = ਜਿਸ ਨੇ ਹੋਰ ਪਾਸੇ ਛੱਡ ਦਿੱਤੇ ਹਨ। (ਮਾਇਆ ਵਾਲਾ ਪਾਸਾ ਛੱਡ ਕੇ=ਹੋਇ ਅਨੰਨਿ)। ਦ੍ਰਿੜਤਾ = ਪਕਿਆਈ। ਆਪਸ ਕਉ = ਆਪਣੇ ਆਪ ਨੂੰ। ਜਾਨਾਤ = (ਵੱਡਾ) ਜਣਾਉਂਦਾ ਹੈ। ਅਨਿੰਦੁ = ਨਾਹ ਨਿੰਦਣ-ਜੋਗ।3। ਸਹਜ = {sh jwXqy eiq shj} ਆਪਣਾ ਨਿੱਜੀ। ਸੁਭਾਇ = ਪ੍ਰੇਮ ਅਨੁਸਾਰ। ਸਹਜ ਸੁਭਾਇ = ਆਪਣੇ ਨਿੱਜੀ ਪ੍ਰੇਮ ਅਨੁਸਾਰ, ਆਪਣੇ ਸੁਭਾਵਿਕ ਪ੍ਰੇਮ ਨਾਲ। ਭੇਟਿਆ = ਮਿਲਿਆ।4। ਅਰਥ: (ਹੇ ਭਾਈ! ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ।1। ਰਹਾਉ। ਹੇ ਭਾਈ! ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ। ਹੇ ਭਾਈ! ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ।1। (ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ, ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ)।2। (ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ।3। (ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ। ਹੇ ਨਾਨਕ! ਆਖ– ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।4। 4।5। ਗੂਜਰੀ ਮਹਲਾ ੫ ॥ ਨਾਮੁ ਨਿਧਾਨੁ ਜਿਨਿ ਜਨਿ ਜਪਿਓ ਤਿਨ ਕੇ ਬੰਧਨ ਕਾਟੇ ॥ ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥੧॥ ਹਰਿ ਜਸੁ ਸਾਧਸੰਗਿ ਮਿਲਿ ਗਾਇਓ ॥ ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥੧॥ ਰਹਾਉ ॥ ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥ ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥੨॥ ਪੂਰਨ ਪੂਰਿ ਰਹਿਓ ਸ੍ਰਬ ਥਾਈ ਆਨ ਨ ਕਤਹੂੰ ਜਾਤਾ ॥ ਘਟ ਘਟ ਅੰਤਰਿ ਸਰਬ ਨਿਰੰਤਰਿ ਰੰਗਿ ਰਵਿਓ ਰੰਗਿ ਰਾਤਾ ॥੩॥ ਭਏ ਕ੍ਰਿਪਾਲ ਦਇਆਲ ਗੁਪਾਲਾ ਤਾ ਨਿਰਭੈ ਕੈ ਘਰਿ ਆਇਆ ॥ ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥ {ਪੰਨਾ 496} ਪਦ ਅਰਥ: ਨਿਧਾਨੁ = ਖ਼ਜ਼ਾਨਾ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਜਨ ਮਨੁੱਖ ਨੇ। ਤਿਨ੍ਹ੍ਹ ਕੇ = ਉਹਨਾਂ ਮਨੁੱਖਾਂ ਦੇ। ਬਿਖੁ = ਜ਼ਹਿਰ। ਮਾਇਆ ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ। ਬਿਆਧਿ = ਰੋਗ। ਤੇ = ਤੋਂ।1। ਮਿਲਿ = ਮਿਲ ਕੇ। ਸੰਗਿ = ਸੰਗਤਿ ਵਿਚ। ਪਰਸਾਦਿ = ਕਿਰਪਾ ਨਾਲ। ਸਰਬ = ਸਾਰੇ।1। ਰਹਾਉ। ਕੀਓ = (ਪਰਮਾਤਮਾ ਨੇ) ਕੀਤਾ। ਭਲ = ਭਲਾ। ਮਾਨੈ = ਮੰਨਦਾ ਹੈ। ਕਮਾਨੀ = ਕਮਾਂਦਾ ਹੈ। ਸਤ੍ਰੁ = ਵੈਰੀ। ਏਕ ਸਮਾਨੇ = ਇਕੋ ਜਿਹੇ। ਜੋਗ = ਮਿਲਾਪ। ਜੁਗਤਿ = ਢੰਗ।