ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 500

ਗੂਜਰੀ ਮਹਲਾ ੫ ॥ ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥ ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥ ਠਾਕੁਰ ਤੁਝ ਬਿਨੁ ਬੀਆ ਨ ਹੋਰ ॥ ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥ ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥ ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥ {ਪੰਨਾ 500}

ਪਦ ਅਰਥ: ਦੀਜੈ = ਦੇਹ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਉ = ਗਾਵਉਂ, ਮੈਂ ਗਾਵਾਂ। ਨਿਸਿ = ਰਾਤ। ਅਰੁ = ਅਤੇ। ਭੋਰ = ਸਵੇਰੇ। ਸੰਗਿ = ਨਾਲ। ਪਗ = ਪੈਰ। ਝਾਰਉ = ਮੈਂ ਝਾੜਾਂ। ਇਹੈ– ਇਹ ਹੀ। ਮੋਰ = ਮੇਰਾ।1।

ਠਾਕੁਰ = ਹੇ ਠਾਕੁਰ! ਬੀਆ = ਦੂਜਾ। ਚਿਤਿ = ਚਿਤ ਵਿਚ। ਚਿਤਵਉ = ਚਿਤਵਉਂ, ਮੈਂ ਯਾਦ ਕਰਦਾ ਹਾਂ। ਰਸਨ = ਜੀਭ (ਨਾਲ)। ਨਿਰਖਉ = ਨਿਰਖਉਂ, ਮੈਂ ਵੇਖਦਾ ਹਾਂ। ਓਰ = ਤਰਫ਼, ਪਾਸਾ।1। ਰਹਾਉ।

ਬਿਨਉ = ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਕਰ ਜੋਰਿ = (ਦੋਵੇਂ) ਹੱਥ ਜੋੜ ਕੇ। ਉਧਰਸਿ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਗਾ। ਫੋਰ = ਅੱਖ ਝਮਕਣ ਜਿਤਨਾ ਸਮਾ।2।

ਅਰਥ: ਹੇ ਮੇਰੇ ਮਾਲਕ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਹਰੀ! ਮੈਂ ਆਪਣੇ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ, ਜੀਭ ਨਾਲ ਤੇਰੀ ਹੀ ਆਰਾਧਨਾ ਕਰਦਾ ਹਾਂ, (ਤੇ ਸਦਾ ਸਹਾਇਤਾ ਲਈ) ਤੇਰੇ ਵਲ ਹੀ ਤੱਕਦਾ ਰਹਿੰਦਾ ਹਾਂ।1। ਰਹਾਉ।

ਹੇ ਮੇਰੇ ਮਾਲਕ! ਮੇਹਰ ਕਰ, ਮੈਨੂੰ ਆਪਣਾ ਦਰਸਨ ਦੇਹ, ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ, ਆਪਣੇ ਕੇਸਾਂ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ = ਬੱਸ! ਇਹ ਹੀ ਮੇਰੇ ਮਨ ਦੀ ਤਾਂਘ ਹੈ।1।

ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਸਭਨਾਂ ਦੇ ਮਾਲਕ! ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ (ਮੇਹਰ ਕਰ) ਤੇਰਾ ਦਾਸ ਨਾਨਕ (ਸਦਾ ਤੇਰਾ) ਨਾਮ ਜਪਦਾ ਰਹੇ। (ਜੇਹੜਾ) ਮਨੁੱਖ ਤੇਰਾ ਨਾਮ ਜਪਦਾ ਰਹੇਗਾ ਉਹ (ਸੰਸਾਰ-ਸਮੁੰਦਰ ਵਿਚੋਂ) ਅੱਖ ਝਮਕਣ ਜਿਤਨੇ ਸਮੇ ਵਿਚ ਬਚ ਨਿਕਲੇਗਾ।2।11। 20।

