ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 497

ਗੂਜਰੀ ਮਹਲਾ ੫ ॥ ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥ {ਪੰਨਾ 497}

ਪਦ ਅਰਥ: ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਦੁਖਿ = ਦੁੱਖ ਨਾਲ। ਜਿਨਿ = ਜਿਸ (ਮਨੁੱਖ) ਨੇ। ਰਿਦੈ = ਹਿਰਦੇ ਵਿਚ। ਤਿਨਿ = ਉਸ ਨੇ। ਭਉ = ਡਰ। ਸਾਗਰੁ = ਸਮੁੰਦਰ।1।

ਕੋ ਨ = ਕੋਈ ਨਹੀਂ। ਬ੍ਰਿਥਾ = {ÒXQw} ਪੀੜਾ। ਤਜਿ = ਛੱਡ ਕੇ। ਅਵਰ ਸੇਵਕੁ = ਕਿਸੇ ਹੋਰ ਦਾ ਸੇਵਕ। ਹੋਈ ਹੈ– ਬਣ ਜਾਈਏ। ਤਿਤੁ = ਉਸ (ਕੰਮ) ਵਿਚ। ਮਹਤੁ = ਵਡਿਆਈ। ਜਸੁ = ਸੋਭਾ। ਘਾਟੈ = ਘਟਦੀ ਹੈ।1। ਰਹਾਉ।

ਕਿਤ ਹੀ ਕਾਮਿ = ਕਿਤੁ ਹੀ ਕਾਮਿ, ਕਿਸੇ ਵੀ ਕੰਮ ਵਿਚ {ਲਫ਼ਜ਼ 'ਕਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਸੰਗਿ = ਨਾਲ। ਬਾਂਛਤ = ਇੱਜ਼ਤ।2।

ਬਿਖਿਆ = ਮਾਇਆ। ਬਿੰਜਨ = {ÒXzjn} ਸੁਆਦਲੇ ਖਾਣੇ। ਤਾ ਮਹਿ = ਉਹਨਾਂ ਵਿਚ। ਤ੍ਰਿਸਨ = ਤ੍ਰੇਹ। ਕੋਟਿ ਉਜੀਆਰਾ = ਕ੍ਰੋੜਾਂ (ਸੂਰਜਾਂ ਦਾ) ਚਾਨਣ। ਬਸਤੁ = ਸ਼ੈ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸੂਝੀ = ਦਿੱਸ ਪੈਂਦੀ ਹੈ।3।

ਦੁਆਰਿ = ਦਰ ਤੇ। ਭੈ ਭੰਜਨ = ਹੇ ਸਾਰੇ ਡਰ ਦੂਰ ਕਰਨ ਵਾਲੇ! ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹਿ! ਚਰਨ ਧੂਰਿ = ਚਰਨਾਂ ਦੀ ਧੂੜ। ਬਾਛੈ = ਲੋਚਦਾ ਹੈ, ਮੰਗਦਾ ਹੈ। ਜਨੁ = ਦਾਸ, ਮਨੁੱਖ।4।

ਅਰਥ: ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ। ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ।1। ਰਹਾਉ।

ਹੇ ਭਾਈ! ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)। ਹੇ ਭਾਈ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ।1।

ਹੇ ਭਾਈ! ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ। ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ) , ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ।2।

ਹੇ ਭਾਈ! ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ (ਖਾਣ ਦੀ) ਤ੍ਰਿਸ਼ਨਾ ਨਹੀਂ ਮੁੱਕਦੀ। ਪਰਮਾਤਮਾ ਦਾ ਨਾਮ ਸਿਮਰਦਿਆਂ (ਅੰਦਰ, ਮਾਨੋ) ਕ੍ਰੋੜਾਂ (ਸੂਰਜਾਂ ਦਾ) ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।3।

ਹੇ ਨਾਨਕ! (ਆਖ–) ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ (ਆਖ਼ਰ) ਤੇਰੇ ਦਰ ਤੇ ਆ ਪਹੁੰਚਦਾ ਹੈ ਉਹ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, (ਤੇ ਤੇਰੇ ਦਰ ਤੋਂ) ਇਹ ਸੁਖ ਪ੍ਰਾਪਤ ਕਰਦਾ ਹੈ।4।6।7।

ਗੂਜਰੀ ਮਹਲਾ ੫ ਪੰਚਪਦਾ ਘਰੁ ੨   ੴ ਸਤਿਗੁਰ ਪ੍ਰਸਾਦਿ ॥ ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥ ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥ ਅਵਰ ਸਭ ਮਿਥਿਆ ਲੋਭ ਲਬੀ ॥ ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥ ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥ ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥ ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥ ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥ ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥ ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥ {ਪੰਨਾ 497}

