ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 499

ਗੂਜਰੀ ਮਹਲਾ ੫ ॥ ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥ ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥ ਠਾਕੁਰ ਹੋਏ ਆਪਿ ਦਇਆਲ ॥ ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥ ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ {ਪੰਨਾ 499}

ਪਦ ਅਰਥ: ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰੀ = ਕਰੀਂ, ਮੈਂ ਕਰਦਾ ਹਾਂ। ਦੇਇ = ਦੇ ਕੇ। ਪਰਮੇਸਰਿ = ਪਰਮੇਸ਼ਰ ਨੇ। ਰਾਖੇ = ਰੱਖ ਲਿਆ ਹੈ। ਦੁਰਤੁ = ਪਾਪ।1।

ਠਾਕੁਰ = ਮਾਲਕ-ਪ੍ਰਭੂ ਜੀ। ਕਲਿਆਣ = ਸੁਖ। ਆਨੰਦ ਰੂਪ = ਆਨੰਦ-ਭਰਪੂਰ। ਹੁਈ ਹੈ– ਹੋ ਜਾਈਦਾ ਹੈ। ਉਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ। ਬਾਲ ਗੁਪਾਲ = ਗੁਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਜੀਵ-) ਬੱਚੇ।1। ਰਹਾਉ।

ਮਿਲਿ = ਮਿਲ ਕੇ। ਮਿਲਿ ਵਰ = ਵਰ (ਪ੍ਰਭੂ-ਪਤੀ) ਨੂੰ ਮਿਲ ਕੇ। ਨਾਰੀ = ਨਾਰੀਆਂ ਨੇ (ਗਿਆਨ-ਇੰਦ੍ਰਿਆਂ ਨੇ)। ਜੈਕਾਰੁ = ਸਿਫ਼ਤਿ-ਸਾਲਾਹ। ਕਹੁ = ਆਖ। ਗੁਰ ਬਲਿਹਾਰੀ = ਗੁਰੂ ਤੋਂ ਸਦਕੇ। ਉਧਾਰੁ = ਪਾਰ-ਉਤਾਰਾ।2।

ਅਰਥ: ਹੇ ਭਾਈ! ਮੈਂ (ਆਪਣੇ ਮਾਲਕ-ਪ੍ਰਭੂ ਦੇ ਅੱਗੇ) ਦੋਵੇਂ ਹਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ। ਉਸ ਮਾਲਕ ਪਰਮੇਸਰ ਪ੍ਰਭੂ ਨੇ ਸਾਡੀ ਹੱਥ ਦੇ ਕੇ ਰਾਖੀ ਕੀਤੀ ਹੈ ਤੇ ਸਾਰੇ ਕਸ਼ਟ ਤੇ ਪਾਪ ਨਵਿਰਤ ਕਰ ਦਿਤੇ ਹਨ।

ਹੇ ਭਾਈ! ਜਿਨ੍ਹਾਂ ਜੀਵਾਂ ਉਤੇ ਪ੍ਰਭੂ ਜੀ ਆਪ ਦਇਆਵਾਨ ਹੁੰਦੇ ਹਨ ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਗੋਪਾਲ-ਪ੍ਰਭੂ ਦੇ (ਦਰ ਤੇ ਆਏ ਹੋਏ ਉਹ ਜੀਵ-) ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚ ਗਏ (ਪ੍ਰਭੂ ਦੇ ਦਇਆਲ ਹੋਇਆਂ) ਆਨੰਦ-ਭਰਪੂਰ ਹੋ ਜਾਈਦਾ ਹੈ।1। ਰਹਾਉ।

ਹੇ ਭਾਈ! ਪ੍ਰਭੂ-ਪਤੀ ਨੂੰ ਮਿਲ ਕੇ ਮੇਰੇ ਗਿਆਨ-ਇੰਦ੍ਰਿਆਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ, ਮਾਲਕ-ਪ੍ਰਭੂ ਦਾ ਜੈ-ਜੈਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹੇ ਨਾਨਕ! ਆਖ– ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ (ਸਰਨ ਆਏ) ਸਭ ਜੀਵਾਂ ਦਾ ਪਾਰ-ਉਤਾਰਾ ਕਰ ਦਿੱਤਾ ਹੈ।2।6।15।

ਗੂਜਰੀ ਮਹਲਾ ੫ ॥ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥ ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥ {ਪੰਨਾ 499}

ਪਦ ਅਰਥ: ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਥੋਰਾ = ਥੋੜ੍ਹਾ, ਹੋਛਾ ਜਿਹਾ, ਕਮਜ਼ੋਰ। ਪੇਖੇ = ਮੈਂ ਵੇਖੇ ਹਨ। ਭੋਰਾ = ਰਤਾ ਭੀ।2।

ਠਾਕੁਰ = ਹੇ ਠਾਕੁਰ! ਆਹਿ = ਹੈ। ਮੋਹਿ = ਮੈਨੂੰ, ਮੇਰੇ ਵਿਚ। ਨਿਰਗੁਨ = ਗੁਣਹੀਨ। ਆਹਿਓ = ਤੱਕਿਆ ਹੈ, ਚਾਹਿਆ ਹੈ, ਲੋੜਿਆ ਹੈ। ਧੋਰਾ = ਆਸਰਾ, ਸਮੀਪਤਾ।1। ਰਹਾਉ।