ਗੂਜਰੀ ਮਹਲਾ ੫ ॥ ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ ॥ ਸਾਧਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ ॥੧॥ ਅਬ ਮੋਹਿ ਆਇ ਪਰਿਓ ਸਰਨਾਇ ॥ ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥ ਸਿਧ ਸਾਧਿਕ ਅਰੁ ਜਖ੍ਯ੍ਯ ਕਿੰਨਰ ਨਰ ਰਹੀ ਕੰਠਿ ਉਰਝਾਇ ॥ ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥ {ਪੰਨਾ 500}

ਪਦ ਅਰਥ: ਬ੍ਰਹਮ ਲੋਕ = ਬ੍ਰਹਮਾ ਦੀ ਪੁਰੀ। ਅਰੁ = ਅਤੇ। ਰੁਦ੍ਰ = ਸ਼ਿਵ। ਤੇ = ਤੋਂ। ਧਾਇ = ਦੌੜ ਕੇ, ਹੱਲਾ ਕਰ ਕੇ। ਕਉ = ਨੂੰ। ਜੋਹਿ ਨ ਸਾਕੈ = ਤੱਕ ਨਹੀਂ ਸਕਦੀ। ਮਲਿ = ਮਲ ਕੇ। ਪਾਇ = ਪੈਰ।1।

ਮੋਹਿ = ਮੈਂ। ਸਰਨਾਇ = (ਗੁਰੂ ਦੀ) ਸਰਨ ਵਿਚ। ਗੁਹਜ = ਗੁੱਝੀ, ਲੁਕਵੀਂ। ਪਾਵਕੋ = ਪਾਵਕੁ, ਅੱਗ। ਪ੍ਰਜਾਰੈ = ਚੰਗੀ ਤਰ੍ਹਾਂ ਸਾੜਦੀ ਹੈ। ਮੋ ਕਉ = ਮੈਨੂੰ। ਸਤਿਗੁਰਿ = ਗੁਰੂ ਨੇ।1। ਰਹਾਉ।

ਸਿਧ = ਜੋਗ-ਸਾਧਨਾ ਵਿਚ ਉੱਘੇ ਹੋ ਚੁਕੇ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਜਖ੍ਯ੍ਯ = ਦੇਵਤਿਆਂ ਦੀ ਇਕ ਕਿਸਮ। ਕਿੰਨਰ = ਦੇਵਤਿਆਂ ਦੀ ਇਕ ਕਿਸਮ। ਨਰ = ਮਨੁੱਖ। ਕੰਠਿ = ਗਲ ਨਾਲ। ਉਰਝਾਇ = ਚੰਬੜੀ ਹੋਈ। ਅੰਗੁ = ਪੱਖ। ਜਨ ਅੰਗੁ = ਦਾਸਾਂ ਦਾ ਪੱਖ। ਪ੍ਰਭਿ = ਪ੍ਰਭੂ ਨੇ। ਕਰਤੈ = ਕਰਤਾਰ ਨੇ। ਕੋਟਿ = ਕ੍ਰੋੜਾਂ। ਦਾਸਾਇ = ਦਾਸੀਆਂ।2।

ਅਰਥ: (ਹੇ ਭਾਈ! ਸੰਸਾਰ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਵੇਖ ਕੇ) ਹੁਣ ਮੈਂ (ਆਪਣੇ ਸਤਿਗੁਰੂ ਦੀ) ਸਰਨ ਆ ਪਿਆ ਹਾਂ। (ਤ੍ਰਿਸ਼ਨਾ ਦੀ) ਗੁੱਝੀ ਅੱਗ (ਸੰਸਾਰ ਨੂੰ) ਬਹੁਤ ਬੁਰੀ ਤਰ੍ਹਾਂ ਸਾੜ ਰਹੀ ਹੈ (ਇਸ ਤੋਂ ਬਚਣ ਲਈ) ਗੁਰੂ ਨੇ ਮੈਨੂੰ (ਤਰੀਕਾ) ਦੱਸ ਦਿੱਤਾ ਹੈ।1। ਰਹਾਉ।