ਪੰਚਪਦਾ = ਪੰਜ ਬੰਦਾਂ ਵਾਲਾ ਸ਼ਬਦ।

ਪਦ ਅਰਥ: ਪ੍ਰਥਮੇ = ਪਹਿਲਾਂ। ਊਹਾ = ਉਹ ਥਾਂ। ਧਰਨਿ = ਧਰਤੀ। ਚਿਤ੍ਰ = ਤਸਵੀਰਾਂ। ਚਿਤ੍ਰਸਾਲ = ਤਸਵੀਰਾਂ ਨਾਲ ਸਜੇ ਹੋਏ ਮਹਲ। ਸੰਗਿ = ਨਾਲ। ਕਛਹੂ = ਕੁਝ ਭੀ।1।

ਮਿਥਿਆ = ਝੂਠਾ। ਗੁਰਿ ਪੂਰੈ = ਪੂਰੇ ਗੁਰੂ ਨੇ। ਜੀਅ ਕਉ = ਜਿੰਦ ਵਾਸਤੇ। ਫਬੀ = ਸੁਖਾਵੀਂ।1। ਰਹਾਉ।

ਇਸਟ = ਪਿਆਰੇ। ਬੰਧਪ = ਰਿਸ਼ਤੇਦਾਰ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਰਚਿ = ਰਚ-ਮਿਚ ਕੇ, ਗੂੜਾ ਪਿਆਰ ਪਾ ਕੇ। ਅੰਤੀ ਅਉਸਰੁ = ਅਖ਼ੀਰਲਾ ਸਮਾਂ, ਮੌਤ ਦੀ ਘੜੀ। ਕਾਲਿ = ਮੌਤ ਨੇ। ਗ੍ਰਸਿਆ = ਆ ਫੜਿਆ।2।

ਅਨਰਥ = ਧੱਕੇ, ਪਾਪ। ਸੰਪੈ = ਦੌਲਤ। ਰੂਪਾ = ਚਾਂਦੀ। ਦਾਮਾ = ਦਮੜੇ। ਭਾੜੀ = ਮਜ਼ਦੂਰ।3।

ਹੈਵਰ = ਸੋਹਣੇ ਘੋੜੇ {ਹਯ ਵਰ}। ਗੈਵਰ = ਸੋਹਣੇ ਹਾਥੀ {ਗਜ ਵਰ}। ਸੰਬਾਹੇ = ਇਕੱਠੇ ਕੀਤੇ। ਗਹੁ ਕਰਿ = ਧਿਆਨ ਨਾਲ। ਕੀਨੇ ਮੇਰੇ = ਆਪਣੇ ਬਣਾਏ। ਲਾਂਮੀ ਧਾਈ = ਲੰਮਾ ਕੂਚ।4।

ਸੁਖ ਰਾਜਾ = ਸੁਖਾਂ ਦਾ ਰਾਜਾ, ਸੁਖਦਾਤਾ। ਕੁਟੰਬ = ਪਰਵਾਰ। ਸਹਾਈ = ਸਾਥੀ। ਸੰਪਤਿ = ਦੌਲਤ। ਗੁਰਿ = ਗੁਰੂ ਨੇ। ਕਉ = ਨੂੰ।5।

ਅਰਥ: ਹੇ ਭਾਈ! ਹੋਰ ਸਾਰੇ ਲੋਭ ਲਾਲਚ ਝੂਠੇ ਹਨ। (ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ।1। ਰਹਾਉ।

ਹੇ ਭਾਈ! ਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ। (ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ।1।

ਹੇ ਭਾਈ! ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ = ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ, ਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ।2।

(ਹੇ ਭਾਈ! ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ (ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ।3।

ਹੇ ਭਾਈ! ਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ, ਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ।4।

ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ। ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ।5।1।8।

ਨੋਟ: ਪੰਚਪਦਾ = 1 (ਅੰਕ 1)

ਮ: 5 ਦੇ ਕੁਲ ਸ਼ਬਦ = 8 (ਅੰਕ 8)

ਗੂਜਰੀ ਮਹਲਾ ੫ ਤਿਪਦੇ ਘਰੁ ੨     ੴ ਸਤਿਗੁਰ ਪ੍ਰਸਾਦਿ ॥ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥ ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥ ਹਰਿ ਜਪਿ ਮਾਇਆ ਬੰਧਨ ਤੂਟੇ ॥ ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥ ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥ ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥ ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥ {ਪੰਨਾ 497-498}