ਬਲਿ = ਕੁਰਬਾਨ। ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਜੋਰਾ = ਜੋਰ, ਸਹਾਰਾ। ਬਿਨਸਿਓ = ਨਾਸ ਹੋ ਗਿਆ। ਨਿਹੋਰਾ = ਮੁਥਾਜੀ।2।

ਅਰਥ: ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ। ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ।1। ਰਹਾਉ।

ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ = ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ। ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ।1।

ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ। ਹੇ ਨਾਨਕ! (ਆਖ– ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ।2।7। 16।

ਗੂਜਰੀ ਮਹਲਾ ੫ ॥ ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥ ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥ ਸਾਜਨ ਐਸੋ ਸੰਤੁ ਸਹਾਈ ॥ ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥ ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥ {ਪੰਨਾ 499}

ਪਦ ਅਰਥ: ਆਲ = ਅਲਯ, ਘਰ। ਜਾਲ = ਜੰਜਾਲ। ਆਲ ਜਾਲ = ਘਰ ਦੇ ਜੰਜਾਲ। ਭ੍ਰਮ = ਭਟਕਣਾ। ਤਜਾਵੈ = ਦੂਰ ਕਰਾ ਦੇਂਦਾ ਹੈ। ਸੇਤੀ = ਨਾਲ। ਰੰਗੁ = ਪ੍ਰੇਮ। ਲਾਈ = ਲਾਏ, ਬਣਾ ਦੇਂਦਾ ਹੈ। ਦ੍ਰਿੜਾਵੈ = ਪੱਕਾ ਕਰਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਗਾਈ = ਗਾਇ, ਗਾ।1।

ਸਾਜਨ = ਹੇ ਮਿੱਤਰ! ਸੰਤੁ = ਗੁਰੂ। ਸਹਾਈ = ਮਦਦਗਾਰ। ਭੇਟੇ = ਮਿਲਦਾ ਹੈ। ਬੰਧ = ਬੰਧਨ। ਕਬ ਹੂੰ = ਕਦੇ ਭੀ।1। ਰਹਾਉ।

ਕਰਤ ਕਰਤ = ਕਰਦਿਆਂ ਕਰਦਿਆਂ। ਨੀਕੀ = ਚੰਗੀ (ਸਲਾਹ)। ਮਿਲਿ = ਮਿਲ ਕੇ। ਸਾਧੂ = ਗੁਰੂ। ਭਵਜਲੁ = ਸੰਸਾਰ-ਸਮੁੰਦਰ। ਪਰਾਈ = ਪਰਾਇ, ਪਰੈ, ਪੈ ਜਾਂਦਾ ਹੈ।2।

ਅਰਥ: ਹੇ ਮਿੱਤਰ! ਗੁਰੂ ਇਹੋ ਜਿਹਾ ਮਦਦਗਾਰ ਹੈ ਕਿ ਜਿਸ ਮਨੁੱਖ ਨੂੰ (ਗੁਰੂ) ਮਿਲ ਪੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ, ਉਸ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ।1। ਰਹਾਉ।

ਹੇ ਮਿੱਤਰ! (ਗੁਰੂ ਸਰਨ ਆਏ ਮਨੁੱਖ ਪਾਸੋਂ) ਘਰ ਦੇ ਜੰਜਾਲ, ਭਟਕਣਾ, ਮੋਹ ਛਡਾ ਦੇਂਦਾ ਹੈ, ਤੇ ਪਰਮਾਤਮਾ ਨਾਲ ਉਸ ਦਾ ਪਿਆਰ ਬਣਾ ਦੇਂਦਾ ਹੈ, (ਸਰਨ ਆਏ ਮਨੁੱਖ ਦੇ) ਮਨ ਨੂੰ ਇਹ ਸਿੱਖਿਆ ਪੱਕੀ ਕਰ ਕੇ ਦੇਂਦਾ ਹੈ ਕਿ ਸਦਾ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ।1।

ਹੇ ਨਾਨਕ! (ਆਖ–) ਅਨੇਕਾਂ, ਤੇ ਕਈ ਕਿਸਮ ਦੀਆਂ ਸੋਚਾਂ ਵਿਚਾਰਾਂ ਕਰਦਿਆਂ ਕਰਦਿਆਂ ਆਖ਼ਰ ਮੈਂ ਚੰਗਾ ਨਿਸ਼ਚਾ ਦਿਲ ਵਿਚ ਟਿਕਾ ਲਿਆ ਹੈ ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।2।8। 17।

ਗੂਜਰੀ ਮਹਲਾ ੫ ॥ ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥ ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥ ਧਿਆਈਐ ਅਪਨੋ ਸਦਾ ਹਰੀ ॥ ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥ ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥ {ਪੰਨਾ 499}