(ਹੇ ਭਾਈ! ਮਾਇਆ ਬ੍ਰਹਮਾ ਸ਼ਿਵ ਇੰਦ੍ਰ ਆਦਿਕ ਦੇਵਤਿਆਂ ਉਤੇ ਭੀ ਆਪਣਾ (ਪ੍ਰਭਾਵ ਪਾ ਕੇ) ਬ੍ਰਹਮ-ਪੁਰੀ, ਸ਼ਿਵ-ਪੁਰੀ ਅਤੇ ਇੰਦ੍ਰ-ਪੁਰੀ ਤੋਂ ਹੱਲਾ ਕਰ ਕੇ (ਸੰਸਾਰਕ ਜੀਵਾਂ ਵਲ) ਆਈ ਹੈ। (ਪਰ) ਸਾਧ ਸੰਗਤਿ ਵਲ (ਤਾਂ ਇਹ ਮਾਇਆ) ਤੱਕ ਭੀ ਨਹੀਂ ਸਕਦੀ, (ਇਹ ਮਾਇਆ ਸਤਸੰਗੀਆਂ ਦੇ) ਪੈਰ ਮਲ ਮਲ ਕੇ ਧੋਂਦੀ ਹੈ।1।

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਸਾਧੂ, ਜਖ੍ਯ੍ਯ, ਕਿੰਨਰ, ਮਨੁੱਖ = ਇਹਨਾਂ ਸਭਨਾਂ ਦੇ ਗਲ ਨਾਲ ਮਾਇਆ ਚੰਬੜੀ ਰਹਿੰਦੀ ਹੈ। ਪਰ, ਹੇ ਨਾਨਕ! ਆਪਣੇ ਦਾਸਾਂ ਦਾ ਪੱਖ ਉਸ ਪ੍ਰਭੂ ਨੇ ਉਸ ਕਰਤਾਰ ਨੇ ਕੀਤਾ ਹੋਇਆ ਹੈ ਜਿਸ ਦੇ ਦਰ ਤੇ ਇਹੋ ਜਿਹੀਆਂ (ਇਸ ਮਾਇਆ ਜਿਹੀਆਂ) ਕ੍ਰੋੜਾਂ ਹੀ ਦਾਸੀਆਂ ਹਨ।2।12। 21।

ਗੂਜਰੀ ਮਹਲਾ ੫ ॥ ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥ ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥੧॥ ਜਾ ਤੇ ਘਾਲ ਨ ਬਿਰਥੀ ਜਾਈਐ ॥ ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥ ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥ ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥ {ਪੰਨਾ 500}

ਪਦ ਅਰਥ: ਅਪਜਸੁ = ਬਦਨਾਮੀ। ਜਗਿ = ਜਗਤ ਵਿਚ। ਕੀਰਤਿ = ਸੋਭਾ। ਬੈਸਣੁ = ਬੈਠਣ ਲਈ ਥਾਂ। ਤ੍ਰਾਸ = ਸਹਮ। ਸੇਤੀ = ਨਾਲ। ਘਰਿ = ਪ੍ਰਭੂ-ਚਰਨਾਂ ਵਿਚ।1।

ਜਾ ਤੇ = ਜਿਸ ਦੀ ਬਰਕਤਿ ਨਾਲ। ਘਾਲ = ਮੇਹਨਤ। ਬਿਰਥੀ = ਵਿਅਰਥ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ।1। ਰਹਾਉ।

ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਰੰਗਿ = ਪ੍ਰੇਮ-ਰੰਗ ਵਿਚ। ਦਾਸਹ = ਦਾਸਾਂ ਦੀ। ਪੈਜ = ਇੱਜ਼ਤ।2।

ਅਰਥ: ਹੇ ਭਾਈ! ਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ। ਹੇ ਭਾਈ! ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।1। ਰਹਾਉ।

(ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ। (ਹੇ ਭਾਈ! ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੁੰਚ ਜਾਈਦਾ ਹੈ।1।

ਹੇ ਨਾਨਕ! (ਆਖ–) ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ। ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ।2।13। 22।

ਗੂਜਰੀ ਮਹਲਾ ੫ ॥ ਬਿਸ੍ਵੰਭਰ ਜੀਅਨ ਕੋ ਦਾਤਾ ਭਗਤਿ ਭਰੇ ਭੰਡਾਰ ॥ ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥੧॥ ਮਨ ਮੇਰੇ ਚਰਨ ਕਮਲ ਸੰਗਿ ਰਾਚੁ ॥ ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥ ਨਾਨਕ ਸਰਣਿ ਤੁਮ੍ਹ੍ਹਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਧਾਰ ॥ ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥ {ਪੰਨਾ 500}

ਪਦ ਅਰਥ: ਬਿਸ੍ਵੰਭਰ = {ivÓv = ਜਗਤ। ਭਰ = ਪਾਲਣ ਵਾਲਾ} ਸਾਰੇ ਸੰਸਾਰ ਨੂੰ ਪਾਲਣ ਵਾਲਾ। ਕੋ = ਨਾ। ਭੰਡਾਰ = ਖ਼ਜ਼ਾਨੇ। ਜਾ ਕੀ = ਜਿਸ (ਪਰਮਾਤਮਾ) ਦੀ। ਨਿਫਲ = ਵਿਅਰਥ। ਉਧਾਰ = ਪਾਰ-ਉਤਾਰਾ।

ਮਨ = ਹੇ ਮਨ! ਸੰਗਿ = ਨਾਲ। ਰਾਚੁ = ਮਸਤ ਰਹੁ। ਜਾ ਕਉ = ਜਿਸ (ਪਰਮਾਤਮਾ) ਨੂੰ। ਤਾਹੂ ਕਉ = ਉਸ ਨੂੰ ਹੀ। ਜਾਚੁ = ਮੰਗ।1। ਰਹਾਉ।

ਕਰਤੇ = ਹੇ ਕਰਤਾਰ! ਪ੍ਰਾਨ ਅਧਾਰ = ਜਿੰਦ ਦਾ ਆਸਰਾ। ਸਹਾਈ = ਮਦਦਗਾਰ। ਕਹਾ ਕਰੇ = ਕੀਹ ਵਿਗਾੜ ਸਕਦਾ ਹੈ?।2।

ਅਰਥ: ਹੇ ਮੇਰੇ ਮਨ! ਜਿਸ ਨੂੰ (ਸੰਸਾਰ ਦੇ) ਸਾਰੇ ਜੀਵ ਆਰਾਧਦੇ ਹਨ, ਤੂੰ ਉਸ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਕਰਿਆ ਕਰ, ਤੂੰ ਉਸ ਦੇ ਹੀ ਦਰ ਤੋਂ ਮੰਗਿਆ ਕਰ।1। ਰਹਾਉ।

ਹੇ ਮਨ! ਉਹ ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਖ਼ਜ਼ਾਨੇ ਭਗਤੀ (ਦੇ ਧਨ) ਨਾਲ ਭਰੇ ਪਏ ਹਨ। ਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ, (ਸੇਵਾ-ਭਗਤੀ ਕਰਨ ਵਾਲੇ ਦਾ) ਉਹ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ।

ਹੇ ਨਾਨਕ! (ਆਖ–) ਹੇ ਕਰਤਾਰ! ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈਂ। ਮਦਦਗਾਰ ਬਣ ਕੇ ਜਿਸ ਮਨੁੱਖ ਦੀ ਤੂੰ ਰਾਖੀ ਕਰਦਾ ਹੈਂ, ਸਾਰਾ ਜਗਤ (ਭੀ ਜੇ ਉਸ ਦਾ ਵੈਰੀ ਬਣ ਜਾਏ ਤਾਂ) ਉਸ ਦਾ ਕੁਝ ਭੀ ਵਿਗਾੜ ਨਹੀਂ ਸਕਦਾ।2।14। 23।

