ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 498

ਗੂਜਰੀ ਮਹਲਾ ੫ ਦੁਪਦੇ ਘਰੁ ੨       ੴ ਸਤਿਗੁਰ ਪ੍ਰਸਾਦਿ ॥ ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥ ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥ {ਪੰਨਾ 498}

ਪਦ ਅਰਥ: ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ = ਬਣਾ ਲਏ। ਬਰਨੁ = (ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ = ਕੋਈ ਭੀ। ਬਾਛਹਿ = ਚਾਹੁੰਦੇ ਹਨ, ਮੰਗਦੇ ਹਨ। ਰਵਾਰੋ = ਧੂੜ।1।

ਠਾਕੁਰ = ਹੇ ਠਾਕੁਰ! ਐਸੋ = ਅਜੇਹੀ ਸਮਰਥਾ ਵਾਲਾ। ਧਣੀ = ਮਾਲਕ। ਕਹੀਜੈ = ਅਖਵਾਂਦਾ ਹੈ। ਜਨ ਕੋ = ਦਾਸ ਦਾ। ਅੰਗੁ = ਪੱਖ। ਨਿਰਾਰੋ = ਨਿਰਾਲਾ, ਅਨੋਖਾ।1। ਰਹਾਉ।

ਬੁਧਿ = ਸੁਚੱਜੀ ਅਕਲ। ਆਧਾਰੋ = ਆਸਰਾ। ਦਾਸਰੋ = ਨਿਮਾਣਾ ਜਿਹਾ ਦਾਸ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ = ਰਵਿਦਾਸ ਚਮਿਆਰ।2।

ਅਰਥ: ਹੇ ਮਾਲਕ-ਪ੍ਰਭੂ! ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ।1। ਰਹਾਉ।

ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ। ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ।1।

ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ = ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ।2।1।10।

ਗੂਜਰੀ ਮਹਲਾ ੫ ॥ ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥ ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥ ਪ੍ਰਭ ਕੀ ਅਗਮ ਅਗਾਧਿ ਕਥਾ ॥ ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥ ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥ ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥ {ਪੰਨਾ 498}

ਪਦ ਅਰਥ: ਕੋਊ = ਕੋਈ ਭੀ। ਬੂਝਨਹਾਰੋ = ਸਮਝਣ ਦੀ ਸਮਰਥਾ ਵਾਲਾ। ਕਵਨੁ = ਕੌਣ? ਭਤਾ = ਭਾਤਿ, ਕਿਸਮ। ਬਿਰੰਚਿ = ਬ੍ਰਹਮਾ। ਅਰੁ = ਅਤੇ। ਗਹਿ ਨ ਸਕਾਹਿ = ਫੜ ਨਹੀਂ ਸਕਦੇ। ਗਤਾ = ਗਤਿ, ਹਾਲਤ।1।

ਅਗਮ = ਅਪਹੁੰਚ। ਅਗਾਧਿ = ਡੂੰਘੀ। ਸੁਨੀਐ = ਸੁਣਿਆ ਜਾਂਦਾ ਹੈ। ਅਵਰ ਬਿਧਿ = ਹੋਰ ਹੀ ਤਰ੍ਹਾਂ। ਬੁਝੀਐ = ਸਮਝਿਆ ਜਾਂਦਾ ਹੈ। ਰਹਤਾ = ਪਰੇ, ਬਿਨਾ।1। ਰਹਾਉ।

ਆਪੇ = ਆਪ ਹੀ। ਸੰਗਿ = ਨਾਲ। ਰਤਾ = ਮਸਤ। ਕੋ = ਦਾ। ਜਤ੍ਰ ਕਤਾ = ਜਿਥੇ ਕਿਥੇ, ਹਰ ਥਾਂ।2।

ਅਰਥ: ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ– ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ। (ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ।1।

ਹੇ ਭਾਈ! ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ। ਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ? ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ।1।

ਹੇ ਭਾਈ! ਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ (ਕਿਉਂਕਿ, ਹੇ ਭਾਈ!) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ।2। 2।11।