ਪਦ ਅਰਥ: ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਕੀਮਤਿ = ਬਰਾਬਰ ਦੀ ਕਦਰ। ਰੰਕੁ = ਕੰਗਾਲ। ਜੋਤਿ ਧਰੀ = ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ।1।

ਸੋਚ ਅੰਦੇਸਾ = ਚਿੰਤਾ-ਫ਼ਿਕਰ। ਤਾ ਕਾ = ਉਸ ਚੀਜ਼ ਦਾ। ਜਾ ਮਹਿ ਏਕ ਘਰੀ = ਜਿਸ ਦੇ ਟਿਕੇ ਰਹਿਣ ਵਿਚ ਇਕ ਘੜੀ ਹੀ ਲੱਗਦੀ ਹੈ, ਜੋ ਛਿਨ-ਭੰਗਰ ਹੈ, ਜੋ ਛੇਤੀ ਨਾਸ ਹੋ ਜਾਣ ਵਾਲੀ ਹੈ।1। ਰਹਾਉ।

ਮੇਰੇ ਸਤਿਗੁਰ = ਹੇ ਮੇਰੇ ਗੁਰੂ-ਪਰਮਾਤਮਾ! ਅਚੇਤ = ਗ਼ਾਫਲ, ਬੇ-ਸਮਝ। ਕਰੀ = ਕਰ, ਹੱਥ।2।

ਅਰਥ: ਹੇ ਭਾਈ! ਆਪਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ। (ਸੰਸਾਰ ਦੀ) ਉਸ ਚੀਜ਼ ਦਾ ਕੀਹ ਚਿੰਤਾ-ਫ਼ਿਕਰ ਕਰਨਾ ਹੋਇਆ, ਜੇਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ?।1। ਰਹਾਉ।

ਹੇ ਭਾਈ! ਪਰਮਾਤਮਾ (ਸੰਸਾਰਕ ਪਦਾਰਥਾਂ ਨੂੰ) ਖਿਨ ਵਿਚ ਪੈਦਾ ਕਰ ਕੇ ਖਿਨ ਵਿਚ ਹੀ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ, ਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ। ਪਰਮਾਤਮਾ ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈ ਅਤੇ ਨੀਵਾਂ ਅਖਵਾਣ ਵਾਲੇ ਦੇ ਅੰਦਰ ਆਪਣੀ ਜੋਤਿ ਦਾ ਪ੍ਰਕਾਸ਼ ਕਰ ਦੇਂਦਾ ਹੈ (ਜਿਸ ਕਰਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ)।1।

ਹੇ ਨਾਨਕ! (ਆਖ–) ਹੇ ਮੇਰੇ ਸਤਿਗੁਰੂ-ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਮੇਰਾ ਮਨ ਤੇਰੀ ਸਰਨ ਆ ਪਿਆ ਹੈ। ਹੇ ਪ੍ਰਭੂ! ਅਸੀਂ ਤੇਰੇ ਬੇ-ਸਮਝ ਅੰਞਾਣ ਬੱਚੇ ਹਾਂ, ਤੂੰ ਆਪਣਾ ਹੱਥ (ਸਾਡੇ ਸਿਰ ਉੱਤੇ) ਧਰ ਕੇ (ਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ) ਬਚਾ ਲੈ।2।9। 19।

ਗੂਜਰੀ ਮਹਲਾ ੫ ॥ ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ ਠਾਕੁਰ ਜਾ ਸਿਮਰਾ ਤੂੰ ਤਾਹੀ ॥ ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥ {ਪੰਨਾ 499}

ਪਦ ਅਰਥ: ਮਾਹੀ = ਮਾਹਿ, ਵਿਚ। ਰਿਦ = ਹਿਰਦਾ। ਤਹ = ਉਸ ਹਿਰਦੇ ਵਿਚ। ਭਰਮੁ = ਭਟਕਣਾ। ਅੰਧੇਰਾ = ਹਨੇਰਾ।1।

ਜਾ = ਜਦੋਂ। ਸਿਮਰਾ = ਸਿਮਰਾਂ, ਮੈਂ ਚੇਤੇ ਕਰਦਾ ਹਾਂ। ਤਾਹੀ = ਉਥੇ ਹੀ। ਪ੍ਰਤਿਪਾਲਕ = ਹੇ ਪਾਲਣਹਾਰ! ਸਲਾਹੀ = ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ।

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਸਮਾਰਉਂ, ਮੈਂ ਸੰਭਾਲਦਾ ਰਹਾਂ। ਪ੍ਰਭ = ਹੇ ਪ੍ਰਭੂ! ਆਹੀ = ਆਹੀਂ, ਮੈਂ ਲੋਚਦਾ ਹਾਂ। ਟੇਕ = ਸਹਾਰਾ। ਬਿਡਾਣੀ = ਬਿਗਾਨੀ।2।

ਅਰਥ: ਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)। ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ।

ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ। (ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ।1।

ਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ। ਹੇ ਨਾਨਕ! (ਆਖ– ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ।2।10। 19।

TOP OF PAGE

Sri Guru Granth Darpan, by Professor Sahib Singh