ਗੂਜਰੀ ਮਹਲਾ ੫ ॥ ਜਨ ਕੀ ਪੈਜ ਸਵਾਰੀ ਆਪ ॥ ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥ ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥ ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥ ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥ ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥ {ਪੰਨਾ 500}

ਪਦ ਅਰਥ: ਪੈਜ = ਇੱਜ਼ਤ। ਸਵਾਰੀ = ਕਾਇਮ ਰੱਖੀ, ਵਧਾਈ। ਗੁਰਿ = ਗੁਰੂ ਨੇ। ਅਵਖਧੁ = ਦਵਾਈ। ਸਭੁ = ਸਾਰਾ।1। ਰਹਾਉ।

ਪਰਮੇਸਰਿ = ਪਰਮੇਸਰ ਨੇ। ਧਾਰਿ = ਧਾਰ ਕੇ। ਬਿਆਧਿ = ਰੋਗ, ਬੀਮਾਰੀ। ਬੀਚਾਰਿ = ਵਿਚਾਰੇ, ਸੋਚ-ਮੰਡਲ ਵਿਚ ਟਿਕਾਏ।1।

ਅੰਗੀਕਾਰੁ ਕੀਓ = ਆਪਣੇ ਨਾਲ ਮਿਲਾਇਆ, ਆਪਣੇ ਚਰਨਾਂ ਵਿਚ ਜੋੜਿਆ। ਕਰਤੈ = ਕਰਤਾਰ ਨੇ। ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ। ਗੁਰ ਧਰੀ ਨੀਵ = ਗੁਰੂ ਦੀ ਰੱਖੀ ਹੋਈ ਨੀਂਹ। ਚੜੈ ਸਵਾਈ = ਵਧਦੀ ਹੈ।2।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ। (ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ।1। ਰਹਾਉ।

(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ। ਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ।1।

ਹੇ ਨਾਨਕ! (ਆਖ–) ਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ = ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ। ਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ।2।15। 24।

ਨੋਟ: ਸ਼ਬਦ ਦਾ ਕੇਂਦਰੀ ਭਾਵ 'ਰਹਾਉ' ਵਾਲੀ ਤੁਕ ਵਿਚ ਹੈ ਕਿ ਪ੍ਰਭੂ ਦਾ ਨਾਮ ਸਾਰੇ ਰੋਗਾਂ ਦਾ ਦੂਰ ਕਰਨ ਵਾਲਾ ਹੈ। ਇਸ ਅਸੂਲ ਦੀ ਪ੍ਰੋੜਤਾ ਕਰਨ ਲਈ ਮਿਸਾਲ ਵਜੋਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਅਰੋਗ ਹੋ ਜਾਣ ਦਾ ਜ਼ਿਕਰ ਕੀਤਾ ਹੈ। ਚੇਚਕ (ਮਾਤਾ ਦੀ ਬੀਮਾਰੀ) ਤੋਂ ਬਚਣ ਲਈ ਆਂਢ ਗੁਆਂਢ ਤੋਂ ਦੇਵੀ ਪੂਜਣ ਦੀ ਪ੍ਰੇਰਨਾ ਹੋ ਰਹੀ ਸੀ, ਜੋ ਗੁਰੂ ਅਰਜਨ ਸਾਹਿਬ ਨੂੰ ਪੋਹ ਨ ਸਕੀ। ਇਹ ਸ਼ਬਦ ਅਜੇਹੀ ਬਿਪਤਾ ਸਮੇ ਰਾਹਬਰੀ ਵਜੋਂ ਹੈ।

TOP OF PAGE

Sri Guru Granth Darpan, by Professor Sahib Singh