ਗੂਜਰੀ ਮਹਲਾ ੫ ॥ ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥ ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥ ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥ ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥ ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥ ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥ {ਪੰਨਾ 498}

ਪਦ ਅਰਥ: ਮਤਾ = ਸਲਾਹ। ਮਸੂਰਤਿ = ਮਸ਼ਵਰਾ। ਅਵਰ = ਹੋਰ। ਜਨ = ਦਾਸ, ਸੇਵਕ। ਜਹ ਜਹ = ਜਿੱਥੇ ਜਿੱਥੇ। ਅਉਸਰੁ = ਸਮਾ, ਮੌਕਾ।1।

ਪ੍ਰਭ ਕੋ ਬਿਰਦਾਇਓ = ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ। ਭਗਤਿ ਵਛਲੁ = ਭਗਤੀ (ਕਰਨ ਵਾਲਿਆਂ) ਦਾ ਪਿਆਰਾ। ਪ੍ਰਤਿਪਾਲ = ਪਾਲਣਾ, ਰਾਖੀ। ਬਾਰਿਕ = ਬਾਲਕ, ਬੱਚਾ। ਨਿਆਈ = ਵਾਂਗ। ਕਉ = ਨੂੰ।1। ਰਹਾਉ।

ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ। ਜਪ = (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਖ਼ਾਸ ਮੰਤ੍ਰਾਂ ਦੇ) ਜਾਪ। ਤਪ = ਧੂਣੀਆਂ ਤਪਾਣੀਆਂ। ਕਰਮ ਧਰਮ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਜਨਿ = ਜਨ ਨੇ, ਸੇਵਕ ਨੇ। ਅਭੈ ਦਾਨੁ = ਨਿਰਭੈਤਾ ਦੀ ਦਾਤਿ।2।

ਅਰਥ: ਹੇ ਭਾਈ! ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ। ਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਸੇਵਕ ਨੂੰ ਲਾਡ ਲਡਾਂਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ = ਇਹ ਕੁਝ ਭੀ ਨਹੀਂ ਅਹੁੜਦਾ। ਜਿੱਥੇ ਜਿੱਥੇ (ਕੋਈ ਔਖਿਆਈ ਦਾ) ਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ।1।

ਹੇ ਭਾਈ! ਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ। ਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ।2।3।12।

ਗੂਜਰੀ ਮਹਲਾ ੫ ॥ ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥ ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥ ਮੋਹਨੁ ਪ੍ਰਾਨ ਮਾਨ ਰਾਗੀਲਾ ॥ ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥ ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥ ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥ {ਪੰਨਾ 498}

ਪਦ ਅਰਥ: ਪਿਆਰੋ = ਪਿਆਰੇ (ਹਰੀ) ਨੂੰ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਢੀਲਾ = ਢਿੱਲ। ਸੰਤ = ਗੁਰੂ। ਕਰਿ = ਕਰ ਕੇ। ਭਾਵਨੀ = ਸਰਧਾ। ਲਾਈਐ = ਬਣਾਣੀ ਚਾਹੀਦੀ ਹੈ। ਤਿਆਗਿ = ਤਿਆਗ ਕੇ। ਹਾਠੀਲਾ = ਹਠ।1।

ਮੋਹਨੁ = ਸੁੰਦਰ ਪ੍ਰਭੂ। ਪ੍ਰਾਨ ਮਾਨ = ਜਿੰਦ ਦਾ ਫ਼ਖ਼ਰ। ਰਾਗੀਲਾ = ਰੰਗੀਲਾ, ਸਦਾ ਖਿੜੇ ਸੁਭਾਵ ਵਾਲਾ। ਹੀਅਰੇ ਕੈ ਸੰਗੇ = (ਮੇਰੇ) ਹਿਰਦੇ ਦੇ ਨਾਲ। ਹੀਅਰਾ = ਹਿਰਦਾ। ਪੇਖਿ = ਵੇਖ ਕੇ। ਲੀਲਾ = ਕੌਤਕ।1। ਰਹਾਉ।

ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਫ਼ਰਕ ਵੇਖੋ}। ਮਨਹੁ = ਮਨ ਤੋਂ। ਜੰਗੀਲਾ = ਜੰਗਾਲ, ਮੈਲ। ਮਿਲਬੇ ਕੀ = (ਉਸ ਪਰਮਾਤਮਾ ਨੂੰ) ਮਿਲਣ ਦੀ। ਮਹਿਮਾ = ਵਡਿਆਈ। ਸਾਕਉ = ਸਾਕਉਂ।2।

ਅਰਥ: ਹੇ ਭਾਈ! ਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ। ਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ।1। ਰਹਾਉ।

ਹੇ ਭਾਈ! ਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ। (ਹੇ ਭਾਈ! ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ।1।

ਹੇ ਨਾਨਕ! (ਆਖ– ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ, ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ)।2।4।13।

ਗੂਜਰੀ ਮਹਲਾ ੫ ॥ ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹ੍ਹੇ ਬਸਿ ਅਪਨਹੀ ॥ ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥ ਬਲਵੰਤਿ ਬਿਆਪਿ ਰਹੀ ਸਭ ਮਹੀ ॥ ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥ ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥ {ਪੰਨਾ 498-499}

ਪਦ ਅਰਥ: ਮੁਨਿ = ਸਮਾਧੀ ਲਾ ਕੇ ਚੁੱਪ ਟਿਕੇ ਰਹਿਣ ਵਾਲੇ। ਜੋਗੀ = ਜੋਗ-ਅੱਭਿਆਸ ਕਰਨ ਵਾਲੇ। ਸਾਸਤ੍ਰਗਿ = {_wÔ><} ਸ਼ਾਸਤਰਾਂ ਦੇ ਜਾਣਨ ਵਾਲੇ। ਕਹਾਵਤ = ਅਖਵਾਂਦੇ ਹਨ। ਬਸਿ = ਵੱਸ ਵਿਚ। ਕੀਨ੍ਹ੍ਹੇ = ਕੀਤੇ ਹਨ। ਤੀਨਿ ਦੇਵ = ਬ੍ਰਹਮਾ, ਵਿਸ਼ਨੂੰ, ਸ਼ਿਵ। ਅਰੁ = ਅਤੇ। ਕੋੜਿ = ਕ੍ਰੋੜ। ਹੈਰਤਿ = ਹੈਰਾਨਗੀ।1।

ਬਲਵੰਤਿ = ਬਲਵਤੀ ਮਾਇਆ, ਪ੍ਰਬਲ ਮਾਇਆ। ਬਿਆਪਿ ਰਹੀ = ਆਪਣਾ ਜ਼ੋਰ ਪਾ ਰਹੀ ਹੈ। ਮਹੀ = ਧਰਤੀ। ਮਰਮਾ = ਭੇਤ। ਅਵਰੁ = ਹੋਰ। ਤੇ = ਤੋਂ। ਲਹੀ = ਲੱਭਿਆ।1। ਰਹਾਉ।

ਜੀਤਿ ਜੀਤਿ ਜੀਤੇ = ਸਦਾ ਤੋਂ ਜਿੱਤਦੀ ਆ ਰਹੀ ਹੈ {ਵੇਖੋ 'ਗੁਰਬਾਣੀ ਵਿਆਕਰਣ'} ਸਭਿ = ਸਾਰੇ। ਲਪਟਹੀ = ਚੰਬੜੀ ਹੋਈ ਹੈ। ਸਾਧ ਤੇ = ਗੁਰੂ ਪਾਸੋਂ। ਹੋਇ ਚੇਰੀ = ਦਾਸੀ ਬਣ ਕੇ। ਗਹੀ = ਫੜਦੀ ਹੈ।2।

ਅਰਥ: ਹੇ ਭਾਈ! ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ, ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ।1। ਰਹਾਉ।

ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ– ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ। (ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ = (ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ।1।

ਹੇ ਭਾਈ! ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ। ਹੇ ਨਾਨਕ! ਆਖ– ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ।2।5।14।

TOP OF PAGE

Sri Guru Granth Darpan, by Professor Sahib Singh