ਪਦ ਅਰਥ: ਜਲਨਿ = ਸੜਨ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਬਿਨਸਿ = ਨਾਸ ਹੋ ਕੇ, ਆਤਮਕ ਮੌਤੇ ਮਰ ਕੇ। ਆਵੈ = ਜੰਮਦਾ। ਜਾਈ = ਮਰਦਾ।1।

ਜਪਿ = ਜਪ ਕੇ। ਮਿਲਿ = ਮਿਲ ਕੇ। ਛੂਟੇ = ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।1। ਰਹਾਉ।

ਗਾਵੈ = ਗਾਂਦਾ ਹੈ। ਰਸਿ = ਸੁਆਦ ਵਿਚ। ਮਾਤਾ = ਮਸਤ। ਹਰਖ = ਖ਼ੁਸ਼ੀ। ਸੋਗ = ਗ਼ਮੀ। ਦੁਹੁ ਮਾਹਿ = ਦੋਹਾਂ ਵਿਚ। ਨਿਰਾਲਾ = {ਨਿਰ-ਆਲਯ। ਆਲਯ = ਘਰ} ਵੱਖਰਾ, ਨਿਰਲੇਪ।2।

ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸਾ = ਸੀ। ਤਿਨ ਹੀ = ਤਿਨਿ ਹੀ, ਉਸੇ (ਪ੍ਰਭੂ) ਨੇ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੁਗਤਿ = ਜੀਵਨ-ਮਰਯਾਦਾ।3।

ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਜਿਸ ਮਨੁੱਖ ਉੱਤੇ ਕਿਰਪਾਲ ਹੁੰਦੇ ਹਨ, ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਮਾਇਆ ਦੇ ਬੰਧਨਾਂ ਤੋਂ ਅਜ਼ਾਦ ਹੋ ਜਾਂਦਾ ਹੈ, ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ।1। ਰਹਾਉ।

ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਪੱਕਾ ਕਰ ਦਿੱਤਾ, ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ਹੈ, ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਸ ਦੇ ਅੰਦਰ ਸੁਖ ਆ ਨਿਵਾਸ ਕਰਦੇ ਹਨ, ਪਰਮਾਤਮਾ ਦਾ ਨਾਮ ਉਸ ਦੀ ਤ੍ਰਿਸ਼ਨਾ ਦੀ ਸੜਨ ਬੁਝਾ ਦੇਂਦਾ ਹੈ।1।

(ਹੇ ਭਾਈ! ਜਿਸ ਮਨੁੱਖ ਉੱਤੇ ਪ੍ਰ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ) ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਇਸ ਤਰ੍ਹਾਂ) ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ।1।

(ਹੇ ਭਾਈ! ਪ੍ਰਭੂ! ਦੀ ਦਇਆ ਨਾਲ) ਜਿਹੜਾ ਮਨੁੱਖ ਉਸ ਪ੍ਰਭੂ ਦਾ ਹੀ ਸੇਵਕ ਬਣ ਜਾਂਦਾ ਹੈ, ਉਹ ਪ੍ਰਭੂ ਹੀ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਬਚਾ ਲੈਂਦਾ ਹੈ, ਉਸ ਮਨੁੱਖ ਦੀ ਸਾਰੀ ਜੀਵਨ-ਮਰਯਾਦਾ ਸੁਚੱਜੀ ਬਣ ਜਾਂਦੀ ਹੈ।

ਹੇ ਨਾਨਕ! ਆਖ– ਸਰਬ-ਵਿਆਪਕ ਪ੍ਰਭੂ ਜੀ (ਆਪਣੇ ਸੇਵਕ ਉਤੇ ਸਦਾ) ਦਇਆਵਾਨ ਰਹਿੰਦੇ ਹਨ। ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।3।1।9।

ਨੋਟ: ਸਿਰਲੇਖ ਵਿਚ ਲਿਖਿਆ ਹੈ 'ਤਿਪਦੇ' (ਤਿੰਨਾਂ ਬੰਦਾਂ ਵਾਲੇ ਸ਼ਬਦ = ਬਹੁ-ਵਚਨ)। ਪਰ ਇਥੇ ਸਿਰਫ਼ ਇਹੋ ਹੀ 'ਤਿਪਤਾ' ਦਰਜ ਹੈ।

TOP OF PAGE

Sri Guru Granth Darpan, by Professor Sahib Singh