2। ਪੂਰਨ = ਸਰਬ-ਵਿਆਪਕ। ਸ੍ਰਬ ਥਾਈ = ਸਰਬ ਥਾਈਂ, ਸਭ ਥਾਵਾਂ ਵਿਚ। ਆਨ = (ਪਰਮਾਤਮਾ ਤੋਂ ਬਿਨਾ) ਕੋਈ ਹੋਰ। ਕਤਹੂੰ = ਕਿਤੇ ਭੀ। ਜਾਤਾ = ਪਛਾਣਿਆ, ਸਮਝਿਆ। ਅੰਤਰਿ = ਅੰਦਰ। ਨਿਰੰਤਰਿ = ਬਿਨਾ ਵਿੱਥ ਦੇ {ਨਿਰ ਅੰਤਰਿ}। ਰੰਗਿ = ਪ੍ਰੇਮ ਵਿਚ। ਰਾਤਾ = ਮਸਤ। ਗੁਪਾਲਾ = ਸ੍ਰਿਸ਼ਟੀ ਦਾ ਰਾਖਾ ਪ੍ਰਭੂ। ਘਰਿ = ਘਰ ਵਿਚ। ਨਿਰਭੈ ਕੈ ਘਰਿ = ਨਿਡਰ ਪ੍ਰਭੂ ਦੇ ਚਰਨਾਂ ਵਿਚ। ਕਲਿ ਕਲੇਸ = ਝਗੜੇ ਦੁੱਖ। ਭੀਤਰਿ = ਵਿਚ। ਸਹਜਿ = ਆਤਮਕ ਅਡੋਲਤਾ ਵਿਚ।4। ਅਰਥ: ਹੇ ਭਾਈ! ਜਿਸ ਜਿਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਿਮਰਿਆ, ਉਹਨਾਂ ਸਭਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ। ਕਾਮ, ਕ੍ਰੋਧ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀ ਮਮਤਾ = ਇਹਨਾਂ ਸਾਰੇ ਰੋਗਾਂ ਤੋਂ ਉਹ ਬਚ ਜਾਂਦੇ ਹਨ।1। ਹੇ ਭਾਈ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ।1। ਰਹਾਉ। ਹੇ ਭਾਈ! ਉਹ ਮਨੁੱਖ ਅਜੇਹੀ ਭਗਤੀ ਦੀ ਕਾਰ ਕਰਦਾ ਹੈ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ (ਸਭ ਜੀਵਾਂ ਵਾਸਤੇ) ਭਲਾ ਮੰਨਦਾ ਹੈ, ਉਸ ਨੂੰ ਮਿੱਤਰ ਤੇ ਵੈਰੀ ਸਾਰੇ ਇਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ। ਹੇ ਭਾਈ! ਇਹੀ ਹੈ ਪਰਮਾਤਮਾ ਦੇ ਮਿਲਾਪ ਦਾ ਤਰੀਕਾ, ਤੇ ਇਹੀ ਹੈ ਪ੍ਰਭੂ-ਮਿਲਾਪ ਦੀ ਨਿਸ਼ਾਨੀ।2। (ਹੇ ਭਾਈ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ, ਉਸ ਨੇ) ਪਛਾਣ ਲਿਆ ਕਿ ਸਰਬ-ਵਿਆਪਕ ਪ੍ਰਭੂ ਸਭਨਾਂ ਥਾਵਾਂ ਵਿਚ ਮੌਜੂਦ ਹੈ, ਉਸ ਮਨੁੱਖ ਨੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਸਭ ਥਾਵਾਂ ਵਿਚ ਵੱਸਦਾ) ਨਹੀਂ ਸਮਝਿਆ। ਉਸ ਨੂੰ ਉਹ ਪ੍ਰਭੂ ਹਰੇਕ ਸਰੀਰ ਵਿਚ, ਇਕ-ਰਸ ਸਭਨਾਂ ਵਿਚ ਵੱਸਦਾ ਦਿੱਸਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਆਨੰਦ ਮਾਣਦਾ ਹੈ ਉਸ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ।3। ਹੇ ਨਾਨਕ! (ਆਖ– ਜਦੋਂ ਕਿਸੇ ਮਨੁੱਖ ਉੱਤੇ) ਗੋਪਾਲ-ਪ੍ਰਭੂ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ, ਤਦੋਂ ਉਹ ਮਨੁੱਖ ਉਸ ਨਿਰਭੈ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਇਕ ਖਿਨ ਵਿਚ ਉਸ ਦੇ ਅੰਦਰੋਂ ਦੁੱਖ-ਕਲੇਸ਼ ਮਿਟ ਜਾਂਦੇ ਹਨ, ਉਹ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।4।5।6। |
Sri Guru Granth Darpan, by Professor Sahib Singh |